Friday, July 18, 2014

ਹੜਤਾਲ ਅੱਜ ਵੀ ਜਾਰੀ ਰਹੀ, ਤਿੰਨ ਨੰਬਰ ਡਿਵੀਜਨ ਥਾਣੇ ਅੱਗੇ ਧਰਨਾ ਦਿੱਤਾ

ਟੈਕਸਟਾਈਲ ਮਜ਼ਦੂਰ ਚੰਦਰਸ਼ੇਖਰ ਨੂੰ ਇਨਸਾਫ਼ ਦਵਾਉਣ ਲਈ ਸੰਘਰਸ਼ ਹੋਰ ਤਿੱਖਾ 
ਮੇਹਰਬਾਨ (ਲੁਧਿਆਣਾ) ਦੇ ਮਜ਼ਦੂਰਾਂ ਦਾ ਰੋਹ ਸਿਖਰਾਂ 'ਤੇ ਪਰ ਅਨੁਸ਼ਾਸਨ ਵਿੱਚ 
ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਦਾ ਭਰੋਸਾ ਦਿੱਤਾ
ਲੁਧਿਆਣਾ17 ਜੁਲਾਈ 2014: (*ਰਾਜਵਿੰਦਰ//ਪੰਜਾਬ ਸਕਰੀਨ ਬਿਊਰੋ):
ਕਾਰਖਾਨਾ ਮਾਲਕ ਅਤੇ ਪੁਲਿਸ ਦੇ ਜੁਲਮ ਦੇ ਸ਼ਿਕਾਰ ਟੈਕਸਟਾਈਲ ਮਜ਼ਦੂਰ ਚੰਦਰਸ਼ੇਖਰ ਦੇ ਪੱਖ ਵਿੱਚ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਚੰਦਰਸ਼ੇਖਰ ਨੂੰ ਇਨਸਾਫ਼ ਦਵਾਉਣ ਲਈ ਮੇਹਰਬਾਨ ਇਲਾਕੇ ਦੇ ਦੋ ਦਰਜ਼ਨ ਤੋਂ ਵੀ ਵਧੇਰੇ ਕਾਰਖਾਨਿਆਂ ਵਿੱਚ ਅੱਜ ਵੀ ਹਡ਼ਤਾਲ ਰਹੀ। ਮੈਡੀਕਲ ਰਿਪੋਰਟ ਨਾ ਸੌਂਪਣ ਖਿਲਾਫ਼ ਅੱਜ ਪਹਿਲਾਂ ਸਿਵਿਲ ਹਸਪਤਾਲ, ਲੁਧਿਆਣਾ ਵਿਖੇ ਮੁਜਾਹਰੇ ਦੀ ਯੋਜਨਾ ਸੀ ਪਰ ਯੂਨੀਅਨ ਕਮੇਟੀ ਨੇ ਫੈਸਲਾ ਬਦਲਦੇ ਹੋਏ ਡਿਵੀਜਨ ਨੰਬਰ 3 ਪੁਲਿਸ ਥਾਣੇ ਉੱਤੇ ਧਰਨਾ ਲਾਇਆ। ਮੌਕੇ 'ਤੇ ਪਹੁੰਚੇ ਅਸਿਸਟੈਂਟ ਕਮਿਸ਼ਨਰ ਆਫ਼ ਪੁਲਿਸ (ਸੈਂਟਰਲ) ਨੇ ਕਿਹਾ ਕਿ ਸਿਵਿਲ ਹਸਪਤਾਲ ਤੋਂ ਚੰਦਰਸ਼ੇਖਰ ਦੀ ਮੈਡੀਕਲ ਰਿਪੋਰਟ ਮੰਗਵਾਉਣ ਲਈ ਪੁਲਿਸ ਮੁਲਾਜਮਾਂ ਨੂੰ ਭੇਜ ਦਿੱਤਾ ਗਿਆ ਹੈ ਅਤੇ ਅੱਜ ਹੀ ਕੇਸ ਦਰਜ ਕਰਕੇ ਮੋਦੀ ਵੂਲਨ ਮਿਲ, ਮੇਹਰਬਾਨ ਦੇ ਮਾਲਕ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। ਸੀਨੀਅਰ ਪੁਲਿਸ ਅਧਿਕਾਰੀਆਂ ਦੇ ਇਸ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ ਪਰ ਜਦੋਂ ਤੱਕ ਠੋਸ ਕਰਵਾਈ ਨਹੀਂ ਹੁੰਦੀ ਉਦੋਂ ਤੱਕ ਹਡ਼ਤਾਲ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰਿਪੋਰਟ ਲਿਖੇ ਜਾਣ ਤੱਕ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਦੀ ਰਿਪੋਰਟ ਨਹੀਂ ਮਿਲੀ ਹੈ।
ਟੈਕਸਟਾਈਲ ਮਜ਼ਦੂਰ ਚੰਦਰਸ਼ੇਖਰ ਨੂੰ ਮੋਦੀ ਵੂਲਨ ਮਿਲ ਦੇ ਮਾਲਕ ਨੇ 14 ਜੁਲਾਈ ਨੂੰ ਝੂਠੇ ਮਾਮਲੇ ਵਿੱਚ ਪਹਿਲਾਂ ਤਾਂ ਥਾਣੇ ਵਿੱਚ ਬੰਦ ਕਰਵਾਇਆ ਅਤੇ ਫਿਰ ਥਾਣੇ ਵਿੱਚ ਪੁਲਿਸ ਦੇ ਸਾਹਮਣੇ ਖੁਦ ਬੁਰੀ ਤਰਾਂ ਕੁੱਟਮਾਰ ਕੀਤੀ। ਇਸ ਕੁੱਟਮਾਰ ਵਿੱਚ ਉਸਦੇ ਨੱਕ ਦੀ ਹੱਡੀ ਟੁੱਟ ਗਈ ਅਤੇ ਅੱਖ ਦੇ ਉੱਪਰਲੇ ਪਾਸੇ ਗੰਭੀਰ ਸੱਟ ਵੱਜੀ ਹੈ। ਮਾਲਕ ਨੇ ਪੁਲਿਸ ਨਾ ਮਿਲ ਕੇ ਚੰਦਰਸ਼ੇਖਰ ਉੱਤੇ ਜੋ ਜੁਲਮ ਢਾਇਆ ਹੈ ਉਸਨੇ ਮੇਹਰਬਾਨ ਇਲਾਕੇ ਦੇ ਪਾਵਰਲੂਮ ਮਜ਼ਦੂਰਾਂ ਨੂੰ ਰੋਹ ਨਾਲ਼ ਭਰ ਦਿੱਤਾ ਹੈ ਅਤੇ ਉਹ 14 ਜੁਲਾਈ ਦੀ ਸ਼ਾਮ ਤੋਂ ਚੰਦਰਸ਼ੇਖਰ ਨੂੰ ਇਨਸਾਫ਼ ਦਿਵਾਉਣ ਲਈ ਕਾਰਖਾਨੇ ਬੰਦ ਕਰਕੇ ਹਡ਼ਤਾਲ ਉੱਤੇ ਬੈਠੇ ਹਨ।
ਲੁਧਿਆਣਾ ਦੇ ਕਾਰਖਾਨਿਆਂ ਵਿੱਚ ਮਜ਼ਦੂਰਾਂ ਤੋਂ ਗੁਲਾਮਾਂ ਵਾਂਗ ਕੰਮ ਲਿਆ ਜਾਂਦਾ ਹੈ। ਉਹਨਾਂ ਨੂੰ ਕੋਈ ਕਨੂੰਨੀ ਹੱਕ ਨਹੀਂ ਮਿਲਦੇ। ਗਾਲਾਂ, ਕੁੱਟਮਾਰ, ਆਮ ਗੱਲ ਹੈ। ਚੰਦਰਸ਼ੇਖਰ ਨਾਲ਼ ਹੋਇਆ ਜੁਲਮ ਇਸਦੀ ਇੱਕ ਉਦਾਹਰਣ ਹੈ। ਚੰਦਰਸ਼ੇਖਰ ਨੂੰ ਇਨਸਾਫ਼ ਦਵਾਉਣ ਦੀ ਲਡ਼ਾਈ ਅਸਲ ਵਿੱਚ ਸਾਰੇ ਮਜ਼ਦੂਰਾਂ ਦੇ ਹੱਕਾਂ ਅਤੇ ਸਵੈ-ਮਾਣ ਦੀ ਲਡ਼ਾਈ ਹੈ। 
ਮੇਹਰਬਾਨ ਇਲਾਕੇ ਦੇ ਮਜ਼ਦੂਰ ਹਰ ਹਾਲ ਚੰਦਰਸ਼ੇਖਰ ਉੱਤੇ ਜੁਲਮ ਕਰਨ ਵਾਲੇ ਕਾਰਖਾਨਾ ਮਾਲਕ ਨੂੰ ਸਜਾ ਦਿਵਾਉਣ ਲਈ ਦ੍ਰਿਡ਼ ਹਨ ਤਾਂ ਕਿ ਬਾਕੀ ਮਾਲਕਾਂ ਨੂੰ ਵੀ ਸੋਝੀ ਆਵੇ। 
ਅੱਜ ਡਿਵੀਜਨ ਨੰਬਰ 3 ਥਾਣੇ ਦੇ ਦਿੱਤੇ ਧਰਨੇ ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਲਖਵਿੰਦਰ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਛਿੰਦਰਪਾਲ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦੀਆਂ ਜੱਥੇਬੰਦੀਆਂ ਇਸ ਹੱਕੀ ਘੋਲ ਵਿੱਚ ਡਟ ਕੇ ਸਾਥ ਦੇਣਗੀਆਂ।
*ਕਾਮਰੇਡ ਰਾਜਵਿੰਦਰ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਪ੍ਰਧਾਨ ਹਨ ਅਤੇ ਉਹਨਾਂ ਦਾ ਫੋਨ ਨੰਬਰ ਹੈ:- 9888655663

No comments: