Friday, April 11, 2014

GADVASU ਵਿਖੇ ਕਾਰਜਸ਼ਾਲਾ

Fri, Apr 11, 2014 at 4:41 PM
ਕਾਰਜਸ਼ਾਲਾ ਵਿੱਚ ਸ਼ਾਮਿਲ ਹੋਏ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ 
ਲੁਧਿਆਣਾ-11-ਅਪ੍ਰੈਲ-2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪਸ਼ੂ ਵਿਗਿਆਨ ਮਾਹਿਰਾਂ ਲਈ ਖੇਤਰ ਵਿੱਚ ਪਰਖ ਅਤੇ ਸਿੱਧੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਨਿਪੁੰਨਤਾ ਦੇਣ ਵਾਸਤੇ ਇਕ ਵਿਸ਼ੇਸ਼ ਕਾਰਜਸ਼ਾਲਾ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਲਗਾਈ ਗਈ।ਇਹ ਕਾਰਜਸ਼ਾਲਾ ਵੈਟਨਰੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਜੋਨਲ ਪ੍ਰਾਜੈਕਟ ਨਿਰਦੇਸ਼ਾਲੇ ਦੇ ਸਹਿਯੋਗ ਨਾਲ ਕਰਵਾਈ ਗਈ।ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਉਪ-ਕੁਲਪਤੀ, ਡਾ. ਵਿਜੇ ਕੁਮਾਰ ਤਨੇਜਾ ਨੇ ਕਿਹਾ ਕਿ ਪਸ਼ੂ ਵਿਗਿਆਨ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਪੰਜਾਬ ਦੀ ਖੇਤੀਬਾੜੀ ਬੜੀ ਤੇਜ਼ੀ ਨਾਲ ਪਸ਼ੂ ਵਿਭਿੰਨਤਾ ਦੇ ਖੇਤਰ ਵਿੱਚ ਤਬਦੀਲ ਹੋ ਰਹੀ ਹੈ।ਵੈਟਨਰੀ ਯੂਨੀਵਰਸਿਟੀ ਨੇ ਪਸ਼ੂ ਪਾਲਣ ਦੇ ਖੇਤਰਾਂ ਜਿਵੇਂ ਮੁਰਗੀ ਪਾਲਣ, ਡੇਅਰੀ, ਮੱਛੀ ਅਤੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨ ਦੇ ਮਾਮਲੇ ਵਿੱਚ ਕਈ ਨਵੀਂਆਂ ਤਕਨਾਲੋਜੀਆਂ ਵਿਕਸਿਤ ਕੀਤੀਆਂ ਹਨ। ਇਨ੍ਹਾਂ ਤਕਨੀਕਾਂ ਨੂੰ ਕਿਸਾਨਾਂ ਤੱਕ ਪ੍ਰਭਾਵੀ ਢੰਗ ਨਾਲ ਪਹੁੰਚਾਉਣਾ ਅਤੇ ਇਨ੍ਹਾਂ ਦੀ ਵਰਤੋਂ ਕਰਕੇ ਪਸ਼ੂਆਂ ਤੋਂ ਉਤਪਾਦਨ ਵਧਾਉਣਾ ਸਾਡਾ ਮੁੱਖ ਉਦੇਸ਼ ਹੈ ਤਾਂ ਜੋ ਕਿਸਾਨਾਂ ਦੀ ਪੈਦਾਵਾਰ ਵਿੱਚ ਮੁਨਾਫਾ ਵਧਾਇਆ ਜਾ ਸਕੇ।ਡਾ. ਤਨੇਜਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵੈਟਨਰੀ ਯੂਨੀਵਰਸਿਟੀ ਦੇ ਕਿਸ਼ੀ ਵਿਗਿਆਨ ਕੇਂਦਰਾਂ ਨੂੰ ਰਲ ਕੇ ਕਿਸਾਨ ਭਾਈਚਾਰੇ ਦੇ ਵਿਕਾਸ ਲਈ ਉਪਰਾਲੇ ਕਰਨੇ ਚਾਹੀਦੇ ਹਨ।ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਜੋਨਲ ਪ੍ਰਾਜੈਕਟ ਨਿਰਦੇਸ਼ਕ ਡਾ. ਐਸ. ਪ੍ਰਭੂ ਕੁਮਾਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵੱਖ-ਵੱਖ ਪਹਿਲੂਆਂ ਤੇ ਅਲੱਗ ਕਾਰਜਸ਼ਾਲਾਵਾਂ ਕਰਵਾਈਆਂ ਜਾ ਰਹੀਆਂ ਹਨ ਕਿਉਂਕਿ ਪਸ਼ੂ ਵਿਗਿਆਨ ਦਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਯੋਗਦਾਨ ਅੱਗੇ ਨਾਲੋਂ ਬਹੁਤ ਵੱਧ ਗਿਆ ਹੈ।ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਰਨਰਿੰਦਰ ਸਿੰਘ ਰੰਧਾਵਾ ਨੇ ਆਪਣੀ ਪੇਸ਼ਕਾਰੀ ਦੇ ਮਾਧਿਅਮ ਰਾਹੀਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਤਕਨੀਕਾਂ ਪ੍ਰਦਰਸ਼ਿਤ ਕੀਤੀਆਂ ਜੋ ਕਿ ਖੇਤਰ ਵਿੱਚ ਕਿਸਾਨਾਂ ਦੇ ਫਾਇਦੇ ਲਈ ਮੁਫੀਦ ਸਾਬਿਤ ਹੋ ਸਕਦੀਆਂ ਹਨ।ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸੀਨੀਅਰ ਅਧਿਆਪਕਾਂ ਨੇ ਨਵੀਂਆਂ ਨੀਤੀਆਂ ਲਈ ਆਪਣੇ ਮਸ਼ਵਰੇ ਦਿੱਤੇ।ਸਾਲ 2014-15 ਵਿੱਚ ਪਸ਼ੂ ਵਿਗਿਆਨ ਅਤੇ ਮੱਛੀ ਪਾਲਣ ਖੇਤਰ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿੱਚ ਤੇ ਕੀਤੇ ਜਾਣ ਵਾਲੇ ਕਾਰਜਾਂ ਨੂੰ ਵੀ ਸੂਚੀਬੱਧ ਕੀਤਾ ਗਿਆ।ਇਸ ਕਾਰਜ ਲਈ ਪੰਜਾਬ ਦੇ ਵੱਖੋ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ 14 ਪਸ਼ੂ ਵਿਗਿਆਨੀ ਵੀ ਪਹੁੰਚੇ ਹੋਏ ਸਨ।ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਣਜੋਧਨ ਸਿੰਘ ਸਹੋਤਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਵਿਗਿਆਨੀਆਂ ਨੂੰ ਮਸ਼ਵਰਾ ਦਿੱਤਾ ਕਿ ਪਸਾਰ ਸੇਵਾਵਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਲਿਜਾਇਆ ਜਾਵੇ ਤਾਂ ਜੋ ਨਵੀਂ ਜਾਣਕਾਰੀ ਅਤੇ ਤਕਨੀਕਾਂ ਉਨ੍ਹਾਂ ਤੱਕ ਪਹੁੰਚ ਸਕਣ।

No comments: