Friday, September 19, 2014

ਹੁਣ ਮਗਨਰੇਗਾ ਮੁਲਾਜਮਾਂ ਦਾ ਅਗਲਾ ਨਿਸ਼ਾਨਾ ਮੋਹਾਲੀ

ਸੋਮਵਾਰ ਤੋਂ ਘੇਰਿਆ ਜਾਏਗਾ ਵਿਕਾਸ ਭਵਨ
ਲੁਧਿਆਣਾ: 19 ਸਤੰਬਰ 2014: (ਪੰਜਾਬ ਸਕਰੀਨ ਬਿਊਰੋ):
ਬੀਤੇ ਦੋ ਹਫਤੇ ਤੋਂ ਪੂਰੇ ਰਾਜ ਭਰ 'ਚ ਕਲਮ ਛੋੜ ਹੜਤਾਲ 'ਤੇ ਬੈਠੇ ਮਗਨਰੇਗਾ ਕੰਟਰੈਕਟ ਕਰਮਚਾਰੀਆਂ ਨੇ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਸੰਘਰਸ਼ ਨਵੀਂ ਰਣਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਮਗਨਰੇਗਾ ਕਰਮਚਾਰੀਆਂ ਨੇ ਲੁਧਿਆਣਾ ਦੀ ਮਿੰਨੀ ਸਕੱਤਰੇਤ ਸਾਹਮਣੇ ਲਾਇਆ ਭੁੱਖ ਹੜਤਾਲ ਵਾਲਾ ਟੈਂਟ ਚੁੱਕ ਲਿਆ। ਦਰਅਸਲ ਇਹਨਾਂ ਮੁਲਾਜ਼ਮਾਂ ਦਾ ਗੁੱਸਾ ਉਸ ਸਮੇਂ ਸੱਤਵੇਂ ਆਸਮਾਨ ਨੂੰ ਛੂਹਣ ਲੱਗਾ ਜਦ ਲਗਾਤਾਰ ਪੰਜਵੇਂ ਦਿਨ ਤੱਕ ਜ਼ਿਲਾ ਪੱਧਰੀ ਹੜਤਾਲ 'ਤੇ ਮਿੰਨੀ ਸਕੱਤਰੇਤ ਦੇ ਬਾਹਰ ਬੈਠੇ ਕਰਮਚਾਰੀਆਂ ਦੀ ਕਿਸੇ ਵੀ ਅਧਿਕਾਰੀ ਨੇ ਗੱਲ ਤਕ ਨਹੀਂ ਪੁੱਛੀ। ਇੰਝ ਲੱਗਦਾ ਹੈ ਜਿਵੇਂ ਸਰਕਾਰ ਅਜੇ ਵੀ ਉਸ ਨੀਤੀ 'ਤੇ ਹੀ ਚੱਲ ਰਹੀ ਹੈ ਕਿ ਸਰਕਾਰਾਂ ਉੱਪਰ ਧਰਨਿਆਂ//ਰੈਲੀਆਂ ਦਾ ਕੋਈ ਅਸਰ ਨਹੀਂ ਹੁੰਦਾ। ਇਸ ਰਵਈਏ ਤੋਂ ਨਿਰਾਸ਼ ਅਤੇ ਨਾਰਾਜ਼ ਹੋਏ ਕਰਮਚਾਰੀਆਂ ਨੇ ਰਾਜ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁਤਲਾ ਫੂਕ ਕੇ ਆਪਣੇ ਦਿਲ ਦਾ ਗੁਬਾਰ ਕੱਢਿਆ। ਇਸ ਸੰਬੰਧ 'ਚ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਦੀਪ ਸਿੰਘ, ਉਪ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਹਫਤੇ ਤੋਂ ਲਗਾਤਾਰ ਰਾਜ ਭਰ 'ਚ ਛਿੜੇ ਅੰਦੋਲਨ ਦੇ ਬਾਵਜੂਦ ਸਰਕਾਰ ਦੇ ਕੰਨ 'ਤੇ ਜੂੰ ਤਕ ਨਹੀਂ ਸਰਕੀ, ਜਿਸ ਕਰਕੇ ਹੁਣ ਮਗਨਰੇਗਾ ਕੰਟਰੈਕਟ ਕਰਮਚਾਰੀ ਯੂਨੀਅਨ ਸਰਕਾਰ ਤੋਂ ਆਰ-ਪਾਰ ਲੜਾਈ ਦੇ ਲਈ 22 ਸਤੰਬਰ ਨੂੰ ਵਿਕਾਸ ਭਵਨ ਮੋਹਾਲੀ ਨੂੰ ਘੇਰਨ ਦੀ ਰਣਨੀਤੀ 'ਤੇ  ਕੰਮ ਕਰੇਗੀ। ਇਹ ਸੰਘਰਸ਼ ਮੋਹਾਲੀ ਜਾ ਕੇ ਹੋਰ ਤਿੱਖਾ ਰੂਪ ਵੀ ਲੈ ਸਕਦਾ ਹੈ। 
ਇਸ ਮੌਕੇ ਯੂਨੀਅਨ ਦੇ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਜਸਬੀਰ ਸਿੰਘ ਨੇ ਸ਼ਬਦਾਂ ਦੇ ਅਤਿ ਤਿੱਖੇ ਬਾਣ ਛੱਡਦੇ ਹੋਏ ਦੋਸ਼ ਲਗਾਏ ਕਿ ਅੱਜ ਕਲ ਦੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਨੂੰ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ ਦੇ ਲਈ ਸਾਰੀ-ਸਾਰੀ ਰਾਤ ਸੜਕਾਂ 'ਤੇ ਭਟਕਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸੰਬੰਧ 'ਚ ਯੂਨੀਅਨ ਨੇ ਇਕ ਮੰਗ ਪੱਤਰ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਨੂੰ ਵੀ ਸੌਂਪਿਆ ਹੈ। ਰੋਹ ਵਿੱਚ ਆਏ ਮਗਨਰੇਗਾ ਮੁਲਾਜਮ ਜਦੋਂ ਭਾਰਤ ਨਗਰ ਵੱਲ ਮਾਰਚ ਕਰਦੇ ਤੁਰੇ ਤਾਂ ਹੱਕੀ ਬੱਕੀ ਪੁਲਿਸ ਨੇ ਤੁਰੰਤ ਸਾਰਾ ਇਲਾਕਾ ਘੇਰ ਲਿਆ ਅਤੇ ਇੱਕ ਵਾਰ ਤਾਂ ਮਿੰਨੀ ਸਕੱਤਰੇਤ ਪੁਲਸ ਛਾਉਣੀ 'ਚ ਬਦਲ ਗਿਆ। ਆਪਣੀਆਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਜਦ ਵੱਡੀ ਗਿਣਤੀ 'ਚ ਮਿੰਨੀ ਸਕੱਤਰੇਤ 'ਚ ਇਕੱਠੇ ਹੋਏ ਯੂਨੀਅਨ ਦੇ ਕਰਮਚਾਰੀਆਂ ਦੇ ਪ੍ਰਦਰਸ਼ਨ ਦੇ ਲਈ ਭਾਰਤ ਨਗਰ ਚੌਕ ਦੇ ਲਈ ਪੈਦਲ ਕੂਚ ਕਰਨ ਦੀ ਘੋਸ਼ਣਾ ਕੀਤੀ ਤਾਂ ਮੌਕੇ 'ਤੇ ਮੌਜੂਦ ਪੁਲਸ ਵਿਭਾਗ ਦੇ ਸਾਹ ਫੁੱਲ ਗਏਸ ਇੱਕ ਦਮ ਹਰਕਤ ਵਿੱਚ ਆਈ ਤੇ ਦੇਖਦੇ ਹੀ ਦੇਖਦੇ ਮਿੰਨੀ ਸਕੱਤਰੇਤ ਕੰਪਲੈਕਸ ਪੁਲਸ ਛਾਉਣੀ 'ਚ ਬਦਲ ਗਿਆ। ਜੇਕਰ ਸੂਤਰਾਂ ਤੋਂ ਮਿਲੇ ਹਵਾਲੇ 'ਤੇ ਯਕੀਨ ਕੀਤਾ ਜਾਵੇ ਤਾਂ ਪੁਲਸ ਪ੍ਰਸ਼ਾਸਨ ਨੂੰ ਖਬਰ ਮਿਲੀ ਸੀ ਕਿ ਵੱਡੀ ਗਿਣਤੀ 'ਚ ਇਕੱਠੇ ਹੋਏ ਯੂਨੀਅਨ ਦੇ ਮੁਲਾਜ਼ਮ ਭਾਰਤ ਨਗਰ ਚੌਕ 'ਚ ਧਰਨਾ ਪ੍ਰਦਰਸ਼ਨ ਕਰ ਸਕਦੇ ਹਨ।  ਜੇ ਕਿਤੇ ਅਜਿਹਾ ਹੋ ਜਾਦਾ ਤਾਂ  ਪੂਰੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਚਰਮਰਾ ਜਾਣੀ ਸੀ ਪਰ ਗਨੀਮਤ ਇਹ ਰਹੀ ਕਿ ਯੂਨੀਅਨ ਵਲੋਂ ਸ਼ਾਂਤੀ ਪੂਰਨ ਢੰਗ ਤਰੀਕਾ ਕਾਇਮ ਰੱਖਦਿਆਂ ਪੈਦਲ ਮਾਰਚ ਦੇ ਬਾਅਦ ਮਿੰਨੀ ਸਕੱਤਰੇਤ 'ਚ ਹੀ ਧਰਨਾ ਦਿੱਤਾ ਗਿਆ। ਇਸ ਧਰਨੇ ਦੇ ਸਮਾਪਨ 'ਤੇ ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਮੋਹਾਲੀ ਵਿੱਚ ਸੰਘਰਸ਼ ਦਾ ਅਗਲਾ ਰੂਪ ਦਿਖਾਇਆ ਜਾਏਗਾ। 

No comments: