Saturday, October 04, 2014

ਜਮਾਲਪੁਰ ਸ਼ੂਟਆਊਟ--SAD ਨੇ ਸਿਆਸੀ ਲਾਹਾ ਲੈਣ ਵਾਲਿਆਂ ਨੂੰ ਲੰਮੇ ਹਥੀਂ ਲਿਆ

Sat, Oct 4, 2014 at 3:55 PM
ਕਾਂਗਰਸ ਅਤੇ "AAP" ਘਟਨਾ ਨੂੰ ਸਿਆਸੀ ਰੰਗਤ ਦੇਣ ਦੀ ਤਾਕ 'ਚ-ਗਰੇਵਾਲ
ਬਾਜਵਾ ਤੇ ਮਾਨ ਨੂੰ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਦੀ ਤਾੜਨਾ 

ਲੁਧਿਆਣਾ: 4 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਬੀਤੇ ਦਿਨੀਂ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ ਵਿੱਚ ਵਾਪਰੀ ਦੁੱਖਦਾਈ ਘਟਨਾ ਦੀ ਨਿਖੇਧੀ ਕਰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਘਟਨਾ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਗਾਇਆ ਹੈ। ਜਾਰੀ ਬਿਆਨ 'ਚ ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸ੍ਰ. ਭਗਵੰਤ ਸਿੰਘ ਮਾਨ ਨੂੰ ਮੌਜੂਦਾ ਰਾਜਸੀ ਦ੍ਰਿਸ਼ ਵਿੱਚ ਗੈਰ ਜਿੰਮੇਵਾਰ ਪਾਤਰ ਦਾ ਦਰਜਾ ਦਿੰਦਿਆਂ ਕਿਹਾ ਕਿ ਅਜਿਹੀ ਨਾਜ਼ੁਕ ਸਥਿਤੀ ਵਿੱਚ ਇਨ੍ਹਾਂ ਦੋਵਾਂ ਆਗੂਆਂ ਨੂੰ ਥੋੜਾ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ। 
ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਪੰਜਾਬ ਸਰਕਾਰ ਵੱਲੋਂ ਬਹੁਤ ਹੀ ਗੰਭੀਰਤਾ ਨਾਲ ਲਿਆ ਗਿਆ ਹੈ, ਜਿਸ ਦੇ ਚੱਲਦਿਆਂ ਜਿੱਥੇ ਮੁੱਢਲੀ ਜਾਂਚ ਵਿੱਚ ਹੀ ਜਿਲ੍ਹਾ ਪੁਲਿਸ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉਥੇ ਹੀ ਇਸ ਘਟਨਾ ਲਈ ਪੁਲਿਸ ਪਾਰਟੀ ਦੀ ਅਗਵਾਈ ਕਰਨ ਵਾਲੇ ਕਥਿਤ ਦੋਸ਼ੀ ਐੱਸ. ਐੱਚ. ਓ., ਇੱਕ ਹੌਲਦਾਰ ਅਤੇ ਦੋ ਸਿਪਾਹੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਘਟਨਾ ਲਈ ਮੁੱਖ ਦੋਸ਼ੀ ਮੰਨੇ ਜਾ ਰਹੇ ਗੁਰਜੀਤ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜੂਡੀਸ਼ਲ ਹਿਰਾਸਤ ਵਿੱਚ ਭੇਜਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਕੀਤੀ ਗਈ ਫੌਰੀ ਕਾਰਵਾਈ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਜਲਦ ਹੀ ਇਸ ਘਟਨਾ ਦੀ ਸੱਚਾਈ ਅਤੇ ਦੋਸ਼ੀ ਲੋਕਾਂ ਸਾਹਮਣੇ ਆ ਜਾਣਗੇ।
ਉਨ੍ਹਾਂ ਸ੍ਰ. ਪ੍ਰਤਾਪ ਸਿੰਘ ਬਾਜਵਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਿਸ ਨੇਤਾ ਨੂੰ ਉਸਦੇ ਆਪਣੇ ਹਲਕੇ ਦੇ ਲੋਕਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੋਵੇ ਅਤੇ ਉਸਦੇ ਸਾਥੀ ਨੇਤਾਵਾਂ ਵੱਲੋਂ ਉਸਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਹੋਵੇ, ਉਹ ਨੇਤਾ ਅਜਿਹੀ ਘਟਨਾ ਨੂੰ ਆਪਣੀ ਨੇਤਾਗਿਰੀ ਚਮਕਾਉਣ ਲਈ ਵਰਤੇ, ਇਹ ਸ਼ੋਭਾ ਨਹੀਂ ਦਿੰਦਾ। ਇਸੇ ਤਰਾਂ ਭਗਵੰਤ ਮਾਨ ਭਾਵੇਂਕਿ ਆਪਣੇ ਚੁਟਕਲਿਆਂ ਅਤੇ ਮਸ਼ਕਰੀਆਂ ਨਾਲ ਲੋਕਾਂ ਦੀਆਂ ਤਾਡ਼ੀਆਂ ਬਟੋਰਨ 'ਚ ਸਫ਼ਲ ਰਹਿੰਦੇ ਹੋਣ ਪਰ ਇਸ ਘਟਨਾ ਦੇ ਸਿਰ 'ਤੇ ਆਪਣੀ ਵਾਹ-ਵਾਹ ਕਰਾਉਣ ਦੀ ਉਨ੍ਹਾਂ ਦੀ ਇਹ ਨੀਤੀ ਕਦੇ ਵੀ ਸਫ਼ਲ ਨਹੀਂ ਹੋਵੇਗੀ। ਕਿਉਂਕਿ ਕਮੇਡੀ ਅਤੇ ਭਾਵੁਕਤਾ ਦਾ ਕੋਈ ਮੇਲ ਨਹੀਂ ਹੁੰਦਾ। ਸ੍ਰ. ਗਰੇਵਾਲ ਨੇ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਅਸਲੀਅਤ ਦਾ ਸ਼ੀਸ਼ਾ ਦਿਖਾਉਂਦਿਆਂ ਕਿਹਾ ਕਿ ਜਦ ਪੀੜਤ ਪਰਿਵਾਰ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਤੋਂ ਪੂਰੀ ਤਰਾਂ ਸੰਤੁਸ਼ਟ ਹੈ ਤਾਂ ਉਹ ਭੋਲੇ-ਭਾਲੇ ਆਮ ਲੋਕਾਂ ਨੂੰ ਗੁੰਮਰਾਹ ਕਿਉਂ ਕਰ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਆਸੀ ਨੇਤਾਵਾਂ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਜੁਡੀਸ਼ਲ ਜਾਂਚ 'ਤੇ ਭਰੋਸਾ ਰੱਖਣ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਤਾਂ ਜਰੂਰ ਕੀਤੀ ਹੈ ਪਰ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਅਕਾਲੀ ਰਾਜ ਵਿੱਚ ਬੰਦੂਕ ਦੀ ਭਾਸ਼ਾ ਬੋਲਣ ਦਾ ਰੁਝਾਣ ਅਕਸਰ ਹੀ ਕਿਓਂ ਵਧ ਜਾਇਆ ਕਰਦਾ ਹੈ ਅਤੇ ਪੁਲਿਸ ਫੋਰਸਾਂ ਦੀ ਅਥਾਹ ਚੌਕਸੀ ਦੇ ਬਾਵਜੂਦ ਖੂਨ ਖਰਾਬੇ ਦੀ ਸੋਚ ਰੱਖਣ ਵਾਲਿਆਂ ਦੇ ਮਨਾਂ ਵਿੱਚ ਕੋਈ ਖੌਫ਼ ਪੈਦਾ ਕਿਓਂ ਨਹੀਂ ਹੁੰਦਾ? ਕੀ ਇਸ ਬੇਖੌਫੀ ਪਿੱਛੇ ਪੈਸੇ ਦੀ ਤਾਕ਼ਤ ਕੰਮ ਕਰਦੀ ਹੈ ਜਾਂ ਸਿਆਸੀ ਪੁਸ਼ਤਪਨਾਹੀ?

No comments: