Monday, March 23, 2015

ਲੇਖਕਾਂ ਨੇ ਦੁਹਰਾਇਆ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਰਾਖੀ ਦਾ ਸੰਕਲਪ

 Mon, Mar 23, 2015 at 4:42 PM
ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਬੁੱਤਾਂ ’ਤੇ ਲੇਖਕਾਂ ਨੇ  ਵੀ ਦਿੱਤੀ ਸ਼ਰਧਾਂਜਲੀ 
ਲੁਧਿਆਣਾ :23 ਮਾਰਚ 2015: (ਪੰਜਾਬ ਸਕਰੀਨ ਬਿਊਰੋ): ਅੱਜ ਲੇਖਕਾਂ ਨੇ ਵੀ ਆਪਣੇ ਫਰਜ਼ ਨੂੰ ਪਛਾਣਦਿਆਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਆਪਣੀ ਸ਼ਰਧਾ ਦੇ ਫੁਲ ਅਰਪਿਤ ਕੀਤੇ। ਚੇਤੇ ਰਹੇ ਕਿ ਸਰਦਾਰ ਭਗਤ ਸਿੰਘ ਇੱਕ ਚੰਗਾ ਲਿਖਾਰੀ ਅਤੇ ਪੱਤਰਕਾਰ ਵੀ ਸੀ। ਸਰਦਾਰ ਭਗਤ ਸਿੰਘ ਦੀਆਂ ਲਿਖਤਾਂ ਅਤੇ ਇਹਨਾਂ ਲਿਖਤਾਂ ਵਿਚਲੇ ਵਿਚਾਰ ਅੱਜ ਵੀ ਲੋਕ ਦੋਖੀ ਤਾਕਤਾਂ ਲਈ ਇੱਕ ਖਤਰਿਆਂ ਭਰੀ ਚੁਣੌਤੀ  ਬਣੇ ਹੋਏ ਹਨ। ਇਸ ਲਈ ਇਹਨਾਂ ਵਿਚਾਰਾਂ ਨੂੰ ਧੁੰਦਲਾਉਣ ਕਈ ਸਾਜ਼ਿਸ਼ਾਂ  ਰਚੀਆਂ ਜਾਂਦੀਆਂ ਹਨ। ਇਹਨਾਂ ਵਿਚਾਰਾਂ ਦੀ ਰਾਖੀ ਦੇ ਸੰਕਲਪ ਨੂੰ ਦੁਹਰਾਉਂਦਿਆਂ ਪ੍ਰਗਤੀਸ਼ੀਲ ਲੇਖਕਾਂ ਨੇ ਉਚੇਚਾ ਪੁੱਜ ਕੇ ਭਗਤ ਸਿੰਘ ਦੇ ਵਿਚਾਰਾਂ ਦੀ ਗੱਲ ਕੀਤੀ।
ਸ਼ਹੀਦ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਦੇ ਅੱਜ 84ਵੇਂ ਸ਼ਹੀਦੀ ਦਿਹਾੜੇ ’ਤੇ ਲੇਖਕ ਜਥੇਬੰਦੀਆਂ ਜਗਰਾਉ ਪੁੱਲ ’ਤੇੇ ਜਾ ਕੇ ਉਨ੍ਹਾਂ ਸ਼ਰਧਾਂਜਲੀ ਅਰਪਨ ਕਰਨ ਲਈ ਪੁੱਜੀਆਂ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਪੰਜਾਬੀ ਗ਼ਜ਼ਲ ਮੰਚ ਫਿਲੌਰ, ਹਰੀ ਸਿੰਘ ਦਿਲਬਰ ਯਾਦਗਾਰੀ ਮੰਚ ਲਲਤੋਂ, ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਅਕਾਡਮੀ ਦੇ ਪ੍ਰੈ੍ਹਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਪੰਜਾਬੀ ਗ਼ਜ਼ਲ ਮੰਚ ਦੇ ਪ੍ਰਧਾਨ ਸਰਦਾਰ ਪੰਛੀ, ਜਨਰਲ ਸਕੱਤਰ ਤਰਲੋਚਨ ਝਾਂਡੇ, ਜਾਗੀਰ ਸਿੰਘ ਪ੍ਰੀਤ, ਹਰਬੰਸ ਮਾਲਵਾ, ਵਿਚਾਰ ਮੰਚ ਦੇ ਪ੍ਰਧਾਨ ਪ੍ਰੀਤਮ ਸਿੰਘ ਪੰਧੇਰ, ਜਨਰਲ ਸਕੱਤਰ ਦਿਲਬੀਰ ਲੁਧਿਆਣਵੀ, ਕੇਂਦਰੀ ਪੰਜਾਬੀ ਲੇਖਕ ਸਭਾ ਰਜਿ., ਪੰਜਾਬ ਦੇ ਮੈਂਬਰ ਭਗਵਾਨ ਢਿੱਲੋਂ, ਬੁੱਧ ਸਿੰਘ ਨੀਲੋਂ, ਅਜਮੇਰ ਸਿੰਘ, ਬਲਬੀਰ ਮਾਨ, ਪੰਮੀ ਦਿਵੇਦੀ, ਇੰਜ ਸੁਰਜਨ ਸਿੰਘ, ਰਵਿੰਦਰ ਦੀਵਾਨਾ, ਗੁਰਚਰਨ ਕੌਰ ਕੋਚਰ, ਕੁਲਵਿੰਦਰ ਕੌਰ ਕਿਰਨ, ਪਰਮਜੀਤ ਕੌਰ ਮਹਿਕ, ਜਸਪ੍ਰੀਤ ਕੌਰ ਫਲਕ ਸਮੇਤ ਭਾਰੀ ਗਿਣਤੀ ਵਿਚ ਲੇਖਕਾਂ ਨੇ ਭਾਗ ਲਿਆ।
ਇਸ ਮੌਕੇ ਸਭ ਤੋਂ ਪਹਿਲਾਂ ਸ਼ਹੀਦਾਂ ਨੂੰ ਫੁੱਲਾਂ ਦੀਆਂ ਮਾਲਾਂ ਪਹਿਨਾਈਆਂ ਗਈਆਂ। ਬਾਅਦ ਵਿਚ ਇਥੇ ਪਹੁੰਚੇ ਲੇਖਕਾਂ ਨੂੰ ਸੰਬੋਧਨ ਕਰਦਿਆਂ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ। ਸਾਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਕੇਂਦਰ ਤੇ ਪੰਜਾਬ ਸਰਕਾਰ, ਲੋਕ ਮਾਰੂ ਨੀਤੀਆਂ ਦੇਸ਼ ਵਿਚ ਲਾਗੂ ਕਰ ਰਹੀਆਂ ਹਨ ਇਸ ਦਾ ਸਾਨੂੰ ਜੱਥੇਬੰਦਕ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ। ਸਰਦਾਰ ਪੰਛੀ ਨੇ ਕਿਹਾ ਹੈ ਕਿ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਉਨ੍ਹਾਂ ਨੂੰ ਕਿਰਤੀ ਮਜ਼ਦੂਰਾਂ ਤੇ ਲੇਖਕਾਂ ਅਤੇ ਚਿੰਤਕਾਂ ਦਾ ਫਰਜ਼ ਹੈ ਤਾਂ ਜੋ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਗਾਂਹ ਤੋਰਿਆ ਜਾ ਸਕੇ। ਤਰਲੋਚਨ ਝਾਂਡੇ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਉਨ੍ਹਾਂ ਦੱਬੀਆਂ ਕੁਚਲੀਆਂ ਕੌਮਾਂ ਦਾ ਸ਼ਹੀਦ ਹੈ ਜਿਹੜੀਆਂ ਅੱਜ ਵੀ ਸੰਘਰਸ਼ਸ਼ੀਲ ਹਨ। ਪ੍ਰੀਤਮ ਪੰਧੇਰ ਨੇ ਆਖਿਆ ਕਿ ਸਾਡਾ ਮਕਸਦ ਕੇਵਲ ਸ਼ਰਧਾ ਦੇ ਫੁੱਲ ਭੇਟ ਕਰਨਾ ਹੀ ਨਹੀਂ ਹੋਣਾ ਚਾਹੀਦਾ ਬਲਕਿ ਇਸ ਵਿਚਾਰਧਾਰਾ ’ਤੇ ਪਹਿਰਾ ਦੇਣਾ ਚਾਹੀਦਾ ਹੈ।

No comments: