Sunday, March 24, 2013

ਖੋਜ ਅਤੇ ਲਗਨ ਪ੍ਰਤੀ ਬੇਕਦਰੀ ਦੀ ਹਿਰਦੇਵੇਧਕ ਦਾਸਤਾਨ

ਪੰਜਾਬੀ ਸੱਭਿਆਚਾਰ ਦਾ ਸਨੇਹੀ, ਮੈਕਾਲਿਫ਼      --ਗੁਰਬਚਨ ਸਿੰਘ ਭੁੱਲਰ
ਉਹਦੀ ਦੇਹ ਸਮੇਟਣ ਦੀ ਸੂਚਨਾ ਦੇ ਜਵਾਬ ਵਿਚ ਈਸਾਈਆਂ ਦਾ ਕਹਿਣਾ ਸੀ ਕਿ ਇਹ ਤਾਂ ਕਦੋਂ ਦਾ ਆਪਣਾ ਮੂਲ ਧਰਮ ਤਿਆਗ ਕੇ ਸਿੱਖ ਬਣ ਚੁੱਕਿਆ ਸੀ। ਇਸੇ ਪ੍ਰਕਾਰ ਉਥੋਂ ਦੇ ਉਸ ਸਮੇਂ ਦੇ ਥੋੜ੍ਹੇ ਜਿਹੇ ਸਿੱਖਾਂ ਦਾ ਕਹਿਣਾ ਸੀ ਕਿ ਉਹ ਕੇਸਾਧਾਰੀ ਸਿੱਖ ਨਹੀਂ ਸੀ। ਹੋ ਸਕਦਾ ਹੈ, ਉਹ ਇਹ ਵੀ ਸੋਚਦੇ ਹੋਣ ਕਿ ਜਦੋਂ ਸਾਡੇ ਹਾਕਮਾਂ ਦਾ ਧਰਮ ਇਹਦੀ ਮਿੱਟੀ ਸਮੇਟਣ ਲਈ ਤਿਆਰ ਨਹੀਂ, ਅਸੀਂ ਉਹਨਾਂ ਦੇ ਉਲਟ ਚੱਲਣ ਦਾ ਪੰਗਾ ਕਿਉਂ ਲਈਏ! ਭਗਤ ਲਛਮਣ ਸਿੰਘ ਦੇ ਦੱਸੇ ਅਨੁਸਾਰ ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ:"ਅੰਤ ਫ਼ੈਸਲਾ ਇਹ ਹੋਇਆ ਕਿ ਮੈਕਾਲਫ਼ ਦਾ ਸਰੀਰ ਤਾਬੂਤ ਵਿਚ ਪਾ ਕੇ ਪੰਜ ਮਿੰਟ ਲਈ ਕਬਰ ਵਿਚ ਰੱਖਿਆ ਜਾਵੇ, ਉਪਰੰਤ ਦਾਹ ਦਿੱਤਾ ਜਾਵੇ। ਸੋ ਇਉਂ ਹੀ ਕੀਤਾ ਗਿਆ।''
ਗੁਰਬਚਨ ਸਿੰਘ ਭੁੱਲਰ
ਮੈਕਸ ਆਰਥਰ ਮੈਕਾਲਿਫ਼ ਦਾ ਜਨਮ 10 ਸਤੰਬਰ 1841 ਨੂੰ ਆਇਰਲੈਂਡ ਵਿਚ ਹੋਇਆ ਸੀ। ਵਿਦਿਆਰਥੀ ਹੁੰਦਿਆਂ ਹੀ ਭਾਸ਼ਾ ਅਤੇ ਸਾਹਿਤ ਨਾਲ ਉਹਨੂੰ ਡੂੰਘਾ ਲਗਾਉ ਸੀ। 1862 ਵਿਚ ਉਹ ਆਈਸੀਐਸ ਬਣਿਆ। ਫ਼ਰਵਰੀ 1864 ਵਿਚ ਇਕ ਅਧਿਕਾਰੀ ਵਜੋਂ ਪੰਜਾਬ ਪੁੱਜਣ ਤੋਂ ਛੇਤੀ ਹੀ ਮਗਰੋਂ ਉਹਨੂੰ ਅੰਮ੍ਰਿਤਸਰ ਦੀ ਦੀਵਾਲੀ ਦੇਖਣ ਦਾ ਮੌਕਾ ਮਿਲਿਆ। ਉਥੋਂ ਦੇ ਸ਼ਾਂਤ ਮਾਹੌਲ ਨੇ ਅਤੇ ਸਮਝ ਵਿਚ ਨਾ ਆਈ ਹੋਣ ਦੇ ਬਾਵਜੂਦ ਸੰਗੀਤ ਨਾਲ ਗਾਈ ਜਾ ਰਹੀ ਬਾਣੀ ਨੇ ਉਹਨੂੰ ਬੇਹੱਦ ਪ੍ਰਭਾਵਤ ਕੀਤਾ। ਮਗਰੋਂ ਉਹਨੇ ਕਿਸੇ ਤੋਂ ਉਥੇ ਗਾਏ ਗਏ ਸ਼ਬਦਾਂ ਦੇ ਅਰਥ ਅੰਗਰੇਜ਼ੀ ਵਿਚ ਸਮਝੇ ਤਾਂ ਉਹ ਰਚਨਾ ਦੀ ਦਾਰਸ਼ਨਿਕ ਬੁਲੰਦੀ ਤੇ ਅਧਿਆਤਮਕ ਗਹਿਰਾਈ ਮਹਿਸੂਸ ਕਰ ਕੇ ਧੰਨ ਹੀ ਹੋ ਗਿਆ। ਇਸ ਘਟਨਾ ਨੇ ਪੰਜਾਬ ਦੇ ਲੋਕਾਂ ਅਤੇ ਉਹਨਾਂ ਦੀਆਂ ਧਾਰਮਿਕ ਰਵਾਇਤਾਂ ਵਿਚ ਉਹਦੀ ਤਿੱਖੀ ਦਿਲਚਸਪੀ ਜਗਾ ਦਿੱਤੀ। ਸਿੱਟੇ ਵਜੋਂ ਉਹਨੇ ਪੰਜਾਬੀ ਸੱਭਿਆਚਾਰ ਅਤੇ ਸਿੱਖ ਧਰਮ ਸਬੰਧੀ ਲੇਖ ਲਿਖਣੇ ਸ਼ੁਰੂ ਕੀਤੇ, ਜੋ 1875-81 ਦੇ ਸਮੇਂ ਵਿਚ 'ਕੈਲਕਟਾ ਰੀਵਿਊ' ਨਾਂ ਦੇ ਰਸਾਲੇ ਵਿਚ ਛਪਦੇ ਰਹੇ। ਜਿਉਂ-ਜਿਉਂ ਸਿੱਖ ਧਰਮ ਅਤੇ ਬਾਣੀ ਵਿਚ ਉਹਦੀ ਦਿਲਚਸਪੀ ਵਧਦੀ ਗਈ, ਉਹ ਇਸ ਸਿੱਟੇ ਉੱਤੇ ਪੁੱਜਦਾ ਗਿਆ ਕਿ ਉਹਦਾ ਅਸਲ ਟੀਚਾ ਅਤੇ ਮਿਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਅੰਗਰੇਜ਼ੀ ਵਿਚ ਅਨੁਵਾਦਣਾ ਹੈ। 
ਕੁਝ ਸਿੱਖ ਵਿਦਵਾਨਾਂ ਨਾਲ ਇਸ ਸਬੰਧ ਵਿਚ ਕੀਤੇ ਗਏ ਸਲਾਹ-ਮਸ਼ਵਰਿਆਂ ਨੇ ਉਹਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ। ਇਸ ਦਾ ਇਕ ਵੱਡਾ ਕਾਰਨ ਡਾæ ਅਰਨੈਸਟ ਟਰੰਪ ਦੇ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਨਾਲ ਸਿੱਖਾਂ ਨੂੰ ਲੱਗੀ ਠੇਸ ਸੀ। ਇਹ ਅਨੁਵਾਦ ਇੰਡੀਆ ਆਫ਼ਿਸ ਨੇ ਕਰਵਾਇਆ ਸੀ ਅਤੇ 1877 ਵਿਚ ਪ੍ਰਕਾਸ਼ਿਤ ਹੋਇਆ ਸੀ। ਸਿੱਖ ਵਿਦਵਾਨਾਂ ਨੇ ਇਹਨੂੰ ਤਰੁੱਟੀਆਂ ਨਾਲ ਭਰਿਆ ਆਖ ਕੇ ਰੱਦ ਕਰ ਦਿੱਤਾ ਸੀ। ਜਿੱਥੇ ਟਰੰਪ ਦੇ ਕੰਮ ਵਿਚੋਂ ਉਹਦੀ ਸਾਮਰਾਜੀ ਮਾਨਸਿਕਤਾ ਅਤੇ ਅਧੀਨ ਲੋਕਾਂ ਤੇ ਉਹਨਾਂ ਦੇ ਧਰਮ, ਸਭਿਆਚਾਰ, ਰੀਤਾਂ-ਰਿਵਾਜਾਂ ਲਈ ਘਿਰਣਾ ਝਲਕਦੀ ਸੀ, ਮੈਕਾਲਿਫ਼ ਨੇ ਇਹ ਕਾਰਜ ਆਪਣੀ ਅੰਦਰਲੀ ਆਵਾਜ਼ ਸਦਕਾ ਹੱਥ ਲਿਆ ਸੀ। 
ਦੇਸ਼ ਸੇਵਕ ਚੋਂ ਧੰਨਵਾਦ ਸਹਿਤ
ਸਿੱਖ ਵਿਦਵਾਨਾਂ ਨਾਲ ਨਿਰੰਤਰ ਵਾਹ ਸਦਕਾ ਉਹ ਭਾਈ ਕਾਨ੍ਹ ਸਿੰਘ ਦੇ ਨਾਂ ਤੋਂ ਤਾਂ ਜਾਣੂ ਸੀ, ਪਰ ਅਜੇ ਉਹਨਾਂ ਦੋਵਾਂ ਦੇ ਮੇਲ ਦਾ ਕੋਈ ਸਬੱਬ ਨਹੀਂ ਸੀ ਬਣਿਆ। 1885 ਵਿਚ ਰਾਵਲਪਿੰਡੀ ਵਿਚ ਹਿੰਦੋਸਤਾਨ ਦੇ ਗਵਰਨਰ ਜਨਰਲ ਅਤੇ ਅਫ਼ਗਾਨਿਸਤਾਨ ਦੇ ਬਾਦਸ਼ਾਹ ਦੀ ਮੁਲਾਕਾਤ ਹੋਈ। ਮੈਕਾਲਿਫ਼ ਵੀ ਉਸ ਸਮੇਂ ਰਾਵਲਪਿੰਡੀ ਵਿਚ ਹੀ ਅਧਿਕਾਰੀ ਲੱਗਿਆ ਹੋਇਆ ਸੀ। ਗਵਰਨਰ ਜਨਰਲ ਦੀ ਆਉਂਦ ਸਮੇਂ ਸੂਬੇ ਦੇ ਰਾਜਿਆਂ ਦਾ ਉਥੇ ਹਾਜ਼ਰੀ ਭਰਨਾ ਇਕ ਰੀਤ ਸੀ। ਮਹਾਰਾਜਾ ਹੀਰਾ ਸਿੰਘ ਨਾਭਾ ਦੇ ਅਮਲੇ-ਫੈਲੇ ਵਿਚ ਭਾਈ ਕਾਨ੍ਹ ਸਿੰਘ ਵੀ ਸ਼ਾਮਲ ਸੀ। ਮੈਕਾਲਿਫ਼ ਭਾਈ ਸਾਹਿਬ ਤੋਂ ਇੰਨਾ ਪ੍ਰਭਾਵਤ ਹੋਇਆ, ਜਿੰਨਾ ਹੋਰ ਕਿਸੇ ਸਿੱਖ ਵਿਦਵਾਨ ਤੋਂ ਨਹੀਂ ਸੀ ਹੋਇਆ। ਭਾਈ ਸਾਹਿਬ ਇਕ ਪਾਸੇ ਸਿੱਖ ਸਿਧਾਂਤਾਂ ਤੇ ਗੁਰਬਾਣੀ ਦੇ ਵੱਡੇ ਗਿਆਤਾ ਸਨ ਅਤੇ ਦੂਜੇ ਪਾਸੇ ਅੰਗਰੇਜ਼ੀ ਭਾਸ਼ਾ ਤੇ ਪੱਛਮੀ ਵਿਦਵਤਾ ਦੇ ਚੰਗੇ ਜਾਣੂ ਸਨ। ਸਿੱਖ ਵਿਦਵਾਨਾਂ ਵਿਚੋਂ ਅਜਿਹਾ ਸੁਮੇਲ ਮੈਕਾਲਿਫ਼ ਨੂੰ ਹੋਰ ਕਿਸੇ ਵਿਚ ਨਜ਼ਰ ਨਹੀਂ ਸੀ ਆਇਆ। ਭਾਈ ਸਾਹਿਬ ਤੋਂ ਪੁੱਛ ਕੇ ਉਹਨੇ ਮਹਾਰਾਜਾ ਹੀਰਾ ਸਿੰਘ ਅੱਗੇ ਉਹਨਾਂ ਦੀਆਂ ਸੇਵਾਵਾਂ ਦੀ ਪ੍ਰਾਪਤੀ ਲਈ ਬੇਨਤੀ ਕੀਤੀ। ਉਹ ਮੈਕਾਲਿਫ਼ ਦੇ ਵਿੱਢੇ ਕੰਮ ਦੀ ਮਹੱਤਤਾ ਪਛਾਣਦਿਆਂ ਝੱਟ ਸਹਿਮਤ ਹੋ ਗਿਆ। ਭਾਈ ਸਾਹਿਬ ਚਾਰ ਮਹੀਨੇ ਰਾਵਲਪਿੰਡੀ ਰਹੇ ਅਤੇ ਉਹਨੂੰ ਬਾਣੀ ਦੀਆਂ ਬਾਰੀਕੀਆਂ ਤੋਂ ਇਲਾਵਾ ਸਿੱਖ ਧਰਮ, ਇਤਿਹਾਸ, ਸਿਧਾਂਤ, ਪ੍ਰੰਪਰਾਵਾਂ ਤੇ ਰੀਤਾਂ ਬਾਰੇ ਜਾਣਕਾਰੀ ਦਿੰਦੇ ਰਹੇ। ਮੈਕਾਲਿਫ਼ ਲਈ ਅੰਮ੍ਰਿਤਸਰ ਤੋਂ ਪਿੱਛੋਂ ਨਾਭਾ ਜਿਵੇਂ ਦੂਜਾ ਘਰ ਹੀ ਬਣ ਗਿਆ। 
Courtesy Photo
ਮੇਰੇ ਪਿੰਡ ਪਿੱਥੋ ਤੋਂ ਕੋਈ ਇਕ ਕੋਹ ਵਾਟ ਦੂਰ ਖੇਤਾਂ ਵਿਚ ਭਾਈ ਕਾਨ੍ਹ ਸਿੰਘ ਨਾਭਾ ਦੇ ਨਾਂ ਨਾਲ ਜਾਣੇ ਜਾਂਦੇ ਸਾਡੇ ਪਿੰਡ ਦੇ ਪ੍ਰਸਿੱਧ ਵਿਦਵਾਨ ਦੀ ਕੋਠੀ ਸੀ। ਉਹ ਆਪ ਤਾਂ ਓਦੋਂ ਗੁਜ਼ਰ ਗਏ ਸਨ, ਜਦੋਂ ਮੈਂ ਅਜੇ ਸਿਰਫ਼ ਇਕ ਸਾਲ, ਅੱਠ ਮਹੀਨੇ ਤੇ ਪੰਜ ਦਿਨਾਂ ਦਾ ਸੀ, ਪਰ ਮੇਰੀ ਚੜ੍ਹਦੀ ਉਮਰ ਵਿਚ ਉਹਨਾਂ ਦੀ ਕੋਠੀ ਤੇ ਉਹਦੇ ਦੁਆਲੇ ਦਾ ਬਾਗ਼ ਪੂਰੇ ਜਲੌਅ ਨਾਲ ਕਾਇਮ ਸਨ। ਹਰਸ਼ਾ ਸਿੰਘ, ਜੋ ਸਾਰੇ ਕੰਮ-ਕਾਜ ਦਾ ਮੁਖ਼ਤਿਆਰ ਸੀ ਤੇ ਬਾਪੂ ਜੀ ਦਾ ਮਿੱਤਰ ਸੀ, ਨੂੰ ਮਿਲਣ ਉਥੇ ਜਾਣ ਦਾ ਮੌਕਾ ਮਿਲਦਾ ਤਾਂ ਬਾਪੂ ਜੀ ਕਈ ਵਾਰ ਯਾਦ ਕਰਦੇ ਉਹਨਾਂ ਦੀ ਚੜ੍ਹਦੀ ਉਮਰੇ ਮੈਕਾਲਿਫ਼ ਨਾਂ ਦਾ ਇਕ ਅੰਗਰੇਜ਼ ਵਿਦਵਾਨ ਸਿਆਲਾਂ ਵਿਚ ਕਈ ਮਹੀਨੇ ਇਸ ਕੋਠੀ ਵਿਚ ਰਹਿ ਕੇ ਗਿਆ ਸੀ ਤੇ ਉਹ ਬਾਣੀ ਦਾ ਅਨੁਵਾਦ ਅੰਗਰੇਜ਼ੀ ਵਿਚ ਕਰਨ ਲੱਗਿਆ ਹੋਇਆ ਸੀ। ਉਹਨੇ ਇਕਾਂਤ ਤੇ ਸੁਖ-ਸ਼ਾਂਤੀ ਦੀ ਇੱਛਾ ਦੱਸੀ ਤਾਂ ਭਾਈ ਸਾਹਿਬ ਨੇ ਅਮਲੇ-ਫੈਲੇ ਸਮੇਤ ਉਹਦੇ ਰਹਿਣ ਦਾ ਪ੍ਰਬੰਧ ਆਪਣੀ ਪਿੱਥੋ ਦੀ ਖੇਤਾਂ ਵਾਲੀ ਕੋਠੀ ਵਿਚ ਕਰ ਦਿੱਤਾ। ਇਉਂ ਉਸ ਦੇ ਕੀਤੇ ਬਾਣੀ ਦੇ ਅੰਗਰੇਜ਼ੀ ਅਨੁਵਾਦ ਵਿਚ ਮੇਰੇ ਪਿੰਡ ਦਾ ਵੀ ਗਿਨਣਯੋਗ ਸੀਰ ਰਿਹਾ।
ਬਾਣੀ ਦੇ ਅੰਗਰੇਜ਼ੀ ਵਿਚ ਅਨੁਵਾਦ ਦੀ ਰੀਝ ਪਾਲਦਿਆਂ ਮੈਕਾਲਿਫ਼ ਨੂੰ ਕਿਹੜੇ-ਕਿਹੜੇ ਰਾਹਾਂ ਉੱਤੇ ਤੁਰਨਾ ਪਿਆ, ਕਿਹੜੀਆਂ-ਕਿਹੜੀਆਂ ਹਾਲਤਾਂ, ਮੁਸ਼ਕਲਾਂ ਤੇ ਪਰਖਾਂ ਵਿਚੋਂ ਲੰਘਣਾ ਪਿਆ ਅਤੇ ਕੀ-ਕੀ ਕੁਰਬਾਨੀਆਂ ਦੇਣੀਆਂ ਪਈਆਂ, ਇਹ ਕਹਾਣੀ ਆਪਣੇ-ਆਪ ਵਿਚ ਦਿਲਚਸਪ ਤਾਂ ਹੈ, ਪਰ ਦਰਦਨਾਕ ਵੀ ਬਹੁਤ ਹੈ! ਪਹਿਲੀ ਸਮੱਸਿਆ ਤਾਂ ਗੁਜ਼ਾਰੇ ਦੀ ਸੀ। ਜਦੋਂ ਉਹਨੇ ਬਾਣੀ ਦਾ ਅੰਗਰੇਜ਼ੀ ਅਨੁਵਾਦ ਕਰਨ ਨੂੰ ਆਪਣਾ ਟੀਚਾ ਮਿੱਥਿਆ, ਇਹ ਗੱਲ ਬਿਲਕੁਲ ਸਪੱਸ਼ਟ ਹੋ ਗਈ ਕਿ ਉਹ ਨੌਕਰੀ ਕਰਦਿਆਂ ਇਹ ਵੱਡਾ ਕਾਰਜ ਕਿਵੇਂ ਵੀ ਪੂਰਾ ਨਹੀਂ ਸੀ ਕਰ ਸਕਦਾ। ਮੁਸ਼ਕਲ ਇਹ ਸੀ ਕਿ ਉਸ ਸਮੇਂ ਤੱਕ ਉਹਦੀ ਪਹਿਲੀ ਕਮਾਈ ਡੁੱਬ ਚੁੱਕੀ ਸੀ। ਉਹਨੇ ਜਿਨ੍ਹਾਂ ਕੰਪਨੀਆਂ ਵਿਚ ਇਕ ਲੱਖ ਰੁਪਿਆ ਲਾਇਆ ਸੀ, ਉਹ ਦੀਵਾਲਾ ਹੋ ਗਈਆਂ ਸਨ। ਤਾਂ ਵੀ ਉਹਨੇ ਦਿਲ ਕਰੜਾ ਕਰਕੇ ਤੇ ਅੱਖਾਂ ਮੀਚ ਕੇ ਹਨੇਰੇ ਵਿਚ ਛਾਲ ਮਾਰ ਦਿੱਤੀ ਅਤੇ 1893 ਵਿਚ ਆਈਸੀਐਸ ਤੋਂ ਸੇਵਾ-ਮੁਕਤੀ ਲੈ ਲਈ। ਨਾਭਾ, ਪਟਿਆਲਾ ਤੇ ਜੀਂਦ ਦੇ ਰਾਜਿਆਂ ਅਤੇ ਕੁਝ ਹੋਰ ਸਿੱਖ ਧਨਾਢਾਂ ਤੋਂ ਮਾਇਕ ਮਦਦ ਮਿਲਦੀ ਤਾਂ ਰਹੀ, ਪਰ ਇਹ ਕਾਫੀ ਨਹੀਂ ਸੀ। ਉਹਦੇ ਆਪਣੇ ਸਾਧਾਰਨ ਗੁਜ਼ਾਰੇ ਅਤੇ ਇਸ ਕਾਰਜ ਨਾਲ ਸਬੰਧਤ ਤੋਰੇ-ਫੇਰੇ ਦੇ ਖਰਚੇ ਤੋਂ ਇਲਾਵਾ ਉਹਨੂੰ ਗੁਰਬਾਣੀ ਦੇ ਵਿਆਖਿਆਕਾਰ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਦੇਣੀ ਪੈਂਦੀ ਸੀ। ਨਤੀਜਾ ਇਹ ਹੋਇਆ ਕਿ 1899 ਤੱਕ ਉਹਦੇ ਸਿਰ 35,000 ਰੁਪਏ ਕਰਜ਼ਾ ਹੋ ਗਿਆ ਸੀ।
ਅਨੁਵਾਦ ਦੇ ਕੰਮ ਵਿਚ ਤਾਂ ਮੁਸ਼ਕਲਾਂ ਆਉਣੀਆਂ ਹੀ ਸਨ। ਇਕ ਤਾਂ ਵੱਖ-ਵੱਖ ਗਿਆਨੀ ਆਪਣੀ ਸਮਝ ਅਨੁਸਾਰ ਇਕੋ ਤੁਕ ਦੇ ਵੱਖ-ਵੱਖ ਅਰਥ ਕਰ ਦਿੰਦੇ ਸਨ। ਲੱਗਦਾ ਹੈ, ਬਹੁਤੇ ਗਿਆਨੀਆਂ ਨੂੰ ਬਾਣੀ ਦੇ ਵਿਆਕਰਨ ਦੀ ਵੀ ਸਮਝ ਨਹੀਂ ਸੀ। ਹਰ ਕੋਈ ਆਪਣੇ-ਆਪ ਨੂੰ ਦੂਜਿਆਂ ਨਾਲੋਂ ਸਿਆਣਾ ਅਤੇ ਆਪਣੀ ਗੱਲ ਨੂੰ ਅੰਤਿਮ ਸੱਚ ਸਮਝਦਾ। ਮੈਕਾਲਿਫ਼ ਉਹਨਾਂ ਸਭਨਾਂ ਦਾ ਆਦਰ ਕਰਦਿਆਂ ਬੜੇ ਸਬਰ ਨਾਲ ਇਨ੍ਹਾਂ ਵਿਰੋਧਾਂ ਤੇ ਵਖਰੇਵਿਆਂ ਵਿਚੋਂ ਸੱਚ ਲੱਭਣ ਦਾ ਯਤਨ ਕਰਦਾ ਅਤੇ ਆਖ਼ਰ ਨੂੰ ਸੱਚ ਲੱਭ ਹੀ ਲੈਂਦਾ! ਦੂਜੀ ਗੱਲ, ਕਈ ਗਿਆਨੀ ਬਾਣੀ ਬਾਰੇ ਆਪਣੀ ਜਾਣਕਾਰੀ ਮੈਕਾਲਿਫ਼ ਨਾਲ ਸਾਂਝੀ ਕਰਨ ਤੋਂ ਇਸ ਕਰਕੇ ਸੰਕੋਚ ਕਰਦੇ ਸਨ ਕਿ ਉਹਨਾਂ ਦਾ ਪਹਿਲਾਂ ਕਿਸੇ ਉਸਤਾਦ ਕਥਾਕਾਰ ਦੀ ਸ਼ਾਗਿਰਦੀ ਅਤੇ ਫੇਰ ਲੰਮੇ ਅਧਿਐਨ ਤੇ ਕਰੜੀ ਮਿਹਨਤ ਨਾਲ ਕਮਾਇਆ ਹੋਇਆ ਇਹ ਗਿਆਨ ਉਹਨਾਂ ਦੀ ਹੀ ਮਲਕੀਅਤ ਰਹਿਣਾ ਚਾਹੀਦਾ ਹੈ! ਉਹ ਗਿਆਨ ਦੀ ਮੌਖਿਕ ਭਾਰਤੀ ਪ੍ਰੰਪਰਾ ਦੇ ਵਿਸ਼ਵਾਸੀ ਸਨ। ਤੀਜੀ ਗੱਲ, ਕਈ ਸਿੱਖ ਵਿਦਵਾਨਾਂ ਦਾ ਨਿਹਚਾ ਸੀ ਕਿ ਗੁਰੂ-ਸ਼ਬਦ, ਜਿਸ ਰੂਪ ਵਿਚ ਤੇ ਜਿਨ੍ਹਾਂ ਬੋਲਾਂ ਵਿਚ, ਭਾਵ ਜਿਸ ਭਾਸ਼ਾ ਵਿਚ ਪ੍ਰਗਟ ਹੋਇਆ ਹੈ, ਉਹੋ ਅੰਤਿਮ ਅਤੇ ਅਬਦਲ ਹੈ। ਉਸ ਨੂੰ ਕਿਸੇ ਵੱਖਰੇ ਰੂਪ ਵਿਚ ਪੇਸ਼ ਕਰਨਾ, ਕਿਸੇ ਹੋਰ ਭਾਸ਼ਾ ਵਿਚ ਪਲਟਣਾ ਨਾ ਤਾਂ ਸੰਭਵ ਹੈ ਤੇ ਨਾ ਹੀ ਵਾਜਬ। ਉਹਨਾਂ ਅਨੁਸਾਰ ਅਜਿਹਾ ਕਰਨਾ 'ਧੁਰ ਕੀ ਬਾਣੀ' ਨਾਲ ਛੇੜਛਾੜ ਦੇ ਤੁੱਲ ਸੀ।
ਮੈਕਾਲਿਫ਼ ਨੇ ਇਕ ਸਿਆਣਪ ਇਹ ਕੀਤੀ ਕਿ ਉਹ ਅਨੁਵਾਦ ਨਾਲੋ-ਨਾਲ ਪ੍ਰਮੁੱਖ ਸਿੱਖ ਵਿਦਵਾਨਾਂ ਨੂੰ ਦਿਖਾਉਂਦਾ ਰਿਹਾ। ਅਨੁਵਾਦ ਸੰਪੂਰਨ ਹੋਏ ਤੋਂ ਮੈਕਾਲਿਫ਼ ਨੇ ਧਾਰਮਿਕ ਸਿੱਖ ਆਗੂਆਂ ਨੂੰ ਉਹਦੀ ਘੋਖ ਅਤੇ ਨਿਰਖ-ਪਰਖ ਕਰਨ ਦੀ ਬੇਨਤੀ ਕੀਤੀ। ਦਰਬਾਰ ਸਾਹਿਬ ਦੇ ਪ੍ਰਬੰਧਕ ਨੇ ਅਕਾਲ ਤਖ਼ਤ ਵਿਖੇ ਸੰਗਤ ਦਾ ਇਕੱਠ ਬੁਲਾਇਆ ਅਤੇ ਮੈਕਾਲਿਫ਼ ਨੂੰ ਆਪਣੇ ਕੰਮ ਬਾਰੇ ਜਾਣਕਾਰੀ ਦੇਣ ਦਾ ਸੱਦਾ ਦਿੱਤਾ। ਇਸ ਸੰਬੋਧਨ ਨਾਲ ਸਿੱਖਾਂ ਵਿਚ ਬੇਹੱਦ ਉਤਸਾਹ ਤੇ ਜੋਸ਼ ਜਾਗਿਆ। ਜੈਕਾਰਿਆਂ ਦੀ ਗੂੰਜ ਵਿਚ ਮੈਕਾਲਿਫ਼ ਦੇ ਉਦੇਸ਼ ਨਾਲ ਸਹਿਮਤੀ ਪ੍ਰਗਟਾਉਂਦਿਆਂ ਅਨੁਵਾਦ ਦੀ ਘੋਖ ਲਈ ਇਕ ਤਿੰਨ-ਮੈਂਬਰੀ ਕਮੇਟੀ ਥਾਪ ਦਿੱਤੀ ਗਈ। ਘੋਖ ਦੀ ਸਮਾਪਤੀ ਤੱਕ ਅਖੰਡ ਪਾਠਾਂ ਦੀ ਲੜੀ ਆਰੰਭ ਕਰ ਦਿੱਤੀ ਗਈ ਅਤੇ ਉਹਦੇ ਨਿੱਜੀ ਭਲੇ ਵਾਸਤੇ ਵਿਸ਼ੇਸ਼ ਅਰਦਾਸ ਕੀਤੀ ਗਈ। ਘੋਖ ਦੇ ਕਾਰਜ ਦੀ ਸਮਾਪਤੀ ਪਿੱਛੋਂ ਕਮੇਟੀ ਨੇ ਨਿਰਣਾ ਕੀਤਾ: "ਸ੍ਰੀ ਮੈਕਾਲਿਫ਼ ਦਾ ਕੀਤਾ ਉਲਥਾ ਅਸੀਂ ਪੂਰੀ ਤਰ੍ਹਾਂ ਘੋਖ-ਸੋਧ ਲਿਆ ਹੈ ਅਤੇ ਇਹ ਬਿਲਕੁਲ ਦਰੁਸਤ ਹੈ। ਉਲਥੇ ਨੂੰ ਸਿੱਖਾਂ ਦੇ ਧਾਰਮਿਕ ਸਿਧਾਂਤਾਂ ਦੇ ਅਨੁਸਾਰ ਬਣਾਉਣ ਲਈ ਵੱਧ ਤੋਂ ਵੱਧ ਧਿਆਨ ਰੱਖਿਆ ਗਿਆ ਹੈ। ਉਲਥਾ ਪੂਰੀ ਤਰ੍ਹਾਂ ਸ਼ਬਦ ਲੈ ਕੇ ਕੀਤਾ ਗਿਆ ਹੈ ਅਤੇ ਸਾਰੇ ਵਿਆਕਰਨੀ ਤੇ ਭਾਸ਼ਾਈ ਨੇਮਾਂ ਦੇ ਅਨੁਸਾਰ ਕੀਤਾ ਗਿਆ ਹੈ।''
ਮੈਕਾਲਿਫ਼ ਦਾ ਸੁਖ ਦਾ ਸਾਹ ਲੈਣਾ ਵਾਜਬ ਸੀ। ਮੁੱਢਲੀ ਖੋਜ-ਘੋਖ ਦੇ ਵਰ੍ਹਿਆਂ ਤੋਂ ਇਲਾਵਾ 1893 ਤੋਂ ਲੈ ਕੇ 1907 ਤੱਕ ਉਹਦੇ ਪੂਰੇ ਪੰਦਰਾਂ ਵਰ੍ਹੇ ਅਨੁਵਾਦ ਦੇ ਲੇਖੇ ਲੱਗ ਗਏ ਸਨ। ਪਰ ਸਿੱਖ ਧਰਮ ਬਾਰੇ ਜਾਣਕਾਰੀ ਅੰਗਰੇਜ਼ੀ-ਭਾਸ਼ੀ ਲੋਕਾਂ ਤੱਕ ਪੁੱਜਦੀ ਕਰਨ ਦਾ ਉਹਦਾ ਮਨੋਰਥ ਪੂਰਾ ਹੋ ਗਿਆ ਸੀ। ਹੁਣ ਜੇ ਕੋਈ ਔਕੜ ਸੀ, ਉਹ ਬੱਸ ਇਹਨੂੰ ਛਾਪੇ ਦਾ ਜਾਮਾ ਪੁਆਉਣ ਲਈ ਮਾਇਆ ਦੀ ਸੀ, ਜਿਸ ਬਾਰੇ ਉਹਨੂੰ ਭਰੋਸਾ ਸੀ ਕਿ ਉਹ ਕਿਵੇਂ ਨਾ ਕਿਵੇਂ ਦੂਰ ਕਰ ਲਈ ਜਾਵੇਗੀ।
ਸਬੰਧਤ ਸਰਕਾਰੀ ਮਹਿਕਮੇ ਨੇ ਛਪਣ ਮਗਰੋਂ ਪੁਸਤਕ ਖਰੀਦਣ ਦੀ ਪੇਸ਼ਗੀ ਵਜੋਂ ਮੈਕਾਲਿਫ਼ ਨੂੰ ਇਕ ਹਜ਼ਾਰ ਪੌਂਡ ਦੇ ਬਰਾਬਰ ਪੰਦਰਾਂ ਹਜ਼ਾਰ ਰੁਪਏ ਦੇਣ ਦੀ ਸਿਫ਼ਾਰਸ਼ ਕਰ ਦਿੱਤੀ। ਇਸ ਫ਼ਾਈਲ ਉੱਤੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨੇ ਸਰਕਾਰ ਲਈ ਜ਼ਰੂਰੀ ਧਾਰਮਿਕ ਨਿਰਪੱਖਤਾ ਦੇ ਬਹਾਨੇ ਵਿਰੋਧੀ ਟਿੱਪਣੀ ਲਿਖ ਭੇਜੀ। ਮੈਕਾਲਿਫ਼ ਨੂੰ ਜਦੋਂ ਇਹ ਜਾਣਕਾਰੀ ਮਿਲੀ, ਉਹਦੇ ਗੁੱਸੇ ਦਾ ਅੰਦਾਜ਼ਾ ਉਹਦੇ ਇਸ ਕਥਨ ਤੋਂ ਲਾਇਆ ਜਾ ਸਕਦਾ ਹੈ : "ਪੂਰੇ ਹਿੰਦੋਸਤਾਨ ਵਿਚ ਹੋਰ ਕੋਈ ਅੰਗਰੇਜ਼ ਅਧਿਕਾਰੀ ਅਜਿਹਾ ਨਹੀਂ ਹੋਵੇਗਾ, ਜੋ ਇਹਦੀ ਤੁੱਛ ਬੁੱਧੀ ਅਤੇ ਉਲਾਰਤਾ ਨੂੰ ਮਾਤ ਦੇ ਸਕੇ!'' ਅੰਤ ਨੂੰ ਸੈਕਰੈਟਰੀ ਆਫ਼ ਸਟੇਟ ਨੇ ਪੇਸ਼ਗੀ ਦੀ ਰਕਮ ਘਟਾ ਕੇ ਪੰਜ ਹਜ਼ਾਰ ਰੁਪਏ ਹੀ ਮਨਜ਼ੂਰ ਕੀਤੀ। ਮੈਕਾਲਿਫ਼ ਨੇ ਇਸ ਨਿਰਾਦਰ ਕਾਰਨ ਸਰਕਾਰ ਤੋਂ ਕੁਝ ਵੀ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨੂੰ ਵੱਡਾ ਧਰਵਾਸ ਤੇ ਸਹਾਰਾ ਖਾਲਸਾ ਦੀਵਾਨ ਲਾਹੌਰ ਤੇ ਰਾਜਾ ਫ਼ਰੀਦਕੋਟ ਬਿਕਰਮ ਸਿੰਘ ਦੇ ਮਾਇਕ ਸਹਾਇਤਾ ਦੇ ਇਕਰਾਰਾਂ ਦਾ ਅਤੇ ਹੋਰ ਸਿੱਖ ਰਾਜਿਆਂ ਤੋਂ ਮਿਲ ਸਕਣ ਵਾਲੀ ਮਾਇਕ ਸਹਾਇਤਾ ਦਾ ਸੀ। ਪਰ ਸਮੇਂ ਨਾਲ ਮੈਕਾਲਿਫ਼ ਦੇ ਇਹ ਦੋਵੇਂ ਰਾਹ ਬੰਦ ਹੋ ਗਏ। ਇਸ ਸਮੇਂ ਦੌਰਾਨ ਉਹਦੇ ਨਾਲ ਇਕਰਾਰ ਕਰਨ ਵਾਲੇ ਖਾਲਸਾ ਦੀਵਾਨ ਦੇ ਕਈ ਆਗੂ ਸੱਤਾ ਵਿਚ ਨਾ ਰਹੇ ਤੇ ਕਈ ਪਰਲੋਕ ਸਿਧਾਰ ਗਏ। ਕਈ ਹੋਰਾਂ ਦਾ ਰਵੱਈਆ ਮੈਕਾਲਿਫ਼ ਨੂੰ ਸਰਕਾਰੀ ਸਰਪ੍ਰਸਤੀ ਤੋਂ ਹੋਏ ਇਨਕਾਰ ਦੇ ਨਾਲ ਹੀ ਬਦਲ ਗਿਆ। ਰਾਜਾ ਬਿਕਰਮ ਸਿੰਘ ਦਾ ਵੀ ਦਿਹਾਂਤ ਹੋ ਚੁੱਕਿਆ ਸੀ।
ਆਖ਼ਰ ਮੈਕਾਲਿਫ਼ ਨੇ ਖਰੜਾ ਸਾਂਭਿਆ ਅਤੇ ਇੰਗਲੈਂਡ ਜਾ ਕੇ ਆਪਣੀ ਜਾਇਦਾਦ ਦਾ ਇਕ ਹਿੱਸਾ ਵੇਚ ਕੇ ਛਪਾਈ ਨੇਪਰੇ ਚਾੜ੍ਹਨ ਦਾ ਫ਼ੈਸਲਾ ਕਰ ਲਿਆ। ਉਸ ਲਈ ਇਹ ਵੱਡੇ ਧਰਵਾਸ ਵਾਲੀ ਗੱਲ ਸੀ ਕਿ ਰਾਜਾ ਹੀਰਾ ਸਿੰਘ ਨਾਭਾ ਨੇ ਭਾਈ ਕਾਨ੍ਹ ਸਿੰਘ ਦੀਆਂ ਸੇਵਾਵਾਂ ਦੀ ਉਹਦੀ ਮੰਗ ਇਸ ਵਾਰ ਵੀ ਖ਼ੁਸ਼ੀ-ਖ਼ੁਸ਼ੀ ਪ੍ਰਵਾਨ ਕਰ ਲਈ। ਇਸ ਵੱਡੇ ਵਿਦਵਾਨ ਦਾ ਪਰੂਫ਼ ਪੜ੍ਹਨ ਖ਼ਾਤਰ ਵਲਾਇਤ ਚੱਲਣ ਲਈ ਸਹਿਮਤ ਹੋਣਾ ਮੈਕਾਲਿਫ਼ ਵਾਸਤੇ ਬਹੁਤ ਵੱਡਾ ਸਹਾਰਾ ਸੀ। ਦੋਵਾਂ ਦੀ ਅਣਥੱਕ ਮਿਹਨਤ ਸਦਕਾ ਆਕਸਫ਼ੋਰਡ ਪ੍ਰੈੱਸ ਤੋਂ ਛਪਾਈ ਦਾ ਕਾਰਜ 1909 ਵਿਚ ਸੰਪੂਰਨ ਹੋ ਗਿਆ। ਭਾਈ ਕਾਨ੍ਹ ਸਿੰਘ ਦੀ ਦਿੱਤੀ ਲੰਮੀ, ਨਿਰਸੁਆਰਥ ਅਤੇ ਉਦਾਰ-ਚਿੱਤ ਮਦਦ ਲਈ ਆਪਣੀ ਸ਼ੁਕਰਗੁਜ਼ਾਰੀ ਦੇ ਪ੍ਰਗਟਾਵੇ ਵਜੋਂ ਉਹਨੇ ਕਾਪੀਰਾਈਟ ਕਾਨੂੰਨ ਅਧੀਨ ਇਸ ਰਚਨਾ ਦੇ ਸਾਰੇ ਹੱਕ ਉਹਨਾਂ ਦੇ ਨਾਂ ਲਿਖ ਦਿੱਤੇ। 
ਮੈਕਾਲਿਫ਼ ਜਦੋਂ ਪੁਸਤਕ 'ਦਿ ਸਿੱਖ ਰਲਿਜਨ' ਲੈ ਕੇ ਹਿੰਦੁਸਤਾਨ ਪਰਤਿਆ, ਉਹਨੂੰ ਪਤਾ ਲੱਗਿਆ ਕਿ ਨੇੜ-ਭਵਿੱਖ ਵਿਚ ਰਾਵਲਪਿੰਡੀ ਵਿਚ ਸਾਲਾਨਾ ਸਿੱਖ ਵਿਦਿਅਕ ਕਾਨਫ਼ਰੰਸ ਹੋਣ ਵਾਲੀ ਹੈ। ਉਹਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ। ਉਹਨੂੰ ਲਗਿਆ ਜਿਵੇਂ ਪੜ੍ਹੇ-ਲਿਖੇ ਸਿੱਖਾਂ ਦਾ ਇਹ ਇਕੱਠ ਉਹਦੇ ਭਾਗਾਂ ਨੂੰ ਹੀ ਜੁੜ ਰਿਹਾ ਹੋਵੇ। 
1911 ਵਾਲੀ ਸਿੱਖ ਵਿਦਿਅਕ ਕਾਨਫ਼ਰੰਸ ਦੀਆਂ ਤਾਰੀਖਾਂ ਤੈਅ ਹੋਈਆਂ ਤਾਂ ਮੈਕਾਲਿਫ਼ ਨੇ ਪ੍ਰਬੰਧਕਾਂ ਨੂੰ ਆਪਣੇ ਪਹੁੰਚਣ ਦੀ ਤਾਰ ਸਮੇਂ-ਸਿਰ ਭੇਜ ਦਿੱਤੀ। ਇਸ ਅਗੇਤੀ ਸੂਚਨਾ ਦੇ ਬਾਵਜੂਦ ਉਹਨੂੰ ਸਟੇਸ਼ਨ ਤੋਂ ਲੈਣ ਕੋਈ ਨਾ ਪਹੁੰਚਿਆ। ਉਹਦੇ ਸਾਰੇ ਕਾਰਜ ਵਿਚ ਭਾਈ ਕਾਨ੍ਹ ਸਿੰਘ ਤੋਂ ਇਲਾਵਾ ਜਿਸ ਦੂਜੇ ਸਿੱਖ ਆਗੂ ਤੇ ਵਿਦਵਾਨ ਨੇ ਲਗਾਤਾਰ ਮਦਦ ਕੀਤੀ ਸੀ, ਉਹ ਸੀ ਭਗਤ ਲਛਮਣ ਸਿੰਘ। ਮੈਕਾਲਿਫ਼ ਨੇ ਟਾਂਗਾ ਲਿਆ ਤੇ ਭਗਤ ਜੀ ਦੇ ਨਿਵਾਸ ਪੁੱਜ ਗਿਆ। ਭਗਤ ਜੀ ਮੈਕਾਲਿਫ਼ ਨੂੰ ਅਚਾਨਕ ਪੁੱਜਿਆ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਪ੍ਰਬੰਧਕਾਂ ਨੇ ਉਹਨਾਂ ਨੂੰ ਉਹਦੇ ਆਉਣ ਦੀ ਕੋਈ ਜਾਣਕਾਰੀ ਹੀ ਨਹੀਂ ਸੀ ਦਿੱਤੀ। ਤੇਜਾ ਸਿੰਘ ਲਿਖਦੇ ਹਨ, ḔḔਰਾਤ ਦੋਹਾਂ ਨੇ ਗੱਲਾਂ ਕਰਦਿਆਂ ਕੱਟੀ। ਮੈਕਾਲਿਫ਼ ਨੇ ਦੱਸਿਆ ਕਿ ਮੈਂ ਕੇਵਲ ਇਹ ਚਾਹੁੰਦਾ ਹਾਂ ਕਿ ਕਾਨਫ਼ਰੰਸ ਇਸ ਕੰਮ ਦੀ ਪ੍ਰਸੰਸਾ ਦਾ ਮਤਾ ਪਾਸ ਕਰ ਦੇਵੇ ਅਤੇ ਇਸ ਕਿਤਾਬ ਦੀ ਵਿਕਰੀ ਲਈ ਸਿੱਖਾਂ ਪਾਸ ਸਿਫ਼ਾਰਸ਼ ਕਰੇ।''
ਭਗਤ ਜੀ ਨੇ ਇਸ ਨੂੰ ਮਾਮੂਲੀ ਜਿਹੀ ਗੱਲ ਕਿਹਾ ਅਤੇ ਬੜੇ ਭਰੋਸੇ ਨਾਲ ਆਖਿਆ ਕਿ ਭਲਕੇ ਉਹ ਆਪ ਇਸ ਭਾਵ ਦਾ ਮਤਾ ਸਬਜੈਕਟਸ ਕਮੇਟੀ ਵਿਚ ਪੇਸ਼ ਕਰਨਗੇ ਅਤੇ ਪਾਸ ਕਰਵਾ ਲੈਣਗੇ। ਪਰ ਕਮੇਟੀ ਨੇ ਭਗਤ ਜੀ ਦਾ ਇਹ ਮਤਾ ਪਾਸ ਕਰਨੋਂ ਇਨਕਾਰ ਕਰ ਦਿੱਤਾ। ਮੈਕਾਲਿਫ਼ ਦੇ ਮਨ ਦੀ ਹਾਲਤ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਉਹ ਟੁੱਟੇ ਹੋਏ ਦਿਲ ਨਾਲ ਰਾਵਲਪਿੰਡੀ ਛਾਉਣੀ ਦੇ ਆਪਣੇ ਹੋਟਲ ਦੇ ਕਮਰੇ ਵਿਚ ਉਦਾਸ-ਨਿਰਾਸ਼ ਇਕੱਲਾ ਜਾ ਬੈਠਾ। ਸਾਥੀ ਅੰਗਰੇਜ਼ ਪਹਿਲਾਂ ਹੀ ਉਹਨੂੰ 'ਸਿੱਖ ਬਣਿਆ' ਆਖ ਕੇ ਚੰਗਾ ਨਹੀਂ ਸਨ ਸਮਝਦੇ। ਹੁਣ ਸਿੱਖਾਂ ਨੇ ਵੀ ਉਹਨੂੰ ਕੱਖੋਂ ਹੌਲਾ ਕਰ ਦਿੱਤਾ ਸੀ। ਇਸੇ ਮਾਨਸਿਕ ਹਾਲਤ ਵਿਚ ਉਹ ਵਲਾਇਤ ਪਰਤ ਗਿਆ। ਉਹਦੇ ਨਾਲ ਬੱਸ ਉਹਦਾ ਪੰਜਾਬੀ ਸੇਵਕ ਮੁਹੰਮਦ ਸੀ। 15 ਮਾਰਚ 1913 ਨੂੰ ਲੰਡਨ ਵਿਚ ਉਹ ਪੂਰਾ ਹੋ ਗਿਆ। ਆਪਣੀ ਬਾਕੀ ਜਾਇਦਾਦ ਰਿਸ਼ਤੇਦਾਰਾਂ ਦੇ ਨਾਂ ਕਰਨ ਲੱਗਿਆ ਉਹ ਇਕ ਹਿੱਸਾ ਮੁਹੰਮਦ ਦੇ ਨਾਂ ਕਰਨਾ ਵੀ ਨਹੀਂ ਭੁੱਲਿਆ। ਸ਼ਾਇਦ ਮੌਤ ਵੀ ਮੈਕਾਲਿਫ਼ ਦੀਆਂ ਮੁਸੀਬਤਾਂ ਦਾ ਅੰਤ ਕਰਨ ਤੋਂ ਅਸਮਰੱਥ ਰਹੀ। ਪੰਜਾਬੀਆਂ ਦੀ ਇਕ ਬੜੀ ਭੈੜੀ ਗਾਲ਼ ਹੈ, ਤੇਰਾ ਮੁਰਦਾ ਖ਼ਰਾਬ ਹੋਵੇ! ਅਜੇ ਮੈਕਾਲਿਫ਼ ਦਾ ਮੁਰਦਾ ਖ਼ਰਾਬ ਹੋਣਾ ਬਾਕੀ ਸੀ! 
ਉਹਦੀ ਦੇਹ ਸਮੇਟਣ ਦੀ ਸੂਚਨਾ ਦੇ ਜਵਾਬ ਵਿਚ ਈਸਾਈਆਂ ਦਾ ਕਹਿਣਾ ਸੀ ਕਿ ਇਹ ਤਾਂ ਕਦੋਂ ਦਾ ਆਪਣਾ ਮੂਲ ਧਰਮ ਤਿਆਗ ਕੇ ਸਿੱਖ ਬਣ ਚੁੱਕਿਆ ਸੀ। ਇਸੇ ਪ੍ਰਕਾਰ ਉਥੋਂ ਦੇ ਉਸ ਸਮੇਂ ਦੇ ਥੋੜ੍ਹੇ ਜਿਹੇ ਸਿੱਖਾਂ ਦਾ ਕਹਿਣਾ ਸੀ ਕਿ ਉਹ ਕੇਸਾਧਾਰੀ ਸਿੱਖ ਨਹੀਂ ਸੀ। ਹੋ ਸਕਦਾ ਹੈ, ਉਹ ਇਹ ਵੀ ਸੋਚਦੇ ਹੋਣ ਕਿ ਜਦੋਂ ਸਾਡੇ ਹਾਕਮਾਂ ਦਾ ਧਰਮ ਇਹਦੀ ਮਿੱਟੀ ਸਮੇਟਣ ਲਈ ਤਿਆਰ ਨਹੀਂ, ਅਸੀਂ ਉਹਨਾਂ ਦੇ ਉਲਟ ਚੱਲਣ ਦਾ ਪੰਗਾ ਕਿਉਂ ਲਈਏ! ਭਗਤ ਲਛਮਣ ਸਿੰਘ ਦੇ ਦੱਸੇ ਅਨੁਸਾਰ ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ:"ਅੰਤ ਫ਼ੈਸਲਾ ਇਹ ਹੋਇਆ ਕਿ ਮੈਕਾਲਫ਼ ਦਾ ਸਰੀਰ ਤਾਬੂਤ ਵਿਚ ਪਾ ਕੇ ਪੰਜ ਮਿੰਟ ਲਈ ਕਬਰ ਵਿਚ ਰੱਖਿਆ ਜਾਵੇ, ਉਪਰੰਤ ਦਾਹ ਦਿੱਤਾ ਜਾਵੇ। ਸੋ ਇਉਂ ਹੀ ਕੀਤਾ ਗਿਆ।''
ਮੌਤ ਦੀ, ਖਾਸ ਕਰਕੇ ਉਹਦੀ ਮਿੱਟੀ ਖ਼ੁਆਰ ਹੋਣ ਦੀ ਖ਼ਬਰ ਨਾਲ ਉਹਦੇ ਕੰਮ ਦਾ ਸਿੱਖ ਧਰਮ ਲਈ ਸਦੀਵੀ ਮਹੱਤਵ ਸਮਝਣ ਵਾਲੇ ਪੰਜਾਬੀਆਂ ਨੂੰ, ਖਾਸ ਕਰਕੇ ਉਸ ਨਾਲ ਕੰਮ ਕਰ ਚੁੱਕੇ ਵਿਦਵਾਨਾਂ ਨੂੰ ਭਾਰੀ ਦੁੱਖ ਹੋਣਾ ਸੁਭਾਵਿਕ ਸੀ। ਕੁਝ ਸੱਜਣਾਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਉਹਦੀ ਯਾਦ ਵਿਚ 'ਮੈਕਾਲਿਫ਼ ਮੈਮੋਰੀਅਲ ਫ਼ੰਡ' ਸ਼ੁਰੂ ਕਰਕੇ ਇਕ ਕੇਂਦਰੀ ਲਾਇਬਰੇਰੀ ਕਾਇਮ ਕੀਤੀ ਜਾਵੇ। ਇਸ ਮੰਤਵ ਲਈ ਫ਼ੰਡ ਇਕੱਠਾ ਕੀਤਾ ਜਾਣ ਲੱਗਿਆ ਤਾਂ ਬੜੇ ਯਤਨਾਂ ਦੇ, ਸਗੋਂ ਪ੍ਰਿੰ ਤੇਜਾ ਸਿੰਘ ਦੇ ਸ਼ਬਦਾਂ ਵਿਚ "ਸਾਡੀਆਂ ਹਜ਼ਾਰ ਲਿਲ੍ਹਕਣੀਆਂ ਦੇ'' ਬਾਵਜੂਦ ਮਸਾਂ ਕੋਈ ਦੋ ਕੁ ਹਜ਼ਾਰ ਰੁਪਇਆ ਇਕੱਠਾ ਹੋਇਆ। ਲਾਇਬਰੇਰੀ ਦਾ ਇਰਾਦਾ ਛੱਡ ਕੇ ਇਹ ਰਕਮ ਪੰਜਾਬ ਯੂਨੀਵਰਸਿਟੀ ਲਾਹੌਰ ਨੂੰ ਸੌਂਪ ਦੇਣ ਬਾਰੇ ਸੋਚਿਆ ਗਿਆ, ਜੋ ਹਰ ਸਾਲ ਵਿਆਜ ਨਾਲ ਮੈਕਾਲਿਫ਼ ਦੇ ਨਾਂ ਦਾ ਲੇਖ ਮੁਕਾਬਲਾ ਕਰਵਾ ਕੇ ਜੇਤੂ ਵਿਦਿਆਰਥੀ ਨੂੰ ਤਮਗਾ ਭੇਟ ਕਰ ਦਿਆ ਕਰੇ। 
ਪ੍ਰਿੰ ਤੇਜਾ ਸਿੰਘ ਜੀ ਦਸਦੇ ਹਨ, "ਥੋੜੇ ਚਿਰ ਪਿਛੋਂ ਮੈਂ ਅੰਮ੍ਰਿਤਸਰ ਚਲਾ ਗਿਆ, ਅਤੇ ਇਹ ਰੁਪਇਆ ਖ਼ਾਲਸਾ ਕਾਲਜ ਨੂੰ ਦਿੱਤਾ ਗਿਆ। ਉਥੇ ਹੁਣ ਇਸ ਫ਼ੰਡ ਦੇ ਸੂਦ ਵਿਚੋਂ ਹਰ ਸਾਲ ਸੌ ਰੁਪਏ ਦਾ ਤਮਗਾ ਇਕ ਚੰਗਾ ਲੇਖ ਲਿਖਣ ਲਈ ਦਿੱਤਾ ਜਾਂਦਾ ਹੈ।'' ਉਸ ਸਮੇਂ ਤੱਕ ਵੀ ਇਹ ਰਕਮ 3,245 ਰੁਪਏ ਤੱਕ ਹੀ ਪੁੱਜ ਸਕੀ ਸੀ! ਦਿਲਚਸਪ ਗੱਲ ਇਹ ਹੈ ਕਿ ਇਸ ਇਨਾਮ ਬਾਰੇ ਕਦੇ ਕੁਝ ਪੜ੍ਹਨ-ਸੁਣਨ ਵਿਚ ਨਾ ਆਇਆ ਹੋਣ ਕਾਰਨ ਇਹ ਲੇਖ ਲਿਖਣ ਸਮੇਂ ਫ਼ੰਡ ਦੀ ਵਰਤਮਾਨ ਹਾਲਤ ਜਾਣਨੀ ਚਾਹੀ ਤਾਂ ਮੇਰੇ ਯਤਨਾਂ ਦੇ ਹੱਥ-ਪੱਲੇ ਕੁਝ ਵੀ ਨਹੀਂ ਪਿਆ। ਅਜਿਹੇ ਉੱਤਰ ਹੀ ਮਿਲੇ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਾਸਪੈਕਟਸ ਵਿਚ ਹਰ ਸਾਲ ਮੈਕਾਲਿਫ਼ ਇਨਾਮ ਬਾਰੇ ਉਵੇਂ ਦਾ ਉਵੇਂ ਛਾਪ ਤਾਂ ਦਿੱਤਾ ਜਾਂਦਾ ਹੈ, ਪਰ ਇਨਾਮ ਦਿੱਤੇ ਜਾਣ ਬਾਰੇ ਕਦੇ ਕੁਝ ਨਹੀਂ ਸੁਣਿਆ। ਨਾ ਹੀ ਫ਼ੰਡ ਦੀ ਵਰਤਮਾਨ ਸਥਿਤੀ ਅਤੇ ਉਹਦੀ ਰਕਮ ਬਾਰੇ ਕੋਈ ਸਹੀ ਜਾਣਕਾਰੀ ਮਿਲ ਸਕੀ ਹੈ !                  (
ਦੇਸ਼ ਸੇਵਕ ਚੋਂ ਧੰਨਵਾਦ ਸਹਿਤ
ਫੋਨ : 011-65736868
'ਜਾਤ ਦਾ ਸਵਾਲ ਅਤੇ ਮਾਰਕਸਵਾਦ'


ਚਰਚਾ ਦੇਸ਼ ਦੀ ਵੰਡ ਵੇਲੇ ਹੋਈਆਂ ਗਲਤੀਆਂ ਦੀ


No comments: