Friday, September 20, 2013

ਪੰਜਾਬ ਵਿੱਚ ਫਿਰ ਵਿਦਿਆਰਥੀ ਅੰਦੋਲਨਾਂ ਦੀ ਦਸਤਕ ?

ਅਬੋਹਰ ਦੇ ਕਾਲਜ 'ਚ ਗੁਟਬੰਦਕ ਲੜਾਈ ਅਤੇ ਹੜਤਾਲ 
ਅਬੋਹਰ: 19 ਸਤੰਬਰ 2013: (ਇੰਦਰਜੀਤ ਕਾਲੜਾ): ਇੱਕ ਲੰਮੇ ਵਕਫੇ ਮਗਰੋਂ ਪੰਜਾਬ ਵਿੱਚ ਇੱਕ ਵਾਰ ਫੇਰ ਵਿਦਿਆਰਥੀ ਵਰਗ ਕਿਸੇ ਗੰਭੀਰ ਅੰਦੋਲਨ ਵਿੱਚ ਤਬਦੀਲ ਹੁੰਦਾ ਮਹਿਸੂਸ ਹੋ ਰਿਹਾ ਹੈ। ਅਬੋਹਰ-ਹਨੂੰਮਾਨਗੜ੍ਹ ਮਾਰਗ ‘ਤੇ ਬੀਐਸੈਫ਼ ਦੇ ਸਾਹਮਣੇ ਸਥਿਤ ਰੇਡੀਐਂਟ ਇੰਜੀਨੀਅਰਿੰਗ ਕਾਲਜ ਵਿਚ ਬੀਤੇ ਦਿਨੀਂ ਦੋ ਵਿਦਿਆਰਥੀਆਂ ਦੀ ਆਪਸੀ ਲੜਾਈ ਘਟੋਘਟ ਇਸੇ ਦਿਸ਼ਾ ਵਿੱਚ ਵਧਦੀ ਦਿਖਾਈ ਦੇ ਰਹੀ ਹੈ। ਇਸ ਝਗੜੇ ਦੌਰਾਨ ਹੋਈ ਕਥਿਤ ਗੁੰਡਾਗਰਦੀ ‘ਚ ਇਕ ਵਿਦਿਆਰਥੀ ਜ਼ਖਮੀ ਵੀ ਹੋ ਗਿਆ ਸੀ। ਜ਼ਖਮੀ ਵਿਦਿਆਰਥੀ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਕਾਲਜ ਵਿਦਿਆਰਥੀਆਂ ਨੇ ਬਾਹਰੋਂ ਆਏ ਹਮਲਾਵਰਾਂ ਨੂੰ ਕਾਲਜ ਮੈਨੇਜਮੈਂਟ ਵਲੋਂ ਪੁਲਸ ਹਵਾਲੇ ਨਾ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸਦੇ ਵਿਰੋਧ ਵੱਜੋਂ ਕਾਲਜ ‘ਚ ਹੜਤਾਲ ਕਰ ਦਿੱਤੀ। ਵਿਦਿਆਰਥੀਆਂ ਦੇ ਇਸ ਰੁੱਖ ਦਾ ਕਾਕ਼ਾਲ੍ਜ ਦੇ ਪ੍ਰਬੰਧਕਾਂ ਨੇ ਵੀ ਗੰਭੀਰ ਨੋਟਿਸ ਲਿਆ ਕਾਲਜ ਦਾ ਮਾਹੌਲ ਖਰਾਬ ਕਰਨ ਦੇ ਦੋਸ਼ ‘ਚ ਮੈਨੇਜਮੈਂਟ ਵਲੋਂ 4 ਵਿਦਿਆਰਥੀਆਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਅਤੇ ਉਕਤ ਘਟਨਾ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਾਲਜ ਪ੍ਰਬੰਧਕਾਂ ਨੇ ਹਾਲਤ ਨੂੰ ਕੰਟ੍ਰੋਲ ਕਰਨ ਲਈ ਪੁਲਸ ਨੂੰ ਵੀ ਸੱਦਿਆ। ਪੁਲਿਸ ਨੇ ਵੀ ਕਾਲਜ ਪ੍ਰਬੰਧਕਾਂ ਨੂੰ ਕਿਸੇ ਵੀ ਬਾਹਰ ਵਾਲੇ ਵਿਅਕਤੀ ਨੂੰ ਕਾਲਜ ਵਿਚ ਦਾਖਲ ਨਾ ਹੋਣ ਦੇਣ ਦੇ ਆਦੇਸ਼ ਦਿੱਤੇ। ਇਸ ਸਾਰੇ ਮਾਮਲੇ ਦਾ ਪਿਛੋਕੜ ਪਤਾ ਕੀਤੇ ਜਾਨ ਤੇ ਪਤਾ ਲੱਗਿਆ ਕਿ ਕਾਲਜ ਦੇ ਸੀ. ਐੱਸ. ਸੀ. ਵਿਦਿਆਰਥੀ ਬੱਬਲ ਅਤੇ ਮਕੈਨੀਕਲ ਦੇ ਵਿਦਿਆਰਥੀ ਅਮਨਦੀਪ ਸਿੰਘ ਸਿੱਧੂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਸ ਵਿਚ ਬੱਬਲ ਨੇ ਆਪਣੇ ਰਿਸ਼ਤੇਦਾਰ ਅਮਨਦੀਪ ਪੁੱਤਰ ਗੁਰਵਿੰਦਰ ਵਾਸੀ ਕਮਾਲਵਾਲਾ ਨੂੰ ਕਾਲਜ ‘ਚ ਸੱਦ ਕੇ ਅਮਨਦੀਪ ਸਿੰਘ ਸਿੱਧੂ ਨਾਲ ਕੁੱਟਮਾਰ ਕੀਤੀ ਸੀ। ਪਤਾ ਲੱਗਣ ‘ਤੇ ਪ੍ਰਬੰਧਕਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਬਾਹਰੋਂ ਆਏ ਮੁੰਡਿਆਂ ਨੂੰ ਕਾਲਜ ਵਿਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਫਿਰ ਉਕਤ ਨੌਜਵਾਨਾਂ ਨੇ ਬੱਬਲ ਦੇ ਰਿਸ਼ਤੇਦਾਰ ਅਮਨਦੀਪ ਨੂੰ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸਦੀ ਸੂਚਨਾ ਮਿਲਦੇ ਹੀ ਕਾਲਜ ਦੇ ਚੇਅਰਮੈਨ ਤਾਰਾ ਸਿੰਘ ਆਹੂਜਾ ਅਤੇ ਡਾ. ਰਜਿੰਦਰ ਗਿਰਧਰ ਹਸਪਤਾਲ ਪੁੱਜੇ ਅਤੇ ਜ਼ਖਮੀ ਤੋਂ ਪੁੱਛਗਿੱਛ ਕੀਤੀ। ਅਮਨਦੀਪ ਨੇ ਦੱਸਿਆ ਕਿ ਉਹ ਆਪਣੇ ਭਰਾ ਬੱਬਲ ਨੂੰ ਕਾਲਜ ਤੋਂ ਲੈਣ ਆਇਆ ਸੀ, ਜਿਸਦਾ ਕਾਲਜ ਦੇ ਹੀ ਕੁਝ ਨੌਜਵਾਨਾਂ ਨਾਲ ਝਗੜਾ ਚੱਲ ਰਿਹਾ ਹੈ। ਉਹ ਆਪਣੇ ਭਰਾ ਨੂੰ ਲੈ ਕੇ ਕਾਲਜ ਤੋਂ ਚਲਾ ਗਿਆ। ਸ਼ਾਮ ਸਮੇਂ ਜਦੋਂ ਉਹ ਅਜ਼ੀਮਗੜ੍ਹ ਚੂੰਗੀ ਦੇ ਨੇੜੇ ਆਪਣੇ ਭਰਾ ਦੇ ਨਾਲ ਖੜਾ ਸੀ ਕਿ ਦੂਜੀ ਧਿਰ ਦੇ ਕਰੀਬ 10-15 ਨੌਜਵਾਨਾਂ ਨੇ ਉਸ ‘ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਇਸ ਮਾਮਲੇ ‘ਚ ਕਾਲਜ ਦੀ ਮੈਨੇਜਮੈਂਟ ਨੇ  ਹਮਲਾਵਰ ਧਿਰ ਦੇ 4 ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਜੇ ਸਾਰਾ ਮਾਮਲਾ ਮੈਨੇਜਮੈਂਟ ਅਤੇ ਪੁਲਿਸ ਦੀ ਸਿਆਣਪ ਨਾਲ ਨਾ ਨਜਿੱਠਿਆ ਜਾਂਦਾ ਤਾਂ ਗੱਲ ਚਿੰਤਾਜਨਕ ਹੱਦ ਤੱਕ ਵਿਗੜ ਸਕਦੀ ਸੀ। 

No comments: