Sunday, October 06, 2013

ਆਂਧਰਾ ਪ੍ਰਦੇਸ਼ ਦੇ ਬਿਜਿਆ ਨਗਰਮ ਸ਼ਹਿਰ ਵਿਚ ਹਮਲਾ ਨਿੰਦਣਯੋਗ

Sun, Oct 6, 2013 at 2:47 PM
ਫਸਾਦੀਆਂ ਖਿਲਾਫ ਤੁਰੰਤ ਸਖ਼ਤ ਕਾਰਵਾਈ ਹੋਵੇ-ਜਥੇ. ਅਵਤਾਰ ਸਿੰਘ
*ਪਾਵਨ ਸਰੂਪ ਅਤੇ ਪੀੜਾ ਸਾਹਿਬ ਨੂੰ ਸੜਕ 'ਚ ਅੱਗ ਲਾਉਣ ਦੀ ਨਿਖੇਧੀ 
*ਗੁਰਦੁਆਰਾ ਸਾਹਿਬ ਅਤੇ ਸਿੱਖਾਂ ਦੇ ਘਰਾਂ ਦੀ ਭੰਨ-ਤੋੜ ਕਰਨ ਦੀ ਨਿੰਦਾ 
ਅੰਮ੍ਰਿਤਸਰ: 06 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ): ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਂਧਰਾ ਪ੍ਰਦੇਸ਼ ਦੇ ਬਿਜਿਆ ਨਗਰਮ ਸ਼ਹਿਰ ਵਿਚ ਦੰਗਾਕਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਉਪਰ ਹਮਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਪੀੜਾ ਸਾਹਿਬ ਨੂੰ ਸੜਕ 'ਚ ਰੱਖ ਕੇ ਅੱਗ ਲਗਾ ਦੇਣ ਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਇਸ ਨੂੰ ਕਾਇਰਤਾ ਪੂਰਨ ਕਾਰਵਾਈ ਕਰਾਰ ਦਿੱਤਾ ਹੈ। 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਸਿਟੀ ਵਿਭਾਗ ਵੱਲੋਂ ਜਾਰੀ ਪ੍ਰੈਸ ਰਿਲੀਜ਼ 'ਚ ਉਹਨਾਂ ਕਿਹਾ ਕਿ ਦੰਗਾਕਾਰੀਆਂ ਵੱਲੋਂ ਪਹਿਲਾਂ ਉਥੇ ਵੱਸਦੇ ਘੱਟ-ਗਿਣਤੀ ਸਿਕਲੀਗਰ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਹਨਾਂ ਦੇ ਘਰਾਂ ਦੀ ਭੰਨ-ਤੋੜ ਕੀਤੀ ਉਪਰੰਤ ਉਹਨਾਂ ਦੇ ਬੱਚਿਆਂ ਨਾਲ ਕੁੱਟਮਾਰ ਕੀਤੀ ਅਤੇ ਗੁਰਦੁਆਰਾ ਸਾਹਿਬ ਉਪਰ ਹਮਲਾ ਕਰਕੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਤੇ ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਪੀੜਾ ਸਾਹਿਬ ਨੂੰ ਸੜਕ 'ਚ ਰੱਖ ਕੇ ਅੱਗ ਲਗਾ ਦਿੱਤੀ ਅਤੇ ਗੁਰਦੁਆਰਾ ਸਾਹਿਬ ਅੰਦਰ ਵੜ ਕੇ ਭੰਨ-ਤੋੜ ਕੀਤੀ। ਦੰਗਾਕਾਰੀਆਂ ਵੱਲੋਂ ਕੀਤੀ ਇਸ ਘਿਨਾਉਣੀ ਹਰਕਤ ਨਾਲ ਵਿਸ਼ਵ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ।
ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ। ਕਿਤੇ ਵੀ ਗੁਰਦੁਆਰਾ ਸਾਹਿਬ ਉਪਰ ਜਾਂ ਸਿੱਖ ਭਾਈਚਾਰੇ ਉੱਪਰ ਹੁੰਦੇ ਹਮਲੇ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰਦੀ। ਉਹਨਾਂ ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਕਿਰਨ ਕੁਮਾਰ ਰੈਡੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੰਗਾਕਾਰੀਆਂ ਖਿਲਾਫ ਸਿੱਖ ਭਾਵਨਾ ਭੜਕਾਉਣ, ਠੇਸ ਪਹੁੰਚਾਉਣ ਅਤੇ ਜੀਵਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅੱਗ ਲਾ ਕੇ ਸਾੜਨ, ਗੁਰਦੁਆਰਾ ਸਾਹਿਬ 'ਚ ਗੁੰਡਾਗਰਦੀ ਕਰਨ ਅਤੇ ਉਥੇ ਵੱਸਦੇ ਘੱਟ-ਗਿਣਤੀ ਸਿਕਲੀਗਰ ਸਿੱਖ ਪਰਿਵਾਰਾਂ ਉਪਰ ਹਮਲਾ ਕਰਨ ਅਤੇ ਉਹਨਾਂ ਦੇ ਘਰਾਂ ਦੀ ਭੰਨ-ਤੋੜ ਕਰਨ ਦੇ ਦੋਸ਼ਾਂ ਹੇਠ ਸਖਤ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ ਅਤੇ ਦੰਗਾਕਾਰੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ। ਉਹਨਾਂ  ਕਿਹਾ ਕਿ ਸਿੱਖ ਭਾਈਚਾਰੇ ਦੇ ਲੋਕ ਅਮਨ ਪਸੰਦ ਅਤੇ ਆਪਸੀ ਭਾਈਚਾਰਕ ਸਾਂਝ ਦੇ ਹਾਮੀ ਹਨ ਪਰ ਇਸਦਾ ਇਹ ਮਤਲਬ ਨਹੀਂ ਕਿ ਸਾਡੇ ਧਰਮ ਅਸਥਾਨਾਂ ਤੇ ਸਾਡੇ ਭਾਈਚਾਰੇ 'ਤੇ ਹਮਲੇ ਕੀਤੇ ਜਾਣ।

No comments: