Saturday, October 19, 2013

ਆਰਟ ਗੈਲਰੀ 'ਚ 'ਰਾਸ਼ਟਰੀ ਕਲਾ ਪ੍ਰਦਰਸ਼ਨੀ

ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਦਘਾਟਨ
ਆਰਟਿਸਟ ਦਾ ਸਮਾਜ ਨੂੰ ਸਹੀ ਸੇਧ ਦੇਣ 'ਚ ਅਹਿਮ ਯੋਗਦਾਨ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਅੰਮ੍ਰਿਤਸਰ: 18 ਅਕਤੂਬਰ 2013: (ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ) - ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਕਿ ਚੰਗੇ ਸਮਾਜ ਦੇ ਨਿਰਮਾਣ ਲਈ ਕਲਾਕਾਰਾਂ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਕਲਾਕਾਰ ਸਮਾਜ 'ਚ ਇਕ ਕੜੀ ਦਾ ਕੰਮ ਕਰਦੇ ਹਨ ਅਤੇ ਇਸਦੇ ਸਕਾਰਤਮਿਕ ਤੇ ਨਕਾਰਤਮਿਕ ਪਹਿਲੂਆਂ 'ਤੇ ਆਪਣੀ ਪੌਨੀ ਨਿਗਾਂਹ ਰੱਖਦੇ ਹਨ।
ਮੁੱਖ ਮੰਤਰੀ ਅੱਜ ਇੱਥੇ ਇੰਡੀਆ ਅਕੈਡਮੀ ਆਫ਼ ਫ਼ਾਈਨ ਆਰਟ (ਆਰਟ ਗੈਲਰੀ) 'ਚ '79ਵੀਂ ਰਾਸ਼ਟਰੀ ਕਲਾ ਪ੍ਰਦਰਸ਼ਨੀ-2013' ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਇਸ 'ਚ ਦੇਸ਼ ਭਰ ਤੋਂ 247 ਪ੍ਰਸਿੱਧ ਕਲਾਕਾਰਾਂ ਨੇ ਕਲਾ ਦੇ ਨਮੂਨੇ ਪ੍ਰਦਰਸ਼ਿਤ ਹੋ ਰਹੇ ਹਨ। ਉਨ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਵੀ ਮੌਜੂਦ ਸਨ। ਦੋਵੇਂ ਮਹਿਮਾਨਾਂ ਦਾ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇੱਥੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ।
ਮੁੱਖ ਮੰਤਰੀ ਸ: ਬਾਦਲ ਨੇ ਪ੍ਰਦਰਸ਼ਨੀ 'ਚ ਲਗਾਈ ਗਈ ਕਲਾਕ੍ਰਿਤੀਆਂ ਨੂੰ ਗਹਿਰਾਈ ਨਾਲ ਵੇਖਿਆ। ਉਨ੍ਹਾਂ ਨੇ 21 ਪ੍ਰਮੁੱਖ ਕਲਾਕਾਰਾਂ ਨੂੰ ਇਸ ਮੌਕੇ 'ਤੇ ਸਨਮਾਨਿਤ ਵੀ ਕੀਤਾ ਅਤੇ ਆਰਟ ਗੈਲਰੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਇਸ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਵੀ ਕੀਤਾ। ਸ: ਛੀਨਾ ਨੇ ਇਸ ਮੌਕੇ 'ਤੇ ਮੁੱਖ ਮੰਤਰੀ ਨੂੰ ਇਕ ਮੰਗ ਪੱਤਰ ਭੇਂਟ ਕੀਤਾ, ਜਿਸ 'ਚ ਉਨ੍ਹਾਂ ਨੇ ਆਰਟ ਗੈਲਰੀ ਕੰਪਲੈਕਸ 'ਚ ਮੌਜੂਦ ਕੁਝ ਦੁਕਾਨਾਂ ਨੂੰ ਹਟਾਉਣ ਲਈ ਉਨ੍ਹਾਂ ਦੀ ਮਦਦ ਮੰਗੀ ਅਤੇ ਸਰਕਾਰ ਵੱਲੋਂ ਪਹਿਲਾਂ ਤੋਂ ਮੰਜੂਰਸ਼ੁਦਾ 1.5 ਕਰੋੜ ਦੀ ਗ੍ਰਾਂਟ ਜਲਦ ਜਾਰੀ ਕਰਨ ਲਈ ਵੀ ਕਿਹਾ। ਇਸਦੇ ਇਲਾਵਾ ਆਰਟ ਗੈਲਰੀ ਨੂੰ ਪੰਜਾਬ ਦੇ ਸੈਲਾਨੀਆਂ ਦੇ ਨਕਸ਼ੇ 'ਤੇ ਲਿਆਉਣ ਲਈ ਬੇਨਤੀ ਵੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਆਰਟ ਗੈਲਰੀ ਸੰਨ 1932 ਤੋਂ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਮੂਰਤੀ ਕਲਾਂ 'ਤੇ ਸੈਮੀਨਾਰ ਦਾ ਆਯੋਜਨ ਕਰ ਰਿਹਾ ਹੈ ਅਤੇ ਹਰ ਸਾਲ ਇਕ ਰਾਸ਼ਟਰੀ ਪੱਧਰ ਦੀ ਪ੍ਰਦਰਸ਼ਨੀ ਆਰਟ ਗੈਲਰੀ 'ਚ ਲਗਾਈ ਜਾਂਦੀ ਹੈ। ਸ: ਛੀਨਾ ਨੇ ਕਿਹਾ ਕਿ ਉਨ੍ਹਾਂ ਕੋਲ ਦੇਸ਼ ਭਰ ਤੋਂ 310 ਕਲਾਕਾਰਾਂ ਦੀ 519 ਕਲਾਕ੍ਰਿਤੀਆਂ ਪਹੁੰਚੀਆਂ ਹਨ, ਜਿਨ੍ਹਾਂ 'ਚ 247 ਨੂੰ ਪ੍ਰਦਰਸ਼ਨੀ ਲਈ ਚੁਣਿਆ ਗਿਆ ਹੈ। ਮੁੱਖ ਮੰਤਰੀ ਅਤੇ ਮਹਿਮਾਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਪ੍ਰਸਿੱਧ ਕਲਾਕਾਰਾਂ ਵੱਲੋਂ ਸੰਗੀਤ ਪ੍ਰੋਗਰਾਮ ਦਾ ਆਨੰਦ ਵੀ ਲਿਆ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਰਵਿ ਭਗਤ, ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ, ਮੇਅਰ ਬਖ਼ਸ਼ੀ ਰਾਮ ਅਰੋੜਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਜਾਇਬ ਸਿੰਘ ਬਰਾੜ, ਤਰੁਣ ਚੁੱਘ, ਨਰੇਸ਼ ਸ਼ਰਮਾ ਤੋਂ ਇਲਾਵਾ ਆਰਟ ਗੈਲਰੀ ਦੇ ਸ: ਮਹਿੰਦਰਜੀਤ ਸਿੰਘ ਚੇਅਰਮੈਲ ਆਰਟ ਗੈਲਰੀ, ਸ: ਅਰਵਿੰਦਰ ਸਿੰਘ ਚਮਕ ਵਿੱਤ ਸਕੱਤਰ, ਡਾ. ਪੀ. ਐਸ ਗਰੋਵਰ ਆਨਰੇਰੀ ਜਨਰਲ ਸਕੱਤਰ, ਸ: ਸ਼ਿਵਦੇਵ ਸਿੰਘ ਮੀਤ ਪ੍ਰਧਾਨ, ਓ. ਪੀ. ਵਰਮਾ ਸਕੱਤਰ ਵਿਜ਼ਵਲ ਆਰਟ, ਅਜਮੇਰ  ਸਿੰਘ ਹੇਰ, ਐਸ. ਐਸ. ਛੀਨਾ, ਡਾ. ਸਰਵਜੀਤ ਕੌਰ ਬਰਾੜ ਵੀ ਮੌਜ਼ੂਦ ਸਨ।

No comments: