Saturday, April 27, 2013

ਸਟੇਸ਼ਨ ਦਾ ਨਾਂ ‘ਪਪੜੌਦੀ ਮੰਟੋ ਵਾਲੀ’ ਰੱਖਿਆ ਜਾਵੇ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੁਰਜ਼ੋਰ ਮੰਗ
ਸਆਦਤ ਹਸਨ ਮੰਟੋ ਦੀ ਯਾਦ ਵਿਚ ਸਮਰਾਲਾ ਵਿਖੇ ਆਡੀਟੋਰੀਅਲ ਉਸਾਰਨ ਦੀ ਵੀ ਮੰਗ
Courtesy Photo
ਲੁਧਿਆਣਾ : 27 ਅਪ੍ਰੈਲ (ਪੰਜਾਬ ਸਕਰੀਨ//ਡਾ. ਗੁਲਜ਼ਾਰ ਸਿੰਘ ਪੰਧੇਰ):ਸਆਦਤ ਹਸਨ ਮੰਟੋ ਦੇ ਨਾਂ ਤੇ ਉਨਾਂ ਦੇ ਜੱਦੀ ਪਿੰਡ ਪਪੜੌਦੀ ਵਿਚੋਂ ਲੰਘਦੀ ਰੇਲਵੇ ਲਾਈਨ ’ਤੇ ਬਣੇ ਸਟੇਸ਼ਨ ਦਾ ਨਾਂ ‘ਪਪੜੌਦੀ ਮੰਟੋ ਵਾਲੀ’ ਰੱਖਣ ਸੰਬੰਧੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੁਰਜ਼ੋਰ ਮੰਗ ਕੀਤੀ ਗਈ ਹੈ। ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮੰਟੋ ਉਰਦੂ ਭਾਸ਼ਾ ਦੇ ਨਾਮਵਰ ਕਥਾਕਾਰ ਤਾਂ ਸਨ ਹੀ ਉਹ ਉਦਾਰਵਾਦੀ, ਮਾਨਵਵਾਦੀ ਸੋਚ ਵਾਲੇ ਵੱਡੇ ਚਿੰਤਕ ਵੀ ਸਨ। ਉਨਾਂ ਦੀਆਂ ਲਿਖਤਾਂ ਧਾਰਮਿਕ ਜਨੂੰਨ ਦੀ ਸੰਪਰਦਾਇਕਤਾ ਦਾ ਵਿਰੋਧ ਕਰਕੇ ਆਪਸੀ ਰਵਾਦਾਰੀ ਵਾਲੀ ਧਰਮ ਨਿਰਪੱਖ ਸੋਚ ਨੂੰ ਬੁਲੰਦ ਕੀਤਾ। ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਹੋਰਾਂ ’ਚ ਆਖਿਆ ਹੈ ਕਿ ਮੰਟੋ ਨੇ ਇੰਡੋ ਪਾਕਿ ਵੰਡ ਨੂੰ ਸਵੀਕਾਰ ਨਹੀਂ ਸੀ ਕੀਤਾ ਅਤੇ ਬੜੀ ਬੁਲੰਦ ਸੁਰ ਵਿਚ ਇਸ ਖਿੱਤੇ ਦੀਆਂ ਸੈਕੂਲਰ ਰਵਾਇਤਾਂ ਦੀ ਵਕਾਲਤ ਕੀਤੀ ਸੀ। ਉਨਾਂ ਕਿਹਾ ਕਿ ਪਿੰਡ ਪਪੜੌਦੀ ਅਤੇ ਸਮਰਾਲਾ ਖਿੱਤੇ ਦੇ ਲੋਕਾਂ ਵਲੋਂ ਸਮਰਾਲਾ ਵਿਖੇ ਅਕਾਡਮੀ ਦੇ ਮੰਟੋ ਸ਼ਤਾਬਦੀ ਸਮਾਗਮ ਸਮੇਂ ਲੋਕਾਂ ਨੇ ਮੰਗ ਕੀਤੀ ਸੀ ਕਿ ਸੰਬੰਧਿਤ ਰੇਲਵੇ ਸਟੇਸ਼ਨ ਦਾ ਨਾਂ ‘ਪਪੜੌਦੀ ਮੰਟੋ ਵਾਲੀ’ ਕੀਤਾ ਜਾਵੇ। ਹੁਣ ਮੋਰਿੰਡਾ-ਲੁਧਿਆਣਾ ਰੇਲ ਮਾਰਗ ’ਤੇ ਕਸਬਾ ਸਮਰਾਲਾ ਲਈ ਜਿਹੜਾ ਰੇਲਵੇ ਸਟੇਸ਼ਨ ਬਣਿਆ ਹੈ ਉਹ ਪਿੰਡ ਪਪੜੌਦੀ ਵਿਚ ਪੈਂਦਾ ਹੈ। ਸੋ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਰੇਲਵੇ ਮੰਤਰਾਲਯ, ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਪਵਨ ਬਾਂਸਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਉਸ ਖਿੱਤੇ ਦੇ ਲੋਕਾਂ ਦੀਆਂ ਅਤੇ ਲੇਖਕਾਂ ਦੀਆਂ ਭਾਵਨਾਵਾਂ ਦਾ ਖਿਆਲ ਕਰਦੇ ਹੋਏ ਪਪੜੌਦੀ ਵਾਲੇ ਰੇਲਵੇ ਸਟੇਸ਼ਨ ਦਾ ਨਾਂ ਸਆਦਤ ਹਸਨ ਮੰਟੋ ਦੇ ਨਾਂ ’ਤੇ ‘ਪਪੜੌਦੀ ਮੰਟੋ ਵਾਲੀ’ ਰੱਖਣ ਦੀ ਮੰਗ ਕੀਤੀ ਹੈ।

*ਡਾ. ਗੁਲਜ਼ਾਰ ਸਿੰਘ ਪੰਧੇਰ ਉਘੇ ਲੇਖਕ, ਸਮਾਜ ਚਿੰਤਕ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈੱਸ ਸਕੱਤਰ ਹਨ ---------


No comments: