Monday, September 01, 2014

Medha Patkar: ਜਲ, ਜੰਗਲ ਅਤੇ ਜ਼ਮੀਨ ਬਚਾਉਣ ਦੀ ਕ੍ਰਾਂਤੀ ਹੁਣ ਪੰਜਾਬ ਵਿੱਚ ਵੀ

 Updated on 1st September at 4;15 AM
ਮਹਿਲਾ ਸਸ਼ਕਤੀਕਰਨ ਅਤੇ ਜਲ, ਜੰਗਲ-ਜਮੀਨ ਦੀ ਆਵਾਜ਼ ਹੋਰ ਬੁਲੰਦ
ਲੁਧਿਆਣਾ: 31 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਸ਼ਾਮ ਮੇਧਾ ਪਾਟਕਰ ਲੁਧਿਆਣਾ ਵਿੱਚ ਸੀ। ਛੋਟੀ ਅਤੇ ਸਾਦਾ ਜਿਹੀ ਬੈਠਕ--ਜਿਸ ਵਿੱਚ ਬੈਠ ਸਕਣ ਦਾ ਪੂਰਾ ਪ੍ਰਬੰਧ ਵੀ ਨਹੀਂ ਸੀ ਕੀਤਾ ਜਾ ਸਕਿਆ ਪਰ ਲੋਕ ਸਾਹ ਰੋਕ ਕੇ ਬੜੇ ਧਿਆਨ ਨਾਲ ਮੇਧਾ ਨੂੰ ਸੁਣ ਰਹੇ ਸਨ। ਇਹਨਾਂ ਨੂੰ ਕੋਈ ਜਬਰੀ ਫੜ੍ਹ ਕੇ ਨਹੀਂ ਸੀ ਲਿਆਇਆ। ਇਹਨਾਂ ਨੂੰ ਕਿਸੇ ਨੇ ਪੈਸੇ ਵੀ ਨਹੀਂ ਸਨ ਦਿੱਤੇ। ਇਹਨਾਂ ਚੋਂ ਅਧਿਆਂ ਤੋਂ ਵਧ ਲੋਕਾਂ ਕੋਲ ਇਸ ਆਯੋਜਨ ਦੇ ਸੁਨੇਹੇ ਵੀ ਨਹੀਂ ਸਨ ਪਹੁੰਚ ਸਕੇ ਪਰ ਜਿਸ ਨੇ  ਵੀ ਮੇਧਾ ਦਾ ਨਾਮ ਸੁਣਿਆ ਉਹ ਭੱਜਿਆ ਆਇਆ। ਕਿਸੇ ਦੇ ਕਹਿਣ ਤੇ ਵੀ ਨਾ ਰੁਕਣ ਵਾਲਾ ਮੀਡੀਆ ਵੀ ਮੇਧਾ ਦੀ ਉਡੀਕ ਵਿੱਚ ਲੰਮੇ ਸਮੇਂ ਤੱਕ ਸਰਕਟ ਹਾਓਸ ਵਿੱਚ ਰੁਕਿਆ ਰਿਹਾ। ਜਲੰਧਰ ਵਿੱਚ ਸ਼ਹੀਦ ਪਰਿਵਾਰ ਫੰਡ ਵਿੱਚ ਭਾਗ ਲੈਣ ਲਈ ਆਈ ਮੇਧਾ ਪਾਟਕਰ ਜਲੰਧਰ ਵਿੱਚ ਹੀ ਤੇਜ਼ ਬਰਸਾਤ ਹੋਣ ਕਾਰਣ ਆਪਣੇ ਨਿਰਧਾਰਿਤ ਸਮੇਂ ਤੋਂ ਕਾਫੀ ਲੇਟ ਲੁਧਿਆਣਾ ਪੁੱਜੇ।  ਵਾਤਾਵਰਨ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਲੋਕ ਵੀ ਉੱਥੇ ਹਾਜਰ ਸਨ। ਮੇਧਾ ਪਾਟਕਰ ਨੇ ਇਹਨਾਂ ਆਮ ਲੋਕਾਂ ਨਾਲ ਝੱਟਪੱਟ ਇੱਕਮਿੱਕ ਹੁੰਦਿਆਂ ਆਪਣੀ ਗੱਲ ਸ਼ੁਰੂ ਕੀਤੀ ਅਤੇ ਨਾਲ ਹੀ ਲੋਕਾਂ ਦੀਆਂ ਤਕਲੀਫਾਂ ਸੁਨਣ ਦਾ ਸਿਲਸਿਲਾ ਵੀ। ਮੁੱਖ ਤੌਰ 'ਤੇ ਮੇਧਾ ਪਾਟਕਰ ਦਾ ਇਹ ਪੰਜਾਬ ਦੌਰਾ ਦੇਸ਼ ਭਰ ਵਿੱਚ ਚੱਲ ਰਹੇ ਜਨ-ਅੰਦੋਲਨਾਂ ਦਰਮਿਆਨ ਇੱਕ ਮਜਬੂਤ ਰਾਬਤਾ ਕਾਇਮ ਕਰਨ ਲਈ ਸੀ। ਇੱਕ  ਇਹਨਾਂ ਸਾਰੇ ਜਨ ਅੰਦੋਲਨਾਂ ਲਈ  ਇੱਕ ਸਾਂਝਾ ਮੰਚ ਸਾਬਿਤ ਹੋਵੇ ਅਤੇ ਲੋਕਾਂ ਦੀ ਆਵਾਜ਼ ਨੂੰ ਜਮਹੂਰੀ ਢੰਗ ਤਰੀਕਿਆਂ ਨਾਲ ਬੁਲੰਦ ਕਰ ਸਕੇ। ਰਾਜਸਥਾਨ, ਉੜੀਸਾ, ਤਮਿਲਨਾਡੂ, ਕੇਰਲ, ਮਧ ਪ੍ਰਦੇਸ਼, ਬਿਹਾਰ, ਅੰਧਰ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ, ਗੁਜਰਾਤ, ਕਰਨਾਟਕ, ਗੋਵਾ, ਯੂਪੀ, ਉੱਤਰਾਖੰਡ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਰਗਰਮ ਸੰਗਠਨ ਅਤੇ ਸ਼ਖਸੀਅਤਾਂ ਪਹਿਲਾਂ ਹੀ NAPM ਅਰਥਾਤ ਨੈਸ਼ਨਲ ਅਲਾਇੰਸ ਆਫ਼ ਪੀਪਲਜ਼ ਮੂਵਮੈਂਟਸ ਨਾਲ ਆਪਣਾ ਰਾਬਤਾ ਜੋੜ ਚੁੱਕੇ ਹਨ। ਹੁਣ ਇਸ ਮਕਸਦ ਲਈ ਪੰਜਾਬ ਨੂੰ ਚੁਣਿਆ ਗਿਆ ਹੈ। ਨਰਮਦਾ ਬਚਾਓ ਅੰਦੋਲਨ ਦੀ ਮੋਢੀ ਮੈਂਬਰ ਅਤੇ ਆਮ ਆਦਮੀ ਪਾਰਟੀ ਰਾਹੀਂ ਸਿਆਸਤ ਵਿੱਚ ਪ੍ਰਵੇਸ਼ ਕਰ ਚੁੱਕੀ ਉੱਘੀ ਸਮਾਜ ਸੇਵਕਾ ਮੇਧਾ ਪਾਟਕਰ ਨੇ ਅੱਜ ਇੱਥੇ ਕਿਹਾ ਕਿ ਉਹ ਕੇਂਦਰ ਸਰਕਾਰ ਦੀ ਦਰਿਆਵਾਂ ਨੂੰ ਜੋੜਨ ਦੀ ਨੀਤੀ ਨਾਲ ਸਹਿਮਤ ਨਹੀਂ ਕਿਉਂਕਿ ਇਹ ਸੁਝਾਅ ਕਿਸੇ ਵੀ ਤਰਾਂ ਨਾਲ ਜਲ ਮਸਲੇ ਦਾ ਹੱਲ ਨਹੀਂ। ਇਸ ਸਬੰਧੀ ਪੁਛੇ ਗਏ ਇੱਕ ਸੁਆਲ ਦਾ ਜੁਆਬ ਦੇਂਦਿਆਂ ਉਨ੍ਹਾਂ ਕਿਹਾ ਕਿ ਉਹ ਸਤਲੁਜ-ਯਮੁਨਾ ਲਿੰਕ ਨਹਿਰ ਦਾ ਵੀ ਸਮਰਥਨ ਨਹੀਂ ਕਰਦੀ। ਸਾਬਕਾ ਰਾਸ਼ਟਰਪਤੀ ਕਲਾਮ ਵੱਲੋਂ ਨਦੀਆਂ ਨੂੰ ਜੋੜਣ ਦੇ ਆਈਡੀਏ ਨੂੰ ਪੂਰੀ ਤਰਾਂ ਰੱਦ ਕਰਦਿਆਂ ਉਹਨਾਂ ਜੁਆਬੀ ਸੁਆਲ ਕੀਤਾ--ਇਹ ਕਿਵੇਂ ਠੀਕ ਹੈ ਇਸ ਬਾਰੇ ਕਲਾਮ ਸਾਹਿਬ ਨੂੰ ਹੀ ਪੁਛੋ। ਮੇਧਾ ਪਾਟਕਰ ਨੇ ਇਸ ਸਬੰਧੀ ਬੜੀ ਹੀ ਸ਼ਾਂਤੀ ਨਾਲ ਖਰੀਆਂ ਖਰੀਆਂ ਗੱਲਾਂ ਕੀਤੀਆਂ। ਲੁਧਿਆਣਾ ਵਿੱਚ ‘‘ਨੈਸ਼ਨਲ ਅਲਾਇੰਸ ਆਫ ਪੀਪਲ ਮੂਵਮੈਂਟ’’ ਦੇ ਇਸ ਛੋਟੇ ਜਹੇ ਪਰ ਅਚਾਨਕ ਰੱਖੇ ਗਏ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਲੁਧਿਆਣੇ ਸ਼ਹਿਰ ਦੇ ਅਨੇਕਾਂ ਸੀਨੀਅਰ ਸਿਆਸਤਦਾਨ, ਸਮਾਜ ਸੇਵਕ ਅਤੇ ਹੋਰ ਪਤਵੰਤੇ ਵੀ ਪੁੱਜੇ ਹੋਏ ਸਨ। ਮੇਧਾ ਨੇ ਤਕਰੀਬਨ ਸਭ ਦੀ ਗੱਲ ਸੁਣੀ। ਆਉਂਦਿਆਂ ਸਾਰ ਖੋਹਲੀ ਡਾਇਰੀ ਵਿੱਚ ਕਈ ਗੱਲਾਂ ਅਤੇ ਕਈਆਂ ਦੇ ਨਾਮ ਪਤੇ ਨੋਟ ਵੀ ਕੀਤੇ। ਕਈ ਗੱਲਾਂ ਨੂੰ ਦੋਹਰਾ ਕੇ ਪੁਛਿਆ। ਕਈ ਮਹਿਲਾਵਾਂ ਦੇ ਨਾਮ ਵੀ ਪੁਛੇ ਅਤੇ ਉਹਨਾਂ ਨੂੰ ਅੱਗੇ ਵਧਣ ਲਈ ਹੋਂਸਲਾ ਵੀ ਦਿੱਤਾ।
ਇਸ ਬਾਰੇ ਗੱਲਬਾਤ ਕਰਦਿਆਂ ਕੀ ਮੁੱਦੇ ਛੂਹੇ ਗਏ ਪਰ ਹਰ ਵਾਰ ਮੁੱਖ ਮਸਲਾ ਪਾਣੀ ਅਤੇ ਜਮੀਨ ਦਾ ਹੀ ਬਣਿਆ। ਮੋਦੀ ਸਰਕਾਰ ਦੀ ਦੇਸ਼ ਦੇ ਦਰਿਆਵਾਂ ਨੂੰ ਜੋੜਣ ਦੀ ਨੀਤੀ ਬਾਰੇ ਪੱਤਰਕਾਰਾਂ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਵਿੱਚ ਮੇਧਾ ਪਾਟਕਰ ਨੇ ਕਿਹਾ ਕਿ ਦੇਸ਼ ਦੇ ਦਰਿਆ ਤੇ ਨਦੀਆਂ ਨਕਸ਼ੇ ਉੱਤੇ ਵਾਹੀਆਂ ਲਕੀਰਾਂ ਹੀ ਨਹੀਂ, ਜਿਸ ਨੂੰ ਕੇਂਦਰ ਸਰਕਾਰ ਲਕੀਰਾਂ ਵਾਂਗ ਹੀ ਜੋੜ ਦੇਵੇਗੀ। ਇਨ੍ਹਾਂ ਨਾਲ ਮਨੁੱਖੀ ਜ਼ਿੰਦਗੀ ਅਤੇ ਕੁਦਰਤ ਦੇ ਨਿਯਮ ਜੁੜੇ ਹੋਏ ਸਨ। ਉਹਨਾਂ ਇਸ ਸਬੰਧੀ ਚਿੰਤਾ ਪ੍ਰਗਟਾਉਂਦਿਆਂ ਸਪਸ਼ਟ ਕਿਹਾ ਕਿ ਇਸ ਜੋੜਣ ਦੇ ਖਿਆਲ ਦੀ ਪਤਾ ਨਹੀਂ ਸਾਨੂੰ ਕਿੰਨੀ ਕੀਮਤ ਚੁਕਾਉਣੀ ਪਵੇ। ਰਾਜਨੀਤਕ ਲੋਕ ਅਸਲ ਵਿੱਚ ਅਜਿਹੇ ਮੁੱਦੇ ਉਛਾਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨਾਂ ਨੂੰ ਆਪਣੇ ਵੋਟ ਬੈੰਕ ਦੀ ਚਿੰਤਾ ਹੈ। ਉਹ ਸਾਰੀਆਂ ਨੂੰ ਭਰੋਸਾ ਦੇਂਦੇ ਹਨ---ਤੈਨੂੰ ਵੀ ਪਾਣੀ ਦਿਆਂਗੇ---ਤੈਨੂੰ ਵੀ ਦਿਆਂਗੇ---ਤੈਨੂੰ ਵੀ ਦਿਆਂਗੇ। ਵਿਚਾਰੇ ਲੋਕ ਸਮਝੇ ਬੁਝੇ ਬਿਨਾ ਉਹਨਾਂ ਦੇ ਭੁਲੇਖੇ ਵਿੱਚ ਆ ਜਾਂਦੇ ਹਨ। 
ਸਿਆਸਤ ਅਤੇ ਸਿਆਸੀ ਲੋਕਾਂ ਦੇ ਕਹੇ ਸ਼ਬਦਾਂ ਦੀਆਂ ਬਾਰੀਕੀਆਂ ਸਮਝਾਉਂਦਿਆਂ ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਮੁੱਦੇ ਉਠਾਉਣੇ ਚਾਹੀਦੇ ਹਨ, ਨਾ ਕਿ ਵੋਟਾਂ ਨਾਲ ਜੁੜੇ ਮੁੱਦੇ ਹੀ ਉਠਾਉਂਦੇ ਰਹਿਣਾ ਚਾਹੀਦਾ ਹੈ, ਜਿਹਾ ਕਿ ਪਰੰਪਰਾਵਾਦੀ ਪਾਰਟੀਆਂ ਕਰਦੀਆਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਭਿੰਨਤਾ ਹੀ ਇਸੇ ਕਰਕੇ ਹੈ ਕਿ  ਇਹ ਪਾਰਟੀ ਸਿੱਧੇ ਤੌਰ  ’ਤੇ ਲੋਕ ਹਿੱਤਾਂ ਦੀ ਗੱਲ ਕਰਦੀ ਹੈ। ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਦਰਿਆ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਨਸ਼ਿਆਂ ਦੇ ਵੱਡੇ ਸੰਤਾਪ ਵਿੱਚ ਘਿਰ ਗਿਆ ਹੈ।  ਕੇਵਲ ਪੰਜਾਬ ਹੀ ਨਹੀਂ ਪੂਰੇ ਦੇਸ਼ ਅੱਗੇ ਹੀ ਨਸ਼ਿਆਂ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਰਲਾ, ਤਾਮਿਲਨਾਡੂ, ਉਡ਼ੀਸਾ ਆਦਿ ਰਾਜਾਂ ਵਿੱਚ ਨਸ਼ਿਆਂ ਦੀ  ਤੇਜ਼ ਲਹਿਰ ਚੱਲ ਰਹੀ ਹੈ।ਜਲ, ਜੰਗਲ ਅਤੇ ਜ਼ਮੀਨ ਦੀ ਗੱਲ ਕਰਦਿਆਂ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੀ ਗੱਲ ਵੀ ਚੱਲੀ। ਇਸਦੇ ਨਾਲ ਹੀ ਆਏ ਦਿਨ ਹੁੰਦੇ ਬਲਾਤਕਾਰਾਂ ਅਤੇ ਛੇੜਖਾਨੀ ਦੀਆਂ ਘਟਨਾਵਾਂ ਬਾਰੇ ਵੀ ਬੜਾ ਜਜ਼ਬਾਤੀ ਢੰਗ ਨਾਲ ਆਵਾਜ਼ ਬੁਲੰਦ ਹੋਈ। ਮੇਧਾ ਪਾਟਕਰ ਨੇ ਇਸ ਸਭ ਦਾ ਹੱਲ ਨਾਰੀ ਦੀ ਆਪਣੀ ਸ਼ਕਤੀ ਮਜਬੂਤ ਕਰਨ ਵਿੱਚ ਹੀ ਦੱਸਿਆ। 
ਮੇਧਾ ਪਾਟਕਰ ਨੇ ਲੋਕਾਂ ਨੂੰ ਜਲ, ਜੰਗਲ ਅਤੇ ਜ਼ਮੀਨ ਨੂੰ ਬਚਾਉਣ ਦੀ ਮੁਹਿੰਮ ਨੂੰ ਲੈ ਕੇ ਇਸ ਅੰਦੋਲਨ ਦੀਆਂ ਬਾਰੀਕੀਆਂ ਆਮ ਬੋਲਚਾਲ ਵਾਲੀ ਭਾਸ਼ਾ ਵਿੱਚ ਸਮਝਾਈਆਂ ਅਤੇ ਉਹਨਾਂ ਦੇ ਮੂੰਹੋਂ ਉਹਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਜਲ, ਜੰਗਲ ਅਤੇ ਜ਼ਮੀਨ ਬਚਾਉਣ ਵਾਲੀ ਇਸ ਕ੍ਰਾਂਤੀ ਦੀ ਸ਼ਮ੍ਹਾ ਨੂੰ ਜੀ ਆਇਆਂ ਆਖਣ ਵਾਲਿਆਂ ਵਿੱਚ "ਰਾਸ਼ਟਰ ਧਰਮ" ਨਾਮੀ ਸੰਸਥਾ ਦੇ ਮੁੱਖ ਕਨਵੀਨਰ ਵਿਨੋਦ ਜੈਨ, ਕਨਵੀਨਰ ਕੁੰਵਰ ਰੰਜਨ, ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਗੁਰਵੰਤ ਸਿੰਘ ਸਮੇਤ ਕਈ ਸੁਲਝੇ ਹੋਏ ਸਮਾਜ ਸੇਵਕ ਵੀ ਸ਼ਾਮਲ ਸਨ। ਆਕੂਪੰਕਚਰ ਹਸਪਤਾਲ ਵਾਲੇ ਡਾਕਟਰ ਇੰਦਰਜੀਤ ਸਿੰਘ ਢੀੰਗਰਾ ਵੀ ਉਚੇਚੇ ਤੌਰ ਤੇ ਸਮਾਂ ਕਢ ਕੇ ਇਸ ਵਿੱਚ ਸ਼ਾਮਲ ਹੋਏ। ਐਂਟੀ ਕੁਰੱਪਸ਼ਨ ਮੁਹਿੰਮ ਨਾਲ ਜੁੜੇ ਪੱਤਰਕਾਰ ਸੰਜੀਵ ਮਲਹੋਤਰਾ ਨੇ ਵੀ ਇਸ ਸੰਬੰਧ ਵਿੱਚ ਕਈ ਸੁਆਲ ਉਠਾਏ। ਇਸ ਮੌਕੇ 'ਤੇ ਬਹੁਤ ਸਾਰੀਆਂ ਸਰਗਰਮ ਅਤੇ ਪ੍ਰਮੁੱਖ ਔਰਤਾਂ ਦੀ ਮੌਜੂਦਗੀ ਵਿੱਚ ਮਹਿਲਾ ਸਸ਼ਕਤੀਕਰਨ ਦੀ ਮੁਹਿੰਮ ਦਾ ਸ਼ੁਭਆਰੰਭ ਵੀ ਕੀਤਾ ਗਿਆ। ਉਹਨਾਂ ਬੜੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਤੱਕ ਨਾਰੀ ਖੁਦ ਹਿੰਮਤ ਨਹੀਂ ਕਰਦੀ ਉਦੋਂ ਤੱਕ ਉਸ ਉੱਪਰ ਹੋਣ ਵਾਲੇ ਜਬਰ-ਜ਼ੁਲਮ ਨਹੀਂ ਰੁਕਣਗੇ।
ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਗੱਲ ਤੇ ਆਪਣੀ ਡੂੰਘੀ ਚਿੰਤਾ ਫਿਰ ਦੁਹਰਾਈ ਕਿ ਹੁਣ ਖੇਤੀਯੋਗ ਜ਼ਮੀਨ  ਵੀ ਵੱਡੇ ਸਨਾਤੀ ਘਰਾਣਿਆਂ ਨੂੰ ਧੜਾਧੜ ਦਿੱਤੀ ਜਾ ਰਹੀ ਹੈ। ਰਾਜਸਥਾਨ ਵਿੱਚ ਪੀਣ ਵਾਲੇ ਪਾਣੀ ਦਾ ਇੱਕੋ ਇੱਕ ਸਭਤੋਂ ਵੱਡਾ ਸੋਮਾ ਵੀ ਕੋਕਾ ਕੋਲਾ ਕੰਪਨੀ ਨੂੰ ਵੇਚ ਦਿੱਤਾ ਗਿਆ ਹੈ।  

No comments: