Monday, April 21, 2014

ਗ਼ੁਲਾਮੀ 'ਚ ਜਕੜੇ ਲੋਕਾਂ ਲਈ ਰਾਹ-ਦਸੇਰਾ ਬਨਣਾ ਸਮੇਂ ਦੀ ਲੋੜ

Mon, Apr 21, 2014 at 3:30 PM
ਗ਼ਦਰ ਪਾਰਟੀ ਸਥਾਪਨਾ ਦਿਹਾੜਾ ਸਮਾਗਮ 'ਤੇ ਬੁੱਧੀਜੀਵੀਆਂ ਨੇ ਕੱਢੇ ਤੱਤ
ਜਲੰਧਰ, 21 ਅਪ੍ਰੈਲ 2014: (ਪੰਜਾਬ ਸਕਰੀਨ ਬਿਊਰੋ): ਅੱਜ ਤੋਂ ਸੌ ਵਰ੍ਹੇ ਪਹਿਲਾਂ ਅਮਰੀਕਾ ਦੇ ਸ਼ਹਿਰ ਔਸਟਰੀਆਂ ਵਿਖੇ 21 ਅਪ੍ਰੈਲ 1913 ਨੂੰ ਸਾਡੇ ਮੁਲਕ ਦੀ ਆਜ਼ਾਦੀ ਲਈ ਉਸਾਰੀ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ' ਜੋ 'ਗ਼ਦਰ' ਅਖ਼ਬਾਰ ਦੀ ਪ੍ਰਕਾਸ਼ਨਾ ਅਤੇ ਮਕਬੂਲੀਅਤ ਉਪਰੰਤ 'ਗ਼ਦਰ' ਪਾਰਟੀ ਵਜੋਂ ਜਾਣੀ ਜਾਣ ਲੱਗੀ, ਉਸਦੇ ਉਦੇਸ਼ਾਂ ਨਿਸ਼ਾਨਿਆਂ ਖਾਸ ਕਰਕੇ ਕਾਮਾਗਾਟਾ ਮਾਰੂ ਦੀ ਸ਼ਤਾਬਦੀ ਦੇ ਪ੍ਰਸੰਗ ਨੂੰ ਰੌਸ਼ਨੀ 'ਚ ਲਿਆਉਂਦਾ ਸਮਾਗਮ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਹੋਇਆ।
ਗ਼ਦਰ ਪਾਰਟੀ ਸਥਾਪਨਾ ਦਿਵਸ ਸਮਾਗਮ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਰਘਬੀਰ ਸਿੰਘ ਛੀਨਾ ਦੁਆਰਾ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਨਾਲ ਹੋਇਆ।  ਇਸ ਰਸਮ ਮੌਕੇ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਖਜ਼ਾਨਚੀ ਸੀਤਲ ਸਿੰਘ ਸੰਘਾ, ਇਤਿਹਾਸ ਸਬ-ਕਮੇਟੀ ਦੇ ਕਨਵੀਨਰ ਨੌਨਿਹਾਲ ਸਿੰਘ, ਟਰੱਸਟੀ ਹਰਵਿੰਦਰ ਭੰਡਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ, ਕਾਮਰੇਡ ਮੰਗਤ ਰਾਮ ਪਾਸਲਾ, ਗੁਰਮੀਤ, ਗੁਰਮੀਤ ਢੱਡਾ, ਡਾ. ਕਰਮਜੀਤ ਸਿੰਘ, ਰਮਿੰਦਰ ਪਟਿਆਲਾ, ਪ੍ਰਿਥੀਪਾਲ ਮਾੜੀਮੇਘਾ, ਸੁਰਿੰਦਰ ਜਲਾਲਦੀਵਾਲ, ਚਰੰਜੀਲਾਲ ਕੰਗਣੀਵਾਲ, ਦੇਵ ਰਾਜ ਨਈਅਰ ਹਾਜ਼ਰ ਸਨ।  
ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਹਾਲ ਵਿੱਚ ਜੁੜੇ ਹਾਜ਼ਰੀਨ ਨੂੰ ਕਮੇਟੀ ਵੱਲੋਂ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ 'ਜੀ ਆਇਆ' ਕਿਹਾ। ਉਹਨਾਂ ਅੱਜ ਦੇ ਸਮਾਗਮ ਦੀ ਖਾਸ ਕਰਕੇ ਕਾਮਾਗਾਟਾ ਮਾਰੂ ਸ਼ਤਾਬਦੀ ਨਾਲ ਜੋੜਕੇ ਕਰਨ ਦੇ ਮਹੱਤਵ ਉਪਰ ਜ਼ੋਰ ਦਿੱਤਾ।
ਸਮਾਗਮ ਦੇ ਮੁੱਖ ਬੁਲਾਰੇ ਟਰੱਸਟੀ ਹਰਵਿੰਦਰ ਭੰਡਾਲ ਨੇ ''ਗ਼ਦਰ ਪਾਰਟੀ ਦੇ ਪ੍ਰਸੰਗ 'ਚ ਕਾਮਾਗਾਟਾ ਮਾਰੂ'' ਵਿਸ਼ੇ ਉਪਰ ਬੋਲਦਿਆਂ ਇਸ ਘਟਨਾ ਦੀ ਦੁਨੀਆਂ ਭਰ 'ਚ ਮਨਾਈ ਜਾ ਰਹੀ 100ਵੀਂ ਵਰ੍ਹੇਗੰਢ ਮੌਕੇ ਕੌਮਾਂਤਰੀ, ਕੌਮੀ ਹਾਲਤਾਂ, ਠੋਸ ਚੁਣੌਤੀਆਂ ਦੇ ਸਨਮੁੱਖ ਗ਼ਦਰ ਪਾਰਟੀ ਦੇ ਹਕੀਕੀ ਵਾਰਸਾਂ ਦੀ ਬਣਦੀ ਭੂਮਿਕਾ ਉਪਰ ਆਪਣਾ ਭਾਸ਼ਨ ਕੇਂਦਰਤ ਕੀਤਾ।
ਕਾਮਾਗਾਟਾ ਮਾਰੂ ਦੀ ਇਤਿਹਾਸਕ ਘਟਨਾ, ਜਹਾਜ਼ ਦੇ ਮੁਸਾਫ਼ਰਾਂ ਦੇ ਆਰਥਕ, ਰਾਜਨੀਤਕ, ਸਮਾਜਕ ਅਤੇ ਸਭਿਆਚਾਰਕ ਆਧਾਰ ਬਾਰੇ ਜ਼ਿਕਰ ਕਰਦਿਆਂ ਉਹਨਾਂ ਦੇ ਮਨਾਂ ਅੰਦਰ ਪਹਿਲ ਪ੍ਰਿਥਮੇ ਰੁਜ਼ਗਾਰ ਅਤੇ ਬਰਤਾਨਵੀ ਹਕੂਮਤ ਉਪਰ ਭਰੋਸਗੀ ਦੇ ਧੁੰਧਲਕੇ ਤੋਂ ਆਪਣੇ-ਪਰਾਏ ਦੀ ਨਿਰਖ ਪਰਖ ਕਰਨ ਵੱਲ ਹੋਏ ਬੌਧਿਕ ਵਿਕਾਸ ਦੀ ਸਿਫ਼ਤੀ ਕਿਰਿਆਸ਼ੀਲਤਾ ਦਾ ਜ਼ਿਕਰ ਕੀਤਾ।
ਹਰਵਿੰਦਰ ਭੰਡਾਲ ਨੇ ਵਿਆਖਿਆ ਪੂਰਵਕ ਦੱਸਿਆ ਕਿ ਬਰਤਾਨਵੀ ਹਕੂਮਤ ਵੱਲੋਂ ਕਿਵੇਂ ਕੈਨੇਡਾ ਅੰਦਰ ਵੀ ਆਪਣੇ ਡੰਡੇ ਦੇ ਜ਼ੋਰ ਨਸਲੀ ਦਾਬੇ ਦਾ ਸਿਕੰਜਾ ਵਿਸ਼ੇਸ਼ ਕਰਕੇ ਭਾਰਤੀਆਂ ਉਪਰ ਕੱਸਿਆ ਜਾ ਰਿਹਾ ਸੀ।
ਉਨ੍ਹਾਂ ਤੱਥ ਪੇਸ਼ ਕੀਤੇ ਕਿ ਸਮੁੰਦਰ ਅੰਦਰ ਕਾਮਾਗਾਟਾ ਮਾਰੂ ਜਹਾਜ਼ ਨੂੰ ਡੱਕ ਕੇ ਰੱਖਣ ਕਰਕੇ ਭੁੱਖਣ ਭਾਣੇ ਜ਼ਿੰਦਗੀ-ਮੌਤ ਦਾ ਸੰਘਰਸ਼ ਕਰਦੇ ਮੁਸਾਫ਼ਰਾਂ ਨੇ ਆਪਣੇ ਕਥਨਾਂ 'ਚ ਦੱਸਿਆ ਹੈ ਕਿ ਸਭਿਅਤਾ ਦੇ ਦਾਅਵੇ ਕਰਨ ਵਾਲੇ ਬਰਤਾਨਵੀ ਹਾਕਮ ਦੁਨੀਆਂ ਦੀਆਂ ਵੱਖ-ਵੱਖ ਕੌਮਾਂ ਨੂੰ ਗ਼ੁਲਾਮ ਬਣਾ ਕੇ ਰੱਖਣ ਲਈ ਕਿਵੇਂ ਗੈਰ-ਮਾਨਵੀ ਵਰਤਾਰਾ ਕੀਤਾ ਗਿਆ।
ਅਜਿਹੇ ਜਾਬਰਾਨਾ ਵਰਤਾਅ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਦੇ ਹੱਡੀਂ ਹੰਢਾਏ ਕਹਿਰ ਤੋਂ ਰਾਜਨੀਤਕ ਸੂਝ-ਬੂਝ ਦੀ ਉਚੇਰੀ ਪਰਵਾਜ਼ ਭਰੀ।  ਉਹ ਸ਼ਰਤਾਂ ਰੱਖਣ ਲੱਗੇ।  ਅੱਗੇ ਵਧਦਿਆਂ ਉਹਨਾਂ ਨੇ ਹਮਲਾਵਰ ਬੋਟ, ਜੰਗੀ ਜਹਾਜ਼ ਵੀ ਝੋਕ ਦਿੱਤਾ ਪਰ ਕੈਨੇਡਾ ਦੇ ਅੰਦਰ ਵੀ ਮਘੇ-ਭਖ਼ੇ ਪ੍ਰਤੀਰੋਧ ਕਾਰਨ ਹਕੂਮਤ ਨੂੰ ਗੋਡਿਆਂ ਪਰਨੇ ਹੋ ਕੇ ਅੰਦਰ ਗੈਰ-ਮਾਨਵੀ ਵਤੀਰਾ ਕਰਦਿਆਂ ਜਹਾਜ਼ ਵਾਪਸ ਮੋੜ ਦਿੱਤਾ।
ਕਾਮਾਗਾਟਾ ਮਾਰੂ ਜਹਾਜ਼ 'ਚ ਚੜ੍ਹੇ ਬਰਤਾਨਵੀ ਜਾਸੂਸਾਂ ਨੂੰ ਤਾਂ ਸੁਰੱਖਿਅਤ ਉਤਾਰ ਲਿਆ ਪਰ ਬੇਗੁਨਾਹ ਮੁਸਾਫ਼ਰਾਂ ਦੀ ਇੱਕ ਨਾ ਸੁਣੀ।
ਸਤਿ ਸ੍ਰੀ ਅਕਾਲ, ਬੰਦੇ ਮਾਤਰਮ, ਅੱਲਾ ਹੂ ਅਕਬਰ ਤਿੰਨੇ ਸ਼ਬਦ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਦੇ ਝੰਡਿਆਂ ਉਪਰ ਉੱਕਰੇ ਹੋਏ ਸਨ।
ਜਦੋਂ ਕਲੱਕਤਾ ਵਿਖੇ ਬਜਬਜ ਘਾਟ ਤੇ ਇਹ ਜਹਾਜ਼ ਆ ਕੇ ਲੱਗਿਆ ਤਾਂ ਉਤਰਦੇ ਮੁਸਾਫ਼ਰਾਂ ਉਪਰ ਗੋਲੀਆਂ ਦੀ ਵਰਖ਼ਾ ਕੀਤੀ ਗਈ।  ਬਾਬਾ ਗੁਰਦਿੱਤ ਸਿੰਘ ਕੋਈ 8 ਵਰ੍ਹੇ ਗੁਪਤਵਾਸ ਰਹੇ।  ਉਹਨਾਂ ਨੇ 'ਜ਼ੁਲਮੀ ਕਥਾ' ਨਾਂਅ ਦੀ ਪੁਸਤਕ ਲਿਖੀ ਜੋ ਹੱਡੀਂ ਹੰਢਾਇਆ ਜ਼ਬਰ ਬਿਆਨਦੀ ਹੈ।
ਬਾਬਾ ਗੁਰਮੁੱਖ ਸਿੰਘ ਲਲਤੋਂ, ਬਾਬਾ ਗੁਰਦਿੱਤ ਸਿੰਘ ਆਦਿ ਕਿੰਨੇ ਹੀ ਮੁਸਾਫ਼ਰ ਸਨ ਜਿਹੜੇ ਗ਼ਦਰ ਲਹਿਰ ਦੇ ਅਗਵਾਨੂੰ ਬਣੇ ਅਤੇ ਪੰਜਾਬੀ ਮਨੋ ਚੇਤਨਾ 'ਚ ਇਨਕਲਾਬੀ ਤਬਦੀਲੀ ਲਿਆਂਦੀ।  
ਉਹਨਾਂ ਕਿਹਾ ਕਿ ਗ਼ਦਰ ਲਹਿਰ ਦੇ ਬੁਨਿਆਦੀ ਕੌਮਾਂਤਰੀ, ਕੌਮੀ ਦ੍ਰਿਸ਼ਟੀਕੋਣ ਨੂੰ ਚੰਦ ਕੁ ਵਿਅਕਤੀ ਕਾਮਾਗਾਟਾ ਮਾਰੂ ਸ਼ਤਾਬਦੀ ਨੂੰ ਵੀ ਆਪਣੇ ਸੌੜੇ ਮਜ਼੍ਹਬੀ ਸਿਆਸੀ ਰੰਗ 'ਚ ਰੰਗਣ ਦਾ ਯਤਨ ਕਰਨਗੇ।  ਇਸ ਲਈ ਗ਼ਦਰ ਦੇ ਅਸਲੀ ਵਾਰਸਾਂ ਨੂੰ ਉਹਨਾਂ ਦੀ ਇਨਕਲਾਬੀ ਵਿਰਾਸਤ ਦਾ ਪਰਚਮ ਬੁਲੰਦ ਕਰਨ ਲਈ ਚੇਤਨ ਰੂਪ 'ਚ ਅੱਗੇ ਆਉਣਾ ਚਾਹੀਦਾ ਹੈ।
ਹਾਜ਼ਰੀਨ ਦਾ ਵਿਸ਼ੇਸ਼ ਧਿਆਨ ਖਿਚਦਿਆਂ ਕਿਹਾ ਕਿ ਅਜੋਕੇ ਰਾਜ ਭਾਗ ਦਾ ਹਕੀਕੀ ਲੋਕ-ਦੋਖੀ ਚਰਿੱਤਰ ਸਮਝਣ ਲਈ ਗ਼ਦਰ ਲਹਿਰ ਚਾਨਣ ਮੁਨਾਰਾ ਹੈ।  ਖੇਤ ਮਜ਼ਦੂਰਾਂ, ਕਿਸਾਨਾਂ, ਆਦਿਵਾਸੀਆਂ ਉਪਰ ਅੱਜ ਕਾਰਪੋਰੇਟ ਜਗਤ ਵੱਲੋਂ ਵਿੱਢੇ ਹੱਲੇ ਅਤੇ ਜਮਹੂਰੀ ਅਧਿਕਾਰਾਂ ਦੇ ਘਾਣ ਦਾ ਜ਼ਿਕਰ ਕਰਦਿਆਂ ਹਰਵਿੰਦਰ ਨੇ ਕਿਹਾ ਕਿ ਗ਼ਦਰ ਪਾਰਟੀ ਅਜੋਕੇ ਸਮੇਂ ਸਮਾਜਕ ਤਬਦੀਲੀ ਦੇ ਮਾਰਗ ਲਈ ਅਹਿਮ ਸਥਾਨ ਰੱਖਦੀ ਹੈ।
ਮੰਗਤ ਰਾਮ ਪਾਸਲਾ, ਕਾਮਰੇਡ ਗੁਰਦੇਵ ਸਿੰਘ, ਡਾ. ਕਰਮਜੀਤ ਸਿੰਘ, ਪ੍ਰਿਥੀਪਾਲ ਮਾੜੀਮੇਘਾ ਵੱਲੋਂ ਪਰਚੇ ਨੂੰ ਹੋਰ ਅਮੀਰ ਬਣਾਉਣ ਲਈ ਸੁਝਾਅ ਦਿੱਤੇ ਗਏ।
ਇਤਿਹਾਸ ਕਮੇਟੀ ਦੇ ਕਨਵੀਨਰ ਕਾਮਰੇਡ ਨੌਨਿਹਾਲ ਸਿੰਘ ਨੇ ਪ੍ਰਧਾਨਗੀ ਮੰਡਲ ਦੀ ਤਰਫੋਂ ਬੋਲਦਿਆਂ ਕਿਹਾ ਕਿ ਪਰਚੇ ਅਤੇ ਸਮਾਗਮ ਦੀ ਮਹੱਤਤਾ ਸਾਡੇ ਇਤਿਹਾਸਕ ਵਿਰਸੇ, ਵਰਤਮਾਨ ਅਤੇ ਭਵਿੱਖ ਦੇ ਨਾਲ ਤਾਲਮੇਲ ਕਰਨ ਵਾਲੀ ਤੰਦ ਨਾਲ ਜੁੜੀ ਹੋਈ ਹੈ।  ਉਨ੍ਹਾਂ ਨੇ ਕਾਮਾਗਾਟਾ ਮਾਰੂ ਦੀ 100ਵੀਂ ਵਰ੍ਹੇਗੰਢ 'ਤੇ ਅਜਿਹੇ ਉਦਮ ਜਾਰੀ ਰੱਖਣ ਦੀ ਅਪੀਲ ਕੀਤੀ।
ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਨੇ ਅਜੋਕੇ ਭਖ਼ਦੇ ਸੁਆਲਾਂ ਉਪਰ ਵਧੇਰੇ ਧਿਆਨ ਕੇਂਦਰਤ ਕਰਨ ਉਪਰ ਜ਼ੋਰ ਦਿੰਦਿਆਂ ਕਮੇਟੀ ਵੱਲੋਂ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ। 
ਸਮਾਗਮ 'ਚ ਮੰਚ ਸੰਚਾਲਕ ਦੀ ਭੂਮਿਕਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।  
ਇਸ ਸਮਾਗਮ 'ਚ ਗ਼ਦਰੀ ਦੇਸ਼ ਭਗਤ ਬਾਬਾ ਤੇਜਾ ਸਿੰਘ ਚੂਹੜਕਾਣਾ ਦੀ ਨੂੰਹ ਸ੍ਰੀਮਤੀ ਸ਼ਸ਼ੀ ਲਤਾ ਵਿਰਕ, ਬਾਬਾ ਹਰਜਾਪ ਸਿੰਘ ਦੀ ਧੀ ਗੁਰਮੀਤ ਕੌਰ, ਬਾਬਾ ਦੁੱਲਾ ਸਿੰਘ ਜਲਾਲਦੀਵਾਲ ਦੇ ਪੋਤਰੇ ਸੁਰਿੰਦਰ ਜਲਾਲਦੀਵਾਲ ਅਤੇ ਸੀਨੀਅਰ ਟਰੱਸਟੀ ਚੈਨ ਸਿੰਘ ਚੈਨ ਦੀ ਬੇਟੀ ਸਵਿਤਾ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: 1. ਝੰਡੇ ਦੀ ਰਸਮ ਅਦਾ ਕਰਦੇ ਹੋਏ ਰਘਬੀਰ ਸਿੰਘ ਛੀਨਾ, ਅਹੁਦੇਦਾਰ ਅਤੇ ਕਮੇਟੀ ਮੈਂਬਰ
2. ਹਰਵਿੰਦਰ ਭੰਡਾਲ ਸੰਬੋਧਨ ਕਰਦੇ ਅਤੇ ਪ੍ਰਧਾਨਗੀ ਮੰਡਨ 'ਚ ਨੌਨਿਹਾਲ ਸਿੰਘ, ਡਾ. ਰਘਬੀਰ ਕੌਰ, ਰਘਬੀਰ ਸਿੰਘ ਛੀਨਾ, ਦਰਬਾਰਾ ਸਿੰਘ ਢਿੱਲੋਂ, ਅਮੋਲਕ ਸਿੰਘ।

No comments: