Saturday, December 28, 2013

ਸਿਹਤ ਸੇਵਾਵਾਂ ਤੇ ਹੋਣ ਵਾਲਾ ਖਰਚ ਵਧਾ ਕੇ 6 ਪ੍ਰਤੀਸ਼ਤ ਕੀਤਾ ਜਾਏ

Sat, Dec 28, 2013 at 4:27 PM
ਦੋਨਾਂ ਦੇਸ਼ਾਂ ਕੋਲ 100-100 ਦੇ ਕਰੀਬ ਪਰਮਾਣੂ ਹਥਿਆਰ
ਲੁਧਿਆਣਾ28 ਦਸੰਬਰ 2013: (ਪੰਜਾਬ ਸਕਰੀਨ): 
ਸਿਹਤ ਸੇਵਾਵਾਂ ਤੇ ਹੋਣ ਵਾਲਾ ਖਰਚ ਜੀ ਡੀ ਪੀ ਦੇ 1.2 ਪ੍ਰਤੀਸ਼ਤ ਤੋਂ ਵਧਾ ਕੇ 6 ਪ੍ਰਤੀਸ਼ਤ ਕੀਤਾ ਜਾਏ ਤਾਂ ਜੋ ਸਭਨਾਂ ਨੂੰ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਇਹ ਗੱਲ ਆੱਜ ਇੱਥੇ ਲੜਕਿਆਂ ਦੇ ਸਰਕਾਰੀ ਕਾਲਿਜ ਵਿਖੇ ਐਨ ਐਸ ਐਸ ਕੈਂਪ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈ ਡੀ ਪੀ ਡੀ) ਦੇ ਕੌਮੀ ਜਨਰਲ ਸਕੱਤਰ ਡਾ ਅਰੁਣ ਮਿੱਤਰਾ ਨੇ ਕਹੀ। ਅਮਰਿਤਯਾ ਸੈਨ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸਿਹਤ ਤੇ ਸਿਖਿਆ ਕਿਸੇ ਵੀ ਸਮਾਜ ਦੇ ਵਿਕਾਸ ਦਾ ਮੁਢਲਾ ਅਧਾਰ ਹਨ। ਪਰ ਦੁੱਖ ਦੀ ਗੱਲ ਹੈ ਕਿ ਸਿਹਤ ਬਾਰੇ ਯੋਜਨਾ ਕਮੀਸ਼ਨ ਦੀਆਂ ਸਿਫ਼ਾਰਸ਼ਾਂ ਕਿ ਕੌਮੀ ਬਜਟ ਦਾ ਘੱਟੋ ਘੱਟ 5 ਪ੍ਰਤੀਸ਼ਤ ਸਿਹਤ ਤੇ ਲਗਾਇਆ ਜਾਏ, ਪਿਛਲੇ ਬਜਟ ਵਿੱਚ ਕੇਵਲ 1.9 ਪ੍ਰਤੀਸ਼ਤ ਹੀ ਲਗਾਇਆ ਗਿਆ। ਹੋਰ ਵੀ ਦੁੱਖ ਦੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨ ਦੋਨੋਂ ਦੇਸ਼ ਆਪਸਹ ਤਣਾਓ ਦੇ ਕਾਰਣ ਹਥਿਆਰਾਂ ਦੀ ਦੌੜ ਤੇ ਬੇਤਹਾਸ਼ਾ ਖਰਚ ਕਰਦੇ ਹਨ। ਇੱਥੋਂ ਤੱਕ ਕਿ ਦੋਨਾਂ ਕੋਲ ਹੁਣ ਆਧੁਨਿਕ ਦੌਰ ਵਿੱਚ 100-100 ਦੇ ਕਰੀਬ ਪਰਮਾਣੂ ਹਥਿਆਰ ਹਨ ਜਿਹਨਾਂ ਦੀ ਵਰਤੋਂ ਨਾਲ 1.2 ਕਰੋੜ ਲੋਕ ਮਾਰੇ ਜਾ ਸਕਦੇ ਹਨ। ਇਸਦੇ ਨਾਲ 2 ਅਰਬ ਦੇ ਕਰੀਬ ਲੋਕਾਂ ਦੇ ਕੁਪੋਸ਼ਣ ਦਾ ਸ਼ਿਕਾਰ ਹੋਣ ਦਾ ਖ਼ਤਰਾ ਹੈ ਕਿਉਂਕਿ ਵਾਤਾਵਰਣ ਵਿੱਚ ਆਉਣ ਵਾਲੀਆਂ ਤਬਦੀਲੀਆਂ ਦੇ ਕਾਰਨ ਖ਼ੁਰਾਕ ਦੀ ਪੈਦਾਵਾਰ ਘਟ ਜਾਏਗੀ ਤੇ  ਗਰੀਬ ਦੇਸ਼ਾਂ ਤੇ ਜ਼ਿਆਦਾ ਮੰਦਾ ਅਸਰ ਪਏਗਾ। ਉਹਨਾਂ ਨੇ ਇਹਨਾਂ ਵਿਸ਼ਿਆਂ ਤੇ ਜਨ ਅੰਦੋਲਨ ਦੀ ਲੋੜ ਤੇ ਵੀ ਜੋਰ ਦਿੱਤਾ। ਵਿਦਿਆਰਥੀਆਂ ਨੇ ਕਾਫ਼ੀ ਸੁਆਲ ਪੁਛੇ। ਇਸ ਸਮੇਂ ਪ੍ਰੋ ਪੂਰਨ ਸਿੰਘ, ਪ੍ਰੋ ਪਰਮਜੀਤ ਸਿੰਘ ਅਤੇ ਪ੍ਰੋ ਜੋਸ਼ੀ ਵੀ ਹਾਜ਼ਰ ਸਨ।

No comments: