Sunday, May 25, 2014

ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਅਹਿਮ ਫੈਸਲੇ

Sun, May 25, 2014 at 3:47 PM
ਪੰਜਾਬੀ ਸਾਹਿਤ ਅਕਾਡਮੀ ਦੇ ਨਵੇਂ ਚੁਣੇ ਪ੍ਰਬੰਧਕੀ ਬੋਰਡ ਵਲੋਂ ਮੀਡੀਆ ਜਾਰੀ ਵੇਰਵਾ 
ਲੁਧਿਆਣਾ : 25 ਮਈ 2014: (ਪੰਜਾਬ ਸਕਰੀਨ ਬਿਊਰੋ):
    ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਨਵੀਂ ਚੁਣੀ ਟੀਮ ਦੀ ਪਹਿਲੀ ਮੀਟਿੰਗ ਪੰਜਾਬੀ ਭਵਨ ਵਿਖੇ ਹੋਈ। ਸਭ ਤੋਂ ਪਹਿਲਾਂ ਨਵੇਂ ਬਣੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਹੋਰਾਂ ਨੇ ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਦਾ ਚੋਣਾਂ ਵਾਲੇ ਦਿਨ ਬੜੇ ਸਾਫ਼ ਸੁਥਰੇ ਅਤੇ ਸੁਚੱਜੇ ਢੰਗ ਨਾਲ ਕੀਤੀ ਲੰਗਰ ਦੀ ਸੇਵਾ ਦਾ ਧੰਨਵਾਦ ਕੀਤਾ ਅਤੇ ਸ. ਸਵਰਨ ਸਿੰਘ ਸੰਧੂ ਕੈਨੇਡਾ ਦਾ ਅਕਾਡਮੀ ਲਈ ਫਰਿੱਜ ਦਾਨ ਕਰਨ ਅਤੇ ਆਰਟ ਗੈਲਰੀ ਲਈ 28 ਕੁਰਸੀਆਂ ਅਤੇ ਦੋ ਮੇਜ ਦੇਣ ਲਈ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਨਵੀਂ ਚੁਣੀ ਟੀਮ ਨੇ ਆਪਣੀਆਂ ਨਿੱਜੀ ਜੇਬਾਂ ਵਿਚੋਂ ਇਕੱਠੇ ਕਰਕੇ 75000/-ਰੁਪਏ (ਪੰਝਹੱਤਰ ਹਜ਼ਾਰ) ਅਕਾਡਮੀ ਦੇ ਵਿੱਤੀ ਸਾਧਨਾਂ ਨੂੰ ਮਜਬੂਤ ਕਰਨ ਲਈ ਦਿੱਤੇ ਅਤੇ ਪੰਜਾਬੀ ਪਿਆਰਿਆਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮਾਂ ਬੋਲੀ ਦੀ ਬਿਹਤਰੀ ਵਾਸਤੇ ਚਲਦੀ ਸੰਸਥਾ ਦੀ ਯਥਾਯੋਗ ਆਰਥਿਕ ਸਹਾਇਤਾ ਕੀਤੀ ਜਾਵੇ। ਪੰਜਾਬੀ ਸਾਹਿਤ ਅਕਾਡਮੀ ਦੇ ਕੰਮ ਕਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਭਵਨ ਨੂੰ ਬਿਹਤਰ ਦਿੱਖ ਦੇਣ ਲਈ ਕੁਝ ਨਾਮਜ਼ਦਗੀਆਂ ਕੀਤੀਆਂ ਗਈਆਂ ਜਿਸ ਵਿਚ ਡਾ. ਸ. ਪ. ਸਿੰਘ, ਡਾ. ਤੇਜਵੰਤ ਸਿੰਘ ਗਿੱਲ, ਸ੍ਰੀ ਮਿੱਤਰ ਸੈਨ ਮੀਤ ਹੋਰੀ ਸ਼ਾਮਲ ਹਨ। ਇਸ ਦੇ ਨਾਲ ਹੀ ਸਕੱਤਰ ਪ੍ਰੈੱਸ ਡਾ. ਗੁਲਜ਼ਾਰ ਸਿੰਘ ਪੰਧੇਰ, ਸਕੱਤਰ ਦਫ਼ਤਰ ਸ੍ਰੀ ਸੁਰਿੰਦਰ ਰਾਮਪੁਰੀ, ਸਕੱਤਰ ਸਾਹਿਤਕ ਸਰਗਰਮੀਆ ਸ੍ਰੀ ਖੁਸ਼ਵੰਤ ਬਰਗਾੜੀ ਨੂੰ ਨਾਮਜ਼ਦ ਕੀਤਾ ਗਿਆ।
    ਇਸ ਮੀਟਿੰਗ ਵਿਚ ਕੁਝ ਕਮੇਟੀਆਂ ਬਣਾਈਆਂ ਗਈ ਜਿਨਾਂ ਵਿਚ ਮੁੱਖ ਤੌਰ ਤੇ ਆਲੋਚਨਾ ਮੈਗਜ਼ੀਨ ਦੇੇ ਮੁੱਖ ਸੰਪਾਦਕ ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ, ਸੰਪਾਦਕ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਸਹਿ ਸੰਪਾਦਕ ਡਾ. ਭੀਮ ਇੰਦਰ ਸਿੰਘ, ਡਾ. ਨੀਤੂ ਅਰੋੜਾ, ਡਾ. ਭਗਵੰਤ ਸਿੰਘ ਤੇ ਡਾ. ਸੁਦਰਸ਼ਨ ਗਾਸੋ ਬਣਾਏ ਗਏ। ਵਿੱਤੀ ਸਾਧਨ ਜੁਟਾਉਣ ਵਾਲੀ ਕਮੇਟੀ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ (ਚੇਅਰਮੈਨ), ਭਵਨ ਨਿਰਮਾਣ ਤੇ ਸਾਂਭ ਸੰਭਾਲ ਕਮੇਟੀ ਦੇ ਚੇਅਰਮੈਨ ਡਾ. ਸ. ਸ. ਜੌਹਲ, ਆਰਟ ਗੈਲਰੀ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਬੀਬਾ ਬਲਵੰਤ, ਖ੍ਰੀਦੋ ਫ਼ਰੋਖ਼ਤ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਡਾ. ਗੁਰਇਕਬਾਲ ਸਿੰਘ ਬਣਾਏ ਗਏ। ਇਕ ਵਿਸ਼ੇਸ਼ ਭਾਸ਼ਾ ਨੀਤੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਡਾ. ਦਲੀਪ ਕੌਰ ਟਿਵਾਣਾ, ਡਾ. ਸੁਰਜੀਤ ਪਾਤਰ, ਡਾ. ਸ. ਸ. ਜੌਹਲ, ਡਾ. ਜੋਗਿੰਦਰ ਸਿੰਘ ਪੁਆਰ, ਪ੍ਰੋ. ਗੁਰਭਜਨ ਸਿੰਘ ਗਿੱਲ, ਸ. ਹਰਭਜਨ ਸਿੰਘ ਹੁੰਦਲ, ਡਾ. ਐਸ. ਤਰਸੇਮ, ਡਾ. ਤੇਜਵੰਤ ਮਾਨ, ਡਾ. ਜੋਗਿੰਦਰ ਸਿੰਘ ਨਿਰਾਲਾ, ਸ੍ਰੀ ਸਤਨਾਮ ਮਾਣਕ, ਸ. ਸਤਿਬੀਰ ਸਿੰਘ, ਸ੍ਰੀ ਬਲਬੀਰ ਪਰਵਾਨਾ, ਜਨਾਬ ਖ਼ਾਲਿਦ ਹੁਸੈਨ, ਡਾ. ਸਵਰਾਜਬੀਰ, ਸ. ਹਰਦੇਵ ਸਿੰਘ ਗਰੇਵਾਲ, ਡਾ. ਸਰਬਜੀਤ ਸਿੰਘ, ਡਾ. ਬਲਦੇਵ ਸਿੰਘ ਚੀਮਾ, ਸ. ਸ਼ੰਗਾਰਾ ਸਿੰਘ ਭੁੱਲਰ, ਸ੍ਰੀ ਕੁਲਦੀਪ ਬੇਦੀ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਇਸ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ  ਡਾ. ਅਨੂਪ ਸਿੰਘ ਕਨਵੀਨਰ ਹੋਣਗੇ। ਡਾ. ਸੁਖਦੇਵ ਸਿੰਘ ਸਿਰਸਾ ਹੋਰਾਂ ਕਿਹਾ ਕਿ ਦਸੰਬਰ ਜਨਵਰੀ ਵਿਚ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਕਰਵਾਈ ਜਾਵੇਗੀ। ਪੰਜਾਬੀ ਭਵਨ ਵਿਚ ਕਾਫ਼ੀ ਹਾਊਸ ਚਾਲੂ ਕਰਨਾ ਅਤੇ ਸਾਈਂ ਮੀਆਂ ਮੀਰ ਭਵਨ ਉਸਾਰੀ ਅਧੀਨ ਬਿਲਡਿੰਗ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ ਅਤੇ ਇਥੇ ਸਾਹਿਤਕ ਸਰਗਰਮੀਆਂ ਦੇ ਨਾਲ ਨਾਲ ਅਕਾਦਮਿਕ, ਸਭਿਆਚਾਰਕ ਸਰਗਰਮੀਆਂ ਹੋਰ ਵਧਾਈਆਂ ਜਾਣਗੀਆਂ।

No comments: