Friday, June 06, 2014

ਸਾਨੂੰ ਆਪਣੇ ਸ਼ਹੀਦਾਂ ਉਪਰ ਫ਼ਖ਼ਰ ਹੈ--ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ

Fri, Jun 6, 2014 at 2:59 PM
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ
ਤਿੰਨ ਦਹਾਕੇ ਬੀਤ ਜਾਣ ਤੇ ਵੀ ਹਰ ਸਿੱਖ ਲਈ ਇਹ ਅਸਹਿ ਤੇ ਅਕਹਿ ਪੀੜਾ 
ਸਮੇਂ ਦੀ ਕੇਂਦਰ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਕਰਵਾਕੇ ਪੰਥ ਦੀ ਨਿਆਰੀ ਹਸਤੀ ਨੂੰ ਨੇਸਤੋ-ਨਾਬੂਦ ਕਰਨ ਦਾ ਕੋਝਾ ਯਤਨ ਕੀਤਾ - ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ:: 06 ਜੂਨ 2014: (ਪੰਜਾਬ ਸਕਰੀਨ ਬਿਊਰੋ):
ਜੂਨ 1984 ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਤੇ ਸਮੇਂ ਦੀ ਕੇਂਦਰ ਸਰਕਾਰ ਵਲੋਂ ਆਪਣੇ ਹੀ ਦੇਸ਼ ਦੀ ਫੌਜ ਕੋਲੋਂ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਤੇ ਹਜ਼ਾਰਾਂ ਬੇਦੋਸ਼ੇ ਸਿੰਘ-ਸਿੰਘਣੀਆਂ ਤੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ। ਭਾਰਤੀ ਫੌਜ ਵੱਲੋਂ ਕੀਤੀ ਇਸ ਅਣ-ਮਨੁੱਖੀ ਤੇ ਜਾਲਮਾਨਾ ਕਾਰਵਾਈ ਦਾ ਡੱਟਕੇ ਵਿਰੋਧ ਕਰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਚ ਸੈਂਕੜੇ ਜੁਝਾਰੂ ਸਿੰਘ ਸ਼ਹੀਦ ਹੋ ਗਏ। ਸ਼ਹੀਦ ਹੋਏ ਉਨਾਂ ਸਿੰਘਾਂ ਦੀ 30 ਵੀਂ ਸਾਲਾਨਾ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਤੇ ਅਰਦਾਸ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਨੇ ਕੀਤੀ, ਉਪਰੰਤ  ਹੁਕਮਨਾਮਾ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਲਿਆ। ਇਸ ਸਮੇਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਤੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੌਜੂਦ ਸਨ।
ਇਸ ਮੌਕੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਦੇਸ਼ ਦਿੰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਅੱਜ ਜਿਥੇ ਵਿਸ਼ਵ ਭਰ ਵਿਚ ਵਸਦੀਆਂ ਸਿੱਖ ਸੰਗਤਾਂ 6 ਜੂਨ, 1984 ਨੂੰ ਵਾਪਰੇ ਭਿਆਨਕ ਘੱਲੂਘਾਰੇ ਦੀ ਯਾਦ ਮਨਾ ਰਹੀਆਂ ਹਨ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸਮੁੱਚੀਆਂ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਦਲ ਤੇ ਜੁੜ ਕੇ ਉਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੀਆਂ ਹਨ ਜਿਨਾਂ ਨੇ ਜੂਨ 1984 ਵਿਚ ਸਮੇਂ ਦੀ ਕਾਂਗਰਸ ਹਕੂਮਤ ਵੱਲੋਂ ਸਾਡੇ ਇਨਾਂ ਧਾਰਮਿਕ ਮੁਕੱਦਸ ਅਸਥਾਨਾਂ ‘ਤੇ ਕੀਤੇ ਫੌਜੀ ਹਮਲੇ ਦੌਰਾਨ ਤੋਪਾਂ, ਟੈਂਕਾਂ ਅੱਗੇ ਲੜਦਿਆਂ ਸ਼ਹਾਦਤਾਂ ਦੇ ਜਾਮ ਪੀਤੇ ਸਨ।
ਉਨਾਂ ਆਪਣੇ ਸੰਦੇਸ਼ ’ਚ ਕਿਹਾ ਕਿ 30 ਸਾਲ ਬੀਤ ਜਾਣ ਤੋਂ ਪਿਛੋਂ ਵੀ ਇਹ ਸਾਕਾ ਸਾਨੂੰ ਅੱਜ ਵੀ ਕੱਲ ਦੀ ਤਰਾਂ ਤਰੋ-ਤਾਜਾ ਲਗਦਾ ਹੈ ਅਤੇ ਇਹ ਜਖ਼ਮ ਸਿੱਖ ਮਾਨਸਿਕਤਾ ਵਿਚ ਨਾ ਭੁੱਲਣ ਵਾਲੇ ਹਨ। ਇਹ ਪੀੜ ਸਾਡੇ ਲਈ ਇਸ ਕਰਕੇ ਵਧੇਰੇ ਦੁਖਦਾਈ ਅਤੇ ਨਾ ਸਹਾਰੇ ਜਾਣ ਵਾਲੀ ਹੈ ਕਿਉਂਕਿ ਜਿਸ ਹਿੰਦੁਸਤਾਨ ਦੇ ਹਾਕਮਾਂ ਨੇ ਸਾਡੇ ਮਹਾਨ ਧਾਰਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਆਪਣੀਆਂ ਫੌਜਾਂ, ਤੋਪਾਂ, ਟੈਂਕਾਂ ਸਮੇਤ ਚਾੜ ਕੇ ਸਾਡੀ ਹੋਂਦ ਹਸਤੀ ਨੂੰ ਨੇਸਤੋ-ਨਾਬੂਦ ਕਰਨ ਦਾ ਕੋਝਾ ਯਤਨ ਕੀਤਾ ਹੈ, ਅੱਜ ਵਿਸ਼ਵ ਭਰ ਵਿਚ ਵੱਸਦੇ ਗੁਰੂ ਨਾਨਕ ਨਾਮ ਲੇਵਾ 6 ਜੂਨ 1984 ਦੇ ਭਿਆਨਕ ਘੱਲੂਘਾਰੇ ਦੀ ਯਾਦ ਮਨਾਉਂਦਿਆਂ ਚਿੰਤਨ ਕਰ ਰਹੇ ਹਨ। ਤਿੰਨ ਦਹਾਕੇ ਬੀਤ ਜਾਣ ਦੇ ਬਾਅਦ ਵੀ ਹਰ ਸਿੱਖ ਲਈ ਇਹ ਅਸਹਿ ਤੇ ਅਕਹਿ ਪੀੜਾ ਹੈ। ਜਿਹਨਾਂ ਦੇਸ਼ ਦੇ ਹਾਕਮਾਂ ਸਾਡੇ ਮਹਾਨ ਧਾਰਮਿਕ ਕੇਂਦਰ ਉਪਰ ਆਪਣੀਆਂ ਫੌਜਾਂ, ਤੋਪਾਂ ਤੇ ਟੈਂਕ ਚਾੜ ਕੇ ਇਸ ਨਿਰਮਲ ਪੰਥ ਦੀ ਨਿਆਰੀ ਹਸਤੀ ਨੂੰ  ਨੇਸਤੋ- ਨਾਬੂਦ ਕਰਨ ਦਾ ਘਿਨਾਉਣਾ ਯਤਨ ਕੀਤਾ, ਉਨਾਂ ਇਹ ਨਾ ਖਿਆਲ ਕੀਤਾ ਕਿ ਇਸ ਦੇਸ਼ ਦੀ ਅਜ਼ਾਦੀ ਲਈ ਸਾਡੇ ਪੁਰਖਿਆਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਇਸ ਨੂੰ ਅਜ਼ਾਦ ਕਰਵਾਇਆ ਸੀ। ਇੱਕ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਉਪਰ ਨਿੱਜੀ ਸਿਆਸੀ ਮੁਫਾਦਾਂ ਲਈ ਰੱਜ ਕੇ ਜ਼ੁਲਮ ਕੀਤਾ ਗਿਆ। ਇਸ ਨਾਲ ਦਿੱਲੀ ਦੇ ਹਾਕਮਾਂ ਪ੍ਰਤੀ ਸਿੱਖ ਸਮਾਜ ਦੇ ਮਨਾਂ ਵਿਚ ਨਫ਼ਰਤ ਪੈਦਾ ਹੋਈ ਅਤੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਸਮੂੰਹ ਮਰਜੀਵੜਿਆਂ ਪ੍ਰਤੀ ਸ਼ਰਧਾ ਤੇ ਕੌਮੀ ਜਜ਼ਬਾ ਹੋਰ ਪ੍ਰਚੰਡ ਹੋਇਆ। ਇਹਨਾਂ ਸ਼ਹੀਦਾਂ ਦੀ ਸਿਮਰਤੀ ਵਿਚ ਸ਼ਹੀਦੀ ਯਾਦਗਾਰ ਦੀ ਸਥਾਪਨਾ ਇਸ ਇਤਿਹਾਸ ਦੀ ਸਦਾ ਗਵਾਹੀ ਭਰਦੀ ਰਹੇਗੀ। ਸਾਨੂੰ ਆਪਣੇ ਸ਼ਹੀਦਾਂ ਉਪਰ ਫ਼ਖ਼ਰ ਹੈ, ਜਿਨਾਂ ਨੇ ਜ਼ਾਬਰ ਹਕੂਮਤ ਦਾ ਸਬਰ-ਸਿਦਕ ਤੇ ਸੂਰਮਗਤੀ ਨਾਲ ਡੱਟ ਕੇ ਮੁਕਾਬਲਾ ਕਰਦਿਆਂ ਸ਼ਹੀਦੀ ਜਾਮ ਪੀਤੇ। ਉਨਾਂ ਕਿਹਾ ਖਾਲਸਾ ਜੀ ਆਪ ਜੀ ਦੇਖ ਰਹੇ ਹੋ ਕਿ ਅੱਜ ਸਮੂਹ ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਸੰਪਰਦਾਵਾਂ, ਟਕਸਾਲਾਂ, ਨਿਹੰਗ ਸਿੰਘ, ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸ਼ਰਧਾਵਾਨ ਸਿੰਘ/ਸਿੰਘਣੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀਆਂ ਹਨ। ਸਤਿਕਾਰਤ ਸ਼ਹੀਦਾਂ ਦੀ ਯਾਦ ਵਿਚ ਇਕੱਤਰ ਹੋਏ ਕੌਮੀ ਵਿਰਾਸਤ ਤੇ ਸ਼ਹੀਦਾਂ ਦੇ ਵਾਰਸੋ! ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਕੁਝ ਅਹਿਮ ਫੈਸਲੇ ਤੇ ਪ੍ਰਣ ਕਰਨ ਦੀ ਮੁੱਖ ਲੋੜ ਹੈ ਜੇ ਅੱਜ ਅਸੀਂ ਛੋਟੇ-ਛੋਟੇ ਸਵਾਰਥਾਂ ਲਈ ਕੌਮ ਵਿੱਚ ਵੰਡੀਆਂ ਪਾਈ ਜਾ ਰਹੇ ਹਾਂ, ਜਿਸ ਦਾ ਮੁੱਖ ਲਾਭ ਪੰਥ ਵਿਰੋਧੀ ਸ਼ਕਤੀਆਂ ਨੂੰ ਹੋ ਰਿਹਾ ਹੈ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਪੰਥ ਵਿਰੋਧੀ ਤਾਕਤਾਂ ਆਪਸੀ ਤਾਲ-ਮੇਲ ਬਣਾ ਕੇ ਇੱਕ ਜੁੱਟ ਹੋ ਰਹੀਆਂ ਹਨ। ਅੱਜ ਵਕਤ ਦੀ ਲੋੜ ਹੈ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਛਤਰ-ਛਾਇਆ ਹੇਠ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਕੌਮੀ ਸ਼ਕਤੀ ਪ੍ਰਚੰਡ ਕਰੀਏ ਅਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਰੇ ਹੀ ਵਚਨਬੱਧ ਹੋਈਏ। ਸਮੂਹ ਪੰਥ ਦੇ ਵਾਰਸ ਪੰਥਕ ਰਹਿਤ ਮਰਯਾਦਾ ਉਪਰ ਪਹਿਰਾ ਦੇਈਏ ਅਤੇ ਗੁਰਮਤਿ ਅਨੁਸਾਰੀ ਜੀਵਨ ਜੀਵੀਏ ਤਾਂ ਸਾਡੀ ਨਿਆਰੀ ਹੋਂਦ ਨੂੰ ਕੋਈ ਖਤਰਾ ਨਹੀਂ ਹੋਏਗਾ। ਇਹ ਵੀ ਵੀਚਾਰਨ ਵਾਲੀ ਗੱਲ ਹੈ ਕਿ ਪਹਿਲਾਂ ਸਾਡੀ ਨੌਜਵਾਨ ਪੀੜੀ ਸਰਕਾਰੀ ਤੰਤਰ ਨੇ ਨਿਗਲ ਲਈ ਅਤੇ ਹੁਣ ਨਸ਼ਿਆਂ ਨੇ ਸਾਡੀ ਕੌਮ ਦੀ ਵੱਡੀ ਬਰਬਾਦੀ ਕੀਤੀ ਹੈ। ਅਸੀਂ ਲਾਮਬੰਦ ਹੋਈਏ, ਨਸ਼ਿਆਂ ਦੀ ਰੋਕਥਾਮ ਲਈ ਅਵਾਜ਼ ਬੁਲੰਦ ਕਰੀਏ, ਨਸ਼ਾ ਛੁਡਾਊ ਕੈਂਪਾਂ ਪ੍ਰਤੀ ਜਾਗ੍ਰਤੀ ਪੈਦਾ ਕਰੀਏ ਅਤੇ ਆਪਣੇ ਘਰਾਂ ਤੋਂ ਲੈ ਕੇ ਹਰ ਸਮਾਗਮਾਂ ਵਿਚ ਨਸ਼ਿਆਂ ਨੂੰ ਬੰਦ ਕਰਨ ਦਾ ਪ੍ਰਣ ਕਰੀਏ ਤਾਂ ਹੀ ਪੰਜਾਬ ਨਸ਼ਿਆਂ ਦੀ ਬਰਬਾਦੀ ਤੋਂ ਬਚ ਸਕਦਾ ਹੈ। ਗੁਰਦੁਆਰਾ ਸਾਹਿਬਾਨ ਵਿਚ ਸਿੱਖ ਜਾਗ੍ਰਤੀ ਦੀ ਲਹਿਰ ਚਲਾਈਏ, ਛੋਟੇ-ਛੋਟੇ ਕੈਂਪ, ਗੁਰਬਾਣੀ ਸੰਥਿਆ ਅਤੇ ਸਿੱਖ ਇਤਿਹਾਸ ਤੇ ਫਲਸਫ਼ੇ ਨਾਲ ਜੋੜਨ ਲਈ ਸਕੂਲਾਂ, ਕਾਲਜਾਂ ਤੱਕ ਗੁਰਮਤਿ ਵਿਦਿਆ ਪ੍ਰਦਾਨ ਕਰਨ ਦਾ ਪ੍ਰਬੰਧ ਕਰੀਏ। ਇਸ ਵਿਚ ਹੀ ਪਤਿਤਪੁਣੇ ਦਾ ਹੱਲ ਹੈ। ਇਸ ਦੇ ਨਾਲ ਆਪੋ ਆਪਣੇ ਪਰਿਵਾਰਾਂ ਵਿਚ ਸਿੱਖੀ ਦੀ ਖੁਸ਼ਬੋ ਪੈਦਾ ਕਰੀਏ। ਇਸੇ ਤਰਾਂ ਧੀਆਂ ਦਾ ਸਤਿਕਾਰ ਕਰੀਏ ਤਾਂ ਭਰੂਣ ਹੱਤਿਆ ਵਰਗੀਆਂ ਅਲਾਮਤਾਂ ਕਿਧਰੇ ਨਹੀਂ ਰਹਿਣਗੀਆਂ।
ਉਨਾਂ ਕਿਹਾ ਖਾਲਸਾ ਪੰਥ ਇੱਕ ਬਾਗ ਦੀ ਨਿਆਈਂ ਹੈ। ਇਸ ਲਈ ਸਮੁੂੰਹ ਸੰਪਰਦਾਵਾਂ, ਟਕਸਾਲਾਂ, ਨਿਰਮਲੇ, ਉਦਾਸੀ, ਨਿਹੰਗ ਸਿੰਘ, ਸਟੱਡੀ ਸਰਕਲ, ਮਿਸ਼ਨਰੀ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਆਪਸੀ ਸਾਂਝ ਨੂੰ ਵਧਾਉਣ, ਤਾਂ ਹੀ ਅਸੀਂ ਪੰਥ ਦੋਖੀ ਸ਼ਕਤੀਆਂ, ਨਾਸਤਿਕਵਾਦੀ ਸੋਚ ਤੇ ਵਾਦ-ਵਿਵਾਦੀ ਮੁੱਦਿਆਂ ਤੋਂ ਉਪਰ ਉੱਠ ਕੇ ਆਪਣੇ ਧਰਮ ਲਈ ਉਸਾਰੂ ਕਾਰਜ ਕਰ ਸਕਦੇ ਹਾਂ।
ਇਸੇ ਤਰਾਂ ਜੋ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਅਜੇ ਵੀ ਜੇਲਾਂ ਵਿਚ ਬੰਦ ਹਨ, ਉਨਾਂ ਦੀ ਰਿਹਾਈ ਲਈ ਸਾਨੂੰ ਰਲ ਕੇ ਉਦਮ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਦਲਿਤ ਭਾਈਚਾਰਾ, ਵਣਜਾਰੇ ਤੇ ਸਿਕਲੀਗਰ ਸਿੱਖ ਭਾਈਚਾਰੇ ਲਈ ਵੀ ਹਰ ਪੱਖੋਂ ਮਦਦ ਕਰੀਏ ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪ੍ਰੇਰੀਏ, ਇਹ ਸਾਡੀ ਕੌਮੀ ਸ਼ਕਤੀ ਹੈ। ਉਨਾਂ ਕਿਹਾ ਕਿ ਇਹਨਾਂ ਸਾਰੇ ਮਸਲਿਆਂ ਦਾ ਮੁੱਖ ਹੱਲ -ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਸਮਰਪਿਤ ਸੋਚ ਪੈਦਾ ਕਰਨਾ ਹੈ। ਇਹ ਨਸ਼ੇ, ਪਤਿਤਪੁਣਾ, ਭਰੂਣ ਹੱਤਿਆ, ਦੇਹਧਾਰੀ ਗੁਰੂ ਡੰਮ, ਪੰਥ ਦੋਖੀਆਂ ਦੀਆਂ ਚਾਲਾਂ ਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਸਭ ਦੂਰ ਹੋ ਜਾਣਗੀਆਂ।
30ਵੇਂ ਘੱਲੂਘਾਰਾ ਦੇ ਸਮਾਗਮ ਸਮੇਂ ਭਾਈ ਈਸਰ ਸਿੰਘ ਸਪੁੱਤਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਮੁੱਖੀ ਦਮਦਮੀ ਟਕਸਾਲ, ਬੀਬੀ ਹਰਮੀਤ ਕੌਰ ਸੁਪਤਨੀ ਸ਼ਹੀਦ ਭਾਈ ਅਮਰੀਕ ਸਿੰਘ, ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ (ਸਪੁੱਤਰ ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ) ਤੇ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਤੇ ਸ.ਗੁਰਬਚਨ ਸਿੰਘ ਕਰਮੂੰਵਾਲ ਤੇ ਸ.ਦਿਆਲ ਸਿੰਘ ਕੋਲਿਆਂਵਾਲੀ ਅੰਤਿ੍ਰੰਗ ਮੈਂਬਰ ਸ਼੍ਰੋਮਣੀ ਕਮੇਟੀ, ਸ. ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਭਾਈ ਅਮਰਜੀਤ ਸਿੰਘ ਚਾਵਲਾ, ਸ.ਹਰਜਾਪ ਸਿੰਘ ਸੁਲਤਾਨਵਿੰਡ, ਬਾਬਾ ਚਰਨਜੀਤ ਸਿੰਘ, ਸ. ਗੁਰਿੰਦਰਪਾਲ ਸਿੰਘ ਕਾਦੀਆਂ, ਸ.ਭੁਪਿੰਦਰ ਸਿੰਘ ਭਲਵਾਨ, ਸ.ਭਗਵੰਤ ਸਿੰਘ ਸਿਆਲਕਾ, ਸ.ਹਰਪਾਲ ਸਿੰਘ ਚੀਮਾਂ, ਸ.ਜਗਜੀਤ ਸਿੰਘ ਖਾਲਸਾ, ਸ.ਬੋਹੜ ਸਿੰਘ, ਸ.ਨਵਤੇਜ ਸਿੰਘ ਕਾਉਣੀ, ਸ.ਉਜਾਗਰ ਸਿੰਘ ਵਡਾਲੀ, ਸ.ਜਸਬੀਰ ਸਿੰਘ ਘੁੰਮਣ, ਸ.ਗੁਰਬਖਸ਼ ਸਿੰਘ, ਸ.ਸੁਰਜੀਤ ਸਿੰਘ ਭਿੱਟੇਵੱਡ, ਸ.ਖੁਸ਼ਵਿੰਦਰ ਸਿੰਘ ਭਾਟੀਆ, ਸ.ਬਲਦੇਵ ਸਿੰਘ ਚੁੰਘਾ ਤੇ ਸ.ਨਿਰਮਲ ਸਿੰਘ ਘਰਾਚੋਂ ਮੈਂਬਰ ਸ਼੍ਰੋਮਣੀ ਕਮੇਟੀ, ਸ.ਦਲਮੇਘ ਸਿੰਘ, ਸ.ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ, ਸ.ਹਰਭਜਨ ਸਿੰਘ ਮਨਾਵਾਂ, ਸ.ਰਣਜੀਤ ਸਿੰਘ, ਸ.ਕੇਵਲ ਸਿੰਘ, ਸ.ਪਰਮਜੀਤ ਸਿੰਘ ਸਰੋਆ ਤੇ ਸ.ਬਲਵਿੰਦਰ ਸਿੰਘ ਜੌੜਾਸਿੰਘਾ ਐਡੀ:ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ, ਸ.ਬਿਜੈ ਸਿੰਘ, ਸ.ਜਗਜੀਤ ਸਿੰਘ, ਸ.ਸਕੱਤਰ ਸਿੰਘ, ਸ.ਗੁਰਬਚਨ ਸਿੰਘ, ਸ.ਪਰਮਜੀਤ ਸਿੰਘ, ਸ.ਜਸਵਿੰਦਰ ਸਿੰਘ ਦੀਨਪੁਰ ਤੇ ਸ.ਸੰਤੋਖ ਸਿੰਘ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਤੇ ਸ.ਗੁਰਿੰਦਰ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਹਰਮਿੰਦਰ ਸਿੰਘ ਮੂਧਲ ਸੁਪਿ੍ਰੰਟੈਂਡੈਂਟ, ਸ.ਮਲਕੀਤ ਸਿੰਘ ਬਹਿੜਵਾਲ ਸ/ਸੁਪਿ੍ਰੰਟੈਂਡੈਂਟ, ਡਾਕਟਰ ਏ.ਪੀ. ਸਿੰਘ, ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਮਹਿਤਾ ਚੌਂਕ, ਬਾਬਾ ਅਵਤਾਰ ਸਿੰਘ(ਬਿਧੀ ਚੰਦ ਸੰਪਰਦਾਇ) ਸੁਰਸਿੰਘ ਵਾਲਿਆਂ ਵੱਲੋਂ ਬਾਬਾ ਨਾਹਰ ਸਿੰਘ, ਬਾਬਾ ਮੇਜਰ ਸਿੰਘ ਵਾਂ, ਨਿਹੰਗ ਮੁਖੀ ਬਾਬਾ ਜੋਗਾ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂਵੇਲਾਂ, ਬਾਬਾ ਗੁਰਦੇਵ ਸਿੰਘ ਤਰਨਾ ਦਲ, ਬਾਬਾ ਸੁਖਵਿੰਦਰ ਸਿੰਘ ਸਿਰਸਾ (ਹਰਿਆਣਾ),  ਬਾਬਾ ਹਰੀਦੇਵ ਸਿੰਘ ਈਸਾਪੁਰ, ਬਾਬਾ ਸੱਜਣ ਸਿੰਘ ਬੇਰ ਸਾਹਿਬ ਮੱਤੇਵਾਲ, ਭਾਈ ਗੁਰਬਖਸ਼ ਸਿੰਘ ਖਾਲਸਾ, ਸ.ਸਿਮਰਨਜੀਤ ਸਿੰਘ ਮਾਨ, ਸ.ਇਮਾਨ ਸਿੰਘ ਮਾਨ, ਸ.ਧਿਆਨ ਸਿੰਘ ਮੰਡ ਸਾਬਕਾ ਐਮ.ਪੀ., ਸ.ਦਇਆ ਸਿੰਘ ਕੱਕੜ, ਸ.ਮੋਹਨ ਸਿੰਘ ਮਟੀਆ, ਭਾਈ ਗੁਰਮਿੰਦਰ ਸਿੰਘ ਚਾਵਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿੱਣਤੀ ਸਿੱਖ ਸੰਗਤਾਂ ਮੌਜੂਦ ਸਨ। 

No comments: