Friday, March 14, 2014

GADVASU ਵੱਲੋਂ ਪਸ਼ੂ ਪਾਲਣ ਮੇਲੇ ਵਿੱਚ ਦਿੱਤੇ ਗਏ ਮੁੱਖ ਮੰਤਰੀ ਪੁਰਸਕਾਰ

Fri, Mar 14, 2014 at 4:54 PM
ਪਸ਼ੂਆਂ ਦੇ ਰਿਕਾਰਡ ਲਈ ਇਜ਼ਰਾਈਲੀ ਕੰਪਨੀ ਦਾ ਕੰਪਿਊਟਰ ਸਾਫਟਵੇਅਰ
ਲੁਧਿਆਣਾ: 14 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਨਿਵੇਕਲੀ ਕਾਰਗੁਜ਼ਾਰੀ ਵਿਖਾਉਣ ਵਾਲੇ ਕਿਸਾਨਾਂ ਨੂੰ ਇਸ ਵਰ੍ਹੇ ਦੇ ਮੁੱਖ ਮੰਤਰੀ ਪੁਰਸਕਾਰ ਯੂਨੀਵਰਸਿਟੀ ਦੇ ਪਸ਼ੂ ਪਾਲਣ ਮੇਲੇ ਵਿੱਚ ਡਾ. ਵਿਜੇ ਕੁਮਾਰ ਤਨੇਜਾ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਭੇਟ ਕੀਤੇ।
ਡਾ. ਰਣਜੋਧਨ ਸਿੰਘ ਸਹੋਤਾ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਮੁੱਖ ਮੰਤਰੀ ਪੁਰਸਕਾਰਾਂ ਬਾਰੇ ਦੱਸਦਿਆਂ ਕਿਹਾ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਉਤਸਾਹਿਤ ਕਰਨ ਲਈ ਯੂਨੀਵਰਸਿਟੀ ਵੱਲੋਂ ਵੱਖ-ਵੱਖ ਪਸ਼ੂ ਪਾਲਣ ਕਿੱਤਿਆਂ ਦੇ ਪਸ਼ੂ ਪਾਲਕਾਂ ਦੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਹਨ। ਇਨ੍ਹਾਂ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਨੂੰ ਹੋਰ ਹੱਲਾਸ਼ੇਰੀ ਦੇਣ ਲਈ ਯੂਨੀਵਰਸਿਟੀ ਵੱਲੋਂ ਮੁੱਖ ਮੰਤਰੀ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਸਬੰਧੀ ਪੰਜਾਬ ਦੇ ਸਮੂਹ ਕਿਸਾਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਪ੍ਰਾਪਤ ਹੋਈਆਂ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਨੇ ਵੱਖ ਵੱਖ ਫਾਰਮਾਂ ਦਾ ਦੌਰਾ ਕੀਤਾ ਅਤੇ ਪਸ਼ੂ ਪਾਲਕਾਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਨਵੀਨਤਮ ਤੇ ਆਪਣੇ ਤੌਰ ਤੇ ਵਿਕਸਿਤ ਤਕਨੀਕਾਂ ਦਾ ਬਾਰੀਕੀ ਨਾਲ ਮੁਆਇਨਾ ਕਰਨ ਉਪਰੰਤ ਸ. ਹਰਪ੍ਰੀਤ ਸਿੰਘ, ਪੁੱਤਰ ਸ. ਬਲਵਿੰਦਰ ਸਿੰਘ, ਪਿੰਡ ਨੂਰਪੁਰ ਹਕੀਮਾਂ ਜ਼ਿਲਾ ਮੋਗਾ ਨੂੰ ਗਾਂਵਾਂ ਦੀ ਡੇਅਰੀ ਫਾਰਮਿੰਗ ਸ਼੍ਰੇਣੀ ਵਿੱਚ ਇਨਾਮ ਦਿੱਤਾ ਗਿਆ ਹੈ।ਸੰਨ 2006 ਵਿੱਚ ਇਨ੍ਹਾਂ ਨੇ 25 ਗਾਵਾਂ ਨਾਲ ਕੰਮ ਸ਼ੂਰੂ ਕੀਤਾ ਸੀ।ਉਸਾਰੂ ਅਤੇ ਵਿਗਿਆਨਕ ਤਕਨੀਕਾਂ ਅਪਣਾ ਕੇ ਹੁਣ ਇਨ੍ਹਾਂ ਕੋਲ 133 ਪਸ਼ੂ ਹਨ। ਜਿਨ੍ਹਾਂ ਵਿੱਚ 45 ਗਾਂਵਾਂ ਲਗਭਗ 14 ਕਵਿੰਟਲ ਰੋਜ਼ਾਨਾ ਦੁੱਧ ਪੈਦਾ ਕਰ ਰਹੀਆਂ ਹਨ। ਦੁੱਧ ਦੀ ਚੁਆਈ ਵਾਸਤੇ ਆਧੁਨਿਕ ਮਿਲਕਿੰਗ ਪਾਰਲਰ ਹੈ। ਪਸ਼ੂਆਂ ਦਾ ਪੂਰਨ ਰਿਕਾਰਡ ਰੱਖਣ ਲਈ ਇਨ੍ਹਾਂ ਨੇ ਇਜ਼ਰਾਈਲ ਦੀ ਕੰਪਨੀ ਦਾ ਕੰਪਿਊਟਰ ਸਾਫਟਵੇਅਰ ਲਗਾਇਆ ਹੋਇਆ ਹੈ।
ਸ. ਗੁਰਜਤਿੰਦਰ ਸਿੰਘ ਵਿਰਕ, ਪੁੱਤਰ ਸ. ਆਤਮਾਇੰਦਰ ਸਿੰਘ, ਪਿੰਡ ਕੰਧੋਲਾ, ਜ਼ਿਲਾ ਰੂਪਨਗਰ ਨੇ ਸੰਨ 1985 ਵਿੱਚ 5 ਏਕੜ ਰਕਬੇ ਵਿੱਚ ਮੱਛੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਇਸ ਵੇਲੇ ਉਹ 30 ਏਕੜ ਰਕਬੇ ਵਿੱਚ ਮੱਛੀ ਪਾਲਣ ਕਰ ਰਹੇ ਹਨ। ਉਨ੍ਹਾਂ ਨੇ ਮੱਛੀ ਪਾਲਣ ਲਈ 5 ਤਲਾਬ ਬਣਾਏ ਹੋਏ ਹਨ ਅਤੇ 2 ਨਰਸਰੀ ਤਲਾਬ ਤਿਆਰ ਕੀਤੇ ਹੋਏ ਹਨ। ਸ. ਵਿਰਕ ਨੇ ਸੇਮ ਵਾਲੇ ਇਲਾਕੇ ਦੀ ਖੇਤੀਬਾੜੀ ਵਿੱਚ ਕੰਮ ਨਾ ਆਉਣ ਵਾਲੀ ਜ਼ਮੀਨ ਨੂੰ ਇਸ ਕਾਰਜ ਲਈ ਵਰਤਿਆ ਹੈ।ਆਪਣੇ ਕਿੱਤੇ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਉਹ ਫਾਰਮ ਟੂਰਿਜ਼ਮ ਦਾ ਕੰਮ ਵੀ ਆਪਣੇ ਫਾਰਮ ਤੇ ਕਰ ਰਹੇ ਹਨ।
ਸੂਰ ਪਾਲਣ ਦੇ ਖੇਤਰ ਵਿੱਚ ਪਿੰਡ ਕਿਸ਼ਨਪੁਰਾ, ਜ਼ਿਲਾ ਰੂਪਨਗਰ ਦੇ ਸ. ਦਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸੰਨ 2008 ਵਿੱਚ 10 ਸੂਰਾਂ ਨਾਲ ਕਿੱਤਾ ਸ਼ੁਰੂ ਕਰਕੇ ਇਸ ਵੇਲੇ ਉਨ੍ਹਾਂ  ਨੇ 128 ਸੂਰ ਰੱਖੇ ਹੋਏ ਹਨ।ਸੂਰਾਂ ਨੂੰ ਬੜੇ ਖੁੱਲੇ ਤੇ ਹਵਾਦਾਰ ਸ਼ੈੱਡਾਂ ਵਿੱਚ ਰੱਖਦੇ ਹਨ ਅਤੇ ਹਰ ਸਾਲ 15-16 ਲੱਖ ਮੁਨਾਫਾ ਕਮਾ ਲੈਂਦੇ ਹਨ।ਪੂਰਾ ਹਿਸਾਬ ਕਿਤਾਬ ਰੱਖ ਕੇ ਕੰਮ ਕਰਨ ਵਾਲੇ ਇਸ ਕਿਸਾਨ ਨੇ ਸੂਰ ਪਾਲਣ ਵਿੱਚ ਚੰਗਾ ਨਾਮਣਾ ਖੱਟਿਆ ਹੈ। ਮੁੱਖ ਮੰਤਰੀ ਪੁਰਸਕਾਰ ਵਿੱਚ ਗਾਂਵਾਂ ਦਾ ਸਨਮਾਨ ਪ੍ਰਾਪਤ ਕਰਨ ਵਾਲੇ ਪਸ਼ੂ ਪਾਲਕਾਂ ਨੁੰ 21 ਹਜ਼ਾਰ, ਮੱਛੀ ਪਾਲਣ ਵਾਲੇ ਨੂੰ 11 ਹਜ਼ਾਰ ਅਤੇ ਸੂਰ ਪਾਲਕ ਨੰ 5100 ਰੁਪਏ ਦੇ ਨਗਦ ਇਨਾਮ ਤੋਂ ਇਲਾਵਾ ਸਨਮਾਨ ਪੱਤਰ, ਸ਼ਾਲ ਅਤੇ ਸਜਾਵਟੀ ਤਖਤੀ ਦੇ ਕੇ ਸਨਮਾਨਿਆ ਗਿਆ।
ਡਾ. ਤਨੇਜਾ ਨੇ ਇਨ੍ਹਾਂ ਪਸ਼ੂ ਪਾਲਕਾਂ ਨੂੰ ਸਨਮਾਨਿਤ ਕਰਦਿਆਂ ਇਹ ਉਮੀਦ ਵੀ ਜ਼ਾਹਿਰ ਕੀਤੀ ਕਿ ਅਜਿਹੇ ਪੁਰਸਕਾਰ ਪਸ਼ੂ ਪਾਲਣ ਨਾਲ ਸਬੰਧਿਤ ਕਿੱਤਿਆਂ ਨੂੰ ਅਪਣਾਉਣ ਲਈ ਪੇਂਡੂ ਵੀਰਾਂ ਨੂੰ ਪ੍ਰਰਿਤ ਕਰਨਗੇ ਜਿਸ ਨਾਲ ਬੇਰੁਜ਼ਗਾਰ ਨੋਜਵਾਨਾਂ ਨੂੰ ਰੋਜ਼ੀ ਰੋਟੀ ਮਿਲਣ ਤੋਂ ਇਲਾਵਾ ਰਵਾਇਤੀ ਖੇਤੀ ਵਿੱਚ ਵੰਨ-ਸੁਵੰਨਤਾ ਆਵੇਗੀ ਅਤੇ ਪੇਂਡੂ ਲੋਕਾਂ ਦਾ ਸਮਾਜਿਕ ਅਤੇ ਆਰਥਿਕ ਜੀਵਨ ਨਿਰਬਾਹ ਹੋਰ ਸੁਚੱਜਾ ਹੋਵੇਗਾ।

No comments: