Saturday, December 08, 2012

ਬੀਬੀਆਂ ਦੇ ਦਰਬਾਰ ਸਾਹਿਬ ਵਿਚ ਕੀਰਤਨ ਦਾ ਸਬੂਤ ਵੀ ਮੌਜੂਦ

ਬੀਬੀਆਂ ਦੇ ਦਰਬਾਰ ਸਾਹਿਬ ਵਿਚ ਕੀਰਤਨ ਦਾ ਸਬੂਤ ਵੀ ਮੌਜੂਦ
ਔਰਤਾਂ ਨੂੰ ਗੁਲਾਮੀ ਅਤੇ ਜ਼ਿੱਲਤ ਵਿੱਚੋਂ ਕਢਕੇ ਸਨਮਾਨ ਦੀ ਜਿੰਦਗੀ ਦੇਣਾ ਸਿੱਖ ਗੁਰੂਆਂ ਦੀ ਸਮਾਜ ਨੂੰ ਇੱਕ ਬਹੁਤ ਹੀ ਵੱਡੀ ਦੇਣ ਹੈ। ਪਰ ਅੱਜ ਫਿਰ ਇਹ ਆਜ਼ਾਦੀ ਖਤਰੇ ਵਿੱਚ ਪੈ ਮਹਿਸੂਸ ਹੋ ਰਹੀ ਹੈ। ਗੁਰੂ ਘਰ ਵਿੱਚ ਕੀਰਤਨ ਕਰਨ ਦੇ ਅਧਿਕਾਰ ਲਈ ਉਹਨਾਂ ਨੂੰ ਇੱਕ ਵਾਰ ਫਿਰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮਕਸਦ ਲਈ ਇੱਕ ਵਾਰ ਫਿਰ ਆਵਾਜ਼ ਬੁਲੰਦ ਹੋ ਰਹੀ ਹੈ। ਇਸ ਮੁੱਦੇ ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਉਘੇ ਅਤੇ ਪ੍ਰਮਾਣਿਕ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਹੁਰਾਂ ਨੇ ਕਿਹਾ ਹੈ:
                                                               Courtesy Photo
ਬੀਬੀਆਂ ਦੇ ਦਰਬਾਰ ਸਾਹਿਬ ਵਿਚ ਕੀਰਤਨ ਕੀਤੇ ਹੋਣ ਦਾ ਸਬੂਤ ਵੀ ਮੌਜੂਦ ਹੈ।.
ਰਤਨ ਸਿੰਘ ਭੰਗੂ ਲਿਖਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਦੀ ਮਾਤਾ ਦਰਬਾਰ ਸਾਹਿਬ ਵਿਚ ਕੀਰਤਨ ਕਰਿਆ ਕਰਦੀ ਸੀ:
ਹੁਤੀ ਸਿੰਘਨ ਕੀ ਬੇਟੀ ਸੋਇ ।.
ਪਿਤਾ ਪਡ਼੍ਹਾਈ ਅੱਛਰ ਤੋਇ ।.
ਗੁਰਬਾਣੀ ਤਿਸ ਕੰਠ ਘਨੇਰੀ ।.
ਹੁਤੀ ਸਿੱਖਣੀ ਦੁਇ ਪਖ ਕੇਰੀ ।4।.
ਪੋਥੀ ਰਾਖਤ ਗਾਤ੍ਰੈ ਪਾਈ ।.
ਸਿਖ ਸੰਗਤ ਮੈਂ ਪਹੁੰਚੈ ਜਾਇ ।.
ਬਡੀ ਪ੍ਰਾਤ ਉਠ ਚੌਂਕੀ ਕਰੈ ।.
ਸਮੈਂ ਸੰਝੈ ਭੀ ਸੋਦਰ ਪਡ਼੍ਹੈ ।5।.
ਦੋਹਰਾ :
ਆਪ ਦੁਤਾਰੇ ਵਹਿ ਫਡ਼ੈ ਬਾਲ ਸੁ ਦਾਸੀਪ੍ਰੇਮ ।.
ਦੋਊ ਵਖਤ ਚੌਂਕੀ ਕਰੈ ਯਿਹ ਥੋ ਉਸ ਕੋ ਨੇਮ ।6।.
ਚੌਪਈ :
ਜਹਿ ਸਿਖ ਸੰਗਤ ਹੋਵੈ ਜੋਡ਼ ।.
ਜੋ ਸੱਦੈ ਤਿਸ ਕਰੈ ਨ ਮੋਡ਼ ।.
ਰਾਤ ਦਿਨਸ ਕਰਜਾਵੈ ਤਾਂਹਿ ।.
ਕਰ ਚੌਂਕੀ ਕੇ ਸ਼ਬਦ ਸੁਣਾਇ ।7।.
ਹਰ ਮੇਲੇ ਜਾਵੈ ਗੁਰਦ੍ਵਾਰ ।.
ਖੁੰਝੈ ਨਹੀਂ ਵਹਿ ਗੁਰ ਕੀ ਕਾਰ ।.
ਜਹਾਂ ਖਾਲਸੋ ਲਾਇ ਦੀਵਾਨ ।.
ਜਾਇ ਕਰੈ ਸ਼ਬਦ ਚੌਂਕੀ ਗਾਨ ।8।.
(ਰਤਨ ਸਿੰਘ ਭੰਗੂ, ਪ੍ਰਾਚੀਨ ਪੰਥ ਪ੍ਰਕਾਸ਼, ਸਾਖੀ 91, ਸਫ਼ਾ 94).


ਬੀਬੀਆਂ ਅਤੇ ਰੰਘਰੇਟਿਆਂ ‘ਤੇ ਪਬੰਦੀ ਕਿਸ ਨੇ ਲਾਈ?:ਦਰਬਾਰ ਸਾਹਿਬ ਵਿਚ ਬੀਬੀਆਂ ‘ਤੇ ਪਾਬੰਦੀਆਂ ਸਭ ਨਿਰਮਲਿਆਂ ਅਤੇ ਉਦਾਸੀਆਂ ਦੇ ਕਾਲ ਵਿਚ ਸ਼ੁਰੂ ਹੋਈਆਂ ਸਨ। ਉਹ ਔਰਤ ਨੂੰ ਨਫ਼ਰਤ ਕਰਦੇ ਸਨ। ਉਹ ਬਾਨਾਰਸੀ ਪੰਡਤਾਂ ਤੇ ਠੱਗਾਂ ਤੋਂ ਪਡ਼੍ਹ ਕੇ ਆਏ ਸਨ ਅਤੇ ਤਲਸੀ ਦਾਸ ਤੇ ਮਨੂ ਦੇ ਚੇਲੇ ਸਨ, ਨਾ ਕਿ ਗੁਰੂ ਨਾਨਕ ਸਾਹਿਬ ਦੇ - ਜਿਨ੍ਹਾਂ ਨੇ ਔਰਤ ਨੂੰ ਰਾਜ-ਮਾਤਾ (‘ਜਿਤੁ ਜੰਮਹਿ ਰਾਜਾਨ’; ਗੁਰੂ ਗ੍ਰੰਥ ਸਾਹਿਬ ਸਫ਼ਾ 473) ਵਰਗਾ ਦਰਜਾ ਦਿੱਤਾ ਹੋਇਆ ਸੀ। ਨਿਰਮਲਿਆਂ ਅਤੇ ਉਦਾਸੀਆਂ ਨੇ ਤਾਂ ਦਰਬਾਰ ਸਾਹਿਬ ਵਿਚ ਅਛੂਤਾਂ ਦਾ ਦਾਖ਼ਲਾ ਵੀ ਬੰਦ ਕੀਤਾ ਹੋਇਆ ਸੀ; ਉਹ ਦੁਪਹਿਰੇ 11 ਵਜੇ ਤੋਂ ਪਹਿਲਾਂ ਦਰਬਾਰ ਸਾਹਿਬ ਵਿਚ ਵਡ਼ ਵੀ ਨਹੀਂ ਸਨ ਸਕਦੇ। ਉਥੇ ‘ਰੰਘਰੇਟਾ ਗੁਰੂ ਦਾ ਬੇਟਾ’ “ਏਕ ਨੂਰ ਤੇ ਸਭੁ ਜਗੁ ਉਪਜਿਆ” (ਗੁਰੂ ਗ੍ਰੰਥ ਸਾਹਿਬ, ਸਫ਼ਾ 1349) ਨਹੀਂ ਬਲਕਿ ਅਛੂਤ ਸੀ। ਇਹ ਸਾਰਾ ਕੁਝ ਗੁਰੂ ਦੀ ਸਿਖਿਆ ਦੇ ਮੂਲੋਂ ਹੀ ਉਲਟ ਸੀ। ਮੌਜੂਦਾ ਪੁਜਾਰੀਆਂ ਵਿਚੋਂ ਜੋ ਨਿਰਮਲੇ ਤੇ ਉਦਾਸੀਆਂ ਦੇ ਚੇਲੇ ਹਨ ਉਹ ਔਰਤਾਂ ਨੂੰ ਸੇਵਾ, ਕੀਰਤਨ ਅਤੇ ਪੰਜ ਪਿਆਰਿਆਂ ਵਿਚ ਸ਼ਾਮਿਲ ਹੋਣ ਤੋਂ ਰੋਕਦੇ ਹਨ। ਉਨ੍ਹਾਂ ਦਾ ਵਸ ਚਲੇ ਤਾਂ ਉਹ ਸੀਸ ਭੇਟ ਕੌਤਕ ਵਾਲੇ ਦਿਨ ਖੰਡੇ ਦੀ ਪਾਹੁਲ ਦੀ ਪਹਿਲੀ ਰਸਮ ਵਿਚ ਮਾਤਾ ਜੀਤੋ ਦਾ ਪਤਾਸੇ ਪਾਉਣਾ ਵੀ ਝੂਠ ਕਰਾਰ ਦੇ ਦੇਣ। ਇਕ ਹੋਰ ਨੀਚਤਾ ਵਾਲੀ ਗੱਲ ਇਹ ਹੈ ਕਿ ਇਹ ਪੁਜਾਰੀ ਇਕ ਪਾਸੇ ਤਾਂ ਔਰਤਾਂ ਨੂੰ ਸੂਤਕ ਵਾਲੀਆਂ ਤੇ ਨੀਚ ਕਹਿ ਕੇ ਰੱਦ ਕਰਦੇ ਸਨ; ਪਰ ਦੂਜੇ ਪਾਸੇ ਅਖੌਤੀ ਜਤੀ-ਸਤੀ ਹੋਣ ਦਾ ਦਿਖਾਵਾ ਕਰਨ ਦੇ ਬਾਵਜੂਦ, ਬਹੁਤੇ ਪੁਜਾਰੀਆਂ ਨੇ ਵੇਸਵਾਵਾਂ ਤੇ ਛੁੱਟਡ਼ ਔਰਤਾਂ ਰਖੈਲਾਂ ਬਣਾ ਕੇ ਰੱਖੀਆਂ ਹੋਈਆਂ ਸਨ ਅਤੇ ਮੱਥਾ ਟੇਕਣ ਆਈਆਂ ਬੀਬੀਆਂ ਨਾਲ ਜਬਰ-ਜ਼ਨਾਹ ਵੀ ਕਰਿਆ ਕਰਦੇ ਸਨ। ਨਾਨਕਾਣਾ, ਤਰਨ ਤਾਰਨ, ਅੰਮ੍ਰਿਤਸਰ ਤੇ ਹੋਰ ਬਹੁਤ ਸਾਰੇ ਗੁਰਦੁਆਰਿਆਂ ਦੇ ਪੁਜਾਰੀਆਂ ਤੇ ਉਨ੍ਹਾਂ ਦੇ ਪੁੱਤਰਾਂ ਤੇ ਹੋਰ ਰਿਸ਼ਤੇਦਾਰਾਂ ਤੇ ਸਾਥੀਆਂ ਦੀਆਂ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਹਰਕਤਾਂ ਤਵਾਰੀਖ਼ ਦਾ ਹਿੱਸਾ ਹਨ।

ਬੀਬੀਆਂ ਦੇ ਦਰਬਾਰ ਸਾਹਿਬ ਵਿਚ ਕੀਰਤਨ ਦਾ ਸਬੂਤ ਵੀ ਮੌਜੂਦ

No comments: