Thursday, October 31, 2013

ਮਕਸਦ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ

ਸ਼੍ਰੋਮਣੀ ਕਮੇਟੀ ਇਸ ਮੰਤਵ ਲਈ ਹਰ ਸੰਭਵ ਕੋਸ਼ਿਸ਼ ਕਰੇਗੀ  Thu, Oct 31, 2013 at 5:32 PM
ਅੰਮ੍ਰਿਤਸਰ:31 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਲਈ ਆਧੁਨਿਕ ਤਕਨੀਕ ਨਾਲ ਨਵੇਂ ਬਣੇ ਸ਼ੈੱਡ ਵਿੱਚ ਨਵੀਆਂ ਤਿਆਰ ਕੀਤੀਆਂ ਭੱਠੀਆਂ, ਲੋਹਾਂ ਤੇ ਚਿਮਨੀਆਂ ਦਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਇੱਕ ਵਾਰ ਫੇਰ ਅੱਜ ਬਰੀਕੀ ਨਾਲ ਨਿਰੀਖਣ ਕੀਤਾ ਗਿਆ। ਜਿਹਨਾਂ ਦੀ ਅਗਵਾਈ ਸ੍ਰੀ ਕਰੁਨੇਸ਼ ਗਰਗ ਚੀਫ ਇਨਵਾਇਰਨਮੈਂਟ ਇੰਜੀਨੀਅਰ ਨੇ ਕੀਤੀ। ਇਹਨਾਂ ਦੇ ਨਾਲ ਪੰਜਾਬ ਸੁਪ੍ਰਿੰਟੈਂਡੈਂਟ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ. ਜੀ.ਐਸ. ਮਜੀਠੀਆ, ਸ.ਜਸਵੰਤ ਸਿੰਘ ਰੰਧਾਵਾ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅੰਮ੍ਰਿਤਸਰ ਅਤੇ ਸ੍ਰੀ ਸੰਦੀਪ ਗੁਪਤਾ ਏ.ਐਸ.ਓ. ਟੀਮ 'ਚ  ਸ਼ਾਮਲ ਸਨ।
ਲੰਗਰ ਸ਼ੈੱਡ ਦਾ ਮੁਆਇਨਾ ਕਰਨ ਉਪਰੰਤ ਸ੍ਰੀ ਗਰਗ ਨੇ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਗਏ ਸ਼ੈੱਡ ਲਈ ਤਸੱਲੀ ਪ੍ਰਗਟਾਈ ਤੇ ਕੁਝ ਸੁਝਾਅ ਵੀ ਦਿੱਤੇ। ਉਹਨਾਂ ਕਿਹਾ ਕਿ ਉਹ ਅੱਜ ਆਪਣੇ ਅਧਿਕਾਰੀਆਂ ਨਾਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੱਖ-ਵੱਖ ਸਬੰਧਤ ਮਹਿਕਮਿਆਂ ਦੀ ਏ.ਡੀ.ਸੀ. ਵਿਕਾਸ ਵੱਲੋਂ ਰੱਖੀ ਗਈ ਮੀਟਿੰਗ ਵਿੱਚ ਸਰਕਟ ਹਾਊਸ ਵਿਖੇ ਹਿੱਸਾ ਲੈਣ ਆਏ ਸਨ। ਇਸ ਮੀਟਿੰਗ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਵਿਚਾਰ ਵਿਮਰਸ਼ ਕੀਤਾ ਗਿਆ। ਉਹਨਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਸਬੰਧਤ ਵਿਭਾਗ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਸਾਰਥਿਕ ਨਤੀਜੇ ਨਿਕਲਣਗੇ।
ਸ.ਦਿਲਜੀਤ ਸਿੰਘ ਬੇਦੀ ਐਡੀ:ਸਕੱਤਰ ਸ਼੍ਰੋਮਣੀ ਕਮੇਟੀ ਨੇ ਸ੍ਰੀ ਗਰਗ ਤੇ ਉਹਨਾਂ ਨਾਲ ਆਈ ਟੀਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਅਮਲ ਕੀਤਾ ਜਾਵੇਗਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। 
ਇਸ ਮੌਕੇ ਸ.ਦਿਲਜੀਤ ਸਿੰਘ ਬੇਦੀ ਐਡੀ:ਸਕੱਤਰ ਵੱਲੋਂ ਸ੍ਰੀ ਗਰਗ ਤੇ ਉਹਨਾਂ ਨਾਲ ਆਈ ਟੀਮ ਨੂੰ ਸਿਰੋਪਾਓ ਅਤੇ ਕੇਂਦਰੀ ਸਿੱਖ ਅਜਾਇਬ ਘਰ ਸਬੰਧੀ ਐਲਬੰਬ ਦੇ ਕੇ ਸਨਮਾਨਿਤ ਕੀਤਾ ਗਿਆ।

No comments: