Sunday, April 21, 2013

ਮਜ਼ਦੂਰ ਜੱਥੇਬੰਦੀਆਂ ਕਰਨਗੀਆਂ ਮਈ ਦਿਵਸ ਸੰਮੇਲਨ ਦਾ ਆਯੋਜਨ

ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਵੱਲੋਂ ਤਿਆਰੀਆਂ ਤੇਜ਼ 
ਪੁੱਡਾ ਮੈਦਾਨ ਵਿੱਚ ਹੋਵੇਗਾ ਲਾਮਿਸਾਲ ਵਿਸ਼ਾਲ ਸੰਮੇਲਨ
ਲੁਧਿਆਣਾ: 2 1 ਅਪ੍ਰੈਲ 2013(*ਲਖਵਿੰਦਰ): ਮਈ ਦਿਵਸ ਦੇ ਮਹਾਨ ਦਿਨ ’ਤੇ ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਵੱਲੋਂ ਲੁਧਿਆਣੇ ਦੇ ਪੁੱਡਾ ਮੈਦਾਨ ਵਿੱਚ ਮਈ ਦਿਵਸ ਸੰਮੇਲਨ ਕੀਤਾ ਜਾਵੇਗਾ। ਇਹ ਫੈਸਲਾ ਅੱਜ ਸੁਰਪਾਲ ਪਾਰਕ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਦੋਵਾਂ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਹੋਈ ਸਾਂਝੀ ਮੀਟਿੰਗ ਵਿੱਚ ਕੀਤਾ ਗਿਆ। ਸੰਮੇਲਨ ਵਿੱਚ ਮਈ ਦਿਵਸ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਮੌਜੂਦਾ ਸਮੇਂ ਵਿੱਚ ਜਦ ਮਜ਼ਦੂਰਾਂ-ਕਿਰਤੀਆਂ ਦੀ ਲੁੱਟ-ਖਸੁੱਟ ਤਿੱਖੀ ਹੁੰਦੀ ਜਾ ਰਹੀ ਹੈ, ਮਈ ਦਿਵਸ ਲਹਿਰ ਦੀ ਢੁੱਕਵੀਂ ਪ੍ਰਸੰਗਿਕਤਾ ਬਾਰੇ ਅਤੇ ਇਹਨਾਂ ਹਾਲਾਤਾਂ ਨੂੰ ਬਦਲਣ ਦੇ ਰਾਹ ਬਾਰੇ ਸੰਮੇਲਨ ਵਿੱਚ ਵਿਸਥਾਰ ’ਚ ਗੱਲ ਕੀਤੀ ਜਾਵੇਗੀ। ਸੰਮੇਲਨ ਵਿੱਚ ਇਨਕਲਾਬੀ ਨਾਟਕ ਅਤੇ ਗੀਤ ਵੀ ਪੇਸ਼ ਕੀਤੇ ਜਾਣਗੇ।
ਟੈਕਸਾਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਨੇ ਦੱਸਿਆ ਕਿ ਇੱਕ ਪਰਚਾ ਵੱਡੇ ਪੱਧਰ ’ਤੇ ਮਜ਼ਦੂਰਾਂ ਵਿੱਚ ਵੰਡਿਆ ਜਾਵੇਗਾ, ਮੀਟਿੰਗਾਂ, ਨੁੱਕੜ ਸਭਾਵਾਂ ਆਦਿ ਮਾਧਿਅਮਾਂ ਰਾਹੀਂ ਲੋਕਾਂ ਤੱਕ ਮਈ ਦਿਵਸ ਲਹਿਰ ਦੀਆਂ ਸਿੱਖਿਆਵਾਂ ਨੂੰ ਪਹੁੰਚਾਇਆ ਜਾਵੇਗਾ ਅਤੇ ਉਹਨਾਂ ਨੂੰ ਮਈ ਦਿਵਸ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਈ ਦਿਵਸ ਦੀ ਇਹ ਇਤਿਾਹਾਸਕ ਸਿੱਖਿਆ ਹੈ ਕਿ ਲੁੱਟੇ-ਪੁੱਟੇ ਜਾਂਦੇ ਲੋਕਾਂ ਨੂੰ ਹੱਕ ਉਦੋਂ ਹੀ ਮਿਲਦੇ ਹਨ ਜਦ ਉਹ ਜਾਗਰੂਕ ਹੋ ਕੇ, ਇੱਕਮੁੱਠ ਸੰਘਰਸ਼ ਲੜਦੇ ਹਨ। ਬਿਨਾਂ ਇਕੱਠਿਆਂ ਹੋਇਆਂ, ਬਿਨਾਂ ਸੰਘਰਸ਼ ਕੀਤਿਆਂ, ਬਿਨਾਂ ਕੁਰਬਾਨੀਆਂ ਤੋਂ ਕੋਈਹੱਕ ਨਹੀਂ ਮਿਲਦਾ। ਉਨਾਂ ਕਿਹਾ ਕਿ ਭਾਂਵੇਂ 127 ਵਰਿਆਂ ਤੋਂ ਦੁਨੀਆਂ ਭਰ ਵਿੱਚ ਮਜ਼ਦੂਰਾਂ ਵੱਲੋਂ ਮਨਾਇਆ ਜਾ ਰਿਹਾ ਹੈ ਪਰ ਸਾਡੇ ਦੇਸ਼ ਦੇ ਬਹੁਤੇ ਮਜ਼ਦੂਰ ਇਸ ਦਿਨ ਦੀ ਮਹੱਤਤਾ ਬਾਰੇ ਨਹੀਂ ਜਾਣਦੇ। ਉਹਨਾਂ ਕਿਹਾ ਕਿ ਜਦ ਮਜ਼ਦੂਰਾਂ ਦਾ ਕੰਮ ’ਤੇ ਜਾਣ ਦਾ ਸਮਾਂ ਤਾਂ ਹੁੰਦਾ ਸੀ ਪਰ ਕੰਮ ਤੋਂ ਘਰ ਮੁੜਨ ਦਾ ਕੋਈ ਪੱਕਾ ਸਮਾਂ ਨਹੀਂ ਸੀ, ਮਜ਼ਦੂਰ ਜਦ 14-16 ਘੰਟੇ ਕੰਮ ਕਰਨ ’ਤੇ ਮਜ਼ਬੂਰ ਸਨ, ਮਜ਼ਦੂਰਾਂ ਦੀ ਕੰਮ ਦਿਹਾੜੀ ਜਦ ਕਨੂੰਨੀ ਤੌਰ ’ਤੇ ਤੈਅ ਨਹੀਂ ਕੀਤੀ ਗਈ ਸੀ ਉਸ ਸਮੇਂ ਮਜ਼ਦੂਰਾਂ ਨੇ ਅੱਠ ਘੰਟੇ ਕੰਮ ਦਿਹਾੜੀ ਦਾ ਕਨੂੰਨ ਬਣਵਾਉਣ ਲਈ ਸੰਘਰਸ਼ ਦੀ ਸ਼ੁਰੂਆਤ ਕੀਤੀ। ਭਾਰਤ ਵਿੱਚ ਵੀ 1862 ਵਿੱਚ ਮਜ਼ਦੂਰਾਂ ਨੇ ਇਸ ਮੰਗ ਨੂੰ ਲੈ ਕੇ ਲਾਮਬੰਦੀ ਕੀਤੀ ਸੀ। ਪਰ ਪਹਿਲੀ ਵਾਰ ਵੱਡੇ ਪੱਧਰ ’ਤੇ 1 ਮਈ 1886 ਦੇ ਦਿਨ ਅਮਰੀਕਾ ਵਿੱਚ ਇਸ ਮੰਗ ਨੂੰ ਲੈ ਕੇ ਹੜਤਾਲ ਹੋਈ। ਸ਼ਿਕਾਗੋ ਦੇ ਮਜ਼ਦੂਰਾਂ ਨੂੰ ਸਰਕਾਰ ਦੇ ਬਰਬਰ ਜ਼ੁਲਮ ਦਾ ਸਾਹਮਣਾ ਕਰਨਾ ਪਿਆ। ਪਰ ਮਜ਼ਦੂਰ ਜੁਲਮ ਅੱਗੇ ਨਾ ਝੁਕੇ ਅਤੇ ਸੰਘਰਸ਼ ਕਰਦੇ ਰਹੇ। ਇਹ ਸੰਘਰਸ਼ ਸਾਰੇ ਸੰਸਾਰ ਵਿੱਚ ਫੈਲਿਆ। ਅੱਗੇ ਚੱਲ ਕੇ ਸਾਰੇ ਸੰਸਾਰ ਦੀਆਂ ਸਰਕਾਰਾਂ ਨੂੰ ਅੱਠੇ ਘੰਟੇ ਕੰਮ ਦਿਹਾੜੀ ਦਾ ਕਨੂੰਨ ਬਣਾਉਣ ਪਿਆ। ‘‘ਕਮਿੳੂਨਿਸਟ ਇੰਟਰਨੈਸਨਲ’’ ਦੇ ਐਲਾਨ ਤੋਂ ਬਾਅਦ ਸੰਨ 1890 ਤੋਂ 1 ਮਈ ਦਾ ਦਿਨ ਹਰ ਸਾਲ ਕੌਮਾਂਤਰੀ ਮਜ਼ਦੂਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। 
ਰਾਜਵਿੰਦਰ ਨੇ ਕਿਹਾ ਕਿ ਮਜ਼ਦੂਰਾਂ ਨੇ ਜਿਹੜੇ ਹੱਕ ਅਣਗਿਣਤ ਕੁਰਬਾਨੀਆਂ ਰਾਹੀਂ ਹਾਸਲ ਕੀਤੇ ਸਨ ਉਹ ਫਿਰ ਤੋਂ ਦੁਨੀਆਂ ਭਰ ਵਿੱਚ ਖੋਹੇ ਜਾ ਰਹੇ ਹਨ। ਸਾਡੇ ਦੇਸ਼ ਵਿੱਚ 93 ਪ੍ਰਤੀਸ਼ਤ ਮਜ਼ਦੂਰ ਉਹ ਹਨ ਜਿਹਨਾਂ ਨੂੰ ਕੰਮ ਥਾਂਵਾਂ ’ਤੇ ਕਨੂੰਨੀ ਹੱਕ ਹਾਸਲ ਨਹੀਂ ਹੁੰਦੇ। ਨਾ ਤਾਂ ਉਹਨਾਂ ਨੂੰ 8 ਘੰਟੇ ਕੰਮ ਦਿਹਾੜੀ ਦਾ ਹੱਕ ਹਾਸਲ ਹੈ ਅਤੇ ਨਾ ਹੀ ਘੱਟੋ-ਘੱਟ ਤਨਖਾਹ, ਪਹਿਚਾਣ ਕਾਰਡ, ਹਾਜਰੀ ਕਾਰਡ, ਈ.ਐਸ.ਆਈ, ਈ.ਪੀ.ਐਫ., ਹਾਦਸਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਦੇ ਪ੍ਰਬੰਧ, ਹਾਦਸੇ ਜਾਂ ਬਿਮਾਰੀਆਂ ਹੋਣ ਦੀ ਸੂਰਤ ਵਿੱਚ ਮੁਆਵਜਾ, ਹਫਤਾਵਾਰ ਅਤੇ ਹੋਰ ਛੁੱਟੀਆਂ ਸਮੇਤ ਲਗਭਗ ਸਾਰੇ ਕਨੂੰਨੀ ਹੱਕ ਹਾਸਲ ਨਹੀਂ ਹਨ। ਉਹਨਾਂ ਕਿਹਾ ਕਿ ਇਹ ਹੱਕ ਜੇਕਰ ਲਾਗੂ ਹੋ ਜਾਣ ਤਾਂ ਕੁਝ ਹੱਦ ਤੱਕ ਮਜ਼ਦੂਰਾਂ ਨੂੰ ਰਾਹਤ ਮਿਲ ਸਕਦੀ ਹੈ। ਪਰ ਦੇਸ਼ ਦੀ ਸਰਮਾਏਦਾਰ ਜਮਾਤ ਇਹ ਹੱਕ ਵੀ ਉਹਨਾਂ ਨੂੰ ਦੇਣ ਨੂੰ ਤਿਆਰ ਨਹੀਂ। ਮਈ ਦਿਵਸ ਲਹਿਰ ਤੋਂ ਪ੍ਰੇਰਣਾ ਅਤੇ ਸਿੱਖਿਆ ਲੈ ਕੇ ਦੇਸ਼ ਦੀ ਮਜ਼ਦੂਰ ਜਮਾਤ ਨੂੰ ਹੱਕ ਹਾਸਲ ਕਰਨ ਲਈ ਵੱਡੇ ਪੱਧਰ ’ਤੇ ਲਾਮਬੰਦੀ ਕਰਨੀ ਹੋਵੇਗੀ। ਉਹਨਾਂ ਕਿਹਾ ਕਿ ਜਿਵੇਂ ਜਿਵੇਂ ਮੌਜੂਦਾ ਸਰਮਾਏਦਾਰੀ ਪ੍ਰਬੰਧ ਦਾ ਦੇਸ਼ ਅਤੇ ਸੰਸਾਰ ਪੱਧਰ ’ਤੇ ਆਰਥਿਕ ਸੰਕਟ ਵੱਧਦਾ ਜਾ ਰਿਹਾ ਹੈ, ਜਿਵੇਂ ਜਿਵੇਂ ਲੋਕਾਂ ’ਤੇ ਆਰਥਿਕ ਬੋਝ ਵਧਾਇਆ ਜਾ ਰਿਹਾ ਹੈ, ਜਿਵੇਂ ਜਿਵੇਂ ਲੋਕਾਂ ਵਿੱਚ ਰੋਹ ਵੱਧਦਾ ਜਾ ਰਿਹਾ ਤਿਵੇਂ ਤਿਵੇਂ ਲੋਕਾਂ ਨੂੰ ਧਰਮ, ਜਾਤ, ਖੇਤਰ, ਕੌਮ ਆਦਿ ਦੇ ਨਾਂ ’ਤੇ ਵੰਡਣ ਅਤੇ ਕਿਰਤੀ ਲੋਕਾਂ ਨੂੰ ਆਪਸ ਵਿੱਚ ਲੜਾਉਣ-ਮਰਾਉਣ ਦੀਆਂ ਸਾਜਿਸ਼ਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ਸਮੇਂ ਵਿੱਚ ਮਈ ਦਿਵਸ ਦੀਆਂ ਸਿਖਿਆਵਾਂ ਨੂੰ ਮਜ਼ਦੂਰਾਂ-ਕਿਰਤੀਆਂ ਵਿੱਚ ਲੈ ਕੇ ਜਾਣਾ ਸਮੇਂ ਦੀ ਅਣਸਰਦੀ ਲੋੜ ਹੈ। 
ਰਾਜਵਿੰਦਰ ਨੇ ਕਿਹਾ ਕਿ ਸਾਰੇ ਮਜ਼ਦੂਰਾਂ, ਕਿਰਤੀਆਂ, ਇਨਸਾਫ਼ਪਸੰਦ ਲੋਕਾਂ ਨੂੰ ਮਈ ਦਿਵਸ ਸੰਮੇਲਨ ਵਿੱਚ ਪਹੁੰਚਣ  ਦੀ ਅਪੀਲ ਹੈ।
 
*ਲਖਵਿੰਦਰ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਹਨ ਅਤੇ ਅੱਜਕਲ੍ਹ ਜਨਤਕ ਲਾਮਬੰਦੀ ਦੇ ਐਕਸ਼ਨਾਂ ਵਿੱਚ ਬਹੁਤ ਸਰਗਰਮ ਹਨ ਉਹਨਾਂ ਨਾਲ ਮੋਬਾਈਲ ਫੋਨ ਤੇ ਸੰਪਰਕ ਕਰਨ ਲਈ ਨੰਬਰ ਹੈ--- 9646150249

No comments: