Wednesday, July 31, 2013

ਵਾਰਦਾਤਾਂ ਮਹਿਜ਼ ਅਫਵਾਹਾਂ

 ਕੋਈ ਵਜੂਦ ਨਹੀਂ ਕਾਲਾ ਕਛਾ ਗਿਰੋਹਾਂ ਅਤੇ ਨਾਇਜੀਰੀਅਨ ਗਿਰੋਹਾਂ ਦਾ 
ਲੋਕ ਜਾਗਰੂਕਤਾ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਸਾਂਝਾ ਉਪਰਾਲਾ  
ਅੰਮ੍ਰਿਤਸਰ:30 ਜੁਲਾਈ, 2013:(ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ): ਦੇਰ ਰਾਤ ਕਾਲਾ ਕੱਛਾ ਗਿਰੋਹ ਦੇ ਨਾਂ 'ਤੇ ਲੋਕਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਸਿਰਫ ਅਫਵਾਹਾਂ ਹਨ। ਲੋਕ ਅਜਿਹੇ ਕਿਸੇ ਵੀ ਸੁਨੇਹੇ ਜਾਂ ਅਫਵਾਹ ਤੋਂ ਦੁਰੀ ਬਣਾਈ ਰੱਖਣ। ਇਹਨਾਂ ਗਿਰੋਹਾਂ ਦਾ ਵਾਸਤਵ ਵਿੱਚ ਕੋਈ ਵਜੂਦ ਹੀ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਰਾਮ ਸਿੰਘ ਆਈ. ਪੀ. ਐੱਸ. ਕਮਿਸ਼ਨਰ ਪੁਲਸ ਅੰਮ੍ਰਿਤਸਰ ਤੇ ਬਾਰਡਰ ਰੇਂਜ ਦੇ ਡੀ. ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵਲੋਂ ਸਥਾਨਕ ਪੁਲਸ ਲਾਈਨ ਵਿਖੇ ਸੱਦੀ ਇਕ ਵਿਸ਼ੇਸ਼ ਪ੍ਰੈਸ ਮਿਲਣੀ ਦੌਰਾਨ ਸਾਂਝੇ ਤੌਰ 'ਤੇ ਕੀਤਾ ਗਿਆ। ਕਮਿਸ਼ਨਰ ਪੁਲਸ ਰਾਮ ਸਿੰਘ ਨੇ ਦੱਸਿਆ ਕਿ ਬੇਸ਼ੱਕ ਅਜਿਹੇ ਕਈ ਅਫਵਾਹ ਨੁਮਾ ਸੁਨੇਹੇ ਉਨ੍ਹਾਂ ਦੇ ਜਾਤੀ ਮੋਬਾਈਲ ਉਪਰ ਵੀ ਪਾ ਕੇ ਸ਼ਰਾਰਤੀ ਅਨਸਰਾਂ ਵਲੋਂ ਪੁਲਸ ਨੂੰ ਗੁੰਮਰਾਹ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਥਾਣਾ ਮੁਖੀਆਂ ਏ. ਡੀ. ਸੀ. ਪੀਜ਼. ਤੇ ਡੀ. ਸੀ. ਪੀ. ਅੰਮ੍ਰਿਤਸਰ ਵਲੋਂ ਖੁਦ ਦੇਰ ਰਾਤ ਮੌਕਿਆਂ ਦਾ ਦੌਰਾ ਕਰਨ ਮਗਰੋਂ ਅਜਿਹੀ ਕਿਸੇ ਵੀ ਘਟਨਾ ਦਾ ਖੁਲਾਸਾ ਨਹੀਂ ਹੋਇਆ ਹੈ। ਕਮਿਸ਼ਨਰ ਰਾਮ ਸਿੰਘ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਰਾਤ ਮੌਕੇ ਪੁਲਸ ਦੇ 110, ਮੋਬਾਇਲ ਪੁਲਸ ਦੇ 425 ਮੁਲਾਜ਼ਮ, ਇਕ ਡੀ. ਐੱਸ. ਪੀ. / ਐੱਸ. ਪੀ. ਤੇ ਦੋ ਐੱਸ. ਐੱਚ. ਓ. ਗਸ਼ਤ 'ਤੇ ਰਹਿੰਦੇ ਹਨ। ਇਸ ਤਰ੍ਹਾਂ ਇਲਾਕੇ ਦੇ ਚੱਪੇ ਚੱਪੇ ਤੇ ਨਜਰ ਰੱਖੀ ਜਾ ਰਹੀ ਹੈ ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਵਲੋਂ ਦਿੱਤੇ ਜਾਣ ਵਾਲੇ ਠੀਕਰੇ ਪਹਿਰੇ ਨੂੰ ਬੇਸ਼ੱਕ ਬਰਕਰਾਰ ਰੱਖਣ ਦੇ ਉਹ ਵਿਰੋਧ ਵਿਚ ਨਹੀਂ ਹਨ ਪਰ ਲੋੜ ਪੈਣ 'ਤੇ ਪੁਲਸ ਵਲੋਂ ਮੋਹਤਬਰ ਵਿਅਕਤੀਆਂ ਨਾਲ ਰਾਬਤਾ ਕਾਇਮ ਕਰਕੇ ਇਸ ਠੀਕਰੀ ਪਹਿਰੇ ਵਿਚ ਢੁਕਵਾਂ ਫੇਰਬਦਲ ਅਮਲ ਵਿਚ ਲਿਆਂਦਾ ਜਾ ਸਕਦਾ ਹੈ। ਅਫਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ ਵਿਭਾਗੀ ਜਾਂਚ ਚੱਲਣ ਦਾ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਬੇਪਰਦ ਹੋਣ 'ਤੇ ਇਨ੍ਹਾਂ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਵੇਗਾ। ਪ੍ਰੈਸ ਨੂੰ ਸੰਬੋਧਨ ਕਰਦਿਆਂ ਡੀ. ਆਈ. ਜੀ. ਬਾਰਡਰ ਰੇਂਜ ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਕਿ ਦਿਹਾਤੀ ਇਲਾਕਿਆਂ ਵਿਚ ਮਹਿਤਾ, ਜੰਡਿਆਲਾ, ਘੁਮਾਣ, ਰਾਜਾਸਾਂਸੀ, ਕੱਥੂਨੰਗਲ ਅਤੇ ਤਰਨਤਾਰਨ ਨਾਲ ਲੱਗਦੇ ਜੰਡਿਆਲਾ ਦੇ ਇਲਾਕਿਆਂ ਵਿਚ ਅਫਵਾਹਾਂ ਦਾ ਜੋ ਸਿਲਸਿਲਾ ਚੱਲ ਰਿਹਾ ਹੈ, ਵਿਚ ਕੋਈ ਸੱਚਾਈ ਨਾ ਹੋ ਕੇ ਸਿਰਫ ਸ਼ਰਾਰਤੀ ਅਨਸਰਾਂ ਦੀ ਚਾਲ ਹੈ। ਉਨ੍ਹਾਂ ਕਿਹਾ ਕਿ ਰਾਤ ਦੀ ਗਸ਼ਤ ਵਿਚ 71 ਨਾਕੇ ਪੀ. ਸੀ. ਆਰ. ਦੇ, 49 ਚੌਪਹੀਆ ਵਾਹਨ, 70 ਦੋਪਹੀਆ ਵਾਹਨ ਤੇ 7 ਐਂਬੂਲੈਂਸਾਂ ਸਮੇਤ 750 ਕਰਮਚਾਰੀ ਡਿਊਟੀ 'ਤੇ ਮੌਜੂਦ ਰਹਿੰਦੇ ਹਨ, ਜਦਕਿ ਪੀ. ਏ. ਪੀ. ਦੀਆਂ 5 ਕੰਪਨੀਆਂ ਦੇ 750 ਜਵਾਨਾਂ ਦਾ ਹੋਰ ਵਾਧਾ ਕਰਕੇ ਦਿਹਾਤੀ ਇਲਾਕਿਆਂ ਵਿਚ ਰਾਤ ਦੀ ਗਸ਼ਤ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਕਾਬਿਲੇ ਜ਼ਿਕਰ ਹੈ ਕੀ ਇਹਨਾਂ ਇਲਾਕਿਆਂ ਵਿੱਚ ਅਜਿਹੀਆਂ ਵਾਰਦਾਤਾਂ ਕਾਰਣ ਕਾਫੀ ਦਹਿਸ਼ਤ ਵਰਗਾ ਮਾਹੌਲ ਬਣਿਆ ਹੋਇਆ ਸੀ
ਡੀ. ਆਈ. ਜੀ. ਉਮਰਾਨੰਗਲ ਵਲੋਂ ਬੀਤੇ ਦਿਨੀਂ ਪਿੰਡ ਪੰਡੋਰੀ ਵੜੈਚ ਅਤੇ ਪਿੰਡ ਮੁਹਾਰ ਵਿਚ ਹੋਈਆਂ ਦੋ ਕਤਲ ਦੀਆਂ ਵਾਰਦਾਤਾਂ ਨੂੰ ਰੰਜਿਸ਼ ਕਰਾਰ ਦਿੱਤਾ ਗਿਆ। ਕਮਿਸ਼ਨਰ ਪੁਲਸ ਰਾਮ ਸਿੰਘ ਤੇ ਡੀ. ਆਈ.ਜੀ. ਉਮਰਾਨੰਗਲ ਨੇ ਜਿਥੇ ਲੋਕਾਂ ਨੂੰ ਸ਼ਰਾਰਤੀ ਅਨਸਰਾਂ ਵਲੋਂ ਫੈਲਾਏ ਅਫਵਾਹਾਂ ਦੇ ਜਾਲ ਵਿਚ ਨਾ ਫਸ ਕੇ ਦੂਰੀ ਬਣਾਉਣ ਨੂੰ ਕਿਹਾ, ਉਥੇ ਨਾਲ ਹੀ ਪੁਲਸ ਨੂੰ ਸੱਚੀ- ਸੁੱਚੀ ਇਤਲਾਹ ਦੇ ਕੇ ਅਫਵਾਹਾਂ ਦੇ ਘਾਣ ਦਾ ਵੀ ਹੋਕਾ ਦਿੱਤਾ ਗਿਆ। 
ਇਸ ਮੌਕੇ ਜ਼ਿਲਾ ਦਿਹਾਤੀ ਪੁਲਸ ਮੁਖੀ ਮਨਮੋਹਨ ਸਿੰਘ, ਡੀ. ਸੀ. ਪੀ. ਅੰਮ੍ਰਿਤਸਰ ਡਾ. ਕੌਸਤੁਬ ਸ਼ਰਮਾ ਸਮੇਤ ਪੁਲਸ ਦੇ ਹੋਰ ਅਧਿਕਾਰੀ ਹਾਜ਼ਰ ਸਨ। ਉਮੀਦ ਹੈ ਪੁਲਿਸ ਦੀ ਚੌਕਸੀ ਵਧਣ ਨਾਲ ਵਾਰਦਾਤਾਂ ਨੂੰ ਵੀ ਠਲ੍ਹ ਪਵੇਗੀ ਅਤੇ ਲੋਕਾਂ ਵਿੱਚ ਦਰ ਦੀ ਭਾਵਨਾ ਵੀ ਘਟੇਗੀ।

No comments: