Wednesday, December 11, 2013

ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਨੂੰ ਦਿੱਤੀ ਸਹਾਇਤਾ ਬਾਰੇ ਕਿਤਾਬਚਾ ਜਾਰੀ

ਕਿਤਾਬਚਾ ਜਾਰੀ ਕੀਤਾ SGPC ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ 
ਧਰਮੀ ਫ਼ੌਜੀਆਂ ਨੂੰ ਦਿੱਤੀ ਸਹਾਇਤਾ ਦਾ ਵੀ ਪੂਰਾ ਵੇਰਵਾ 
ਅੰਮ੍ਰਿਤਸਰ: 10 ਦਸੰਬਰ 2013: (ਕਿੰਗ//ਕੁਲਵਿੰਦਰ ਸਿੰਘ 'ਰਮਦਾਸ'//ਪੰਜਾਬ ਸਕਰੀਨ): ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ ਵੱਲੋਂ ਸੰਪਾਦਤ 1984 ਦੇ ਧਰਮੀ ਫ਼ੌਜੀ ਤੇ ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਨੂੰ ਦਿੱਤੀ ਸਹਾਇਤਾ ਦੇ ਵੇਰਵਿਆਂ ਬਾਰੇ ਅੱਜ ਇਥੇ ਇੱਕ ਕਿਤਾਬਚਾ ਜਾਰੀ ਕੀਤਾ ਹੈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਆਪਣੇ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕਿਤਾਬਚੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 'ਚ ਸ਼ਹੀਦ ਹੋਏ ਧਰਮੀ ਫ਼ੌਜੀਆਂ ਦੇ 65 ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ, 296 ਧਰਮੀ ਫ਼ੌਜੀਆਂ ਨੂੰ 51-51 ਹਜ਼ਾਰ ਰੁਪਏ ਤੇ 882 ਪੀੜਤਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਦਿੱਤੀ ਗਈ ਹੈ ਜੋ ਛੇ ਕਰੋੜ, ਛਪੰਜਾ ਲੱਖ, ਛਿਆਨਵੇਂ ਹਜ਼ਾਰ ਰੁਪਏ ਹੈ।
ਉਪਰੋਕਤ ਦਿੱਤੀ ਗਈ ਸਹਾਇਤਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਲਈ 50 ਲੱਖ 91 ਹਜ਼ਾਰ 579 ਰੁਪਏ ਸਹਾਇਤਾ ਵੀ ਦਿੱਤੀ ਗਈ ਹੈ ਤੇ ਇਹ ਸਾਰੀ ਰਾਸ਼ੀ 7 ਕਰੋੜ, 7 ਲੱਖ, 87 ਹਜ਼ਾਰ, 579 ਰੁਪਏ ਹੈ ਅਤੇ ਅੱਗੋਂ ਵੀ ਲੋੜਵੰਦਾਂ ਦੀ ਸਹਾਇਤਾ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਹਮੇਸ਼ਾ ਹੀ ਇਹ ਮਨਸ਼ਾ ਰਹੀ ਹੈ ਕਿ ਪੀੜਤ ਤੇ ਗਰੀਬ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਵਾ ਕੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਿਆ ਜਾਵੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜੋਧਪੁਰ ਜੇਲ੍ਹ 'ਚ ਨਜ਼ਰਬੰਦ ਸਿੱਖਾਂ ਦੇ ਮੁਕੱਦਮਿਆਂ ਲਈ ਤਕਰੀਬਨ 39 ਲੱਖ 50 ਹਜ਼ਾਰ 411 ਰੁਪਏ ਵਕੀਲਾਂ ਨੂੰ ਫੀਸਾਂ ਦੇ ਰੂਪ 'ਚ ਵੀ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਪਹਿਲਾਂ ਕੈਂਸਰ ਪੀੜਤਾਂ ਨੂੰ ਦਿੱਤੀ ਗਈ ਸਹਾਇਤਾ ਦਾ ਵੇਰਵਾ ਵੀ ਇੱਕ ਪੁਸਤਕ ਵਿੱਚ ਪ੍ਰਕਾਸ਼ਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼-ਵਿਦੇਸ਼ਾਂ 'ਚ ਬੈਠੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ ਜਿਥੇ ਕਿਤੇ ਵੀ ਸਿੱਖ ਪਰਿਵਾਰਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ, ਸ਼੍ਰੋਮਣੀ ਕਮੇਟੀ ਪਹਿਲ ਦੇ ਆਧਾਰ ਤੇ ਉਨ੍ਹਾਂ ਦੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਸਿੱਖ ਪਰਿਵਾਰਾਂ ਦੀਆਂ ਬੱਚੀਆਂ ਲਈ ਪੜ੍ਹਾਈ ਦਾ ਇੰਤਜਾਮ ਕੀਤਾ ਗਿਆ ਹੈ, ਹਰਿਆਣਾ 'ਚ ਵੱਸਦੇ ਸਿੱਖ ਭਾਈਚਾਰੇ ਦੀਆਂ ਜ਼ਮੀਨਾਂ ਦਾ ਮਾਮਲਾ ਵੀ ਅੱਗੇ ਹੋ ਕੇ ਹਲ ਕਰਵਾਇਆ ਗਿਆ ਹੈ ਤੇ ਹੁਣ ਅਹਿਮ ਫੈਸਲਾ ਕਰਕੇ ਅੰਮ੍ਰਿਤਧਾਰੀ ਬੱਚਿਆਂ ਨੂੰ ਆਪਣੇ ਸਕੂਲਾਂ 'ਚ +2 ਤੀਕ ਫਰੀ ਵਿੱਦਿਆ ਦੇਣ ਬਾਰੇ ਫੈਸਲਾ ਕਰਕੇ ਇਸਪੁਰ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਿਤਾਬਚੇ ਦੇ ਜਾਰੀ ਹੋਣ ਨਾਲ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਅਰਥ ਭਰਪੂਰ ਜਾਣਕਾਰੀ ਸੰਗਤਾਂ ਨੂੰ ਮਿਲੇਗੀ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਕਮੇਟੀ ਮੈਂਬਰ, ਸ.ਦਲਮੇਘ ਸਿੰਘ, ਸ.ਰੂਪ ਸਿੰਘ, ਸ.ਸਤਬੀਰ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ, ਸ.ਬਲਵਿੰਦਰ ਸਿੰਘ ਜੌੜਾ ਐਡੀ:ਸਕੱਤਰ, ਸ.ਸੁਖਦੇਵ ਸਿੰਘ, ਸ.ਕੇਵਲ ਸਿੰਘ ਤੇ ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਮੌਜੂਦ ਸਨ।

No comments: