Thursday, March 20, 2014

ਪਾਵਰਕਾਮ ਦੀ ਕਾਰਗੁਜ਼ਾਰੀ ਖਿਲਾਫ ਲੋਕ ਰੋਹ ਹੋਰ ਤਿੱਖਾ

ਲੋਕਾਂ ਨੇ ਕੀਤਾ ਕਿਚਲੂ ਨਗਰ ਦਫਤਰ ਦਾ ਘੇਰਾਓ
ਲੁਧਿਆਣਾ: 20 ਮਾਰਚ 2014: (ਪੰਜਾਬ ਸਕਰੀਨ ਬਿਊਰੋ):
ਪਾਵਰਕਾਮ ਦੀ ਲਗਾਤਾਰ ਵਿਗੜ ਰਹੀ ਕਾਰਗੁਜ਼ਾਰੀ ਦੇ ਖਿਲਾਫ਼ ਲੋਕ ਰੋਹ ਦਿਨੋਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਦਰਾਂ ਵਿੱਚ ਬਾਰ ਬਾਰ ਵਾਧਾ ਅਤੇ ਕੁਆਲਿਟੀ ਵਿੱਚ ਲਗਾਤਾਰ ਗਿਰਾਵਟ---ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲਤ ਏਨੀ ਵਿਗੜ ਚੁੱਕੀ ਹੈ ਕਿ ਸੱਤਾਧਾਰੀ ਅਕਾਲੀ ਦਲ ਦੀ ਸਰਗਰਮ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਇਸ ਲੋਕ ਵਿਰੋਧੀ ਕਾਰਗੁਜ਼ਾਰੀ ਦੇ ਖਿਲਾਫ਼ ਕਈ ਵਾਰ ਰੋਸ ਪ੍ਰਗਟ ਕਰ ਚੁੱਕੇ ਹਨ। ਭਰਪੂਰ ਬਿਜਲੀ ਸਪਲਾਈ ਨਾ ਮਿਲਣ ਅਤੇ ਬਿਜਲੀ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਵਿਚਕਾਰ ਹੀ ਛੱਡ ਦਿੱਤੇ ਜਾਣ ਤੋਂ ਕਈ ਇਲਾਕੇ ਬੁਰੀ ਤਰਾਂ ਨਾਰਾਜ਼ ਹਨ।ਇਹਨਾਂ ਨਾਰਾਜ਼ ਇਲਾਕਿਆਂ ਵਿੱਚ ਮੇਹਰ ਸਿੰਘ ਨਗਰ, ਚਾਂਦ ਕਾਲੋਨੀ, ਡੇਅਰੀ ਕੰਪਲੈਕਸ ਅਤੇ ਹੈਬੋਵਾਲ ਖੁਰਦ ਦੇ ਇਲਾਕੇ ਵੀ ਹਨ। ਇਹਨਾਂ ਇਲਾਕਿਆਂ ਦੇ ਲੋਕਾਂ ਨੇ ਸਾਥੀ ਤੇਜਾ ਸਿੰਘ ਸੁਤੰਤਰ ਮੁਹੱਲਾ ਸੁਧਾਰ ਕਮੇਟੀ ਦੀ ਅਗਵਾਈ ਵਿਚ ਪਾਵਰਕਾਮ ਦੇ ਕਿਚਲੂ ਨਗਰ ਦਫਤਰ ਦਾ ਘੇਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਨਿਵਾਸੀ ਸੁਰਜੀਤ ਸਿੰਘ, ਮਹਿੰਦਰ ਸਿੰਘ ਅਤੇ ਕਾਮਰੇਡ ਰਣਧੀਰ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਸਿਸਟਮ ਦੀ ਇੰਨੀ ਖਸਤਾ ਹਾਲਤ ਹੈ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਬਿਜਲੀ ਦੀ ਅੱਖ-ਮਿਚੋਲੀ ਦਾ ਖੇਲ ਜਾਰੀ ਰਹਿੰਦਾ ਹੈ। ਇਹੀ ਹਾਲ ਕੁੰਦਨ ਪੂਰੀ, ਨਿਊ ਕੁੰਦਨ ਪੁਰੀ, ਗੁਰੂ ਨਾਨਕ ਪੁਰਾ ਅਤੇ ਕੈਲਾਸ਼ ਸਿਨੇਮਾ ਚੋਂਕ ਦਾ ਹੈ। ਸੁਭਾਨੀ ਬਿਲਡਿੰਗ, ਲਕੜ ਬਾਜ਼ਾਰ ਅਤੇ ਮੋਚ ਪੂਰਾ ਵਿੱਚ ਵੀ ਇਹੀ ਹਾਲ ਹੈ। ਕਿਚਲੂ ਨਗਰ ਵਾਲੇ  ਇਲਾਕਾ ਨਿਵਾਸੀਆਂ ਨੇ ਇਸ ਗੱਲ ਨੂੰ ਲੈ ਕੇ ਵੀ ਰੋਸ ਜਤਾਇਆ ਕਿ ਕਦੇ ਘੱਟ ਤੇ ਕਦੇ ਜ਼ਿਆਦਾ ਵੋਲਟੇਜ ਕਾਰਨ ਉਨ੍ਹਾਂ ਦੇ ਘਰ ਦੇ ਬਿਜਲੀ ਯੰਤਰਾਂ ਦਾ ਕਈ ਵਾਰ ਨੁਕਸਾਨ ਹੋ ਚੁੱਕਾ ਹੈ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸੰਬੰਧਤ ਐੱਸ. ਡੀ. ਓ. ਦੀ ਪਬਲਿਕ ਦੇ ਨਾਲ ਡੀਲਿੰਗ ਪੱਖਪਾਤ ਵਾਲੀ ਹੈ। ਨਿਯਮਾਂ ਮੁਤਾਬਕ ਚਾਹੀਦਾ ਤਾਂ ਇਹ ਹੈ ਕਿ ਜੋ ਕੰਮ ਪਹਿਲਾਂ ਸ਼ੁਰੂ ਹੋਇਆ, ਉਸ ਨੂੰ ਪੂਰਾ ਕੀਤਾ ਜਾਵੇ ਨਾ ਕਿ ਉਸ ਨੂੰ ਵਿਚਕਾਰ ਹੀ ਛੱਡ ਕੇ ਕਿਸੇ ਹੋਰ ਇਲਾਕੇ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇ। ਪਾਵਰਕਾਮ ਦੀ ਨਿਕੰਮੀ ਕਾਰਗੁਜ਼ਾਰੀ ਦੇ ਖਿਲਾਫ ਰੋਸ ਜਤਾਉਂਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਿਥੇ ਤਾਂ ਟਰਾਂਸਫਾਰਮਰਾਂ ਦੀ  ਜ਼ਰੂਰਤ ਹੀ ਨਹੀਂ ਉਥੇ ਤਾਂ ਟਰਾਂਸਫਾਰਮਰ ਰੱਖੇ ਹੋਏ ਹਨ ਤੇ ਜਿੱਥੇ ਇਹਨਾਂ ਦੀ ਲੋੜ ਹੈ ਉੱਥੇ ਇਹਨਾਂ ਦੀ ਕਦੇ ਯਾਦ ਹੀ ਨਹੀਂ ਆਉਂਦੀ। ਜੇ ਰੱਖ ਵੀ ਦਿੱਤੇ ਜਾਣ ਤਾਂ ਇਨ੍ਹਾਂ 'ਤੇ ਹਰ ਸਮੇਂ ਸੰਕਟ ਦਾ ਖਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਸੰਬੰਧ ਵਿਚ ਕਈ ਵਾਰ ਐੱਸ. ਡੀ. ਓ. ਸਮੇਤ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਨੇ ਸਮੱਸਿਆਵਾਂ ਦਾ ਬਿਨਾਂ ਕਿਸੇ ਦੇਰੀ ਦੇ ਨਿਪਟਾਰਾ ਨਾ ਕੀਤਾ ਤਾਂ ਫਿਰ ਚੀਫ ਇੰਜੀਨੀਅਰ ਦਫਤਰ ਦਾ ਘੇਰਾਓ ਕਰ ਕੇ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਜਾਵੇਗਾ।  ਇਸ ਰੋਸ ਪ੍ਰਦਰਸ਼ਨ ਵਿਚ ਸਮੀਰ ਸ਼ਰਮਾ, ਬੀਰਾ ਖਾਨ, ਰਾਮ ਕਿਸ਼ਨ, ਕੁਲਵੰਤ ਸਿੰਘ, ਜਨਕ ਸਿੰਘ, ਪ੍ਰਦੀਪ ਕੁਮਾਰ, ਹਰਵਿੰਦਰ ਸਿੰਘ, ਰਾਜ ਕੁਮਾਰ ਅਤੇ ਬਲਵਿੰਦਰ ਸਿੰਘ ਸਮੇਤ ਵੱਡੀ ਸੰਖਿਆ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਚੋਣਾਂ ਦੇ ਇਸ ਮੌਸਮ ਵਿੱਚ ਵੀ ਲੋਕਾਂ ਦੀ ਸੁਣਵਾਈ ਹੁੰਦੀ ਹੈ ਜਾਂ ਨਹੀਂ?
Related Links:

  BJP Slams PSPCL                                       Grewal Lashed Out at PSPCL

No comments: