Thursday, June 06, 2013

'ਸਾਕਾ ਦਰਬਾਰ ਸਾਹਿਬ' ਦੌਰਾਨ ਸਾੜੀ 'ਸਿੱਖ ਰੈਫਰੈਂਸ ਲਾਇਬ੍ਰੇਰੀ'

ਕੀ ਇਸ ਨੁਕਸਾਨ ਦੀ ਭਰਪਾਈ ਸੰਭਵ ਹੈ? 
ਸਿੱਖ ਸਪੋਕਸਮੈਨ ਚੋਂ ਧੰਨਵਾਦ ਸਹਿਤ 
ਅਠਾਈ ਸਾਲ ਹੋ ਗਏ ਹਨ 'ਸਾਕਾ ਨੀਲਾ ਤਾਰਾ' ਦੁਖਾਂਤ ਵਾਪਰੇ ਨੂੰ। ਹਰ ਸਾਲ ਜਦ ਜੂਨ ਦੇ ਪਹਿਲੇ ਹਫਤੇ ਦੀਆਂ 4,5,6 ਤਰੀਕਾਂ ਆਉਂਦੀਆਂ ਹਨ ਤਾਂ ਇਹ ਵਲੂੰਧਰੇ ਸਿੱਖ-ਹਿਰਦਿਆਂ ਵਿਚ ਪੁਰਾਣੀਆਂ ਯਾਦਾਂ ਮੁੜ ਤਾਜ਼ਾ ਕਰ ਜਾਂਦੀਆਂ ਹਨ। ਇਹ ਦੁਖਦਾਈ ਸਾਕਾ ਸਿੱਖਾਂ ਨੂੰ ਭੁੱਲਦਾ ਤਾਂ ਕਦੇ ਵੀ ਨਹੀਂ ਹੈ ਪਰ ਇਨ੍ਹੀਂ ਦਿਨੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ-ਪੁਰਬ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਤਰ ਹੋਈਆਂ ਬੇਦੋਸ਼ੀਆਂ ਸੰਗਤਾਂ ਦਾ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ 'ਤੇ ਕੀਤੀ ਗਈ ਗੋਲੀਬਾਰੀ ਵਿਚ ਸ਼ਹੀਦ ਹੋਣਾ ਯਾਦਾਂ ਦੀਆਂ ਸਿਮਰਤੀਆਂ ਵਿਚ ਫੇਰ ਤਰੋਤਾਜਾ? ਹੋ ਜਾਂਦਾ ਹੈ।
... ਤੇ ਨਾਲ ਹੀ ਯਾਦ ਆ ਜਾਂਦੀ ਹੈ 'ਸਿੱਖ ਰੈਫਰੈਂਸ ਲਾਇਬ੍ਰੇਰੀ' ਦੀ, ਜਿਸ ਨੂੰ 7 ਜੂਨ ਦੀ ਸਵੇਰ ਨੂੰ ਫੌਜ ਵੱਲੋਂ ਅੱਗ ਦੇ ਹਵਾਲੇ ਕੀਤਾ ਗਿਆ ਸੀ। ਉਦੋਂ ਜਦੋਂ ਦਰਬਾਰ ਸਾਹਿਬ ਦੇ ਪਰਿਸਰ ਵਿਚ ਭਾਰਤੀ ਫੌਜ ਦਾ 'ਪੂਰਾ ਕਬਜ਼ਾ' ਹੋ ਚੁੱਕਾ ਸੀ। ਫੌਜੀ ਜਰਨੈਲਾਂ ਦਾ ਕਹਿਣਾ ਹੈ ਕਿ ਲਾਇਬ੍ਰੇਰੀ ਨੂੰ ਅੱਗ 'ਦੋਹਾਂ ਪਾਸਿਆਂ' ਤੋਂ ਹੁੰਦੀ ਗੋਲੀਬਾਰੀ ਦੌਰਾਨ ਲੱਗੀ। ਉਨ੍ਹਾਂ ਅਨੁਸਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਸੈਂਕੜੇ 'ਅੱਤਵਾਦੀ' ਮਾਰੇ ਜਾ ਚੁੱਕੇ ਸਨ ਤੇ ਹੋਰ ਕਈ ਸੈਂਕੜੇ ਫੌਜ ਦੀ ਹਿਰਾਸਤ ਵਿਚ ਲਏ ਜਾ ਚੁੱਕੇ ਸਨ। ਮੈ ਇਨ੍ਹਾਂ ਗਿਣਤੀਆਂ-ਮਿਣਤੀਆਂ ਵਿਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਇਥੇ ਮੇਰਾ ਵਿਸ਼ਾ ਮੁੱਖ ਤੌਰ 'ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਹੋਈ ਤਬਾਹੀ ਤੇ ਇਸ ਦੀ ਸੰਭਾਵਤ ਭਰਪਾਈ ਦਾ ਹੈ।
ਇਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਦ 6 ਜੂਨ ਦੀ ਸ਼ਾਮ ਤੀਕ ਦਰਬਾਰ ਸਾਹਿਬ ਦੇ ਕੈਂਪਸ ਵਿਚ ਸਾਰੇ ਹਾਲਾਤ ਫੌਜ ਦੇ 'ਕਾਬੂ' ਵਿਚ ਆ ਚੁੱਕੇ ਸਨ ਤਾਂ ਫਿਰ ਲਾਇਬ੍ਰੇਰੀ ਨੂੰ 7 ਜੂਨ ਦੀ ਸਵੇਰ ਨੂੰ ਅੱਗ ਲੱਗਣ ਦੀ ਕੀ ਤੁੱਕ ਸੀ, ਕਿਉਂਕਿ ਉਸ ਸਮੇਂ ਸਿੱਖ ਹਿਸਟਰੀ ਰੀਸਰਚ ਬੋਰਡ ਦੇ ਡਾਇਰੈਕਟਰ ਤੇ ਉਿਸ ਸਮੇਂ ਇਸ ਲਾਇਬ੍ਰੇਰੀ ਦੇ ਇੰਚਾਰਜ ਸਵਰਗਵਾਸੀ ਦਵਿੰਦਰ ਸਿੰਘ ਦੁੱਗਲ, ਜੋ ਲਾਇਬ੍ਰੇਰੀ ਦੇ ਨੇੜੇ ਹੀ ਇਕ ਕਵਾਟਰ ਵਿਚ ਰਹਿੰਦੇ ਸਨ, ਦਾ ਕਹਿਣਾ ਹੈ ਕਿ 6 ਜੂਨ ਦੀ ਰਾਤ ਤੀਕ ਲਾਇਬ੍ਰੇਰੀ ਮਾਮੂਲੀ ਨੁਕਸਾਨ ਤੋਂ ਬਿਨਾਂ ਇਹ ਲੱਗਭੱਗ ਠੀਕ ਠਾਕ ਤੇ ਸਹੀ ਹਾਲਤ ਵਿਚ ਸੀ। ਏਸੇ ਤਰ੍ਹਾਂ ਉਸ ਸਮੇਂ ਲਾਇਬ੍ਰੇਰੀ ਵਿਚ ਕੰਮ ਕਰਦੇ ਇਕ ਕਰਮਚਾਰੀ ਹਰਦੀਪ ਸਿੰਘ ਘੁੰਗਰਾਲੀ ਸਿੱਖਾਂ ਜਿਸ ਨੂੰ ਫੌਜ ਵੱਲੋਂ 7 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਦੇ ਕਹਿਣ ਅਨੁਸਾਰ 6 ਜੂਨ ਤੀਕ ਸਾਰਾ ਕੁਝ ਸਹੀ ਸਲਾਮਤ ਸੀ। ਉਸ ਦਾ ਇਹ ਵੀ ਕਹਿਣਾਂ ਹੈ ਕਿ ਜੇ ਗੋਲੀਬਾਰੀ ਦੌਰਾਨ ਲਾਇਬ੍ਰੇਰੀ ਨੂੰ ਅੱਗ ਲੱਗ ਗਈ ਸੀ ਤਾਂ ਇਸ ਦੇ ਨਾਲ ਲੱਗਦਾ ਲਾਇਬ੍ਰੇਰੀਅਨ ਦਾ ਦਫ਼ਤਰ ਕਿਵੇਂ ਸੁਰੱਖਿਅਤ ਰਹਿ ਗਿਆ। ਉਸ ਅਨੁਸਾਰ ਫੌਜੀ ਹਮਲੇ ਤੋਂ ਬਾਅਦ 7 ਜੂਨ ਦੀ ਸਵੇਰ ਨੂੰ ਇਸ ਵਿਚੋਂ ਅੱਗ ਦੀਆਂ ਲੱਪਟਾਂ ਨਿੱਕਲਦੀਆਂ ਵੇਖੀਆਂ ਗਈਆਂ ਤੇ ਫੌਜ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਫੌਜੀ ਹਮਲੇ ਦੌਰਾਨ ਦੋਹਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਨਾਲ ਸੜ ਗਈ। ਉਨ੍ਹੀਂ ਦਿਨੀਂ ਇਹ ਵੀ ਸੁਣਨ ਨੂੰ ਮਿਲਿਆ ਕਿ ਫੌਜ ਦੇ ਉੱਚ-ਅਧਿਕਾਰੀ ਜਦ ਇਸ ਲਾਇਬ੍ਰੇਰੀ ਵਿਚੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਸੰਤ ਜਰਨੈਲ ਸਿੰਘ ਭਿੰਤਰਾਂਵਾਲੇ ਨੂੰ ਭੇਜੀਆਂ ਕਥਿਤ “ਚਿੱਠੀਆਂ” ਲੱਭਣ ਵਿਚ ਨਾਕਾਮ ਰਹੇ ਤਾਂ ਉਨ੍ਹਾਂ ਗੁੱਸੇ ਵਿਚ ਆ ਕੇ ਇਸ ਨੂੰ ਅੱਗ ਲਗਾ ਦੇਣ ਦੇ ਹੁਕਮ ਦੇ ਦਿੱਤੇ। 
ਇਸ ਅਗਨ-ਭੇਂਟ ਹੋਈ ਲਾਇਬ੍ਰੇਰੀ ਦੀ ਬਹੁ-ਮੁੱਲੀ ਪੜ੍ਹਨ-ਸਮੱਗਰੀ ਦਾ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ ਕਿਉਂਕਿ ਉਸ ਸਮੇਂ ਲਾਇਬ੍ਰੇਰੀ ਵਿਚ 20,000 ਤੋਂ ਵਧੀਕ ਪੁਸਤਕਾਂ ਤੇ ਰਿਸਾਲਿਆਂ ਤੋਂ ਇਲਾਵਾ 2,500 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ-ਲਿਖਤ ਬੀੜਾਂ ਵੀ ਮੌਜੂਦ ਸਨ ਜਿਨ੍ਹਾਂ ਦੀ ਕੀਮਤ ਕਿਆਸੀ ਨਹੀਂ ਜਾ ਸਕਦੀ। ਇਨ੍ਹਾਂ ਵਿਚ 'ਭਾਈ ਹਰਦਾਸ ਵਾਲੀ ਬੀੜ' ਜਿਸ ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਹੱਥਾਂ ਦਾ ਲਿਖਿਆ ਮੂਲ-ਮੰਤਰ ਵੀ ਸ਼ਾਮਲ ਸੀ ਅਤੇ ਕਈ ਹੋਰ ਰੰਗੀਨ ਤਸਵੀਰਾਂ ਵਾਲੀਆਂ ਬੀੜਾਂ ਤੇ ਜਨਮ-ਸਾਖੀਆਂ ਮੌਜੂਦ ਸਨ। ਕਈ ਦੁਰਲੱਭ-ਪੁਸਤਕਾਂ ਜਿਵੇਂ ਨਿਹਾਲ ਸਿੰਘ ਦੀ ਲਿਖੀ ਹੋਈ 'ਕਵੇਂਦਰ ਪ੍ਰਕਾਸ਼', ਸੁਰਜਨ ਸਿੰਘ ਦੀ 'ਅਜੀਤ ਸਾਗਰ', ਭਾਈ ਬਿਧੀ ਚੰਦ ਦੀ 'ਭਗਤ ਸੁਧਾਸਰ', ਕਵੀ ਜੱਸਾ ਦੀ 'ਭਗਤ ਪ੍ਰੇਮਾਕਰ', ਕੇਸਰ ਸਿੰਘ ਛਿੱਬਰ ਦੀ 'ਬੰਸਾਵਲੀਨਾਮਾ', 'ਪਰਚੀ ਮਹਾਂ ਸੁੰਦਰ', 'ਗੁਰੂ ਨਾਨਕ ਚੰਦਰੋਦਯਾ' ਅਤੇ ਉਦਾਸੀਆਂ, ਨਿਰਮਲਿਆਂ, ਨਿਰੰਜਨੀਆਂ ਤੇ ਮਿਹਰਬਾਨੀਆਂ ਦੀਆਂ ਕਈ ਵੱਡਮੁੱਲੀਆਂ ਕਿਰਤਾਂ ਸ਼ਾਮਲ ਸਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ ਬਹੁਤੀਆਂ ਹੁਣ ਹੋਰ ਕਿਧਰੇ ਵੀ ਉਪਲੱਬਧ ਨਹੀਂ ਹਨ। ਛਪੀਆਂ ਹੋਈਆਂ ਪੁਸਤਕਾਂ ਤੇ ਰਸਾਲਿਆਂ ਦੀ ਕੀਮਤ ਦਾ ਅੰਦਾਜ਼ਾ ਉਨ੍ਹਾਂ ਦੀਆਂ ਛਪੀਆਂ ਕੀਮਤਾਂ ਜੋ ਲਾਇਬਰੇਰੀ ਦੇ ਰਜਿਸਟਰਾਂ ਵਿਚ ਦਰਜ ਹੁੰਦੀਆਂ ਹਨ, ਤੋਂ ਲਗਾਇਆ ਗਿਆ ਹੈ ਪਰ ਹੱਥ-ਲਿਖਤ ਗ੍ਰੰਥਾਂ ਦੀ ਕੋਈ ਕੀਮਤ ਨਹੀਂ ਹੁੰਦੀ। ਇਹ ਅਣਮੁੱਲੇ ਹਨ।
ਇਕ ਪ੍ਰਚੱਲਤ ਕਥਿਤ ਸੱਚਾਈ ਅਨੁਸਾਰ ਲਾਇਬ੍ਰੇਰੀ ਵਿਚ ਮੌਜੂਦ ਮਹੱਤਵ-ਪੂਰਨ ਪੁਸਤਕਾਂ ਨੂੰ ਅਗਨ-ਭੇਂਟ ਨਹੀ ਕੀਤਾ ਗਿਆ, ਸਗੋਂ ਇਨ੍ਹਾਂ ਨੂੰ ਬੋਰੀਆਂ ਵਿਚ ਭਰ ਕੇ ਅੰਮ੍ਰਿਤਸਰ ਦੇ “ਯੂਥ ਹੋਸਟਲ” ਦੀ ਇਮਾਰਤ ਵਿਚ ਲਿਜਾਇਆ ਗਿਆ ਜਿੱਥੇ ਇਨ੍ਹਾਂ ਦੀਆਂ ਬਾਕਾਇਦਾ ਸੂਚੀਆਂ ਬਣਾਈਆਂ ਗਈਆਂ ਤੇ ਇਨ੍ਹਾਂ ਨੂੰ ਟਰੰਕਾਂ, ਬੋਰੀਆਂ ਆਦਿ ਵਿਚ ਭਰ ਕੇ ਮਿਲਟਰੀ ਦੇ ਟਰੱਕਾਂ ਵਿਚ ਲੱਦ ਕੇ “ਕਿਸੇ ਸੁਰੱਖਿਅਤ ਥਾਂ” 'ਤੇ ਲਿਜਾਇਆ ਗਿਆ। ਬਾਕੀ ਦੀਆਂ ਘੱਟ ਮਹੱਤਵ-ਪੂਰਨ ਪੁਸਤਕਾਂ, ਅਖਬਾਰਾਂ ਤੇ ਰਿਸਾਲਿਆਂ ਆਦਿ ਨੂੰ ਅੱਗ ਲਾ ਕੇ ਲਾਇਬ੍ਰੇਰੀ ਨੂੰ ਆਪਸੀ ਗੋਲੀਬਾਰੀ ਦੌਰਾਨ ਸੜੀ ਹੋਈ ਵਿਖਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਫੌਜ ਵੱਲੋਂ ਲਿਜਾਈਆਂ ਗਈ ਪੁਸਤਕਾਂ ਦੀ ਵਾਪਸੀ ਲਈ ਕੇਂਦਰ ਸਰਕਾਰ ਨੂੰ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਇਸ ਦਾ ਕੋਈ ਖਾਸ ਅਸਰ ਨਹੀਂ ਹੋਇਆ। ਹਾਂ, ਏਨਾ ਕੁ ਜ਼ਰੂਰ ਹੋਇਆ ਹੈ ਕਿ ਵੱਖ-ਵੱਖ ਸਮਿਆਂ 'ਤੇ ਸ੍ਰੋਮਣੀ ਕਮੇਟੀ ਵੱਲੋਂ ਬਾਰ-ਬਾਰ ਜ਼ੋਰ ਦੇਣ 'ਤੇ ਇਸ ਦੇ ਸੈਕਟਰੀ ਡਾ. ਗੁਰਬਚਨ ਸਿੰਘ ਬਚਨ ਵੱਲੋਂ ਮਿਤੀ 27.3.2000 ਨੂੰ ਲਿਖੇ ਇਕ ਪੱਤਰ ਦੇ ਹਵਾਲੇ ਵਿਚ ਉਸ ਸਮੇਂ ਦੇ ਕੇਂਦਰੀ ਰੱਖਿਆ ਮੰਤਰੀ ਜਾਰਜ ਫਰਨਾਡੇਜ ਨੇ ਜਲੰਧਰ ਛਾਉਣੀ ਵਿਚ ਇਕ ਸਮਾਗਮ ਸਮੇਂ ਪੱਤਰਕਾਰਾਂ ਨੂੰ ਦੱਸਿਆ ਕਿ ਫੌਜ ਵੱਲੋਂ ਲਿਆਂਦੀਆਂ ਗਈਆਂ ਪੁਸਤਕਾਂ ਤੇ ਹੋਰ ਸਮੱਗਰੀ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤੀ ਗਈ ਹੈ ਜਿਸ ਤੋਂ ਇਹ ਭਲੀ-ਭਾਂਤ ਸਾਬਤ ਹੁੰਦਾ ਹੈ ਕਿ ਫੌਜ ਵੱਲੋਂ ਬਹੁਮੁੱਲੀਆਂ ਪੁਸਤਕਾਂ ਤੇ ਹੋਰ ਸਮੱਗਰੀ ਲਾਇਬ੍ਰੇਰੀ ਨੂੰ ਸਾੜਨ ਤੋਂ ਪਹਿਲਾਂ ਆਪਣੇ ਕਬਜ਼ੇ ਵਿਚ ਲੈ ਲਈ ਗਈ ਸੀ। ਰਣਜੀਤ ਸਿੰਘ ਨੰਦਾ, ਪੰਜਾਬ ਦੇ ਸਾਬਕਾ ਇੰਨਸਪੈਕਟਰ ਜੋ ਉਸ ਸਮੇਂ ਸੀ.ਬੀ.ਆਈ. ਨਾਲ ਡੈਪੂਟੇਸ਼ਨ 'ਤੇ ਸਨ, ਨੇ ਵੀ ਇਸ ਤੱਥ ਦੀ ਪੁਸ਼ਟੀ ਕੀਤੀ ਹੈ। ਮਸ਼ਹੂਰ ਅੰਗਰੇਜ਼ੀ ਅਖਬਾਰ “ਦਿ ਟ੍ਰਿਬਿਊਨ” ਦੇ 12 ਜੂਨ 2000 ਦੇ ਅੰਕ ਵਿਚ ਛਪੀ ਇਕ ਰੀਪੋਰਟ ਅਨੁਸਾਰ ਨੰਦਾ ਸਾਹਿਬ ਦਾ ਕਹਿਣਾ ਹੈ ਕਿ ਉਨ੍ਹਾਂ ਪਾਸ ਇਸ ਦੇ ਸਬੂਤ ਮੌਜੂਦ ਹਨ ਕਿ ਸੀ.ਬੀ.ਆਈ. ਨੇ 'ਸਿੱਖ ਰੈਫਰੈਂਸ ਲਾਇਬ੍ਰੇਰੀ' ਤੋਂ ਫੌਜ ਵੱਲੋਂ ਲਿਆਦੀਆਂ ਗਈਆਂ ਕੀਮਤੀ ਪੁਸਤਕਾਂ ਤੇ ਹੋਰ ਪੜ੍ਹਨ-ਸਮੱਗਰੀ ਪ੍ਰਾਪਤ ਕੀਤੀ। ਉਨ੍ਹਾਂ ਅਨੁਸਾਰ 20,000 ਦੇ ਲੱਗਭੱਗ ਪੁਸਤਕਾਂ ਜਿਨ੍ਹਾਂ ਦੀ ਕੀਮਤ 20 ਲੱਖ ਤੋਂ ਵਧੀਕ ਬਣਦੀ ਹੈ, 2500 ਹੱਥ-ਲਿਖਤ ਧਾਰਮਿਕ ਗ੍ਰੰਥ ਤੇ ਹੋਰ ਪੁਸਤਕਾਂ ਅਤੇ 200 ਦੇ ਕਰੀਬ ਟਾਈਪ ਕੀਤੇ ਹੋਏ ਖਰੜੇ ਲਾਇਬ੍ਰੇਰੀ ਵਿਚੋਂ ਫੌਜ ਵੱਲੋਂ ਲਿਆਂਦੇ ਗਏ ਤੇ ਬਾਅਦ ਵਿਚ ਸੀ.ਬੀ.ਆਈ. ਦੇ ਹਵਾਲੇ ਕੀਤੇ ਗਏ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਲਾਇਬ੍ਰੇਰੀ ਵਿਚ ਕੀਮਤੀ ਪੁਸਤਕਾਂ ਤੇ ਹੱਥ-ਲਿਖਤਾਂ ਨੂੰ ਅੱਗ ਦੇ ਹਵਾਲੇ ਨਹੀਂ ਕੀਤਾ ਗਿਆ, ਸਗੋਂ ਕੁਝ ਕੁ ਘੱਟ ਕੀਮਤੀ ਪੜ੍ਹਨ-ਸਮੱਗਰੀ, ਅਖਬਾਰਾਂ ਆਦਿ ਤੇ ਹੋਰ ਵਾਧੂ-ਘਾਟੂ ਸਮੱਗਰੀ ਨੂੰ ਅੱਗ ਦੇ ਹਵਾਲੇ ਕਰਕੇ ਲਾਇਬ੍ਰੇਰੀ ਦੇ ਸੜਨ ਦਾ 'ਡਰਾਮਾ' ਰਚਿਆ ਗਿਆ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਲਾਇਬ੍ਰੇਰੀ ਦੀ ਇਹ ਸਮੱਗਰੀ ਫੌਜ ਵੱਲੋਂ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤੀ ਗਈ ਸੀ ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਇਹ ਵਾਪਸ ਕਿਉਂ ਨਹੀਂ ਕੀਤੀ ਗਈ। ਉਸ ਦੀਆਂ ਅੱਖਾਂ ਪੂੰਝਣ ਲਈ ਕੇਵਲ 67 ਆਈਟਮਾਂ ਜਿਨ੍ਹਾਂ ਵਿਚ ਪੁਰਾਣੀਆਂ ਅਖਬਾਰਾਂ ਦੀਆਂ ਕੁਝ ਜਿਲਦਬੰਦ ਫਾਈਲਾਂ, “ਏਸ਼ੀਅਨ ਰੀਕਾਰਡਰ” ਦੀਆਂ ਕੁਝ ਫਾਈਲਾਂ , ਰਹਿਤਨਾਮਿਆਂ ਦੀਆਂ ਪੰਜ ਕਾਪੀਆਂ, ਲਾਇਬ੍ਰੇਰੀ ਦੀਆਂ ਪੁਸਤਕਾਂ ਦੇ ਵੇਰਵੇ ਦਰਜ ਕਰਨ ਵਾਲੇ ਕੁਝ ਐਕਸੈੱਸ਼ਨ ਰਜਿਸਟਰ ਤੇ ਕੁਝ ਛੋਟੀਆਂ ਮੋਟੀਆਂ ਪੁਸਤਕਾਂ ਉਸ ਨੂੰ ਵਾਪਸ ਕਰ ਦਿੱਤੀਆਂ ਗਈਆਂ। ਇਨ੍ਹਾਂ ਵਿਚ ਕੋਈ ਵੀ ਹੱਥ-ਲਿਖਤ ਖਰੜਾ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਸ਼ਕੀਮਤੀ ਹੱਥ-ਲਿਖਤ ਬੀੜਾਂ ਸ਼ਾਮਲ ਨਹੀਂ ਹਨ। ਸ਼੍ਰੋਮਣੀ ਕਮੇਟੀ ਦੇ ਬਾਰ-ਬਾਰ ਜ਼ੋਰ ਦੇਣ 'ਤੇ ਵੀ ਇਹ ਵਾਪਸ ਨਹੀਂ ਕੀਤੀਆਂ ਗਈਆਂ ਜੋ ਆਮ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਪ੍ਰਸ਼ਨ ਪੈਦਾ ਕਰਦੀਆਂ ਹਨ। ਕੀ ਇਹ ਫੌਜ ਜਾਂ ਸੀ.ਬੀ.ਆਈ.ਵੱਲੋਂ ਖੁਰਦ-ਬੁਰਦ ਤਾਂ ਨਹੀਂ ਕਰ ਦਿੱਤੀਆਂ ਗਈਆਂ ਜਾਂ 28 ਸਾਲਾਂ ਦੇ ਲੰਬੇ ਸਮੇਂ ਬਾਅਦ ਇਹ ਸਮੇਂ ਦੀ ਮਾਰ ਹੇਠ ਆ ਕੇ ਹੁਣ ਵਾਪਸ ਕਰਨਯੋਗ ਨਹੀਂ ਰਹੀਆਂ ਤੇ ਜਾਂ ਕੇਂਦਰ ਸਰਕਾਰ ਕਿਸੇ ਸੋਚੀ ਸਮਝੀ 'ਸਾਜਿਸ਼' ਜਾਂ 'ਪਾਲਿਸੀ' ਅਨੁਸਾਰ ਜਾਣ ਬੁੱਝ ਕੇ ਇਹ ਵਾਪਸ ਨਹੀਂ ਕਰਨਾ ਚਾਹੁੰਦੀ।
ਕਾਰਨ ਉਪਰ-ਵਰਨਣ ਵਿਚੋਂ ਕੋਈ ਵੀ ਹੋਵੇ, ਮੇਰੀ ਜਾਚੇ ਹੁਣ ਇਹ ਵਡਮੁੱਲੀ ਪੜ੍ਹਨ-ਸਮੱਗਰੀ ਸਿੱਖ ਲਾਇਬ੍ਰੇਰੀ ਕੋਲ ਵਾਪਸ ਮੁੜਨ ਦੀ ਕੋਈ ਬਹੁਤੀ ਆਸ ਨਹੀਂ ਹੈ। ਇਹ  ਮੈਨੂੰ ਹੁਣ ਆਸ ਦੇ ਵਿਰੁੱਧ ਆਸ ਕਰਨ ਵਾਲੀ ਗੱਲ ਜਾਪਦੀ ਹੈ। ਬੇਸ਼ਕ, ਪਾਠਕ ਇਸ ਨੂੰ ਵਾਪਸੀ ਲਈ ਲੰਮਾ ਸਮਾਂ ਪੈ ਜਾਣ ਕਾਰਨ ਨਿਰਾਸਤਾ ਵਿਚੋਂ ਉਪਜੇ ਮੇਰੇ ਨਿੱਜੀ ਵਿਚਾਰ ਹੀ ਸਮਝਣ, ਪਰ ਦੂਸਰੇ ਬੰਨੇ ਜੇਕਰ ਇਹ ਧਾਰਮਿਕ, ਇਤਿਹਾਸਕ ਤੇ ਸੱਭਿਆਚਾਰਕ “ਅਣਮੁੱਲਾ-ਖਜ਼ਾਨਾ” ਭਾਰਤੀ ਫੌਜ ਜਾਂ ਕੇਂਦਰ ਸਰਕਾਰ ਦੀ ਏਜੰਸੀ ਸੀ.ਬੀ.ਆਈ. ਦੇ “ਕਿਸੇ ਸੁਰੱਖਿਅਤ ਥਾਂ” 'ਤੇ “ਸਾਂਭਿਆ ਪਿਆ” ਹੈ ਤਾਂ ਸਮੁੱਚੇ ਸਿੱਖ-ਜਗਤ, ਵਿਦਵਾਨਾਂ, ਬੁੱਧੀਜੀਵੀਆਂ ਤੇ ਸ਼੍ਰੋਮਣੀ ਕਮੇਟੀ ਨੂੰ ਇਕ ਵਾਰ ਫੇਰ ਹੰਭਲਾ ਮਾਰ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕੇਂਦਰੀ ਰੱਖਿਆ ਮੰਤਰੀ, ਨਵੇਂ ਨਿਯੁਕਤ ਹੋਏ ਭਾਰਤੀ ਫੌਜ ਦੇ ਮੁਖੀ ਜਨਰਲ ਬਿਕਰਮ ਸਿੰਘ ਤੇ ਹੋਰ ਸਬੰਧਿਤ ਕੇਂਦਰ ਸਰਕਾਰ ਦੇ ਮੰਤਰਾਂਲਿਆਂ ਕੋਲ ਇਸ ਦੀ ਵਾਪਸੀ ਲਈ ਜ਼ੋਰਦਾਰ ਮੰਗ ਉਠਾਉਣੀ ਚਾਹੀਦੀ ਹੈ। ਉਂਜ, ਇਹ ਗੱਲ ਤਾਂ ਪੱਕੀ ਹੈ ਕਿ ਜੂਨ 1984 ਵਿਚ ਇਸ ਲਾਇਬ੍ਰੇਰੀ ਦੇ ਹੋਏ ਜਾਂ ਜਾਣ ਬੁੱਝ ਕੇ ਕੀਤੇ ਗਏ ਨੁਕਸਾਨ ਨੂੰ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਦੀ ਭਰਪਾਈ ਉਸ ਢੰਗ ਨਾਲ ਹੋ ਸਕਦੀ ਹੈ। ਸਿੱਖ ਜਗਤ ਆਮ ਕਰਕੇ ਅਤੇ ਸਿੱਖ ਵਿਦਵਾਨ ਤੇ ਇਤਿਹਾਸਕਾਰ ਖਾਸ ਕਰਕੇ ਇਸ ਇਤਿਹਾਸਕ ਸਿੱਖ-ਵਿਰਸੇ ਤੋਂ ਬਹੁਤ ਹੱਦ ਤੱਕ ਮਰਹੂਮ ਹੋ ਗਏ ਹਨ। ਸਿੱਖ ਰੈਫਰੈਂਸ ਲਾਇਬ੍ਰੇਰੀ ਜਿਸ ਮੌਜੂਦਾ ਹਾਲਤ ਵਿਚ ਹੁਣ ਹੈ, ਇਸ ਨੂੰ ਕੁਝ ਹੱਦ ਤੀਕ ਭਰਨ ਦੇ ਯਤਨ ਕਰਨੇ ਚਾਹੀਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ-ਲਿਖਤ ਬੀੜਾਂ ਜੇ ਕਿਸੇ ਸੰਸਥਾ, ਡੇਰੇ, ਗੁਰਦੁਆਰੇ ਜਾਂ ਵਿਅਕਤੀ-ਵਿਸ਼ੇਸ਼ ਕੋਲ ਹੋਣ ਤਾਂ ਸ੍ਰੋਮਣੀ ਕਮੇਟੀ ਕੋਸ਼ਿਸ਼ਾਂ ਕਰਕੇ ਉਹ ਹਰ ਹੀਲੇ ਪ੍ਰਾਪਤ ਕਰੇ ਤੇ ਇਸ ਲਾਇਬ੍ਰੇਰੀ ਵਿਚ ਲਿਆਵੇ। ਜਿਵੇਂ ਕਿ ਪਿਛਲੇ ਮਹੀਨੇ ਅਖ਼ਬਾਰ ਵਿਚ ਇਹ ਖ਼ਬਰ ਸੀ ਕਿ ਆਗਰੇ ਵਿਚ ਇਕ ਗੁਰਦੁਆਰਾ ਸਾਹਿਬ ਕੋਲ ਕੁਝ ਹੱਥ-ਲਿਖਤ ਬੀੜਾਂ ਹਨ। ਸ਼੍ਰੋਮਣੀ ਕਮੇਟੀ ਨੂੰ ਇਨ੍ਹਾਂ ਨੂੰ ਲਾਇਬ੍ਰੇਰੀ ਲਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਗੁਰਦੁਆਰਾ ਗੋਇੰਦਵਾਲ ਸਾਹਿਬ ਵਿਚ ਜੋ ਪੁਰਾਤਨ ਬੀੜਾਂ ਸਸਕਾਰ ਲਈ ਆਉਂਦੀਆਂ ਹਨ, ਵਿਚੋਂ ਸਿੱਖ ਵਿਦਵਾਨਾਂ ਦੀ ਸਹਾਇਤਾ ਨਾਲ ਚੰਗੀ ਹਾਲਤ ਵਾਲੀਆਂ ਹੱਥ-ਲਿਖਤ ਬੀੜਾਂ ਦੀ ਚੋਣ ਕੀਤੀ ਜਾ ਸਕਦੀ ਹੈ। ਇਸ ਸਬੰਧੀ ਕੋਸ਼ਿਸ਼ਾਂ ਕਰਕੇ ਹੁਣ ਤੀਕ ਕੁਝ ਬੀੜਾਂ ਲਾਇਬ੍ਰੇਰੀ ਵਿਚ ਪਹੁੰਂਚਾਈਆਂ ਵੀ ਗਈਆਂ ਹਨ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ। ਪੰਜਾਬ ਦੀਆਂ ਅਤੇ ਹੋਰ ਯੂਨੀਵਰਸਿਟੀਆਂ ਤੇ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਵਿਚ ਮੌਜੂਦ ਹੱਥ-ਲਿਖਤ ਖਰੜਿਆਂ ਤੇ ਹੋਰ ਦੁਰਲੱਭ-ਪੁਸਤਕਾਂ ਦੀਆਂ ਡਿਜੀਟਲ ਕਾਪੀਆਂ ਤੇ ਮਾਈਕਰੋ-ਫਿਲਮਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਰੱਖੀਆਂ ਜਾਣ। ਵੱਖ-ਵੱਖ ਯੂਨੀਵਰਸਿਟੀਆਂ ਵੱਲੋਂ ਸਿੱਖ ਧਰਮ, ਇਤਿਹਾਸ ਤੇ ਸੱਭਿਆਚਾਰ ਨਾਲ ਸਬੰਧਿਤ ਐੱਮ.ਫਿਲ. ਤੇ ਪੀ.ਐੱਚ.ਡੀ. ਖੋਜ ਪ੍ਰਬੰਧਾਂ ਦੀਆਂ ਕਾਪੀਆਂ ਇਸ ਲਾਇਬ੍ਰੇਰੀ ਨੂੰ ਭੇਜੀਆਂ ਜਾਣ। ਨੈਸ਼ਨਲ ਆਰਕਾਈਵਜ਼ ਕੋਲਕਾਤਾ, ਖ਼ੁਦਾ ਬਖਸ਼ ਲਾਇਬ੍ਰੇਰੀ ਕੋਲਕਾਤਾ, ਭਾਸ਼ਾ ਵਿਭਾਗ ਪੰਜਾਬ, ਪੰਜਾਬ ਆਰਕਾਈਵਜ਼, ਖਾਲਸਾ ਕਾਲਜ ਅੰਮ੍ਰਿਤਸਰ, ਮਿਸ਼ਨਰੀ ਕਾਲਜਾਂ ਤੇ ਹੋਰ ਕਈ ਪੁਰਾਣੀਆਂ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਤੋਂ ਇਸ ਸਬੰਧੀ ਵਿਸ਼ੇਸ਼-ਸਹਿਯੋਗ ਲਿਆ ਜਾ ਸਕਦਾ ਹੈ।
ਇਨ੍ਹਾਂ ਤੇ ਕੁਝ ਹੋਰ ਅਜਿਹੇ ਯਤਨਾਂ ਨਾਲ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਹੋਏ ਅਣਕਿਆਸੇ ਨੁਕਸਾਨ ਦੀ ਕੁਝ ਹੱਦ ਤੀਕ ਭਰਪਾਈ ਕੀਤੀ ਜਾ ਸਕਦੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸਿੱਖ ਵਿਦਵਾਨਾਂ ਤੇ ਬੁਧੀਜੀਵੀਆਂ ਦੀ ਰਾਇ ਅਤੇ ਉਨ੍ਹਾਂ ਦੇ ਸੁਝਾਅ ਲੈ ਕੇ ਹੋਰ ਸਾਰਥਕ ਯਤਨ ਕਰਨੇ ਚਾਹੀਦੇ ਹਨ। ਕੇਂਦਰ ਸਰਕਾਰ ਤੋਂ ਲਾਇਬ੍ਰੇਰੀ ਸਮੱਗਰੀ ਦੀ ਅਜੇ ਵੀ ਹੋਰ ਆਸ ਰੱਖਣੀ ਹੁਣ ਕਦੇ ਕਦੇ ਫਜ਼ੂਲ ਜਾਪਦੀ ਹੈ। ਇਸ ਦੀ ਬਜਾਏ ਲਾਇਬ੍ਰੇਰੀ ਨੂੰ ਅਜੋਕੀ ਕੰਪਿਊਟਰ ਟੈਕਨਾਲੋਜੀ ਦੀ ਸਹਾਇਤਾ ਨਾਲ ਇਸ ਨੂੰ ਆਧੁਨਿਕ ਤੇ ਪੜ੍ਹਨ-ਸਮੱਗਰੀ ਪੱਖੋਂ ਹੋਰ ਅਮੀਰ ਬਨਾਉਣ ਦੇ ਯਤਨ ਕਰਨੇ ਚਾਹੀਦੇ ਹਨ। 
                                                                                       ਡਾ. ਸੁਖਦੇਵ ਸਿੰਘ ਝੰਡ
647-864-9128

No comments: