Tuesday, April 30, 2013

ਦੋ ਰੋਜ਼ਾ ਕੁਲਹਿੰਦ ਪੰਜਾਬੀ ਕਾਨਫਰੰਸ ਅੱਜ ਤੋਂ

ਪੱਤਰਕਾਰ ਸਤਿਨਾਮ ਸਿੰਘ ਮਾਣਕ ਵੀ ਪ੍ਰਮੁੱਖ ਸ਼ਖਸੀਅਤਾਂ ਵਿਚ ਸ਼ਾਮਲ
ਉਪ ਕੁਲਪਤੀ ਡਾ. ਜਸਪਾਲ ਸਿੰਘ ਕਾਨਫਰੰਸ ਬਾਰੇ
ਜਾਣਕਾਰੀ ਦਿੰਦੇ ਹੋਏ (ਫੋਟੋ: ਭੰਗੂ)
ਰੋਜ਼ਾਨਾ ਪੰਜਾਬੀ ਟ੍ਰਿਬਿਊਨ ਨੇ ਡੇਟਲਾਈਨ ਪਟਿਆਲਾ (29 ਅਪਰੈਲ) ਤੋਂ ਆਪਣੇ ਖੇਤਰੀ ਪ੍ਰਤੀਨਿਧ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 30 ਅਪਰੈਲ ਤੋਂ ਦੋ ਰੋਜ਼ਾ ਛੇਵੀਂ ਸਰਬ ਭਾਰਤੀ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ  ਹੈ। ਆਪਣੇ ਸਥਾਪਨਾ ਦਿਵਸ ਦੇ ਮੌਕੇ ਕਰਵਾਈ ਜਾ ਰਹੀ ਇਸ ਕਾਨਫਰੰਸ ਦਾ ਉਦਘਾਟਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ।

ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਮਹਿਮਾਨਾ ਵਜੋਂ ਸ਼ਿਰਕਤ ਕਰਨਗੇ। ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਸਾਬਕਾ  ਡਾਇਰੈਕਟਰ ਡਾ. ਸੀ ਆਰ ਮੋਦਗਿੱਲ ਇਸ ਮੋਕੇ ਕੁੰਜੀਵਤ ਭਾਸ਼ਣ ਦੇਣਗੇ।
ਇਸ ਤੋਂ ਇਲਾਵਾ ਸਾਬਕਾ ਐਮ ਪੀ ਤਰਲੋਚਨ ਸਿੰਘ, ਭਾਸ਼ਾ ਵਿਭਾਗ ਦੀ ਡਾਇਰੈਕਟਰ ਡਾ. ਬਲਬੀਰ ਕੌਰ ਅਤੇ ਪੱਤਰਕਾਰ ਸਤਿਨਾਮ ਸਿੰਘ ਮਾਣਕ ਪ੍ਰਮੁੱਖ ਸ਼ਖਸੀਅਤਾਂ ਵਿਚ ਸ਼ਾਮਲ ਹੋਣਗੇ ਜਦਕਿ ਇਸ ਮੌਕੇ ਫਿਲਮ ਜਗਤ ਦੇ ਧਰੂ ਤਾਰਾ ਮੇਹਰ ਮਿੱਤਲ, ਮਰਹੂਮ ਜਸਪਾਲ ਭੱਟੀ ਦੇ ਪਰਿਵਾਰ ਸਮੇਤ ਕੁਝ ਹੋਰ ਅਹਿਮ ਹਸਤੀਆਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ।
ਇਸ ਕਾਨਫਰੰਸ ਦੇ ਚੀਫ ਕੋਆਰਡੀਨੇਟਰ ਡਾ. ਜੋਧ ਸਿੰਘ, ਕੋ- ਕੋਆਰਡੀਨੇਟਰ ਡਾ. ਜੋਗਾ ਸਿੰਘ ਅਤੇ ਡਾ. ਬਲਦੇਵ ਸਿੰਘ ਚੀਮਾ ਨੂੰ ਬਣਾਇਆ ਗਿਆ ਹੈ। ਇਸ ਮੌਕੇ ਰਜਿਸਟਰਾਰ ਡਾ. ਏ.ਐਸ. ਚਾਵਲਾ, ਐਫ.ਓ. ਡਾ. ਬਲਜੀਤ ਸਿੰਘ ਸਿੱਧੂ, ਵਰਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ, ਐਨ.ਐਸ.ਐਸ. ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ, ਡਾਇਰੈਕਟਰ ਯੋਜਨਾ ਤੇ ਨਿਰੀਖਣ ਡਾ. ਦਵਿੰਦਰ ਸਿੰਘ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਮੁਖੀ ਡਾ. ਜਸਬੀਰ ਕੌਰ, ਸਾਬਕਾ ਮੁਖੀ ਡਾ. ਅਮਰਜੀਤ ਕੌਰ ਤੇ ਡਾ. ਧਨਵੰਤ ਕੌਰ, ਡੀਨ ਅਲੂਮਨੀ ਡਾ. ਜਸਵਿੰਦਰ ਸਿੰਘ ਅਤੇ ਯੂਥ ਵੈਲਫੇਅਰ ਦੇ ਡਾਇਰੈਕਟਰ ਡਾ. ਸਤੀਸ਼ ਵਰਮਾ ਆਦਿ ਵੀ ਮੌਜੂਦ ਸਨ।





No comments: