Sunday, September 23, 2012

ਪ੍ਰਸਿੱਧ ਨਾਟਕਕਾਰ ਕਾਮਰੇਡ ਗੁਰਸ਼ਰਨ ਸਿੰਘ

ਇਨਕਲਾਬੀ ਨਾਹਰਿਆਂ ਨਾਲ ਹਜ਼ਾਰਾਂ ਲੋਕਾਂ ਨੇ ਭੇਟ ਕੀਤੀ ਸੂਹੀ ਸ਼ਰਧਾਂਜਲੀ
ਜਗਰਾਓਂ, 23 ਸਤੰਬਰ-   ਅੱਜ ਜਗਰਾਓਂ ਦੀ ਦਾਣਾ ਮੰਡੀ ਵਿਖੇ ਪੰਜਾਬ ਦੇ ਪ੍ਰਸਿੱਧ ਇਨਕਲਾਬੀ ਨਾਟਕਕਾਰ ਕਾਮਰੇਡ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮਨਾਈ ਗਈ। ਇਸਦਾ ਸੱਦਾ ਕਾਮਰੇਡ ਜਸਪਾਲ ਜੱਸੀ, ਕਾਮਰੇਡ ਮੁਖਤਿਆਰ ਪੂਹਲਾ, ਕਾਮਰੇਡ ਦਰਸ਼ਨ ਖਟਕੜ ਅਤੇ ਕਾਮਰੇਡ ਬਲਵੰਤ ਮਖੂ 'ਤੇ ਆਧਾਰਤ ਬਣੀ ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਦਿੱਤਾ ਗਿਆ। ਇਸ ਸਮੇਂ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੇ ਕੋਨੇ ਕੋਨੇ 'ਚੋਂ ਹਜ਼ਾਰਾਂ ਲੋਕ ਪੁੱਜੇ, ਜਿਹਨਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੇ ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ ਅਤੇ ਨੌਜਵਾਨਾਂ ਤੋਂ ਬਿਨਾ ਔਰਤਾਂ ਨੇ ਵੀ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ। ਸਾਰਾ ਪੰਡਾਲ ਕਲਾ ਨੂੰ ਲੋਕ ਸੰਘਰਸ਼ਾਂ ਦਾ ਹਥਿਆਰ ਬਣਾ ਦੇਣ ਵਾਲੇ ਮਹਾਨ ਇਨਕਲਾਬੀ ਕਲਾਕਾਰ ਕਾਮਰੇਡ ਗੁਰਸ਼ਰਨ ਸਿੰਘ ਨੂੰ ਸਮਰਪਤ ਨਾਅਰਿਆਂ, ਮਾਟੋਆਂ ਅਤੇ ਲਾਲ ਝੰਡਿਆਂ ਨਾਲ ਸਜਿਆ ਹੋਇਆ ਸੀ। ਸਮਾਗਮ ਨੂੰ ਸੰਬੋਧਨ ਕਰਨ ਵਾਲੇ ਸਾਰੇ ਬੁਲਾਰਿਆਂ ਨੇ ਕਾਮਰੇਡ ਗੁਰਸ਼ਰਨ ਸਿੰਘ ਦੀ ਇਨਕਲਾਬੀ ਰੰਗਮੰਚ ਨੂੰ ਦੇਣ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਸ ਮਹਾਨ ਕਲਾਕਾਰ ਨੇ ਇਨਕਲਾਬੀ ਰੰਗਮੰਚ ਦੀ ਇਨਕਲਾਬੀ ਸੇਧ ਨਿਰਧਾਰਤ ਕਰਦਿਆਂ ਇਸਨੂੰ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਕ ਸੰਘਰਸ਼ਾਂ ਨਾਲ ਜੋੜਿਆ ਅਤੇ ਇਨਕਲਾਬੀ ਕਲਾਕਾਰਾਂ ਦੇ ਪੂਰਾਂ ਦੇ ਪੂਰ ਤਿਆਰ ਕੀਤੇ, ਜਿਹੜੇ ਲੋਕ-ਵਿਰੋਧੀ ਹਕੂਮਤਾਂ ਦੇ ਦੰਭੀ ਕਿਰਦਾਰ ਨੂੰ ਬੇਪਰਦ ਕਰਨ ਵਾਲੇ ਅਤੇ ਜਮਾਤੀ, ਜਾਤੀ, ਧਾਰਮਿਕ ਅਤੇ ਲਿੰਗੀ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੇ ਖਿਲਾਫ ਲਿਖੇ ਉਹਨਾਂ ਦੇ ਨਾਟਕਾਂ ਨੂੰ ਵੱਡੀ ਪੱਧਰ 'ਤੇ ਲੋਕਾਂ ਤੱਕ ਪਹੁੰਚ ਰਹੇ ਹਨ ਅਤੇ ਗੁਰਸ਼ਰਨ ਸਿੰਘ ਭਾਅ ਜੀ ਦਾ ਮੌਜੂਦਾ ਲੁਟੇਰੇ ਅਤੇ ਧੱਕੜ ਪ੍ਰਬੰਧ ਨੂੰ ਬਦਲ ਕੇ ਸੱਚੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਵਾਲਾ ਸਮਾਜ ਸਿਰਜਣ ਦਾ ਸੱਦਾ ਦੇ ਰਹੇ ਹਨ। ਕਾਮਰੇਡ ਗੁਰਸ਼ਰਨ ਸਿੰਘ ਦੇ ਬਹੁਪੱਖੀ ਰੋਲ ਨੂੰ ਯਾਦ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਉਹ ਲੋਕਾਂ ਦੇ ਦੁੱਖਾਂ ਅਤੇ ਮੁਸੀਬਤਾਂ ਦੀ ਅਸਲ ਜੜ੍ਹ ਮੌਜੂਦਾ ਸੰਸਾਰ ਸਾਮਰਾਜਵਾਦੀ ਪ੍ਰਬੰਧ ਦਾ ਦਰੁਸਤ ਅਤੇ ਇਨਕਲਾਬੀ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਕੋਲ ਹੀ ਹੋਣ ਵਿੱਚ ਅਥਾਹ ਨਿਸਚਾ ਰੱਖਦੇ ਸਨ, ਜਿਸ ਕਰਕੇ ਉਹ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਸਬੰਧਤ ਸੁਆਲਾਂ ਨਾਲ ਗਹਿਰਾ ਲਗਾਅ ਰੱਖਦੇ ਸਨ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਦੀ ਅਗਵਾਈ ਵਿੱਚ ਇਨਕਲਾਬ ਰਾਹੀਂ ਲੋਕਾਂ ਦੀ ਪੁੱਗਤ ਵਾਲਾ ਲੋਕਾਸ਼ਾਹੀ ਰਾਜ ਸਿਰਜ ਕੇ ਸਮਾਜਵਾਦ ਅਤੇ ਸਾਂਝੀਵਾਲਤਾ ਵਾਲੇ ਸਮਾਜ ਦੀ ਸਥਾਪਨਾ ਵਿੱਚ ਯਕੀਨ ਰੱਖਦੇ ਸਨ ਅਤੇ ਇਉਂ ਉਹ ਮਹਾਨ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਸਨ। ਇਸ ਤੋਂ ਇਲਾਵਾ ਦੇਸ਼ ਦੀ ਵਰਤਮਾਨ ਆਰਥਿਕ-ਰਾਜਨੀਤਕ ਹਾਲਤ ਬਾਰੇ ਟਿੱਪਣੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਹਾਕਮ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਰਾਹੀਂ ਲੋਕਾਂ ਨੂੰ ਵੱਡੀ ਪੱਧਰ 'ਤੇ ਉਜਾੜਨ, ਛੋਟੀ ਸਨਅੱਤ, ਖੇਤੀਬਾੜੀ ਅਤੇ ਪਰਚੂਨ ਵਪਾਰ ਨੂੰ ਤਬਾਹ ਕਰਕੇ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਮਾਲਾ-ਮਾਲ ਕਰਨ ਅਤੇ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਕਾਲੇ ਕਾਨੂੰਨਾਂ ਅਤੇ ਹਕੂਮਤੀ ਜਬਰ ਰਾਹੀਂ ਦਬਾਉਣ, ਵਿਸ਼ੇਸ਼ ਕਰ ਇਨਕਲਾਬੀ ਸ਼ਕਤੀਆਂ ਅਤੇ ਆਦਿਵਾਸੀ ਲੋਕਾਂ ਦੀ ਟਾਕਰਾ ਲਹਿਰ ਨੂੰ ਕੁਚਲਣ ਦੇ ਰਾਹ ਪਏ ਹੋਏ ਹਨ, ਜਿਸ ਕਰਕੇ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਹਾਕਮ ਜਮਾਤਾਂ ਦੇ ਭ੍ਰਿਸ਼ਟਾਚਾਰ ਦੇ ਨਿਰੰਤਰ ਹੋ ਰਹੇ ਘੁਟਾਲਿਆਂ ਤੋਂ ਪਹਿਲਾਂ ਹੀ ਸਤੇ ਹੋਏ ਸਮੁੱਚੇ ਦੇਸ਼ ਦੇ ਲੋਕ ਹੋਰ ਵੀ ਜ਼ਿਆਦਾ ਬੇਚੈਨ ਹੋ ਚੁੱਕੇ ਹਨ। ਲੋਕਾਂ 'ਤੇ ਨਹੱਕੇ ਹਮਲਿਆਂ ਖਿਲਾਫ ਸਭ ਤੋਂ ਵੱਧ ਜੀਅ-ਜਾਨ ਨਾਲ ਜੂਝ ਰਹੇ ਕਮਿਊਨਿਸਟ ਇਨਕਲਾਬੀ, ਹਕੂਮਤੀ ਅੱਤਿਆਚਾਰ ਅਤੇ ਗੈਰ-ਸਰਕਾਰੀ ਹਿੰਸਕ ਗਰੋਹਾਂ ਦੇ ਹਮਲਿਆਂ ਦਾ ਚੁਣਵਾਂ ਨਿਸ਼ਾਨਾ ਬਣੇ ਹੋਏ ਹਨ। ਨਾ ਸਿਰਫ ਕਮਿਊਨਿਸਟ ਇਨਕਲਾਬੀਆਂ ਦੇ ਪੁਲਸ ਮੁਕਾਬਲੇ ਬਣਾਏ ਜਾ ਰਹੇ ਹਨ ਸਗੋਂ ਲੋਕ-ਪੱਖੀ ਸਾਹਿਤਕਾਰਾਂ, ਕਲਾਕਾਰਾਂ, ਬੁੱਧੀਜੀਵੀਆਂ ਤੱਕ ਨੂੰ ਫਾਂਸੀਆਂ ਅਤੇ ਉਮਰ ਕੈਂਦਾਂ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਸਾਰੇ ਬੁਲਾਰਿਆਂ ਨੇ ਲੋਕਾਂ ਨੂੰ ਦੇਸ਼ ਅੰਦਰ ਮੌਜੂਦਾ ਸਿਆਸੀ-ਆਰਥਿਕ ਸੰਕਟ ਤੋਂ ਸਦਾ ਲਈ ਨਿਜਾਤ ਪਾਉਣ ਵਾਸਤੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਝੰਡੇ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ। 
ਇਸ ਸਮਾਗਮ ਨੂੰ ਸ਼ਰਧਾਂਜਲੀ ਸਮਾਗਮ ਕਮੇਟੀ ਨਾਲ ਸਬੰਧਤ ਕਾਮਰੇਡ ਜਸਪਾਲ ਜੱਸੀ, ਮੁਖਤਿਆਰ ਪੂਹਲਾ, ਬਲਵੰਤ ਮਖੂ, ਦਾਤਾਰ ਸਿੰਘ ਤੋਂ ਇਲਾਵਾ ਕਾਮਰੇਡ ਗੁਰਸ਼ਰਨ ਸਿੰਘ ਦੀ ਬੇਟੀ ਡਾ. ਅਰੀਤ ਅਤੇ ਪ੍ਰਸਿੱਧ ਚਿੰਤਕ ਪ੍ਰੋ. ਰਣਧੀਰ ਸਿੰਘ ਨੇ ਵੀ ਸੰਬੋਧਨ ਕੀਤਾ। ਮੰਚ ਦਾ ਸੰਚਾਲਨ ਕੰਵਲਜੀਤ ਖੰਨਾ ਦੁਆਰਾ ਕੀਤਾ ਗਿਆ। ਇਸ ਸਮੇਂ ਇਨਕਲਾਬੀ ਗੀਤਾਂ 'ਤੇ ਆਧਾਰਤ ਜੋਸ਼-ਭਰਪੂਰ ਕੋਰੀਓਗਰਾਫੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਨਕਲਾਬੀ ਸਾਹਿਤ ਦੀ ਪ੍ਰਦਰਸ਼ਨੀ ਲਗਾਈ ਗਈ, ਜਿਥੇ ਵੱਡੀ ਪੱਧਰ 'ਤੇ ਲੋਕਾਂ ਨੇ ਖਰੀਦਦਾਰੀ ਕੀਤੀ। ਮੰਚ ਦੇ ਇੱਕ ਪਾਸੇ ਕਾਮਰੇਡ ਗੁਰਸ਼ਰਨ ਸਿੰਘ ਦੀ ਇੱਕ ਵੱਡੀ ਫੋਟੋ ਉਪਰ ਵੱਖ ਵੱਖ ਜਨਤਕ ਜਥੇਬੰਦੀਆਂ, ਬੁੱਧੀਜੀਵੀਆਂ, ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਨੁਮਾਇੰਦਿਆਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਅਤੇ ਫੁੱਲ ਬਰਸਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੇ ਅਖੀਰ ਵਿੱਚ 27 ਸਤੰਬਰ ਰਾਤ ਨੂੰ ਚੰਡੀਗੜ੍ਹ ਵਿਖੇ ਮਨਾਏ ਜਾ ਰਹੇ ਕਾਮਰੇਡ ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗਮੰਚ ਦਿਵਸ ਉੱਤੇ ਪੰਜਾਬ ਦੇ ਸਮੂਹ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ। 

No comments: