Wednesday, October 24, 2012

ਅੱਜ ਹਰ ਪਾਸੇ ਰਾਵਣਾਂ ਦਾ ਹੀ ਸਾਹਮਣਾ//ਹਰਵਿੰਦਰ ਸਿੰਘ ਸੱਗੂ

ਸਾਲ ਪਿੱਛੋਂ ਪੁਤਲੇ ਜਲਾ ਕੇ ਅਸੀਂ ਆਪਣਾ ਫਰਜ਼ ਪੂਰਾ ਕਰ ਲੈਂਦੇ ਹਾਂ !
ਹਰਵਿੰਦਰ ਸਿੰਘ ਸੱਗੂ 
ਹਰਵਿੰਦਰ ਸਿੰਘ ਸੱਗੂ ਆਪਣੀ ਲਗਨ ਵਿੱਚ ਮਗਨ ਬੜੇ ਲੰਮੇ ਅਰਸੇ ਤੋਂ ਪੱਤਰਕਾਰੀ ਕਰ ਰਿਹਾ ਹੈ. ਜਗਰਾਓਂ ਡੇਟਲਾਈਨ ਨਾਲ ਪ੍ਰਕਾਸ਼ਿਤ/ਪ੍ਰਸਾਰਿਤ ਹੁੰਦੀਆਂ ਉਸਦੀਆਂ  ਖਬਰਾਂ ਉਸਦੀ ਨਿਰਪੱਖਤਾ, ਮਿਹਨਤ ਅਤੇ ਇਮਾਨਦਾਰੀ ਬਾਰੇ ਸਭ ਕੁਝ ਦਸ ਦੇਂਦੀਆਂ ਹਨ.  ਪ੍ਰਿੰਟ ਮੀਡੀਆ ਦੇ ਨਾਲ ਇਲੈਟਰੋਨਿਕ ਮੀਡੀਆ ਦੇ ਕੰਮ ਵਿੱਚ ਵੀ ਉਸਨੂੰ ਪੂਰੀ ਪੂਰੀ ਮੁਹਾਰਤ ਹੈ. ਇਸ ਵਾਰ ਦੁਸਹਿਰੇ ਦੇ ਮੌਕੇ ਤੇ ਉਸਨੇ ਵੀ ਕੁਝ ਨਵੀਆਂ ਗੱਲਾਂ ਕੀਤੀਆਂ ਹਨ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ. --ਰੈਕਟਰ ਕਥੂਰੀਆ 
ਨਾ ਮੈਂ ਕੋਈ ਝੂਠ ਬੋਲਿਆ.....?
ਸਮਾਜ ਵਿਚ ਵਿਚਰ ਰਹੇ ਰਾਵਣ ਰੂਪੀ ਕਰੂਪ ਚਿਹਰਿਆਂ ਨੂੰ ਨੰਗੇ ਕਰਕੇ ਸਹੀ ਅਰਥਾਂ ਵਿਚ ਦੁਸਹਿਰਾ ਮਨਾਓ
ਹਰ ਨੁੱਕਰ 'ਤੇ ਦਿਖਾਈ ਦੇ ਰਹੇ ਹਨ ਰਾਵਣ
ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰਾ ਤਿਉਹਾਰ ਨੂੰ ਅਸੀਂ ਸਦੀਆਂ ਤੋਂ ਇਕੋ ਢੰਗ ਨਾਲ ਮਨਾ ਰਹੇ ਹਾਂ। ਬਦੀ ਦੇ ਪ੍ਰਤੀਕ ਰਾਵਣ, ਕੁੰਭਕਰਨ ਅਤੇ ਮੇਘ ਨਾਥ ਦੇ ਪੁਤਲਿਆਂ ਨੂੰ ਜਲਾ ਕੇ ਅਸੀਂ ਸਾਲ ਭਰ ਸਤੁੰਸ਼ਟ ਹੋ ਜਾਂਦੇ ਹਾਂ ਕਿ ਅਸੀਂ ਅਜਿਹਾ ਕਰਕੇ ਬਦੀ ਦਾ ਅੰਤ ਕਰ ਦਿਤਾ ਹੈ ਪਰ ਸਹੀ ਅਰਥਾਂ ਵਿਚ ਅੱਜ ਹਰ ਪਾਸੇ ਬਦੀ ਹੀ ਬਦੀ ਭਾਰੂ ਦਿਖਾਈ ਦੇ ਰਹੀ ਹੈ। ਮਰਿਆਦਾ ਪ੍ਰਸ਼ੋਤਮ ਭਗਵਾਨ ਰਾਮ ਚੰਦਰ ਜੀ ਨੇ ਜੋ ਪੂਰਨੇ ਆਪਣੇ ਖੁਦ ਦੇ ਜੀਵਨ ਨੂੰ ਢਾਲ ਕੇ ਪੈਦਾ ਕੀਤੇ ਸਨ ਉਨ੍ਹਾਂ ਪੂਰਨਿਆਂ ਤੇ ਸਾਡੇ ਵਿਚੋਂ ਕੋਈ ਵੀ ਨਹੀਂ ਚੱਲ ਰਿਹਾ। ਸਾਲ ਪਿੱਛੋਂ ਰਾਵਣ, ਕੁੰਭਕਰਨ ਆਦਿ ਦੇ ਪੁਤਲੇ ਜਲਾ ਕੇ ਅਸੀਂ ਆਪਣਾ ਫਰਜ਼ ਪੂਰਾ ਕਰ ਲੈਂਦੇ ਹਾਂ। ਜੇਕਰ ਅਸਲ ਸਥਿਤੀ ਵੱਲ ਨਜ਼ਰ ਮਾਰੀ ਜਾਵੇ ਤਾਂ ਸਦੀਆਂ ਪਹਿਲਾਂ ਕੀਤੀ ਗਈ ਗਲਤੀ ਦੀ ਸਜ਼ਾ ਤਾਂ ਅਸੀਂ ਰਾਵਣ,ਮੇਘਨਾਥ ਅਤੇ ਕੁੰਭਕਰਨ ਨੂੰ ਅੱਜ ਵੀ ਉਨ੍ਹਾਂ ਦੇ ਪੁਤਲੇ ਜਲਾ ਕੇ ਦੇ ਰਹੇ ਹਾਂ ਪਰ ਸਮਾਜ ਵਿਚ ਜੋ ਹੋਰ ਲੱਖਾਂ ਰਾਵਣ ਪੈਦਾ ਹੋ ਰਹੇ ਹਨ ਅਤੇ ਸਦੀਆਂ ਪਹਿਲੇ ਰਾਵਣ ਨਾਲੋਂ ਵੀ ਭਿਆਨਕ ਗਲਤੀਆਂ ਕਰਕੇ ਸਮਾਜ ਲਈ ਨਾਸੁਰ ਬਣੇ ਹੋਏ ਹਨ ਉਨ੍ਹਾਂ ਪ੍ਰਤੀ ਸਾਡਾ ਨਜ਼ਰੀਆ ਹਮਦਰਦੀ ਭਰਿਆ ਹੈ। ਰਾਵਣ ਰੂਪੀ ਬੁਰਾਈਆਂ ਸਾਡੇ ਖੁਦ ਦੇ ਮਨਾ ਅੰਦਰ ਹਨ ਜਿਨ੍ਹਾਂ ਨੂੰ ਅਸੀਂ ਹਾਊਮੈ ਦਾ ਦਾਣਾ ਪਾ ਕੇ ਖੁਦ ਪਾਲ ਰਹੇ ਹਾਂ ਅਤੇ ਉਨ੍ਹਾਂ ਨੂੰ ਫਖਰ ਨਾਲ ਬਲਵਾਨ ਵੀ ਬਣਾ ਰਹੇ ਹਾਂ। ਅੱਜ ਸਾਨੂੰ ਹਰ ਪਾਸੇ ਰਾਵਣਾਂ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਨ੍ਹਾਂ ਨੂੰ ਸਾਡ਼ਣ ਲਈ ਸਾਡੇ ਵਿਚੋਂ ਕੋਈ ਵੀ ਤਿਆਰ ਨਹੀਂ ਹੈ। ਭਾਰਤ ਦੇਸ਼ ਨੂੰ ਸਦੀਆਂ ਤੋਂ ਸੇਨੇ ਦੀ ਚਿਡ਼ੀ ਦਾ ਖਿਤਾਬ ਦਿਤਾ ਗਿਆ। ਇਸ ਸੋਨੇ ਦੀ ਚਿਡ਼ੀ ਕਹਾਉਣ ਵਾਲੇ ਭਾਰਤ 'ਤੇ ਅਨੇਕਾਂ ਹਮਲੇ ਹੋਏ ਅਤੇ ਹਮਲਾਵਰਾਂ ਨੇ ਦੋਹੀਂ ਹਥੀਂ ਇਸਨੂੰ ਲੁੱਟਿਆ। ਉਸਤੋਂ ਬਾਅਦ ਇਕ ਸਦੀ ਤੋਂ ਵਧੇਰੇ ਸਮਾਂ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਵਿਚ ਬਤੀਤ ਕਰਨਾ ਪਿਆ। ਉਸ ਸਮੇਂ ਦੌਰਾਨ ਮੁੱਠੀ ਭਰ ਅੰਗਰੇਜ਼ਾਂ ਨੇ ਭਾਰਤ ਵਿਚ ਫੌਹਡ਼ਿਆਂ ਨਾਲ ਧਨ ਅਤੇ ਸੋਮਿਆਂ ਨੂੰ ਆਪਣੇ ਪਾਸ ਜਮਾਂ ਕਰ ਲਿਆ। ਉਸਦੇ ਬਾਵਜ਼ੂਦ ਵੀ ਭਾਰਤ ਸੋਨੇ ਦੀ ਚਿਡ਼ੀ ਹੀ ਰਿਹਾ। ਆਜ਼ਾਦੀ ਦੇ ਪਰਵਾਨਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਭਾਰਤ ਆਜ਼ਾਦ ਹੋਇਆ ਅਤੇ ਆਜ਼ਾਦੀ ਦੇ 60 ਸਾਲਾਂ ਵਿਚ ਹੀ ਭਾਰਤ ਦੀ ਸੋਨੇ ਦੀ ਚਿਡ਼ੀ ਦੇ ਖੰਭ ਸਾਡੇ ਹੀ ਹਾਕਮਾਂ ਨੇ ਨੋਚ ਲਏ। ਜਿਸ ਦੇਸ਼ ਨੂੰ ਸਾਰੀ ਦੁਨੀਆਂ ਕੰਗਾਲ ਨਹੀਂ ਕਰ ਸਕੀ ਉਸ ਦੇਸ਼ ਨੂੰ ਉਸਦੇ ਹਾਕਮਾਂ ਨੇ ਹੀ ਕੰਗਾਲੀ ਦੇ ਰਸਤੇ ਤੇ ਲਿਆ ਖਡ਼੍ਹਾ ਕੀਤਾ। ਜੇਕਰ ਚਾਰੇ ਪਾਸੇ ਨਜ਼ਰ ਦੌਡ਼ਾਈ ਜਾਵੇ ਤਾਂ ਅੱਜ ਸਭ ਤੋਂ ਵੱਡੇ ਰਾਵਣ ਸਾਡੇ ਰਾਜਨੀਤਿਕ ਲੋਕਾਂ ਵਿਚ ਛੁਪੇ ਬੈਠੇ ਹਨ। ਜਿਨ੍ਹਾਂ ਦੀ ਪਛਾਣ ਤੁਸੀਂ ਹਰ ਹਲਕੇ ਵਿਚ ਆਪਣੇ ਤੌਰ ਤੇ ਕਰ ਸਕਦੇ ਹੋ। ਦੇਸ਼ ਨੂੰ ਕੰਗਾਲੀ ਦੇ ਰਸਤੇ ਤੇ ਲਿਆਉਣ ਵਿਚ ਸਭ ਤੋਂ ਵੱਡਾ ਯੋਗਦਾਨ ਹੀ ਬਹੁਤੇ ਰਾਜਨੀਤਿਕ ਲੋਕਾਂ ਦਾ ਹੈ। ਕਦੇ ਦੇਸ਼ ਦੀ ਸੇਵਾ ਦੇ ਪ੍ਰਤੀਕ ਵਜੋਂ ਰਾਜਨੀਤੀ ਨੂੰ ਦੇਖਿਆ ਜਾਂਦਾ ਸੀ ਪਰ ਅੱਜ ਸਭ ਤੋਂ ਕਮਾਊ ਸਾਧਨ ਵਜੌਂ ਰਾਜਨੀਤੀ ਨੂੰ ਲਿਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਤੌਰ 'ਤੇ ਹੀ ਨਜ਼ਰ ਦੌਡ਼ਾਓਗੇ ਤਾਂ ਤੁਹਾਡੇ ਸਾਹਮਣੇ ਹਰ ਹਲਕੇ ਵਿਚ ਅਜਿਹੇ ਚਿਹਰੇ ਸਾਹਮਣੇ ਆ ਜਾਣਗੇ ਜੋ ਬਿਲਕੁਲ ਮਾਮੂਲੀ ਹੈਸੀਅਤ 'ਚ ਰਾਜਨੀਤੀ ਵਿਚ ਦਾਖਲ ਹੋਏ ਸਨ ਅਤੇ ਅੱਜ ਉਨ੍ਹਾਂ ਪਾਸ ਇਨਾਂ ਧਨ ਹੈ ਕਿ ਉਨ੍ਹਾਂ ਦੀਆਂ ਸੱਤ ਪੁਸ਼ਤਾਂ ਤੱਕ ਰੋਟੀ ਬੈਠ ਕੇ ਖਾ ਸਕਦੀਆਂ ਹਨ। ਹੁਣ ਇਸ ਗੱਲ ਬਾਰੇ ਕਦੇ ਕਿਸੇ ਰਾਜਨੀਤਿਕ ਆਗੂ ਜਾਂ ਕਿਸੇ ਇਨਸਾਫ ਪਸੰਦ ਬੰਦੇ ਜਾਂ ਜੁਡੀਸ਼ਰੀ ਨੇ ਨਹੀਂ ਸੋਚੀ ਕਿ ਬੱਝਵੇਂ ਤਨਖਾਹ-ਭੱਤੇ ਲੈਣ ਵਾਲੇ ਰਾਜਨੀਤਿਕ ਲੋਕਾਂ ਪਾਸ ਬੇਅਥਾਹ ਧਨ ਕਿਥੋਂ ਆਉਂਦਾ ਹੈ ? ਦੋਵਾਂ ਹੱਥਾਂ ਨਾਲ ਲੁੱਟ ਕੇ ਆਪਣੇ ਘਰ ਭਰਨ ਵਾਲੇ ਇਹ ਲੋਕ ਸਭ ਤੋਂ ਵੱਡੇ ਰਾਵਣ ਹਨ। ਉਸਤੋਂ ਬਾਅਦ ਵਾਰੀ ਆਉਂਦੀ ਹੈ ਧਾਰਮਿਕ ਚੋਲੇ ਪੇ ਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਵਾਲੇ ਇਹ ਅਖੌਤੀ ਸਾਧ। ਅੱਜ ਸਥਿਤੀ ਇਹ ਹੈ ਕਿ ਬੇਹਦ ਵਧੀ ਹੋਈ ਮੰਹਿਗਾਈ ਸਦਕਾ ਕੋਈ ਵੀ ਵਿਅਕਤੀ ਮਾਨਸਿਕ ਤੌਰ 'ਤੇ ਸਤੁੰਸ਼ਟ ਨਹੀਂ ਹੈ। ਜਿਸ ਪਾਸ ਜਿਆਦਾ ਧਨ ਹੈ ਉਹ ਦੋ ਨੰਬਰ ਦੀ ਕਮਾਈ ਤੋਂ ਬਿਨ੍ਹਾਂ ਨਹੀਂ ਇਕੱਠਾ ਹੁੰਦਾ, ਉਸਨੂੰ ਧਨਵਾਨ ਹੋਣ ਦੇ ਨਾਲ ਦੋ ਨੰਬਰ ਦੀ ਕਮਾਈ ਮਾਨਸਿਕ ਸਤੁੰਸ਼ਟੀ ਨਹੀਂ ਦਿੰਦੀ। ਜਿਸ ਪਾਸ ਧਨ ਨਹੀਂ ਹੈ ਉਸਨੂੰ ਬੱਚਿਆਂ ਨੂੰ ਪਾਲਣ ਦੀ ਜਿੰਮੇਵਾਰੀ ਮਾਨਸਿਕ ਤੌਰ 'ਤੇ ਸਤੁੰਸ਼ਟ ਨਹੀਂ ਹੋਣ ਦਿੰਦੀ। ਦੋਵੇਂ ਹੀ ਹਾਲਾਤਾ ਵਿਚ ਲੋਕ ਮਾਨਸਿਕ ਸਤੁੰਸ਼ਟੀ ਦੀ ਭਾਲ ਵਿਚ ਸਾਧਾਂ ਦੇ ਦੁਵਾਰਾਂ 'ਤੇ ਨਤਮਸਤਕ ਹੁੰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਇਨ੍ਹਾਂ ਵਿਚੋਂ ਬਹੁਤੇ ਜੋ ਖੁਦ ਨੂੰ ਰੱਬ ਹੋਣ ਦਾ ਦਰਜਾ ਦੇਈ ਬੈਠੇ ਹਨ ਇਹ ਅੰਦਰੂਨੀ ਤੌਰ 'ਤੇ ਰਾਵਣ ਨਾਲੋਂ ਵੀ ਕਰੂਪ ਚਿਹਰੇ ਰੱਖਦੇ ਹਨ। ਤੀਸਰੀ ਵਾਰੀ ਆਉਂਦੀ ਹੈ ਸਰਕਾਰੀ ਦਫਤਰਾਂ ਵਿਚ ਬੈਠੇ ਮੋਟੇ ਢਿੱਡਾਂ ਵਾਲੇ ਸਰਕਾਰੀ ਮੁਲਾਜ਼ਮਾਂ ਦੀ। ਇਨ੍ਹਾਂ ਦੇ ਰਾਵਣ ਰੂਪੀ ਕਰੂਪ ਚਿਹਰੇ ਸਾਨੂੰ ਰੋਜ਼ਾਨਾਂ ਹੀ ਦੇਖਣ ਨੂੰ ਮਿਲਦੇ ਹਨ। ਸਰਕਾਰੀ ਨੌਕਰੀ ਦਾ ਮਤਲਬ ਹੁੰਦਾ ਹੈ ਪਬਲਿਕ ਸਰਵੈਂਟ, ਭਾਵ ਜਨਤਾ ਦੇ ਨੌਕਰ। ਪਰ ਇਥੇ ਸਥਿਤੀ ਬਿਲਕੁਲ ਉਲਟ ਹੈ। ਜੇਕਰ ਕਿਸੇ ਨੂੰ ਦਰਜਾ ਚਾਰ ਦੀ ਵੀ ਸਰਕਾਰੀ ਨੌਕਰੀ ਹਾਸਲ ਹੋ ਜਾਂਦੀ ਹੈ ਤਾਂ ਉਹ ਪਬਲਿਕ ਦਾ ਨੌਕਰ ਨਹੀਂ ਮਾਲਕ ਬਣ ਜਾਂਦਾ ਹੈ। ਜ਼ਿਆਦਾਤਰ ਸਰਕਾਰੀ ਨੌਕਰਾਂ ਪਾਸ ਆਪਣੀ ਹੱਕ ਦੀ ਕਮਾਈ ਤੋਂ ਇਲਾਵਾ ਚੌਗੁਣਾ ਧਨ ਹੁੰਦਾ ਹੈ। ਇਥੋਂ ਤੱਕ ਕਿ ਕਈ ਚਿਹਰੇ ਤਾਂ ਤੁਹਾਡੀ ਨਜ਼ਰ ਅੱਗੇ ਅਜਿਹੇ ਵੀ ਸਾਹਮਣੇ ਆ ਜਾਣਗੇ ਜਿਨ੍ਹਾਂ ਨੇ ਕਦੇ ਆਪਣੀ ਤਨਖਾਹ ਵਾਲੀ ਰਾਸ਼ੀ ਨੂੰ ਛੇਡ਼ਿਆ ਹੀ ਨਹੀ ਹੋਵੇਗਾ। ਘਰ ਦੇ ਖਰਚਿਆਂ ਸਮੇਤਚ ਸਾਰੇ ਖਰਚੇ ਉਨ੍ਹਾਂ ਦੀ ਉਪਰਲੀ ਕਮਾਈ ਤੋਂ ਹੀ ਚੱਲਦੇ ਹਨ। ਇਹ ਸਾਰੇ ਰਾਵਣ ਰੂਪੀ ਉਹ ਕਿਰਦਾਰ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾਂ ਦੇਖਦੇ ਅਤੇ ਉਨ੍ਹਾਂ ਵਿਚ ਹੀ ਵਿਚਰਦੇ ਹਾਂ। ਪਰ ਚਾਹੁੰਦੇ ਹੋਏ ਕੁਝ ਨਹੀਂ ਕਰ ਸਕਦੇ। ਇਨ੍ਹਾਂ ਸਰਕਾਰੀ ਅਫਸਰਸ਼ਾਹੀ ਅਤੇ ਰਾਜਨਿਤਕ ਲੋਕਾਂ ਦੀ ਸਰਪ੍ਰਸਤੀ ਹਾਸਲ ਕਰਕੇ ਆਮ ਪਬਲਿਕ ਦੀ ਮਿਹਨਤ ਦੀ ਕਮਾਈ ਨਾਲ ਹਰੇਕ ਖੇਤਰ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਵਿਚ ਵੱਡੀ ਘਪਲੇਬਾਜ਼ੀ ਕਰਕੇ ਗੈਰ ਮਿਆਰੀ ਕੰਮ ਕਰਕੇ ਮੋਟੀ ਕਮਾਈ ਕਰਨ ਵਾਲੇ ਉਹ ਲੋਕ ਵੀ ਆਮ ਪਬਲਿਕ ਦੀ ਮਿਹਨਤ ਦੀ ਕਮਾਈ ਜੋ ਕਿ ਉਹ ਟੈਕਸਾਂ ਰਾਹੀਂ ਸਰਕਾਰ ਦੇ ਖਜ਼ਾਨੇ ਵਿਚ ਭਰਦੇ ਹਨ, ਨੂੰ ਦੋਹਾਂ ਹੱਥਾਂ ਨਾਲ ਲੁੱਟਣ ਵਾਲੇ ਰਾਵਨ ਰੂਪੀ ਕਰੂਪ ਚਿਹਰੇ ਹਨ। ਅੱਜ ਜਿਥੇ ਇਹ ਰਾਵਣ ਰੂਪੀ ਕਰੂਪ ਚਿਹਰੇ ਸਾਡੇ ਸਾਹਮਣੇ ਹਨ ਉਥੇ ਗਰੀਬ ਆਦਮੀ ਜੋ ਕਿ ਅੱਜ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਕੇ ਰਹਿ ਗਿਆ ਹੈ। ਮੰਹਿਗਾਈ, ਬੇਰੁਜ਼ਗਾਰੀ, ਭ੍ਰਿਸਟਾਚਾਰ, ਲਾਚਾਰੀ, ਦਹੇਜ, ਭਰੂਣ ਹੱਤਿਆ ਵਰਗੀਆਂ ਅਲਾਮਤਾਂ ਨਾਲ ਦੋ ਚਾਰ ਹੋ ਰਿਹਾ ਹੈ ਅਤੇ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹੋ ਗਈ ਹੋਵੇ। ਉਥੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੀ ਬੁਰਾਈ ਛੋਟੀ ਨਜ਼ਰ ਆਉਂਦੀ ਹੈ। ਇਸ ਲਈ ਜਿੰਨਾਂ ਸਮਾਂ ਅਸੀਂ ਆਪਣੇ ਆਸ ਪਾਸ ਦੀਆਂ ਅਤੇ ਆਪਣੇ ਖੁਦ ਦੇ ਅੰਦਰ ਬੈਠੇ ਰਾਵਣਾਂ ਨੂੰ ਸਮਾਪਤ ਕਰਨ ਲਈ ਅੱਗੇ ਨਹੀਂ ਆਉਂਦੇ ਉਨ੍ਹਾਂ ਸਮਾਂ ਸਿਰਫ ਰਾਵਣ-ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਹਰ ਸਾਲ ਜਲਾ ਕੇ ਮਨ ਨੂੰ ਸਤੁੰਸ਼ਟੀ ਹਾਸਲ ਨਹੀਂ ਹੋ ਸਕਦੀ। ਇਸ ਲਈ ਆਓ ! ਅਸੀਂ ਖੁਦ ਪਹਿਲ ਕਰਦੇ ਹੋਏ ਸਭ ਤੋਂ ਪਹਿਲਾਂ ਆਪਣੇ ਅੰਦਰ ਬੈਠੇ ਰਾਵਣਾਂ ਅਤੇ ਫਿਰ ਸਮਾਜ ਵਿਚ ਵਿਚਰ ਰਹੇ ਇਨ੍ਹਾਂ ਰਾਵਣਾਂ ਵਿਰੁੱਧ ਉੱਠ ਕੇ ਭਗਵਾਨ ਰਾਮ ਚੰਦਰ ਜੀ ਦੇ ਆਦਰਸ਼ਾਂ ਵੱਲ ਸਿਰਫ ਇਕ ਹੀ ਕਦਮ ਵਧਾਉਣ ਦਾ ਉਪਰਾਲਾ ਕਰੀਏ।
ਹਰਵਿੰਦਰ ਸਿੰਘ ਸੱਗੂ
98723-27899

No comments: