Friday, March 01, 2013

ਮੀਡੀਆ ਵਿੱਚ ਇਸ ਬਜਟ ਦੀ ਇੱਕ ਝਲਕ

ਬਜਟ ਦੇ ਰਾਜ਼ ਬੜੇ ਸੂਖਮ ਅਤੇ ਨਿਸ਼ਾਨੇ ਵੀ ਬੜੇ ਸਟੀਕ ਪਰ ਲੁਕਵੇਂ
ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਮੁੱਖ ਖਬਰ 
ਇਸ  ਵਾਰ ਦਾ ਆਮ ਬਜਟ ਬਹੁਤ ਹੀ ਜਿਆਦਾ ਸੂਖਮ ਚਲਾਕੀ ਵਾਲਾ ਹੈ। ਜੇਬ ਚੋਂ  ਪੈਸਾ ਵੀ ਕਢਣਾ ਹੈ ਪਰ ਪਤਾ ਨਹੀਂ ਲੱਗਣ ਦੇਣਾ।  ਵੋਟਰਾਂ ਨੂੰ ਵੀ ਖਿੱਚਣਾ ਹੈ ਪਤਾ ਨਹੀਂ ਲੱਗਣ ਦੇਣਾ। ਇਸ ਬਜਟ ਨੂੰ ਵਿੱਤ ਮੰਤਰੀ ਦਾ ਕਮਾਲ ਹੀ ਕਿਹਾ ਜਾ ਸਕਦਾ ਹੈ ਕਿ ਸੰਸਦ ਵਿੱਚ ਜਿਹੜੀਆਂ ਪਾਰਟੀਆਂ ਦੇ ਆਗੂ ਇਸਦੀ ਨਿਖੇਧੀ ਕਰ ਰਹੇ ਸਨ ਉਹਨਾਂ ਹੀ ਪਾਰਟੀਆਂ ਦੀਆਂ ਮਹਿਲਾ ਆਗੂ ਬੈਠੇ ਬੈਠੇ ਇਸ ਬਜਟ ਵਿੱਚ ਮੰਦ ਮੰਦ ਮੁਸਕਰਾ ਵੀ ਰਹੀਆਂ ਸਨ। ਬਜਟ ਦੇ ਰਾਜ਼ ਬੜੇ ਸੂਖਮ ਹਨ ਅਤੇ ਨਿਸ਼ਾਨੇ ਵੀ ਬੜੇ ਸਟੀਕ ਪਰ ਲੁਕਵੇਂ। ਚਾਣਕਿਆ ਨੀਤੀ ਵਾਲੀਆਂ ਇਹਨਾਂ ਸਾਰੀਆਂ ਖੂਬੀਆਂ ਦੇ ਬਾਵਜੂਦ ਮੀਡੀਆ ਨੇ ਵਿੱਤ ਮੰਤਰੀ ਦੇ ਇਰਾਦੇ ਭਾਂਪ ਲਏ ਹਨ। ਜਰਾ ਦੇਖੋ ਮੀਡੀਆ ਵਿੱਚ ਇਸ ਬਜਟ ਦੀ ਇੱਕ ਝਲਕ।-ਰੈਕਟਰ ਕਥੂਰੀਆ 
ਬਜਟ ਨਹੀਂ, ਅੰਕੜਿਆਂ ਦੀ ਜਾਦੂਗਰੀ: ਵਿਰੋਧੀ ਧਿਰ
* ਆਮ ਆਦਮੀ ਦੀ ਅਣਦੇਖੀ * ਕਿਸਾਨਾਂ ਲਈ ਕੁਝ ਵੀ ਨਹੀਂ
ਜਗ ਬਾਣੀ ਦਾ ਸੰਪਾਦਕੀ 
ਨਵੀਂ ਦਿੱਲੀ, 28 ਫਰਵਰੀ:ਵਿਰੋਧੀ ਧਿਰ ਅਤੇ ਸਰਕਾਰ ਦੀ ਬਾਹਰੋਂ ਸਹਾਇਤਾ ਕਰ ਰਹੀਆਂ ਕੁਝ ਰਾਜਸੀ ਪਾਰਟੀਆਂ ਨੇ ਵਿੱਤ ਮੰਤਰੀ ਪੀ ਚਿਦੰਬਰਮ ਵੱਲੋਂ ਸੰਸਦ ਵਿੱਚ ਪੇਸ਼ ਬਜਟ ਨੂੰ ਅੰਕਡ਼ਿਆਂ ਦੀ ਜਾਦੂਗਰੀ ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ ਆਮ ਆਦਮੀ ਨੂੰ ਵਿਸਾਰ ਦਿੱਤਾ ਗਿਆ ਹੈ ਜੋ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਤੇ ਕਿਸਾਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ।
ਬਜਟ ਸਬੰਧੀ ਆਪਣੀ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਕਿ ਬਜਟ ਨੀਰਸ, ਅਕਾਊ ਤੇ ਕਸ਼ਿਸ਼ ਰਹਿਤ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਔਰਤਾਂ, ਨੌਜਵਾਨ ਵਰਗ ਤੇ ਗਰੀਬਾਂ ਲਈ ਕੁਝ ਵੀ ਨਹੀਂ ਹੈ। ਕਿਸਾਨਾਂ ਦੇ ਭਲੇ ਲਈ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਬਜਟ ਵਿੱਚ ਕੋਈ ਵਿਵਸਥਾ ਨਹੀਂ ਹੈ।
ਰਾਜ ਸਭਾ ਵਿੱਚ ਭਾਜਪਾ ਦੇ ਆਗੂ ਅਰੁਣ ਜੇਤਲੀ ਨੇ ਕਿਹਾ ਕਿ ਬਜਟ ਨਿਰਾ ਸ਼ਬਦਾਂ ਦਾ ਅਡੰਬਰ ਹੈ ਤੇ ਇਸ ਵਿੱਚ ਤੱਤਾਂ ਦੀ ਬਿਲਕੁਲ ਘਾਟ ਹੈ ਅਤੇ ਸਿਰਫ ਖਰਚ ਘਟਾਉਣ ਲਈ ਅੰਕੜਿਆਂ ਦਾ ਜਾਲ ਬੁਣਿਆ ਗਿਆ ਹੈ। ਖਡ਼ੌਤ ਦਾ ਸ਼ਿਕਾਰ ਹੋਈ ਭਾਰਤੀ ਆਰਥਿਕਤਾ ਨੂੰ ਉਭਾਰਨ ਲਈ ਬਜਟ ਵਿੱਚ ਕੋਈ ਵਿਵਸਥਾ ਨਹੀਂ ਹੈ। ਸੰਸਦ ਵਿੱਚ ਬਜਟ ਤਜਵੀਜ਼ਾਂ ਦਾ ਵਿਰੋਧ ਕਰਦਿਆਂ ਸਮਾਜਵਾਦੀ ਪਾਰਟੀ ਦੇ ਆਗੂ ਮੁਲਾਇਮ ਸਿੰਘ ਯਾਦਵ ਨੇ     ਕਿਹਾ ਕਿ ਬਜਟ ਗਰੀਬ ਅਤੇ ਕਿਸਾਨ ਵਿਰੋਧੀ ਹੈ। ਬਜਟ ਸਿਰਫ ਦੇਸ਼ ਦੇ 10 ਫੀਸਦੀ ਲੋਕਾਂ ਲਈ ਹੈ। ਬਜਟ ਵਿੱਚ ਖੇਤੀਬਾਡ਼ੀ ਵਿੱਚ ਲੱਗੇ ਦੇਸ਼ ਦੇ 65 ਫੀਸਦੀ ਲੋਕਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ। ਕਾਂਗਰਸ ਸਰਕਾਰ ਦੀ ਬਾਹਰੋਂ ਹਮਾਇਤ ਕਰ ਰਹੀ ਬਸਪਾ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਬਜਟ ਆਮ ਆਦਮੀ ਨੂੰ ਬੁੱਧੂ ਬਣਾਉਣ ਵਾਲਾ ਹੈ ਤੇ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਭਾਜਪਾ ਆਗੂ ਮੁਖ਼ਤਾਰ ਅੱਬਾਸ ਨਕਵੀ ਨੇ ਕਿਹਾ ਕਿ 9 ਸਾਲ ਪੁਰਾਣੀ ਨਖਿੱਧ ਸਰਕਾਰ ਸਿਰਫ ਵਾਅਦਿਆਂ ਦਾ ਪਟਾਰਾ ਲੈ ਕੇ ਆਈ ਹੈ। ਬੀਜੂ ਜਨਤਾ ਦਲ ਦੇ ਕੈਲਾਸ਼ ਸਿੰਘ ਦਿਓ ਨੇ ਕਿਹਾ ਕਿ ਬਜਟ ਵਿੱਚ ਆਰਥਿਕ ਵਿਕਾਸ ਲਈ ਕੋਈ ਤਜਵੀਜ਼ ਨਹੀਂ ਹੈ ਤੇ ਖੇਤੀਬਾਡ਼ੀ ਸੈਕਟਰ ਦੀ ਬੁਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ। ਸੀਪੀਆਈ ਆਗੂ ਗੁਰੂਦਾਸ ਦਾਸਗੁਪਤਾ ਨੇ ਕਿਹਾ ਕਿ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਲੋਕ ਲੁਭਾਊ ਬਜਟ ਹੈ ਤੇ ਇਹ ਚੋਣਾਂ ਦੇ ਲਈ ਇੱਕ ਕਵਾਇਦ ਹੈ।
ਸੀਪੀਆਈ ਦੇ ਕੌਮੀ ਸਕੱਤਰ ਡੀ ਰਾਜਾ ਨੇ ਕਿਹਾ ਕਿ ਬਜਟ ਮਾਲੀਆ ਉਗਰਾਹੁਣ ਦੇ ਮੁੱਢਲੇ ਮਸਲੇ ਨੂੰ ਹੱਲ ਨਹੀਂ ਕਰਦਾ। ਇਹ ਤਕਨੀਕੀ ਤੌਰ ’ਤੇ ਅੰਕੜਾ ਜਾਲ ਹੈ। ਰਈਸਾਂ ’ਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਟੈਕਸ ਵਿਵਸਥਾ ਨਹੀਂ ਹੈ ਤੇ ਕਾਲੇ ਧਨ ਪ੍ਰਤੀ ਵੀ ਇਹ ਬਿਲਕੁਲ ਚੁੱਪ ਹੈ।
ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਬਜਟ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਚਿਦੰਬਰਮ ਨੇ ਅੰਕੜਿਆਂ ਦੀ ਸ਼ਤਰੰਜ ਖੇਡੀ ਹੈ ਤੇ ਸਿੱਧੇ ਤੇ ਅਸਿੱਧੇ ਕਰਾਂ ਤੋਂ ਅਤੇ ਤੇਲ ਕੀਮਤਾਂ ਵਿੱਚ ਵਾਧੇ ਤੋਂ 18000 ਕਰੋਡ਼ ਦੀ ਉਗਰਾਹੀ ਕੀਤੀ ਜਾਵੇਗੀ। ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ ਤੋਂ ਪਹਿਲੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੀ ਆਲੋਚਨਾ ਕੀਤੀ ਹੈ, ਜੋ ਹੁਣ ਰਾਸ਼ਟਰਪਤੀ ਹਨ। ਇਹ ਵਿੱਤ ਮੰਤਰੀ ਦਾ ਬਜਟ ਨਾ ਹੋ ਕੇ ਇੱਕ ਲੇਖਾਕਾਰ ਦਾ ਬਜਟ ਹੈ। ਜਨਤਾ ਦਲ (ਯੂ) ਦੇ ਆਗੂ ਸ਼ਰਦ ਯਾਦਵ ਨੇ ਬਜਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਵਿੱਚ ਕਿਸਾਨਾਂ, ਮੱਧ ਵਰਗ ਤੇ ਗਰੀਬਾਂ ਲਈ ਕੁਝ ਵੀ ਨਹੀਂ ਹੈ।
ਸੂਚਨਾ ਤੇ ਪ੍ਰਸਾਰਣ ਮੰਤਰੀ ਮਨੀਸ਼ ਤਿਵਾੜੀ ਨੇ ਬਜਟ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬਜਟ ਵਿਕਾਸ ਮੁਖੀ ਤੇ ਉਸਾਰੂ ਹੈ। ਇਸ ਨਾਲ ਵਿਕਾਸ ਵਿੱਚ ਤੇਜ਼ੀ ਆਵੇਗੀ। ਭਾਜਪਾ ਦੇ ਬੁਲਾਰੇ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਬਜਟ ਬੁਨਿਆਦੀ ਢਾਂਚਾ, ਊਰਜਾ, ਨਿਰਮਾਣ ਵਰਗੇ ਮੁਢਲੇ ਸੈਕਟਰਾਂ ਲਈ ਕੋਈ ਰਾਹ ਦਰਸੇਵਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਇਨ੍ਹਾਂ ਸੈਕਟਰਾਂ ਦੇ ਉਥਾਨ ਲਈ ਕੋਈ ਯੋਜਨਾ ਪੇਸ਼ ਨਹੀਂ ਕਰ ਸਕੇ। ਸੀਪੀਐਮ ਆਗੂ ਬਰਿੰਦਾ ਕਰਾਤ ਨੇ ਬਜਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਕਾਰਪੋਰੇਟ ਪੱਖੀ ਬਜਟ ਹੈ। ਇਸ ਵਿੱਚ ਸਿਰਫ ਵਿਕਾਸ ਨੂੰ ਮੁੱਖ ਰੱਖਿਆ ਹੈ ਜੋ ਕਿ ਕਾਰਪੋਰੇਟ ਜਗਤ ਨਾਲ ਜੁੜਿਆ ਹੋਇਆ ਹੈ। ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਇਸ ਬਜਟ ਨਾਲ ਮੁਦਰਾ ਪਸਾਰ ਵਿੱਚ ਹੋਰ ਵਾਧਾ ਹੋਵੇਗਾ। ਵਿੱਤੀ ਘਾਟੇ ਨੂੰ ਕਰਜ਼ ਰਾਹੀਂ ਹੱਲ ਕਰਨ ਦੇ ਯਤਨਾਂ ਨਾਲ ਦੇਸ਼ ਕਰਜ਼ੇ ਦੀ ਦਲਦਲ ਵਿੱਚ ਫਸ ਸਕਦਾ ਹੈ।
-ਪੀ.ਟੀ.ਆਈ. 
ਬਜਟ ਨਹੀਂ, ਅੰਕੜਿਆਂ ਦੀ ਜਾਦੂਗਰੀ: ਵਿਰੋਧੀ ਧਿਰ

No comments: