Tuesday, May 14, 2013

ਪੰਜਾਬ ਦਾ ਹਿੰਦੀ ਰੰਗ:ਜਿਓਤੀ ਡੰਗ

ਆਮ ਇਨਸਾਨ ਦੇ ਦਰਦ ਨਾਲ ਜੁੜੀ ਲੁਧਿਆਣਾ ਦੀ ਸ਼ਾਇਰਾ 
ਕਹਿਣ, ਸੁਣਨ ਅਤੇ ਦੇਖਣ  ਵਾਲਿਆਂ ਨੂੰ ਭਾਵੇਂ ਪੰਜਾਬ, ਪੰਜਾਬੀ  ਅਤੇ ਹਿੰਦੀ ਵਿੱਚ ਕਿੰਨੀਆਂ ਹੀ ਦੂਰੀਆਂ ਕਿਓਂ ਨਾ ਨਜ਼ਰ ਆਉਂਦੀਆਂ ਹੋਣ ਪਰ ਹਕੀਕਤ ਇਹੀ ਹੈ ਕਿ ਹਿੰਦੀ ਦੇ ਸਾਹਿਤ ਨੂੰ ਅਮੀਰ ਕਰਨ ਵਿੱਚ ਪੰਜਾਬ ਦਾ ਯੋਗਦਾਨ ਕਾਫੀ ਪੁਰਾਣਾ ਹੈ। ਪੰਜਾਬ ਅਤੇ ਹਿੰਦੀ ਦਾ ਰਿਸ਼ਤਾ ਅਟੁੱਟ ਹੈ। ਪੰਜਾਬ ਵਿੱਚ ਕਈ ਕਈ ਵਾਰ ਬਣੇ ਨਾਜ਼ੁਕ ਹਾਲਾਤ ਵੀ ਇਸ ਰਿਸ਼ਤੇ ਨੂੰ ਕਦੇ ਕਮਜ਼ੋਰ ਨਹੀਂ ਕਰ ਸਕੇ। ਖੁਸ਼ੀ ਦੀ ਗੱਲ ਹੈ ਕਿ ਇਸ ਅਮੀਰ ਵਿਰਾਸਤ ਨੂੰ ਅੱਜ ਦੀ ਪੀੜ੍ਹੀ ਵੀ ਬਹੁਤ ਸੰਭਾਲ ਕੇ ਚੱਲ ਰਹੀ ਹੈ। ਦਿਲਚਸਪ ਗੱਲ ਹੈ ਕਿ ਇਸ ਨਵੀਂ ਪੀੜ੍ਹੀ ਵਿੱਚ ਮਹਿਲਾ ਵਰਗ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਰਿਹਾ ਹੈ। ਪੰਜਾਬ ਦੇ ਇਹਨਾਂ ਕਲਮਕਾਰਾਂ ਚੋਂ  ਹੀ ਇੱਕ ਯੁਵਾ ਨਾਮ ਹੈ ਜਿਓਤੀ ਡੰਗ ਦਾ। ਹਿੰਦੀ ਦੇ ਖੇਤਰ ਵਿੱਚ ਲਗਾਤਾਰ ਅਣਥੱਕ ਕੰਮ ਕਰ ਰਹੀ ਸਿੱਖ ਪਰਿਵਾਰ ਨਾਲ ਸਬੰਧਿਤ ਇਸ ਪੰਜਾਬਣ ਕੁੜੀ ਨੂੰ ਹਿੰਦੀ ਨਾਲ ਇਸ਼ਕ ਦੀ ਹੱਦ ਤੱਕ ਲਗਾਓ ਹੈ। ਕਿਤੇ ਵੀ ਕੋਈ ਪ੍ਰੋਗਰਾਮ ਹੋਵੇ ਉਥੇ ਜਿਓਤੀ ਡੰਗ ਦੀ ਮੌਜੂਦਗੀ ਅਕਸਰ ਜ਼ਰੂਰੀ ਸਮਝੀ ਜਾਂਦੀ ਹੈ। ਸਾਰੇ ਰੁਝੇਵੇਂ ਛੱਡ ਕੇ ਸਾਹਿਤਿਕ ਰੁਝਾਨਾਂ ਅਤੇ ਰੁਝੇਵਿਆਂ ਨੂੰ ਪਹਿਲ ਦੇਣਾ ਆਮ ਤੌਰ ਤੇ ਆਸਾਨ ਨਹੀਂ ਹੁੰਦਾ ਪਰ ਜਿਓਤੀ ਹਰ ਵਾਰ ਅਜਿਹਾ ਕਰਦੀ ਹੈ। ਕਦੇ ਅਜਿਹਾ ਨਹੀਂ ਹੋਇਆ ਕਿ ਹਿੰਦੀ ਜਾਂ ਸਾਹਿਤ ਨਾਲ ਸਬੰਧਿਤ ਕੁਝ ਹੋਵੇ ਤਾਂ ਜਿਓਤੀ ਉਥੇ ਨਾ ਪਹੁੰਚੇ। ਸਾਹਿਤਿਕ ਇਕੱਤਰਤਾ ਭਾਵੇਂ ਲੁਧਿਆਣਾ ਵਿੱਚ ਹੋਵੇ, ਭਾਵੇਂ ਜਲੰਧਰ ਵਿੱਚ ਅਤੇ ਭਾਵੇਂ ਕਿਸੇ ਹੋਰ ਥਾਂ---ਜਿਓਤੀ ਦੀ ਕੋਸ਼ਿਸ਼ ਹੁੰਦੀ ਹੈ ਉਹ ਉਥੇ ਜਰੂਰ ਪੁੱਜੇ। ਜਿਓਤੀ ਦੇ ਇਸ ਸਾਹਿਤ ਪ੍ਰੇਮ ਤੋਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ  ਭੁਲੇਖਾ ਨ ਲੱਗੇ ਇਸ ਲਈ ਇਹ ਦੱਸਣਾ ਵੀ ਬਹੁਤ ਜ਼ਰੂਰੀ ਲੱਗਦਾ ਹੈ ਕਿ ਜਿਓਤੀ ਪਰਿਵਾਰ ਦਾ ਵੀ ਪੂਰਾ ਖਿਆਲ ਰੱਖਦੀ ਹੈ। ਪਤੀ ਨੂੰ ਟਾਈਮ ਸਿਰ ਕੰਮ ਤੇ ਭੇਜਣਾ, ਸਕੂਲ ਤੋਂ ਬੱਚਿਆਂ ਦੇ ਘਰ ਪਰਤਣ ਤੋਂ ਪਹਿਲਾਂ ਪਹਿਲਾਂ ਉਹਨਾਂ ਲਈ ਖਾਣਾ ਬਣਾ ਕੇ ਰੱਖਣਾ ਅਤੇ ਕਈ ਹੋਰ ਜ਼ਰੂਰੀ ਕੰਮ ਉਸ ਦੀ ਜੀਵਨ-ਸਾਧਨਾ ਵਿੱਚ ਪਹਿਲ ਦੇ ਅਧਾਰ ਤੇ ਸ਼ਾਮਿਲ ਹੁੰਦੇ ਹਨ। 
ਇਸਦੇ ਨਾਲ ਨਾਲ ਉਹ ਆਮ ਲੋਕਾਂ ਦੀਆਂ ਮੁਸੀਬਤਾਂ, ਉਹਨਾਂ ਦੇ ਦੁੱਖ ਦਰਦ ਅਤੇ ਜਜ਼ਬਾਤਾਂ ਦਾ ਵੀ ਖਿਆਲ ਰੱਖਦੀ ਹੈ। ਮਹਿੰਗਾਈ ਦੀ ਚੱਕੀ 'ਚ ਪਿਸ ਰਹੇ ਆਮ ਇਨਸਾਨ ਦੀ ਗੱਲ ਕਰਦਿਆਂ ਉਹ ਆਖਦੀ ਹੈ-
ਰੋਟੀ ਜੁਟਾਨੇ ਕੇ ਲਿਏ ਰੋਜ਼ ਜੋ ਘਿਸਤਾ ਹੈ ਏੜੀਆਂ 
ਉਸ ਸ਼ਖਸ ਸੇ ਆਪ ਬਸ ਆਟੇ ਕਾ ਭਾਵ ਪੂਛੀਏ!
ਕੰਮਕਾਰ ਦੇ ਬੋਝ ਹੇਠਾਂ ਦੱਬੇ ਵਿਅਕਤੀ ਦਾ ਖੁਦ ਆਪਣੀ ਹੀ ਜ਼ਿੰਦਗੀ, ਆਪਣੇ ਹੀ ਪਰਿਵਾਰ ਅਤੇ ਆਪਣੇ ਹੀ ਨਿੱਤ ਵਰਤੋਂ ਦੇ ਰੂਟੀਨ ਨਾਲ ਸੰਪਰਕ ਕਿਸ ਤਰ੍ਹਾਂ ਘਟ ਜਾਂਦਾ ਹੈ ਇਸਨੂੰ ਓਹੀ ਜਾਂਦੇ ਹਨ ਜਿਹੜੇ ਇਸ ਦੌਰ ਵਿੱਚੋਂ ਲੰਘ ਚੁੱਕੇ ਹਨ ਜਾਂ ਲੰਘ ਰਹੇ ਹਨ। ਕਿਵੇਂ ਅੱਜ ਦਾ ਮਨੁੱਖ ਵਿਰੋਧੀ ਅਰਥਚਾਰਾ ਮਨੁੱਖ ਨੂੰ 24 ਘੰਟੇ ਬਸ ਕੰਮ---ਕੰਮ ਅਤੇ ਸਿਰਫ ਕੰਮ ਵਿੱਚ ਹੀ ਘੇਰੀ ਰੱਖਦਾ ਹੈ।  ਉਹ ਆਪਣੇ ਮਾਤਾ ਪਿਤਾ ਕੋਲ ਵੀ ਦੋ ਘੜੀਆਂ ਨਹੀਂ ਬੈਠ ਸਕਦਾ, ਉਹ ਦੋ ਪਾਲ ਲੈ ਆਪਣੇ ਬੱਚਿਆਂ ਨਾਲ ਗੱਲਬਾਤ ਵੀ ਨਹੀਂ ਕਰ ਸਕਦਾ, ਉਸ ਕੋਲ ਆਪਣੀ ਪਤਨੀ ਨਾਲ ਦੋ ਬੋਲ ਸਾਂਝੇ ਕਰਨ ਦਾ ਵੀ ਵਕ਼ਤ ਨਹੀਂ ਲੱਗਦਾ। ਦੇਰ ਰਾਤ ਨੂੰ ਕੰਮ ਤੋਂ ਘਰ ਆਉਣਾ---ਫਿਰ ਤੜਕੇ ਉਠਕੇ ਮੂੰਹ ਹਨੇਰੇ ਦੋਬਾਰਾ ਕੰਮ ਤੇ ਚਲੇ ਜਾਣਾ----ਕਈ ਵਾਰ ਮੂੰਹ ਧੋਣ ਦਾ ਵੀ ਸਮਾਂ ਨਹੀਂ ਮਿਲਦਾ---ਸਿਖਰਾਂ ਛੂੰਹਦੀ ਮਹਿੰਗਾਈ---24 ਚੋਂ 12-18 ਘੰਟੇ ਕੰਮ ਕਰਕੇ ਮਿਲਦੇ ਥੋਹੜੇ ਬਹੁਤ ਪੈਸੇ----ਬਸ ਉਹ ਕੋਹਲੂ ਦੇ ਬੈਲ ਵਾਂਗ ਸਿਰਫ ਦਾਲ ਰੋਟੀ ਦੁਆਲੇ ਘੁੰਮਦਾ ਰਹਿ ਜਾਂਦਾ ਹੈ। ਜਿੰਦਗੀ ਦੇ ਇਸ ਨਾਜ਼ੁਕ ਅਤੇ ਤਰਸਯੋਗ ਹਾਲਾਤ ਦਾ ਬੜਾ ਹੀ ਸੂਖਮ ਜਿਹਾ ਜ਼ਿਕਰ ਕਰਦਿਆਂ ਉਹ ਕਹਿੰਦੀ ਹੈ--- 
ਸੁਬਹ ਹੀ ਬੇਧੁਲੇ ਮੂੰਹ ਚਲਤੇ ਹੈ ਕਾਮ ਕੋ;
ਬੋਝ ਕਿਤਨਾ ਹੈ ਲਾਸ਼ ਕਾ ਕਿਆ ਆਪ ਪੂਛੀਏ !
ਇਬਾਦਤ, ਖੁਦਾ ਅਤੇ ਜਿੰਦਗੀ ਦੀ ਇੱਕਲ ਨਾਲ ਜੁੜੇ ਜਜਬਾਤਾਂ ਦੀ ਗੱਲ ਕਰਦਿਆਂ ਉਹ ਆਖਦੀ ਹੈ--
ਖੁਦਾ ਕੋ ਕਿਆ ਸਲਾਮ ਖੁਦਾ ਆਈਨੇ ਕੇ ਸਾਮਨੇ;
ਜਿੰਦਗੀ ਕੀ ਇਬਾਦਤ ਕਾ ਨ ਅੰਜਾਮ ਪੂਛੀਏ !
ਕਿਸੇ ਵੇਲੇ ਕਿਸੇ ਸ਼ਾਇਰ ਨੇ ਕਿਹਾ ਸੀ---
ਜਿੰਦਗੀ ਹੈ ਯਾ ਕੋਈ ਤੁਫਾਨ ਹੈ;
ਹਮ ਤੋ ਇਸ ਜੀਨੇ ਕੇ ਹਥੋਂ ਮਰ ਚਲੇ !
ਜਿਓਤੀ ਵੀ ਜਿੰਦਗੀ 'ਚ ਛਾਏ ਅਜਿਹੇ ਹਾਲਾਤ ਬਾਰੇ ਗੱਲ ਕਰਦਿਆਂ ਕਹਿੰਦੀ ਹੈ--
ਖੁਦ ਮੌਤ ਡਰ ਰਹੀ ਹੋ ਆਨੇ ਸੇ ਜਿਸ ਸ਼ਖਸ ਸੇ;
ਖੁਸ਼ੀਓਂ ਕੀ ਆਮਦ ਕਾ ਨ ਕੋਈ ਖਿਆਲ ਪੂਛੀਏ !
ਅੱਜ ਦਾ ਇਨਸਾਨ ਬਸ ਕਹਿਣ ਨੂੰ ਹੀ ਜਿਊਂਦਾ ਰਹਿ ਗਿਆ ਹੈ। ਮੌਤ ਤਾਂ ਬਸ ਇੱਕ ਵਾਰ ਮਾਰਦੀ ਹੈ ਪਰ ਅੱਜ ਦੇ ਆਮ ਸਾਧਾਰਣ ਮਨੁੱਖ ਦੀਆਂ ਮੁਸੀਬਤਾਂ, ਉਸਦੇ ਦੁੱਖ, ਉਸਦੀਆਂ ਮਜਬੂਰੀਆਂ,  ਉਸ ਨੂੰ ਜਿਊਂਦੇ ਜੀਅ ਹੀ ਕਈ ਕਈ ਵਾਰ  ਮਾਰਦੇ ਹਨ। ਬਿਨਾ ਅਗਨੀ ਅਤੇ ਚਿਖਾ ਦੇ ਹੀ ਉਸਨੂੰ ਕਈ ਕਈ ਵਾਰ ਸਾੜਦੇ ਹਨ----- ਤੇ ਜਿਓਤੀ ਇਹਨਾਂ ਸਾਰੀਆਂ ਦੀ ਗੱਲ ਵੀ ਕਰਦੀ ਹੈ।
ਇਸ ਵਾਰ ਅਸੀਂ ਦੇ ਰਹੇ ਹਨ ਉਸ ਦੀ ਹਿੰਦੀ ਸ਼ਾਇਰੀ ਦਾ ਇੱਕ ਸੰਖੇਪ ਜਿਹਾ ਰੰਗ। ਜਲਦੀ ਹੀ ਉਸ ਬਾਰੇ ਵਿਸਥਾਰ ਨਾਲ ਵੀ ਗੱਲ ਕੀਤੀ ਜਾਏਗੀ।-ਰੈਕਟਰ ਕਥੂਰੀਆ 

No comments: