Thursday, July 10, 2014

ਲੁਧਿਆਣਾ ਪੁਲਿਸ ਦਾ ਅਹਿਮ ਖੁਲਾਸਾ

ਸਰਗਰਮ ਹੈ ਲੁਧਿਆਣਾ ਵਿੱਚ ਖਤਰਨਾਕ ਨੇਪਾਲੀ ਗਿਰੋਹ
ਲੁਧਿਆਣਾ: 10 ਜੁਲਾਈ 2014: (ਪੰਜਾਬ ਸਕਰੀਨ ਬਿਊਰੋ):
ਚੋਰ ਅਤੇ ਕੁੱਤੀ ਦੇ ਰਲ ਜਾਨ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ।  ਹੁਣ ਚੋਰ ਅਤੇ ਚੌਂਕੀਦਾਰ ਰਲ ਕੇ ਚੋਰੀਆਂ ਅਤੇ ਲੁੱਟਾਂ ਖੋਹਾਂ ਨੂੰ ਅੰਜਾਮ ਦੇਂਦੇ ਹਨ। ਇਹ ਨਤੀਜਾ ਹੈ ਵੈਰੀਫਿਕੇਸ਼ਨ ਬਿਨਾ ਨੌਕਰ ਰੱਖਨ ਦੇ ਵਧ ਰਹੇ ਵਰਤਾਰੇ ਦਾ। ਫਿਲਮੀ ਅੰਦਾਜ਼ ਵਾਲੀ ਇਸ ਚੋਰੀ ਦੀ ਵਾਰਦਾਤ ਦਾ ਖੁਲਾਸਾ ਖੁਦ ਏਡੀਸੀਪੀ (ਕ੍ਰਾਈਮ) ਮਨਜੀਤ ਸਿੰਘ ਢੇਸੀ ਨੇ ਸਿੰਗਲ ਵਿੰਡੋ ਦੇ ਕਾਨਫਰੰਸ ਹਾਲ ਵਿੱਚ ਖਚਾਖਚ ਭਰੀ ਪ੍ਰੈਸ ਕਾਨਫਰੰਸ ਵਿੱਚ ਕੀਤਾ। ਉਹਨਾਂ ਦੱਸਿਆ ਕਿ ਬੀਤੀ 5 ਜੁਲਾਈ ਨੂੰ ਆਪਣੀ ਪਤਨੀ ਦੇ ਨਾਲ ਚੰਡੀਗੜ੍ਹ ਗਏ ਹੰਬੜਾਂ ਰੋਡ ਦੇ ਰਹਿਣ ਵਾਲੇ ਇੰਸ਼ੋਰੈਂਸ ਕੰਪਨੀ ਦੇ ਮੈਨੇਜਰ ਸੁਨੀਲ ਸੂਦ ਦੇ ਘਰ ਦਿਨ-ਦਿਹਾੜੇ ਨੌਕਰ ਵਲੋਂ ਕੀਤੀ ਗਈ ਕਰੀਬ 60 ਲੱਖ ਦੀ ਚੋਰੀ ਦੀ ਵਾਰਦਾਤ ਨੂੰ ਆਖਿਰਕਾਰ ਸੀ. ਆਈ. ਏ. ਦੀ ਪੁਲਸ ਨੇ ਹੱਲ ਕਰ ਲਿਆ ਹੈ। ਇਸ ਸਨਸਨੀਖੇਜ਼ ਵਾਰਦਾਤ ਬਾਰੇ ਕਾਬਿਲੇਜ਼ਿਕਰ ਗੱਲ ਇਹ ਹੈ ਕਿ ਕਰੀਬ 15 ਦਿਨ ਪਹਿਲਾਂ ਰੱਖਿਆ ਗਿਆ ਨੌਕਰ ਨੇਪਾਲੀ ਚੋਰ ਗਿਰੋਹ ਦਾ ਮੈਂਬਰ ਨਿਕਲਿਆ। ਇਸਨੇ ਆਪਣੇ ਚਾਰ ਨੇਪਾਲੀ ਸਾਥੀਆਂ ਨਾਲ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਬੜੀ ਹੀ ਚਾਲਾਕੀ ਨਾਲ ਅੰਜਾਮ ਦਿੱਤਾ ਸੀ। ਪੁਲਸ ਸਾਰੇ ਦੋਸ਼ੀਆਂ ਨੂੰ ਕਾਬੂ ਕਰਕੇ ਸਿਰਫ ਢਾਈ ਲੱਖ ਦੀ ਨਕਦੀ ਬਰਾਮਦ ਕਰ ਸਕੀ ਹੈ, ਜਦਕਿ ਮੈਨੇਜਰ ਦੇ ਘਰ ਤੋਂ ਚੋਰੀ ਕੀਤੇ ਗਏ ਕਰੀਬ 60 ਲੱਖ ਦੇ ਕੀਮਤੀ ਗਹਿਣੇ, ਕੀਮਤੀ ਸਾਮਾਨ, ਇਕ ਪਿਸਟਲ ਤੇ ਇਕ ਰਿਵਾਲਵਰ ਦਾ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਕ੍ਰਾਈਮ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਨੌਕਰ ਕੇਸ਼ਵ, ਇਲਾਕੇ ਦੇ ਚੌਕੀਦਾਰ ਲਛਮਣ ਤੇ ਉਸਦੇ ਸਾਥੀ ਉਜਵਲ ਬਹਾਦੁਰ, ਅਮਰ ਬਹਾਦੁਰ ਤੇ ਧਨ ਬਹਾਦੁਰ ਦੇ ਰੂਪ ਵਿਚ ਹੋਈ ਹੈ। ਸਾਰੇ ਦੋਸ਼ੀ ਨੇਪਾਲ ਦੇ ਰਹਿਣ ਵਾਲੇ ਹਨ। ਪੁਲਿਸ ਇਸ ਗੱਲੋਂ ਤਾਰੀਫ੍ਦੇ ਕਾਬਿਲ ਹੈ ਕਿ ਚੋਰੀ ਦਾ ਸ਼ਿਕਾਰ ਹੋਏ ਪਰਿਵਾਰ ਕੋਲ ਨਾ ਤਾਂ ਚੋਰ ਨੌਕਰ ਦੀ ਕੋਈ ਤਸਵੀਰ ਸੀ ਅਤੇ ਨਾ ਹੀ ਉਸਦਾ ਕੋਈ ਅਤਾਪਤਾ ਜਾਂ ਪੂਰਾ ਨਾਮ। ਇਸਦੇ ਬਾਵਜੂਦ ਪੁਲਿਸ ਅਤੇ ਕਾਨੂੰਨ ਦੇ ਲੰਮੇ ਹੱਥ ਉਸ ਤਕ ਪਹੁੰਚ ਗਏ।  ਜਿਕਰਯੋਗ ਹੈ ਕਿ ਇਹ ਗਿਰੋਹ ਚੋਰੀ ਦਾ ਕੀਮਤੀ ਸਮਾਨ ਨਾਲ ਦੀ ਨਾਲ ਨੈਪਾਲ  ਭੇਜ ਦੀਆ ਕਰਦਾ ਸੀ।
ਇਸ ਮਾਮਲੇ ਵਿੱਚ ਏ. ਸੀ. ਪੀ. ਕ੍ਰਾਈਮ ਜਸਵਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਬੁੱਧਵਾਰ ਨੂੰ ਸੂਚਨਾ ਦੇ ਆਧਾਰ 'ਤੇ ਥਾਣਾ ਸਾਹਨੇਵਾਲ ਦੇ ਇਲਾਕੇ ਤੋਂ ਤਦ ਕਾਬੂ ਕੀਤਾ ਜਦ ਇਹ ਕਿਸੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਪੁਲਸ ਨੇ ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਨੇ ਹੰਬਡ਼ਾਂ ਰੋਡ 'ਤੇ ਕੀਤੀ ਗਈ ਚੋਰੀ ਦੀ ਵਾਰਦਾਤ ਨੂੰ ਕਬੂਲ ਕਰ ਲਿਆ ਹੈ ਤੇ ਪੁਲਸ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਦੌਰਾਨ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਇਸ ਪੜਤਾਲ ਦੌਰਾਨ ਕਈ ਨਵੀਆਂ ਗੱਲਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਇਹ ਖਤਰਨਾਕ ਨੇਪਾਲੀ ਗਿਰੋਹ ਬੜੇ ਹੀ ਯੋਜਨਾਬਧ ਤਰੀਕੇ ਨਾਲ ਚੋਰੀ ਕਰਦਾ ਸੀ। ਇਸ ਮਾਮਲੇ ਵਿੱਚ ਵੀ ਇਸ ਗੈੰਗ ਨੇ ਆਪਣਾ ਇੱਕ ਮੈਂਬਰ ਚੋਰੀ ਕਰਨ ਲਈ ਹੀ ਨੌਕਰ ਬਣਾ ਕੇ ਨਿਸ਼ਾਨੇ 'ਤੇ ਰੱਖੇ ਘਰ ਵਿੱਚ ਭੇਜਿਆ ਸੀ। ਏ. ਸੀ. ਪੀ. ਨੇ ਦੱਸਿਆ ਕਿ ਇੰਸ਼ੋਰੈਂਸ ਕੰਪਨੀ ਦੇ ਮੈਨੇਜਰ ਦੇ ਘਰ ਚੋਰੀ ਕਰਨ ਦੀ ਤਿਆਰੀ ਉਕਤ ਦੋਸ਼ੀ ਪਹਿਲਾਂ ਹੀ ਕਰ ਚੁੱਕੇ ਸਨ। ਇਸ ਸਾਜ਼ਿਸ਼ ਦੇ ਚਲਦੇ ਇਲਾਕੇ ਦੇ ਚੌਕੀਦਾਰ ਲਛਮਣ ਨੇ ਕੇਸ਼ਵ ਨੂੰ ਨੌਕਰ ਦੇ ਰੂਪ ਵਿਚ ਮੈਨੇਜਰ ਦੇ ਘਰ ਭੇਜਿਆ ਤਾਂ ਕਿ ਉਹ ਘਰ ਵਿਚ ਪਏ ਕੀਮਤੀ ਸਾਮਾਨ ਦਾ ਪਹਿਲਾਂ ਪਤਾ ਲਗਾ ਸਕੇ। ਕਰੀਬ 15 ਦਿਨਾਂ ਬਾਅਦ ਮੌਕਾ ਪਾ ਕੇ ਉਨ੍ਹਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਏ. ਸੀ. ਪੀ. ਨੇ ਦੱਸਿਆ ਕਿ ਨੇਪਾਲੀ ਚੋਰ ਗਿਰੋਹ ਦਾ ਮੁਖੀਆ ਲਛਮਣ ਹੈ, ਜੋ ਕਿ ਚੌਕੀਦਾਰੀ ਦੀ ਆੜ ਵਿਚ ਲੋਕਾਂ ਦੇ ਘਰਾਂ ਦੀਆਂ ਸੂਹਾਂ ਲੈਣ ਦਾ ਕੰਮ ਕਰਦਾ ਸੀ। ਘਰਾਂ ਵਿੱਚ ਅਕਸਰ ਨੌਕਰਾਂ ਦੀ ਥੁੜ੍ਹ ਰਹਿੰਦੀ ਹੈ ਉਸਦਾ ਫਾਇਦਾ ਉਠਾ ਕੇ ਹੀ ਅਜਿਹੇ ਮੁਜਰਮ ਬਿਨਾ ਵੈਰੀਫਿਕੇਸ਼ਨ ਦੇ ਘਰਾਂ ਵਿੱਚ ਦਾਖਿਲ ਹੋ ਜਾਂਦੇ ਹਨ। 
ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਹੈਬੋਵਾਲ, ਸਮਰਾਲਾ ਚੌਕ, ਫਿਰੋਜ਼ਪੁਰ ਰੋਡ ਦੇ ਕੋਲ ਕਈ ਘਰਾਂ ਵਿਚ ਚੋਰੀ ਕਰ ਚੁੱਕੇ ਹਨ। ਨੇਪਾਲੀ ਚੋਰ ਗਿਰੋਹ ਦਾ ਇਕ ਮੈਂਬਰ ਪੁਲਸ ਨੇ ਨੇਪਾਲ ਬਾਰਡਰ ਤੋਂ ਕਾਬੂ ਕੀਤਾ ਹੈ। ਦੋਸ਼ੀ ਦੀ ਪਛਾਣ ਸਿੱਧ ਬਹਾਦੁਰ ਦੇ ਰੂਪ ਵਿਚ ਹੋਈ ਹੈ, ਜਿਸ ਤੋਂ ਚੋਰੀ ਕੀਤੀ 1 ਲੱਖ 16 ਹਜ਼ਾਰ ਦੀ ਰਕਮ ਬਰਾਮਦ ਕਰ ਲਈ ਗਈ ਹੈ। 
ਪੁਲਸ ਦੀ ਲੋਕਾਂ ਨੂੰ ਫਿਰ ਅਪੀਲ : ਪੁਲਸ ਵਿਭਾਗ ਨੇ ਲੋਕਾਂ ਨੂੰ ਇੱਕ ਵਾਰ ਫੇਰ ਅਪੀਲ ਕੀਤੀ ਹੈ ਕਿ ਕਿਸੇ ਵੀ ਨੌਕਰ ਨੂੰ ਘਰ ਵਿਚ ਰੱਖਣ ਤੋਂ ਪਹਿਲਾਂ  ਉਸਦੀ ਪੜਤਾਲ ਜਰੂਰ ਕਰਾਓ। ਏਡੀਸੀਪੀ (ਕ੍ਰਾਈਮ) ਮਨਜੀਤ ਸਿੰਘ ਢੇਸੀ ਨੇ ਇੱਕ ਵਾਰ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਵੈਰੀਫਿਕੇਸ਼ਨ ਜ਼ਰੂਰ ਕਰਵਾਓ ਤਾਂ ਕਿ ਨੌਕਰ ਦੇ ਚਾਲਚਲਣ ਅਤੇ ਉਸਦੇ ਅਤੀਤ ਬਾਰੇ ਪੂਰਾ ਪਤਾ ਚੱਲ ਸਕੇ। ਉਹਨਾਂ ਸਾਵਧਾਨ ਕੀਤਾ ਕਿ ਵੈਰੀਫਿਕੇਸ਼ਨ ਨਾ ਕਰਵਾ ਕੇ ਰੱਖੇ ਗਏ ਨੌਕਰ ਹੀ ਹਮੇਸ਼ਾ ਘਰਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਵਾਰਦਾਤ ਵਿੱਚ ਸ਼ਾਮਿਲ ਹਰ ਵਿਅਕਤੀ ਖਿਲਾਫ਼ ਐਕਸ਼ਨ: ਸ੍ਰ. ਢੇਸੀ ਨੇ ਦੱਸਿਆ ਕਿ ਵਾਰਦਾਤ ਵਿੱਚ ਸ਼ਾਮਿਲ ਹਰ ਵਿਅਕਤੀ ਅਨਰ ਜਾਏਗਾ ਭਾਵੇਂ ਉਸ ਨੇ ਕਿਸੇ ਵੀ ਤਰਾਂ ਦੀ ਕੋਈ ਸਹਾਇਤਾ ਕੀਤੀ ਹੋਵੇ। ਚੋਰ ਨੂੰ ਘਰ ਵਿੱਚ ਦਾਖਿਲ ਕਰਾਉਣ, ਪਨਾਹ ਦੇਣ ਅਤੇ ਚੋਰੀ ਦਾ ਸਮਾਨ ਰੱਖਨ ਵਿੱਚ ਮਦਦ ਦੇਣ ਵਾਲਾ ਹਰ ਬੰਦਾ ਸਜ਼ਾ ਦਾ ਹੱਕਦਾਰ ਹੋਵੇਗਾ। 

No comments: