Wednesday, October 29, 2014

ਟ੍ਰੈਫਿਕ ਨਿਯਮ ਤੋੜਨ 'ਤੇ ਹੁਣ ਕੋਈ ਸਿਫ਼ਾਰਸ਼ ਨਹੀਂ ਚੱਲੇਗੀ-ਡਿਪਟੀ ਕਮਿਸ਼ਨਰ

 Wed, Oct 29, 2014 at 4:28 PM
*ਮੀਡੀਆ, ਵਕੀਲ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਮੈਂਬਰਾਂ ਦੇ ਰੋਹ ਦਾ ਹੋਣਾ ਪਵੇਗਾ ਸ਼ਿਕਾਰ

*ਰਾਤ ਵੇਲੇ ਲਾਲ ਬੱਤੀ ਉਲੰਘਣ ਵਾਲਿਆਂ ਨੂੰ ਦਬੋਚਣ ਲਈ ਲੱਗਣਗੇ ਵਿਸ਼ੇਸ਼ ਨਾਕੇ
*ਮਹਿੰਗੀਆਂ ਕਾਰਾਂ ਵਾਲਿਆਂ ਅਤੇ ਸਿਫਾਰਸ਼ ਕਰਨ ਵਾਲਿਆਂ ਦੀ ਵੀ ਖ਼ੈਰ ਨਹੀਂ

ਲੁਧਿਆਣਾ: 29 ਅਕਤੂਬਰ  2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਸ਼ਹਿਰ ਸਮੇਤ ਸਾਰੇ ਜ਼ਿਲੇ ਵਿੱਚ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਕਰੜੇ ਕਦਮ ਉਠਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਿੱਥੇ ਸੜਕ ਹਾਦਸਿਆਂ ਨੂੰ ਘਟਾਉਣ ਲਈ ਰਾਤ ਵੇਲੇ ਨਾਕੇ ਲਗਾਏ ਜਾਣਗੇ, ਉਥੇ ਰਾਤ ਦੇ ਹਨੇਰੇ ਵਿੱਚ ਲਾਲ ਬੱਤੀ (ਰੈੱਡ ਲਾਈਟ) ਦੀ ਉਲੰਘਣਾ ਕਰਨ ਵਾਲਿਆਂ ਨੂੰ ਵੀ ਦਬੋਚਿਆ ਜਾਵੇਗਾ। ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਹੁਣ ਮਹਿੰਗੀਆਂ ਕਾਰਾਂ ਵਾਲੇ ਵੀ ਟ੍ਰੈਫਿਕ ਪੁਲਿਸ ਦੇ ਡੰਡੇ ਤੋਂ ਬਚ ਨਹੀਂ ਸਕਣਗੇ, ਕਿਉਂਕਿ ਆਮ ਤੌਰ 'ਤੇ ਉੱਚ ਅਫ਼ਸਰਾਂ ਅਤੇ ਰਾਜਸੀ ਪਹੁੰਚ ਨਾਲ ਬਚ ਨਿਕਲਣ ਵਿੱਚ ਕਾਮਯਾਬ ਰਹਿਣ ਵਾਲੇ ਅਜਿਹੇ ਵਾਹਨ ਮਾਲਕਾਂ ਨੂੰ ਮੀਡੀਆ, ਵਕੀਲਾਂ ਅਤੇ ਐੱਨ. ਜੀ. ਓਜ਼ ਦੇ ਮੈਂਬਰਾਂ ਦੀ ਸਖ਼ਤ ਨਰਾਜ਼ਗੀ ਅਤੇ ਰੋਹ ਦਾ ਵੀ ਸਾਹਮਣਾ ਕਰਨਾ ਪਵੇਗਾ। 

ਟ੍ਰੈਫਿਕ ਨਿਯਮਾਂ ਦੀ ਨਿੱਤ ਦਿਨ ਹੋ ਰਹੀ ਉਲੰਘਣਾ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਅੱਜ ਹੰਗਾਮੀ ਮੀਟਿੰਗ ਸੱਦੀ ਅਤੇ ਟ੍ਰੈਫਿਕ ਪੁਲਿਸ ਅਤੇ ਜ਼ਿਲਾ ਟਰਾਂਸਪੋਰਟ ਅਫ਼ਸਰ ਸ੍ਰੀ ਅਨਿਲ ਕੁਮਾਰ ਗਰਗ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਅਨੁਸਾਸ਼ਨ ਨੂੰ ਬਣਾਈ ਰੱਖਣ ਲਈ ਉਹ ਰਾਤ ਵੇਲੇ ਵਿਸ਼ੇਸ਼ ਨਾਕੇ ਲਗਾਉਣ। ਨਾਕੇ ਲਗਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾਵੇਗਾ। ਨਾਕੇ ਲਗਾਉਣ ਵੇਲੇ ਮੀਡੀਆ, ਵਕੀਲ ਭਾਈਚਾਰਾ ਅਤੇ ਗੈਰ ਸਰਕਾਰੀ ਸੰਗਠਨਾਂ (ਐੱਨ. ਜੀ. ਓਜ਼) ਦੇ ਨੁਮਾਇੰਦਿਆਂ ਨੂੰ ਨਾਲ ਰੱਖਿਆ ਜਾਵੇ, ਤਾਂ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕ ਜੇਕਰ ਕਿਸੇ ਰਸੂਖ਼ਦਾਰ ਵਿਅਕਤੀ ਦਾ ਫੋਨ ਕਰਵਾ ਕੇ ਬਚਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਜੋ ਉਹ ਉਜਾਗਰ ਹੋ ਸਕਣ। ਇਸ ਤਰਾਂ ਹੁਣ ਸਿਫ਼ਾਰਸ਼ ਕਰਨ ਵਾਲਿਆਂ ਦੀ ਵੀ ਖ਼ੈਰ ਨਹੀਂ ਬਚੇਗੀ।
ਇਸ ਤੋਂ ਇਲਾਵਾ ਮਹਿੰਗੀਆਂ ਕਾਰਾਂ ਵਿੱਚ ਬੈਠ ਕੇ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਨ ਵਾਲੇ ਵਿਅਕਤੀ ਵੀ ਹੁਣ ਟ੍ਰੈਫਿਕ ਪੁਲਿਸ ਦੀ ਨਜ਼ਰ ਬਚ ਨਹੀਂ ਸਕਣਗੇ, ਕਿਉਂਜੋ ਹੁਣ ਟ੍ਰੈਫਿਕ ਪੁਲਿਸ ਦੇ ਮੋਢੇ ਨਾਲ ਮੋਢਾ ਜੋੜ ਕੇ ਮੀਡੀਆ, ਵਕੀਲ ਭਾਈਚਾਰਾ ਅਤੇ ਗੈਰ ਸਰਕਾਰੀ ਸੰਗਠਨਾਂ (ਐੱਨ. ਜੀ. ਓਜ਼) ਦੇ ਨੁਮਾਇੰਦੇ ਹੋਇਆ ਕਰਨਗੇ। ਸ਼ਹਿਰ ਵਿੱਚੋਂ ਦੀ ਲੰਘਣ ਵਾਲੇ ਹਰੇਕ ਉਸ ਵਾਹਨ ਦਾ ਚਲਾਨ ਕੱਟਿਆ ਜਾਵੇਗਾ, ਜੋ ਕਿ ਮਿਥੀ ਸਮਰੱਥਾ ਤੋਂ ਵਧੇਰੇ ਮਲਬਾ ਜਾਂ ਹੋਰ ਸਮਾਨ ਭਰ ਕੇ ਲਿਜਾਵੇਗਾ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸਕੂਲ ਬੱਸਾਂ ਵੱਲੋਂ ਨਿਯਮਾਂ ਦੀ ਪਾਲਣਾ ਕਰਨ, ਟ੍ਰੈਫਿਕ ਜਾਗਰੂਕਤਾ, ਟ੍ਰੈਫਿਕ ਉਲੰਘਣਾ ਲਈ ਵੱਧ ਤੋਂ ਵੱਧ ਚਾਲਾਨ, ਜ਼ਰੂਰੀ ਸਪੀਡ ਗਵਰਨਰਜ਼, ਸੜਕਾਂ ਦੀ ਮਾਰਕਿੰਗ ਕਰਨ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਦੇ ਵੀ ਆਦੇਸ਼ ਦਿੱਤੇ ਗਏ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰ. ਗੁਰਦੀਪ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਘਨਸ਼ਾਮ ਥੋਰੀ ਅਤੇ ਹੋਰ ਕਈ ਅਧਿਕਾਰੀ ਅਤੇ ਹੋਰ ਮੈਂਬਰ ਹਾਜ਼ਰ ਸਨ। 

No comments: