Tuesday, August 27, 2013

ਮੁੱਖ ਮੰਤਰੀ ਬਾਦਲ ਨੇ ਯੂਪੀਏ ਸਰਕਾਰ ਨੂੰ ਲੰਮੇ ਹਥੀਂ ਲਿਆ

ਪੰਜਾਬ ਦੀ ਆਰਥਿਕ ਸਥਿਤੀ ਕੇਂਦਰ ਨਾਲੋਂ ਕਿਤੇ ਬੇਹਤਰ-ਬਾਦਲ
ਕੇਂਦਰ ਦੀ ਯੂ.ਪੀ.ਏ. ਸਰਕਾਰ ਹਰੇਕ ਮੁਹਾਜ ‘ਤੇ ਨਾਕਾਮ
ਹੀਰੋ ਸਾਈਕਲ ਲਿਮਟਿਡ ਦੇ ਬਾਨੀ ਓ.ਪੀ. ਮੁੰਜਾਲ ਦੇ ਜੀਵਨ ਤੇ ਲਿਖੀ ਕਿਤਾਬ ਜਾਰੀ
ਬੇਰੋਜ਼ਗਾਰ ਯੁਵਕਾਂ ਨੂੰ ਟਰੇਨਿੰਗ ਦੇਣ ਲਈ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ, ਹੀਰੋ ਸਾਈਕਲ ਲਿਮਟਿਡ ਲੁਧਿਆਣਾ ਦੇ ਬਾਨੀ ਸ੍ਰੀ ਓ.ਪੀ.ਮੁੰਜਾਲ ਦੇ ਜੀਵਨ ਤੇ ਲਿਖੀ ਗਈ ਕਿਤਾਬ ਜ਼ਾਰੀ ਕਰਦੇ ਹੋਏ
ਲੁਧਿਆਣਾ, 26 ਅਗਸਤ 2013:(ਰੈਕਟਰ ਕਥੂਰੀਆ/ਪੰਜਾਬ ਸਕਰੀਨ/ਪੀਆਰਡੀ):ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਬਾਰੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਨ ਵਾਲੇ ਪੰਜਾਬ ਦੇ ਕੇਂਦਰੀ ਮੰਤਰੀ ਪਹਿਲਾਂ ਮੁਲਕ ਦੀ ਵਿੱਤੀ ਹਾਲਤ ਬਾਰੇ ਗੱਲ ਕਰਨ ਜਿਹੜੀ ਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਬੁਰੀ ਤਰ੍ਹਾਂ ਡਗਮਗਾ ਗਈ ਹੈ। 
ਅੱਜ ਇੱਥੇ ਹੀਰੋ ਸਾਈਕਲ ਲਿਮਟਿਡ ਦੇ ਬਾਨੀ ਸ੍ਰੀ ਓ.ਪੀ. ਮੁੰਜਾਲ ਦੀ ਜੀਵਨੀ ਬਾਰੇ ਲਿਖੀ ਗਈ ਕਿਤਾਬ ਨੂੰ ਜਾਰੀ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੁਲਕ ਦੀ ਵਿੱਤੀ ਹਾਲਤ ਬਿਲਕੁਲ ਗੜਬੜਾ ਗਈ ਹੈ। ਉਹਨਾਂ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਹੁਣ ਤੱਕ ਦੇੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਹੈ ਅਤੇ ਜਰੂਰੀ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਗਏ ਹਨ ਇਸ ਨਾਲ ਆਮ ਆਦਮੀ ਦਾ ਲੱਕ ਟੁੱਟ ਗਿਆ ਹੈ। ਸ੍ਰ. ਬਾਦਲ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਨੂੰ ਸੱਤਾ ਵਿੱਚ ਹੋਰ ਰਹਿਣ ਦਾ ਕੋਈ ਹੱਕ ਨਹੀਂ, ਕਿਉਂਕਿ ਉਹ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਬੁਰੀ ਤਰ੍ਹਾਂ ਨਕਾਮ ਸਾਬਤ ਹੋਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਦੇਸ਼ ਵਾਸੀਆਂ ਨੂੰ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਮੁਹੱਈਆ ਕਰਵਾਉਣ ਵਿੱਚ ਵੀ ਨਕਾਮ ਰਹੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਵੱਲੋਂ ਦੇਸ਼ ਦੀ ਪ੍ਰਭੂਸੱਤਾ ਤੇ ਲਗਾਤਾਰ ਹਮਲੇ ਹੋ ਰਹੇ ਹਨ, ਪ੍ਰਤੂੰ ਕੇਂਦਰ ਸਰਕਾਰ ਮੂਕ ਦਰਸ਼ਕ ਬਣੀ ਬੈਠੀ ਹੈ।
ਸ੍ਰ. ਬਾਦਲ ਨੇ ਕਿਹਾ ਕਿ ਫੋਕੀ ਬਿਆਨਬਾਜ਼ੀ ਕਰਨ ਵਾਲੇ ਪੰਜਾਬ ਤੋਂ ਗਏ ਕੇਂਦਰ ਦੇ ਮੰਤਰੀ ਇਹ ਦੱਸਣ ਕਿ ਉਹ ਕਿਹੜਾ ਇੱਕ ਵੀ ਪ੍ਰੋਜੈਕਟ ਪੰਜਾਬ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਅਤੇ ਕਾਂਗਰਸੀ ਲੀਡਰਸ਼ਿਪ ਸੂਬਾ ਸਰਕਾਰ ਦੀ ਹਮੇਸ਼ਾ ਆਲੋਚਨਾ ਕਰਦੀ ਰਹਿੰਦੀ ਹੈ, ਜਦ ਕਿ ਇਹ ਇੱਕ ਤੱਥ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਸੂਬੇ ਦਾ ਬੇਮਿਸਾਲ ਵਿਕਾਸ ਹੋਇਆ ਹੈ। ਉਹਨਾਂ ਕਿਹਾ ਕਿ ਅੱਜ ਪੰਜਾਬ ਸਿੱਖਿਆ ਤੇ ਬੁਨਿਆਦੀ ਢਾਂਚੇ ਵਿੱਚ ਮੁਲਕ ਭਰ ਵਿੱਚੋਂ ਪਹਿਲੇ ਸਥਾਨ ਤੇ ਹੈ, ਜਦੋਂ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵੀ ਵੱਡੀ ਪੱਧਰ ਤੇ ਸੁਧਾਰ ਹੋਇਆ ਹੈ।
ਸ੍ਰ. ਬਾਦਲ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਜਿਸ ਕਾਰਨ ਪੰਜਾਬ ਦੀ ਸਨਅਤ ਨੂੰ ਬਹੁਤ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਸਨਅਤਾਂ ਨੂੰ ਉਤਸ਼ਾਹਤ ਕਰਨ ਲਈ ਵੱਡੀ ਪੱਧਰ ਤੇ ਰਿਆਇਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਸਹਾਇਤਾਂ ਦੇਣ ਵਿੱਚ ਵੀ ਵਿਤਕਰਾ ਕਰ ਰਹੀ ਹੈ।
ਸ੍ਰ. ਬਾਦਲ ਨੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਕਾਂਗਰਸੀ ਆਗੂਆਂ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਤੋਂ ਜਾਹਿਰ ਹੈ ਕਿ ਕਾਂਗਰਸ ਦੇ ਹੁਣ ਪੰਜਾਬ ਵਿੱਚ ਦਿਨ ਪੁੱਗਣ ਵਾਲੇ ਹਨ। ਉਹਨਾਂ ਆਖਿਆ ਕਿ ਕਾਂਗਰਸ ਦੇ ਲੀਡਰਾਂ ਵੱਲੋਂ ਬੇਤੁੱਕੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਦੇ ਸਮਝਦਾਰ ਲੋਕ ਕਾਂਗਰਸੀ ਲੀਡਰਸ਼ਿਪ ਦੇ ਦੋਗਲੇ ਚਰਿੱਤਰ ਤੋਂ ਭਲੀਭਾਂਤ ਜਾਣੂ ਹਨ ਅਤੇ ਉਹ ਉਸ ਦੀਆਂ ਘਟੀਆਂ ਚਾਲਾਂ ਵਿੱਚ ਆਉਣ ਵਾਲੇ ਨਹੀਂ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਕਿਤਾਬ ਦੀ ਘੁੰਡ ਚੁਕਾਈ ਕਰਦਿਆ ਸ੍ਰੀ ਮੁੰਜਾਲ ਵੱਲੋਂ ਉਦਯੋਗਿਕ ਖੇਤਰ ਵਿੱਚ ਲੁਧਿਆਣਾ ਦਾ ਨਾਂ ਵਿਸ਼ਵ ਭਰ ਵਿੱਚ ਚਮਕਾਉਣ ਲਈ ਉਹਨਾਂ ਦੀ ਵਿਸੇਤੌਰ ਤੇ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਹਨਾਂ ਸ੍ਰੀ ਮੁੰਜਾਲ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਵੀ ਸਰਾਹਿਆ। ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਦੇ ਇਸ ਮਹਾਨ ਸਨਅਤਕਾਰ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਚਾਨਣ ਮੁਨਾਰਾ ਸਾਬਤ ਹੋਵੇਗਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹੀਰੋ ਸਾਈਕਲ ਉਦਯੋਗ ਵਿਖੇ ਨਵੇਂ ਖੋਲੇ ਗਏ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰ. ਬਾਦਲ ਨੇ ਕਿਹਾ ਕਿ ਇਸ ਵੇਲੇ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਤੀ ਸਮੇਂ ਦੀ ਮੁੱਖ ਲੋੜ ਹੈ, ਤਾਂ ਜਂੋ ਬੇਰੋਜ਼ਗਾਰ ਨੌਜਵਾਨ ਉਥੋ ਕੰਮ ਸਿੱਖ ਕੇ ਆਪਣੇ ਪੈਰਾਂ ਤੇ ਖੜੇ ਹੋ ਸਕਣ। ਉਹਨਾਂ ਕਿਹਾ ਕਿ ਰਾਜ ਸਰਕਾਰ ਅਜਿਹੇ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਤੀ ਲਈ ਹਰੇਕ ਤਰ੍ਹਾਂ ਦੀ ਮੱਦਦ ਕਰਨ ਲਈ ਤਿਆਰ ਹੈ। ਉਹਨਾਂ ਆਸ ਜਾਹਿਰ ਕੀਤੀ ਕਿ ਹੀਰੋ ਗਰੁੱਪ ਵੱਲੋਂ ਖੋਲਿਆ ਗਿਆ ਇਹ ਸੈਂਟਰ ਉਸ ਦੇ ਹੋਰਨਾਂ ਸਨਅਤੀ ਯੂਨਿਟਾਂ ਵਾਂਗ ਹੀ ਤਰੱਕੀ ਕਰੇਗਾ। ਇਸ ਮੌਕੇ ਵਿੱਤ ਤੇ ਯੋਜਨਾ ਮੰਤਰੀ ਸ੍ਰ. ਪ੍ਰਮਿੰਦਰ ਸਿੰਘ ਢੀਂਡਸਾ, ਲੋਕ ਨਿਰਮਾਣ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਸ੍ਰ. ਰਣਜੀਤ ਸਿੰਘ ਤਲਵੰਡੀ, ਪੁਲਿਸ ਕਮਿਸ਼ਨਰ ਸ੍ਰ. ਪਰਮਜੀਤ ਸਿੰਘ ਗਿੱਲ, ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ, ਸ੍ਰ. ਓ.ਪੀ. ਮੁੰਜਾਲ, ਸ੍ਰੀ ਬ੍ਰਿਜ  ਮੋਹਨ ਮੁੰਜਾਲ, ਸ੍ਰੀ ਪੰਕਜ਼ ਮੁੰਜਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਸ਼ਾਮਲ ਹੋਏ।

No comments: