Friday, January 10, 2014

ਤਖ਼ਤ ਸ੍ਰੀ ਪਟਨਾ ਸਾਹਿਬ:ਦੋਹਾਂ ਧਿਰਾਂ ਵਿਚਕਾਰ ਸਮਝੌਤਾ

Fri, Jan 10, 2014 at 7:34 PM
ਸਮਝੌਤਾ ਕਰਾਇਆ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੇ 
ਅੰਮ੍ਰਿਤਸਰ 10 ਜਨਵਰੀ (ਕਿੰਗ//ਇੰਦਰ ਮੋਹਣ ਸਿੰਘ 'ਅਨਜਾਣ'//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਜੀ ਪੰਜ ਮੈਂਬਰੀ ਜਾਂਚ ਕਮੇਟੀ ਨੇ ਦੋਹਾਂ ਧਿਰਾਂ ਵਿਚਕਾਰ ਸਮਝੋਤਾ ਕਰਵਾ ਦਿੱਤਾ ਹੈ। ਯਾਦ ਰਹੇ ਕਿ ਪਿਛਲੇ ਦਿਨੀ ਗਿਆਨੀ ਪ੍ਰਤਾਪ ਸਿੰਘ ਦੀ ਐਡੀ: ਗ੍ਰੰਥੀ ਵਜੋਂ ਹੋਈ ਨਿਯੁਕਤੀ ਨੂੰ ਲੈ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਅਤੇ ਪ੍ਰਬੰਧਕ ਕਮੇਟੀ ਨੂੰ ਲੈ ਕੇ ਆਪਸੀ ਖਿਚਾ-ਤਾਣੀ ਹੋਈ ਸੀ। ਜਿਸ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁੰਸਾਰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰ: ਰਜਿੰਦਰ ਸਿੰਘ ਮਹਿਤਾ , ਸ੍ਰ: ਕਰਨੈਲ ਸਿੰਘ ਪੰਜੋਲੀ ਅਤੇ ਸ੍ਰ: ਨਿਰਮੈਲ ਸਿੰਘ ਜੌਲਾਕਲਾਂ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ੍ਰ: ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਅਧਾਰਿਤ ਪੰਜ ਮੈਂਬਰੀ ਜਾਂਚ ਕਮੇਟੀ ਭੇਜੀ ਸੀ। ਜਿਸ ਨੇ ਬੜੀ ਸੂਝ-ਬੂਝ ਅਤੇ ਸੁਹਿਰਦਤਾ ਨਾਲ ਦੋਹਾਂ ਧਿਰਾਂ ਵਿਚਕਾਰ ਸਮਝੌਤੇ ਤਹਿਤ ਫਿਰ ਤੋਂ ਸ਼ਾਂਤੀ ਬਹਾਲ ਕਰਵਾ ਦਿੱਤੀ ਹੈ।
   ਸ.ਦਿਲਜੀਤ ਸਿੰਘ ਵਧੀਕ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਭੇਜੀ ਜਾਂਚ ਕਮੇਟੀ ਵਲੋਂ ਦੋਹਾਂ ਧਿਰਾਂ ਵਿਚ ਕਰਵਾਏ ਸਮਝੌਤੇ ਤਹਿਤ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸਤਿਕਾਰ ਵਜੋਂ ਪਹਿਲਾਂ ਦੀ ਤਰ੍ਹਾਂ ਹੀ ਬਤੌਰ ਜਥੇਦਾਰ ਦੇ ਅਹੁਦੇ ਤੇ ਬਣੇ ਰਹਿਣਗੇ। ਇਸੇ ਤਰ੍ਹਾਂ ਗਿਆਨੀ ਪ੍ਰਤਾਪ ਸਿੰਘ ਦੀ ਐਡੀ: ਗ੍ਰੰਥੀ ਵਜੋਂ ਹੋਈ ਨਿਯੁਕਤੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ 7 ਤੋਂ 10 ਜਨਵਰੀ 2014 ਤੱਕ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਵਲੋਂ ਜੋ ਆਦੇਸ਼-ਸੰਦੇਸ਼ ਦਿੱਤੇ ਗਏ ਸਨ ਉਹ ਵਾਪਸ ਲਏ ਜਾਣਗੇ ਅਤੇ ਪ੍ਰਬੰਧਕੀ ਕਮੇਟੀ ਨੇ ਜੋ ਮੁਲਾਜਮਾਂ ਦੀ ਹੋਈ ਆਪਸੀ ਝੜਪ ਅਤੇ ਪ੍ਰਬੰਧ ਸਬੰਧੀ ਫੈਂਸਲੇ ਲਏ ਸਨ ਉਹ ਵੀ ਵਾਪਸ ਲਏ ਜਾਣਗੇ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਵਲੋਂ ਇਕ ਦੂਸਰੇ ਖਿਲਾਫ਼ ਕੀਤੇ ਪੁਲੀਸ ਕੇਸ ਵੀ ਵਾਪਸ ਲਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਬੰਧਕੀ ਕਮੇਟੀ ਨੇ ਦੋਹਾਂ ਧਿਰਾਂ ਨੂੰ ਹੋਈ ਭੁੱਲ ਲਈ ਖਿਮਾ ਯਾਚਨਾ ਕਰਨ ਦੀ ਸਲਾਹ ਵੀ ਦਿੱਤੀ ਹੈ, ਜਿਸ ਦਾ ਦੋਹਾਂ ਧਿਰਾਂ ਨੇ ਖਿਮਾ ਯਾਚਨਾ ਕਰਨ ਦਾ ਭਰੋਸਾ ਦਿੱਤਾ ਹੈ।

No comments: