Saturday, April 27, 2013

ਗੁਰਦੁਆਰਾ ਸ਼ਹੀਦੀ ਯਾਦਗਾਰ 1984

ਟਕਸਾਲ ਮੁਖੀ ਵੱਲੋਂ ਜਥੇ. ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਚਾਬੀਆਂ ਭੇਟ
ਕਾਰ ਸੇਵਾ ਸਮੇਂ ਪੁਰਾਤਨਤਾ ਹਰ ਹੀਲੇ ਕਾਇਮ ਰੱਖੀ ਜਾਵੇਗੀ –ਜਥੇ. ਅਵਤਾਰ ਸਿੰਘ
ਅੰਮ੍ਰਿਤਸਰ 27 ਅਪ੍ਰੈਲ :- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਫੌਜੀ ਹਮਲਾ ਕਰਵਾ ਕੇ ਤੋਪਾਂ ਤੇ ਟੈਂਕਾਂ ਨਾਲ ਢਹਿ ਢੇਰੀ ਕੀਤਾ ਗਿਆ। ਇਸ ਸਾਕੇ ਦੌਰਾਨ ਅਨੇਕਾਂ ਸਿੰਘਾਂ ਸਿੰਘਣੀਆਂ ਸ਼ਹੀਦ ਹੋ ਗਏ, ਉਨ੍ਹਾਂ ਸਮੂਹ ਸ਼ਹੀਦਾਂ ਦੀ ਯਾਦ 'ਚ ਉਸਾਰਿਆ ਗੁਰਦੁਆਰਾ ਸ਼ਹੀਦੀ ਯਾਦਗਾਰ 1984 ਦੀ ਸੇਵਾ ਮੁਕੰਮਲ ਹੋਣ ਉਪਰੰਤ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਵਲੋਂ ਸੇਵਾ ਸੰਭਾਲ ਲਈ ਚਾਬੀਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਤੇ ਭਾਈ ਸਤਿੰਦਰਬੀਰ ਸਿੰਘ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅਰਦਾਸ ਭਾਈ ਗੁਰਚਰਨ ਸਿੰਘ ਅਰਦਾਸੀਏ ਵੱਲੋਂ ਕੀਤੀ ਗਈ ਅਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ ਮੀਤ ਜਥੇਦਾਰ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨੰਦੇੜ੍ਹ, ਸਿੰਘ ਸਾਹਿਬ ਗਿਆਨੀ ਗੁਰਮੁੱਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ ਤੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਮੌਜੂਦ ਸਨ। 
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਫਰਜ਼ਾਂ ਤਹਿਤ ਇਤਿਹਾਸਕ ਅਸਥਾਨਾਂ ਦੀ ਸਾਂਭ-ਸੰਭਾਲ ਪਹਿਲ ਦੇ ਅਧਾਰ 'ਤੇ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਕਿਸੇ ਵੀ ਅਸਥਾਨ ਦੀ ਸੇਵਾ ਸ਼ੁਰੂ ਕਰਨ ਸਮੇਂ ਉਸ ਅਸਥਾਨ ਦੀ ਪੁਰਾਤਨ ਮਹੱਤਤਾ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਚਮਕੌਰ ਦੀ ਕੱਚੀ ਗੜ੍ਹੀ ਤੇ ਠੰਡੇ ਬੁਰਜ ਦੀ ਪੁਰਾਤਨਤਾ ਕਾਇਮ ਰਹਿੰਦੀ ਤਾਂ ਅੱਜ ਸਿੱਖ ਕੌਮ ਦਾ ਇਤਿਹਾਸ ਹੀ ਕੁਝ ਹੋਰ ਹੁੰਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਹਿਮ ਫੈਸਲਾ ਕੀਤਾ ਹੈ ਕਿ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਤੇ ਠੰਡਾ ਬੁਰਜ ਨੂੰ ਪੁਰਾਤਨ ਰੂਪ 'ਚ ਉਸਾਰਿਆ ਜਾਵੇਗਾ। ਦੀਵਾਨ ਟੋਡਰ ਮੱਲ ਦੀ ਹਵੇਲੀ ਜੋ ਕਿਸੇ ਨੇ ਖ੍ਰੀਦ ਲਈ ਸੀ ਉਸ ਨੂੰ ਪ੍ਰੇਰ ਕੇ ਉਸ ਕੋਲੋਂ ਵਾਪਸ ਲੈ ਲਈ ਗਈ ਹੈ ਤੇ ਉਸਦੀ ਵੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।
ਜਥੇਦਾਰ ਅਵਤਾਰ ਸਿੰਘ ਭਾਵਪੂਰਤ ਸ਼ਬਦਾਂ ਨਾਲ ਕਿਹਾ ਕਿ ਸ਼ਹੀਦ ਕੌਮ ਦਾ ਅਨਮੋਲ ਖਜ਼ਾਨਾਂ ਹਨ ਜਿਹੜੀਆਂ ਕੌਮਾਂ ਸ਼ਹੀਦਾਂ ਨੂੰ ਵਿਸਾਰਦੀਆਂ ਹਨ ਉਹ ਇਤਿਹਾਸ ਦੇ ਨਕਸ਼ੇ ਤੋਂ ਸਦਾ ਲਈ ਮਿਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਦੀ ਮੰਗ ਨੂੰ ਪੂਰਾ ਕਰਦਿਆਂ ਸ਼੍ਰੋਮਣੀ ਕਮੇਟੀ ਨੇ ੧੯੮੪ ਦੇ ਫੌਜੀ ਹਮਲੇ ਸਮੇਂ ਵੱਡੀ ਗਿਣਤੀ ਵਿਚ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ, ਭੁਝੰਗੀਆਂ ਦੀ ਯਾਦ 'ਚ ਸ਼ਹੀਦੀ ਯਾਦਗਾਰ ੧੯੮੪ ਸਥਾਪਤ ਕਰਨ ਦਾ ਅਹਿਮ ਫੈਸਲਾ ਕੀਤਾ ਸੀ ਜਿਸਦੀ ਕਾਰ ਸੇਵਾ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੂੰ ਸੌਂਪੀ ਗਈ। ਬਾਬਾ ਹਰਨਾਮ ਸਿੰਘ ਖਾਲਸਾ ਨੇ ਗੁਰਦੁਆਰਾ ਸ਼ਹੀਦੀ ਯਾਦਗਾਰ ੧੯੮੪ ਦੀ ਸੇਵਾ ਥੋੜ੍ਹੇ ਸਮੇਂ 'ਚ ਮੁਕੰਮਲ ਕਰਕੇ ਅੱਜ ਕੌਮ ਨੂੰ ਸਮਰਪਿਤ ਕਰਦਿਆਂ ਸੇਵਾ ਸੰਭਾਲ ਲਈ ਚਾਬੀਆਂ ਸੌਂਪ ਦਿੱਤੀਆਂ ਹਨ। ਇਸ ਲਈ ਮੈਂ ਬਾਬਾ ਹਰਨਾਮ ਸਿੰਘ ਦਾ ਕੋਟਾਨਿ-ਕੋਟਿ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕਰਵਾਈ ਸੇਵਾ ਨੂੰ ਮੁੱਖ ਰੱਖਦਿਆਂ ਨੌਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨ ਗੁਰਦੁਆਰਾ ਥੜ੍ਹਾ ਸਾਹਿਬ ਦੀ ਕਾਰ ਸੇਵਾ ਵੀ ਇਨ੍ਹਾਂ ਨੂੰ ਸੌਂਪੀ ਗਈ ਹੈ ਤੇ ਆਸ ਹੈ ਕਿ ਸ਼ਹੀਦੀ ਯਾਦਗਾਰ ਵਾਂਗ ਜਲਦੀ ਹੀ ਗੁਰਦੁਆਰਾ ਥੜ੍ਹਾ ਸਾਹਿਬ ਦੀ ਪੁਰਾਤਨਤਾ ਨੂੰ ਕਾਇਮ ਰੱਖਦਿਆਂ ਬਹੁਤ ਸੁੰਦਰ ਇਮਾਰਤ ਤਿਆਰ ਕਰਨਗੇ। ਇਸ ਮੌਕੇ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਲੋਈ,ਸਿਰੋਪਾਉ, ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜੂਨ ੧੯੮੪ 'ਚ ਭਾਰਤੀ ਫੌਜ ਵੱਲੋਂ ਸਮੇਂ ਸਰਕਾਰ ਦੇ ਹੁਕਮ ਨਾਲ ਸਿੱਖ ਕੌਮ ਦੇ ਜਾਨ ਤੋਂ ਵੀ ਪਿਆਰੇ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉਪਰ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਬੇਰਹਿਮੀ ਤੇ ਜ਼ੁਲਮ ਦੇ ਹੱਦ ਬੰਨੇ ਟੱਪਦਿਆਂ ਸ਼ਹੀਦ ਕਰ ਦਿੱਤਾ। 
ਉਨ੍ਹਾਂ ਕਿਹਾ ਕਿ ਇਸ ਹਮਲੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ 'ਚ ਗੋਲੀਆਂ ਮਾਰੀਆਂ ਗਈਆ ਜੋ ਅੱਜ ਵੀ ਤੋਸ਼ੇਖਾਨੇ ਵਿਚ ਮੌਜੂਦ ਹੈ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਨੂੰ ਨਾ-ਸਹਾਰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ 'ਚ ਬਹੁਤ ਸਾਰੇ ਸਿੰਘਾਂ ਨੇ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਸਦੀਵੀਂ ਕਾਇਮ ਰੱਖਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ 'ਚ ਅੰਤ੍ਰਿੰਗ ਕਮੇਟੀ ਨੇ ਸ਼ਹੀਦੀ ਦੀ ਯਾਦ 'ਚ ਗੁਰਦੁਆਰਾ ਸ਼ਹੀਦ ਯਾਦਗਾਰ ਬਣਾਉਣ ਦਾ ਅਹਿਮ ਫੈਸਲਾ ਕੀਤਾ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕਾਰ ਸੇਵਾ ਦਮਦਮੀ ਟਕਸਾਲ ਨੂੰ ਸੌਂਪੀ, ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤਕਰੀਬਨ ਸਾਢੇ ਨੌਂ ਮਹੀਨੇ ਵਿਚ ਹੀ ਯਾਦਗਾਰ ਦੀ ਸੇਵਾ ਮੁਕੰਮਲ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਕੌਮ ਦੀ ਚਿਰਕੋਣੀ ਮੰਗ ਅੱਜ ਪੂਰੀ ਹੋ ਗਈ ਹੈ। ਜਿਸ ਲਈ ਮੈਂ ਸਾਰੇ ਸਿੰਘ ਸਾਹਿਬਾਨਾਂ ਵੱਲੋਂ ਬਾਬਾ ਹਰਨਾਮ ਸਿੰਘ ਖਾਲਸਾ, ਜਥੇਦਾਰ ਅਵਤਾਰ ਸਿੰਘ ਪ੍ਰਧਾਨ ਦਾ ਧੰਨਵਾਦੀ ਹਾਂ। ਮੰਚ ਦੀ ਸੇਵਾ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇ ਨਿਭਾਈ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ। 
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਮੋਹਨ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਸ. ਰਜਿੰਦਰ ਸਿੰਘ ਮਹਿਤਾ ਤੇ ਸ. ਗੁਰਬਚਨ ਸਿੰਘ ਕਰਮੂੰਵਾਲ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਚਰਨਜੀਤ ਸਿੰਘ, ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਮਨਜੀਤ ਸਿੰਘ, ਸ. ਗੁਰਚਰਨ ਸਿੰਘ ਗਰੇਵਾਲ, ਸ. ਭਗਵੰਤ ਸਿੰਘ ਸਿਆਲਕਾ, ਸ. ਨਿਰਮਲ ਸਿੰਘ ਘਰਾਚੋ, ਸ. ਜਰਨੈਲ ਸਿੰਘ ਡੋਗਰਾਵਾਲਾ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਹਰਦਲਬੀਰ ਸਿੰਘ ਸ਼ਾਹ, ਸ. ਅਮਰਜੀਤ ਸਿੰਘ ਚਾਵਲਾ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਬਿਕਰਮਜੀਤ ਸਿੰਘ ਕੋਟਲਾ, ਸ. ਰੇਸ਼ਮ ਸਿੰਘ ਤੇ ਸ. ਗੁਰਪ੍ਰੀਤ ਸਿੰਘ ਰੰਧਾਵਾ, ਸ. ਸਵਿੰਦਰ ਸਿੰਘ ਸਭਰਵਾਲ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਸ. ਰੂਪ ਸਿੰਘ ਤੇ ਸ. ਤਰਲੋਚਨ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ ਤੇ ਸ. ਬਲਵਿੰਦਰ ਸਿੰਘ ਜੌੜਾ ਐਡੀ: ਸਕੱਤਰ, ਸ. ਸੁਖਦੇਵ ਸਿੰਘ, ਸ. ਕੇਵਲ ਸਿੰਘ, ਸ. ਬਿਜੈ ਸਿੰਘ, ਸ. ਪ੍ਰਮਜੀਤ ਸਿੰਘ ਸਰੋਆ, ਸ. ਗੁਰਚਰਨ ਸਿੰਘ ਘਰਿੰਡਾ ਤੇ ਸ. ਜਗਜੀਤ ਸਿੰਘ (ਸਾਰੇ ਮੀਤ ਸਕੱਤਰ), ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਹਰਮਿੰਦਰ ਸਿੰਘ ਮੂਧਲ ਸੁਪ੍ਰਡੈਂਟ, ਸ. ਗੁਰਿੰਦਰ ਸਿੰਘ ਮਥਰੇਵਾਲ ਤੇ ਸ. ਸਤਨਾਮ ਸਿੰਘ ਮਾਗਾਸਰਾਏ ਐਡੀ: ਮੈਨੇਜਰ, ਸ. ਇਕਬਾਲ ਸਿੰਘ ਮੁਖੀ ਕਿਉਰੇਟਰ ਕੇਂਦਰੀ ਸਿੱਖ ਅਜਾਇਬ ਘਰ, ਭਾਈ ਈਸਰ ਸਿੰਘ ਤੇ ਭਾਈ ਇੰਦਰਜੀਤ ਸਿੰਘ ਸਪੁੱਤਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਬੀਬੀ ਅਮਰੀਕ ਕੌਰ ਸੁਪਤਨੀ ਸ਼ਹੀਦ ਭਾਈ ਅਮਰੀਕ ਸਿੰਘ, ਬਾਬਾ ਮੇਜਰ ਸਿੰਘ ਵਾਂ, ਬਾਪੂ ਤਰਲੋਕ ਸਿੰਘ ਅਗਵਾਨ, ਭਾਈ ਬਲਦੇਵ ਸਿੰਘ ਮੁਖੀ ਅਖੰਡ ਕੀਰਤਨੀ ਜਥਾ, ਸ. ਬਲਦੇਵ ਸਿੰਘ ਸਿਰਸਾ, ਸੰਤ ਚਰਨਜੀਤ ਸਿੰਘ ਜੱਸੋਵਾਲ, ਸੰਤ ਬਾਬਾ ਸੁੱਚਾ ਸਿੰਘ ਤੇ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ, ਬਾਬਾ ਲਖਬੀਰ ਸਿੰਘ ਰਤਵਾੜਾ, ਬਾਬਾ ਗੁਰਦੀਪ ਸਿੰਘ ਯੂ.ਪੀ., ਸ. ਮਨਜੀਤ ਸਿੰਘ ਜੀ.ਕੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਮਨਜਿੰਦਰ ਸਿੰਘ ਜਨਰਲ ਸਕੱਤਰ, ਬਾਬਾ ਜਸਵੰਤ ਸਿੰਘ ਗੁਰਦੁਆਰਾ ਨਾਨਕਸਰ ਸਮਰਾਲਾ, ਭਾਈ ਅਮਰੀਕ ਸਿੰਘ ਇੰਗਲੈਂਡ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਭੋਲਾ ਸਿੰਘ ਗੋਇੰਦਵਾਲ ਸਾਹਿਬ, ਬਾਬਾ ਗੁਰਿੰਦਰ ਸਿੰਘ ਸਤਲਾਣੀ ਸਾਹਿਬ, ਸੰਤ ਹਰੀ ਸਿੰਘ ਰੰਧਾਵਾ ਜਨਰਲ ਸਕੱਤਰ ਸੰਤ ਸਮਾਜ, ਬਾਬਾ ਸੁਰਿੰਦਰ ਸਿੰਘ ਮਿੱਠਾ ਟਿਵਾਣਾ, ਗਿਆਨੀ ਦਵਿੰਦਰ ਸਿੰਘ ਬਟਾਲਾ, ਸੰਤ ਸਾਧੂ ਸਿੰਘ ਸੰਗਰੂਰ, ਭਾਈ ਮੋਹਕਮ ਸਿੰਘ, ਭਾਈ ਸਤਨਾਮ ਸਿੰਘ ਮਨਾਵਾਂ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਮੋਹਨ ਸਿੰਘ, ਭਾਈ ਅਵਤਾਰ ਸਿੰਘ ਸੰਪ੍ਰਦਾਇ ਨੀਲ ਪੰਥੀ, ਬਾਬਾ ਅਜੀਤ ਸਿੰਘ ਬੰਗਾ, ਗਿਆਨੀ ਜੋਗਿੰਦਰ ਸਿੰਘ ਕਾਰ ਸੇਵਾ ਵਾਲੇ, ਸ. ਦੀਦਾਰ ਸਿੰਘ ਭੱਟੀ ਸਾਬਕਾ ਵਿਧਾਇਕ, ਭਾਈ ਕੰਵਰਪਾਲ ਸਿੰਘ ਬਿੱਟੂ, ਸ. ਸਰਬਜੀਤ ਸਿੰਘ ਧੀਮਾਨ, ਸ. ਭਾਗ ਸਿੰਘ ਅਣਖੀ, ਸ. ਨਿਰਮਲ ਸਿੰਘ ਸੀਨੀ: ਮੀਤ ਪ੍ਰਧਾਨ ਚੀਫ ਖਾਲਸਾ ਦੀਵਾਨ, ਸਰਪੰਚ ਸੁਖਵਿੰਦਰ ਸਿੰਘ ਅਗਵਾਨ, ਸ. ਅਮਰਬੀਰ ਸਿੰਘ ਢੋਟ ਕੌਂਸਲਰ ਤੋਂ ਇਲਾਵਾ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਮੌਜੂਦ ਸਨ। 

No comments: