Friday, September 26, 2014

GADVASU ਵਿਖੇ ਰਾਸ਼ਟਰੀ ਪੱਧਰ ਦਾ ਸਿਖਲਾਈ ਕੋਰਸ ਸੰਪੂਰਨ

Fri, Sep 26, 2014 at 4:30 PM
14 ਵੱਖ-ਵੱਖ ਸੂਬਿਆਂ ਤੋਂ 25 ਮਾਹਿਰ ਹਿੱਸਾ ਲੈਣ ਆਏ
ਲੁਧਿਆਣਾ: 26 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਰਜਰੀ ਅਤੇ ਰੇਡੀਓਲੋਜੀ ਵਿਭਾਗ ਵੱਲੋਂ ਰਾਸ਼ਟਰੀ ਪੱਧਰ ਦਾ 21 ਦਿਨਾਂ ਸਿਖਲਾਈ ਕੋਰਸ ਸੰਪੂਰਨ ਹੋ ਗਿਆ। ਇਸ ਕੋਰਸ ਦਾ ਵਿਸ਼ਾ ਸੀ 'ਵੈਟਨਰੀ ਸਰਜਰੀ ਅਤੇ ਪ੍ਰਤੀਬਿੰਬ ਤਕਨੀਕਾਂ ਸਬੰਧੀ ਆਧੁਨਿਕ ਵਿਧੀਆਂ'। ਇਸ ਸਿਖਲਾਈ ਕੋਰਸ ਦੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਡਾ ਪ੍ਰਯਾਗ ਦੱਤ ਜੁਆਲ, ਰਜਿਸਟਰਾਰ ਨੇ ਕੀਤੀ।ਇਹ ਸਿਖਲਾਈ ਕੋਰਸ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਭਾਰਤ ਦੇ 14 ਵੱਖ-ਵੱਖ ਸੂਬਿਆਂ ਤੋਂ 25 ਅਧਿਆਪਕ ਅਤੇ ਸਾਇੰਸਦਾਨ ਹਿੱਸਾ ਲੈਣ ਆਏ। ਇਨ੍ਹਾਂ ਗਿਆਨੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਰਜਰੀ ਅਤੇ ਬਿਮਾਰੀਆਂ ਦੀ ਜਾਂਚ ਕਰਨ ਸਬੰਧੀ ਸਿਖਿਅਤ ਕੀਤਾ ਗਿਆ। ਡਾ. ਸੈਣੀ ਨੇ ਦੱਸਿਆ ਕਿ ਇਸ ਵਿਭਾਗ ਵਿੱਚ ਜਾਨਵਰਾਂ ਦੀਆਂ ਅੱਖਾਂ ਅਤੇ ਅਲਟਰਾਸਾਊਂਡ ਸਕੈਨਿੰਗ ਵਿਧੀਆਂ ਸਬੰਧੀ ਰਾਸ਼ਟਰੀ ਪ੍ਰਾਜੈਕਟ ਚਲ ਰਹੇ ਹਨ। ਜਿਨ੍ਹਾਂ ਨਾਲ ਪਸ਼ੂਆਂ ਦੀ ਸਿਹਤ ਸੰਭਾਲ ਸਬੰਧੀ ਬੜੇ ਸਫਲ ਉਪਰਾਲੇ ਕੀਤੇ ਜਾ ਰਹੇ ਹਨ।ਇਸ ਸਿਖਲਾਈ ਵਿੱਚ ਸਿਖਿਆਰਥੀਆਂ ਨੂੰ ਛੋਟੇ ਅਤੇ ਵੱਡੇ ਜਾਨਵਰਾਂ ਦੀਆਂ ਟੁੱਟੀਆਂ ਹੱਡੀਆਂ ਨੂੰ ਪਲੇਟ ਲਾ ਕੇ ਜੋੜਨਾ, ਹੱਡੀਆਂ ਦੇ ਅਪਰੇਸ਼ਨ, ਅੱਖਾਂ ਦੇ ਅਪਰੇਸ਼ਨ, ਛਾਤੀ ਦੀ ਹਰਨੀਆਂ ਅਤੇ ਪਿਸ਼ਾਬ ਨਾਲ ਸਬੰਧਤ ਬਿਮਾਰੀਆਂ ਬਾਰੇ ਸਿਖਿਅਤ ਕੀਤਾ ਗਿਆ।ਸਿਖਲਾਈ ਦੇਣ ਲਈ ਬਹੁਤ ਉੱਘੀਆਂ ਯੂਨੀਵਰਸਿਟੀਆਂ ਤੋਂ ਅਧਿਆਪਕ ਤੇ ਸਾਇੰਸਦਾਨ ਬਤੌਰ ਵਿਸ਼ਾ ਮਾਹਿਰ ਪਹੁੰਚੇ।  
ਡਾ. ਜੁਆਲ ਨੇ ਕਿਹਾ ਕਿ ਵਿਭਾਗ ਪਸ਼ੂਆਂ ਦੀ ਭਲਾਈ ਹਿੱਤ ਬਹੁਤ ਅਹਿਮ ਕਾਰਜ ਕਰ ਰਿਹਾ ਹੈ ਜੋ ਕਿ ਸ਼ਲਾਘਾਯੋਗ ਹੈ।ਉਨ੍ਹਾਂ ਨੇ ਭਾਗ ਲੈਣ ਵਾਲੇ ਸਾਇੰਸਦਾਨਾਂ ਨੂੰ ਵਧਾਈ ਦਿੱਤੀ ਕਿ ਇਸ ਸਿਖਲਾਈ ਨਾਲ ਉਹ ਪਸ਼ੂਆਂ ਦੀ ਭਲਾਈ ਲਈ ਪੂਰੇ ਮੁਲਕ ਵਿਚ ਨਵੇਂ ਉਪਰਾਲੇ ਕਰਨਗੇ।ਇਸ ਮੌਕੇ ਤੇ ਡਾ ਹਰਪਾਲ ਸਿੰਘ ਸੰਧੂ, ਡਾ ਸਤਿੰਦਰਪਾਲ ਸਿੰਘ ਸੰਘਾ ਅਤੇ ਡਾ ਸਿਮਰਤ ਸਾਗਰ ਵੱਲੋਂ ਵਿਸ਼ਾ ਲੈਕਚਰਾਂ ਦੀ ਸੀ ਡੀ ਅਤੇ ਸੋਵੀਨਾਰ ਜਾਰੀ ਕੀਤਾ ਗਿਆ।ਇੱਥੇ ਦੱਸਣਾ ਵਰਨਣਯੋਗ ਹੈ ਕਿ ਇਸ ਵਿਭਾਗ ਵਿੱਚ 1994 ਤੋਂ ਇਕ ਉਨੱਤ ਕੇਂਦਰ ਕਾਰਜਸ਼ੀਲ ਹੈ।ਇਸ ਵਿਭਾਗ ਨੇ ਹੁਣ ਤੱਕ ਵੱਖ-ਵੱਖ ਵਿਸ਼ਿਆਂ ਤੇ 26 ਸਿਖਲਾਈ ਕੋਰਸ ਕਰਵਾਏ ਹਨ। ਜਿਨ੍ਹਾਂ ਵਿੱਚ ਕੁੱਲ ਭਾਰਤ ਤੋਂ 338 ਵਿਗਿਆਨੀ ਸਿਖਿਅਤ ਹੋ ਚੁੱਕੇ ਹਨ। 

No comments: