Friday, October 18, 2013

ਗੁਰੂ ਸਾਹਿਬਾਨ ਨਾਲ ਆਪਣੀ ਤੁਲਨਾ ਕਰਨ ਵਾਲੇ ਦਾ ਲਿਆ ਗੰਭੀਰ ਨੋਟਿਸ

Thu, Oct 17, 2013 at 4:37 PM
ਅਖੌਤੀ ਸਾਧ ਲੱਖੇ ਵਿਰੁੱਧ ਕੀਤੀ ਜਾਏਗੀ ਸਖ਼ਤ ਕਾਰਵਾਈ
ਐਸਜੀਪੀਸੀ ਵੱਲੋਂ ਧਾਰਾ 295A ਤਹਿਤ ਪਰਚਾ ਦਰਜ ਕਰਾਉਣ ਦੀ ਤਿਆਰੀ  
ਅੰਮ੍ਰਿਤਸਰ:17 ਅਕਤੂਬਰ 2013:ਰਾਜਸਥਾਨ ਦੇ ਸ਼ਹਿਰ ਪੀਲੀ ਬੰਗਾ ਵਿਖੇ ਭੋਲੇ-ਭਾਲੇ ਸਿੱਖ ਪਰਿਵਾਰਾਂ ਨੂੰ ਗੁੰਮਰਾਹ ਕਰਕੇ ਪੁੱਛਾਂ ਦੇਣ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਆਪਣੀ ਤੁਲਨਾ ਕਰਨ ਵਾਲੇ ਪਾਖੰਡੀ ਲੱਖਾ ਨਾਮ ਦੇ ਵਿਅਕਤੀ ਖਿਲਾਫ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਤੋੜ-ਮਰੋੜ ਕੇ ਲਿਖਣ ਅਤੇ ਸਿੱਖ ਗੁਰੂ ਸਾਹਿਬਾਨ ਦੀ ਬਰਾਬਰਤਾ ਕਰਨ ਤੇ ਸਿੱਖ ਭਾਵਨਾਵਾ ਭੜਕਾਉਣ ਤੇ ਠੇਸ ਪਹੁੰਚਾਉਣ ਦੇ ਦੋਸ਼ਾਂ ਹੇਠ ਸਖ਼ਤ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਪਰਚਾ ਦਰਜ਼ ਕਰਵਾਇਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਅਜਿਹੇ ਅਖੌਤੀ ਸਾਧਾਂ ਦੀਆਂ ਕੋਝੀਆਂ ਹਰਕਤਾਂ ਸ਼੍ਰੋਮਣੀ ਕਮੇਟੀ ਹਰਗਿਜ ਬਰਦਾਸਤ ਨਹੀਂ ਕਰੇਗੀ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਪੰਥ ਵਿਰੋਧੀ ਲੋਕਾਂ ਵੱਲੋਂ ਪੈਸੇ ਦੇ ਲਾਲਚ ਵੱਸ ਹੋ ਕੇ ਆਪਣੀ ਬੀਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਗੁਰੂ ਸਾਹਿਬਾਨ ਅਤੇ ਬਾਣੀ ਦੀਆਂ ਤੁਕਾਂ ਨੂੰ ਤੋੜ-ਮਰੋੜ ਕੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਪੰਥ ਦੋਖੀਆਂ ਵੱਲੋਂ ਸੋਸ਼ਲ ਨੈਟਵਰਕ ਰਾਹੀਂ ਵੀ ਸਿੱਖੀ ਤੇ ਹਮਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਅਜਿਹੇ ਸਿੱਖੀ ਵਿਰੋਧੀ ਅਖੌਤੀ ਸਾਧਾਂ ਨੂੰ ਚੇਤਾਵਨੀ ਦੇਂਦਿਆਂ ਕਿਹਾ ਕਿ ਜਿਹੜੇ ਲੋਕ ਅਜਿਹੀਆਂ ਘਟੀਆ ਹਰਕਤਾਂ ਕਰਨਗੇ, ਉਹਨਾਂ ਲੋਕਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਜਰੂਰ ਕਰਨਾ ਪਵੇਗਾ 'ਤੇ ਉਹਨਾਂ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਵਹਿਮਾਂ ਭਰਮਾਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਤੇ ਸਿੱਧੇ ਰਸਤੇ ਪਾਉਣ ਲਈ ਹੀ ਪਾਵਨ ਬਾਣੀ ਦੀ ਬਖਸ਼ਿਸ਼ ਕੀਤੀ ਹੈ ਪਰ ਹੈਰਾਨੀ ਹੈ ਕਿ ਲੋਕ ਬਾਣੀ ਪੜ੍ਹਨ ਤੇ ਉਸ ਤੇ ਅਮਲ ਕਰਨ ਦੀ ਬਜਾਏ ਅਜਿਹੇ ਲੋਕਾਂ ਦੇ ਜਾਲ ਵਿਚ ਫਸ ਜਾਂਦੇ ਹਨ ਜੋ ਆਪਣੇ ਆਪ ਨੂੰ ਗੁਰੂ ਦਸ ਕੇ ਸ਼ਰੇਆਮ ਲੁੱਟਦੇ ਤੇ ਕੁੱਟਦੇ ਹਨ। ਉਹਨਾਂ ਨੇ ਕਿਹਾ ਕਿ ਪੀਲੀ ਬੰਗਾ ਦੇ ਅਖੌਤੀ ਸਾਧ ਲੱਖੇ ਦੇ ਵਿਰੁੱਧ ਸਬੂਤ ਇਕੱਤਰ ਕੀਤੇ ਜਾ ਰਹੇ ਹਨ ਅਖੌਤੀ ਸਾਧ ਖਿਲਾਫ ਧਾਰਾ 295 ਏ. ਤਹਿਤ ਪਰਚਾ ਦਰਜ ਕਰਵਾਉਣ ਲਈ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਹੈ ਤੇ ਉਹ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪਾਸ ਸ਼੍ਰੋਮਣੀ ਕਮੇਟੀ ਵੱਲੋਂ ਬਕਾਇਦਾ ਸ਼ਿਕਾਇਤ ਦੇ ਕੇ ਪਰਚਾ ਦਰਜ਼ ਕਰਵਾਉਣਗੇ। ਉਹਨਾਂ ਕਿਹਾ ਕਿ ਇਸ ਸਾਧ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਲਈ ਮੁੱਖ ਮੰਤਰੀ ਰਾਜਸਥਾਨ ਨੂੰ ਪੱਤਰ ਲਿਖਿਆ ਗਿਆ ਹੈ। ਉਹਨਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਪਖੰਡੀ ਲੋਕਾਂ ਨੂੰ ਮੂੰਹ ਨਾ ਲਾਉਣ ਅਤੇ ਇਹਨਾਂ ਲੋਕਾਂ ਦੇ ਚੁੰਗਲ 'ਚ ਫਸਣ ਦੀ ਬਜਾਏ ਇਹਨਾਂ ਦਾ ਵਿਰੋਧ ਕਰਨ।

No comments: