Monday, September 10, 2012

ਦੁੱਧ ਦੀਆਂ ਨਦੀਆਂ ਵਗਾਉਣ ਵਾਲੇ ਡਾ. ਕੁਰੀਅਨ ਦਾ ਦੇਹਾਂਤ

ਅਮੂਲ ਡੇਅਰੀ ਦੀ ਸਥਾਪਨਾ ਵੀ ਕੀਤੀ
ਆਨੰਦ (ਗੁਜਰਾਤ), 9 ਸਤੰਬਰ:‘ਚਿੱਟੀ ਕ੍ਰਾਂਤੀ’ ਦੇ ਪਿਤਾਮਾ ਅਤੇ ਭਾਰਤ ਨੂੰ ਵਿਸ਼ਵ ਦੇ ਦੁੱਧ ਪੈਦਾਵਾਰ ਵਾਲੇ ਮੋਹਰੀ ਮੁਲਕਾਂ ‘ਚ ਸ਼ਾਮਲ ਕਰਨ ਵਾਲੇ ਡਾ. ਵਰਗੀਜ਼ ਕੁਰੀਅਨ ਦਾ ਅੱਧੀ ਰਾਤ ਨਡਿਆਡ ਵਿਖੇ ਇਕ ਹਸਪਤਾਲ ‘ਚ ਦੇਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਉਨ੍ਹਾਂ ਦੀ ਪਤਨੀ ਮੌਲੀ ਕੁਰੀਅਨ ਅਤੇ ਧੀ ਨਿਰਮਲਾ ਹੈ। ਡਾ. ਕੁਰੀਅਨ ਦੀ ਦੇਹ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਸਵੇਰੇ ਚਾਰ ਵਜੇ ਲਿਆਂਦਾ ਗਿਆ ਅਤੇ ਬਾਅਦ ‘ਚ ਆਨੰਦ ਵਿਖੇ ਅਮੂਲ ਡੇਅਰੀ ਦੇ ਸਰਦਾਰ ਹਾਲ ‘ਚ ਰਖਾ ਦਿੱਤਾ ਤਾਂ ਜੋ ਲੋਕ ਸ਼ਰਧਾਂਜਲੀ ਭੇਟ ਕਰ ਸਕਣ।
ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਾ. ਕੁਰੀਅਨ ਦੀ ਮੌਤ ਸ਼ਨਿਚਰਵਾਰ-ਐਤਵਾਰ ਵਾਲੀ ਰਾਤ ਸਵਾ ਇਕ ਵਜੇ ਹੋ ਗਈ। ਉਨ੍ਹਾਂ ਦਾ ਸਸਕਾਰ ਅੱਜ ਸ਼ਾਮੀਂ 4.30 ਵਜੇ ਕਰ ਦਿੱਤਾ ਗਿਆ। ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਦੇ ਬਾਨੀ ਚੇਅਰਮੈਨ ਡਾ. ਕੁਰੀਅਨ ਨੇ ‘ਅਪਰੇਸ਼ਨ ਫਲੱਡ’ ਰਾਹੀਂ ਭਾਰਤ ਨੂੰ ਵਿਸ਼ਵ ‘ਚ ਦੁੱਧ ਉਤਪਾਦਕ ਦੇਸ਼ ਵਜੋਂ ਸਥਾਪਤ ਕੀਤਾ ਅਤੇ ਅਮੂਲ ਡੇਅਰੀ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਆਪਣਾ ਕਾਰੋਬਾਰੀ ਜੀਵਨ ਸਹਿਕਾਰਤਾ ਰਾਹੀਂ ਕਿਸਾਨਾਂ ਨੂੰ ਮਜ਼ਬੂਤ ਕਰਨ ‘ਚ ਲਗਾਇਆ।
ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਡਾ. ਕੁਰੀਅਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਖੇਤੀਬਾਡ਼ੀ, ਪੇਂਡੂ ਵਿਕਾਸ ਅਤੇ ਡੇਅਰੀ ਦੇ ਵਿਕਾਸ ਵਿਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਵੀ ਡਾ. ਕੁਰੀਅਨ ਦੇ ਦੇਹਾਂਤ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਡਾ. ਕੁਰੀਅਨ ਦਾ ਜਨਮ 26 ਨਵੰਬਰ, 1921 ਨੂੰ ਕੋਜ਼ੀਕੋਡ (ਕੇਰਲ) ਵਿਖੇ ਹੋਇਆ ਸੀ। ਉਨ੍ਹਾਂ ਨੇ 1940 ‘ਚ ਚੇਨਈ ਦੇ ਕਾਲਜ ਤੋਂ ਸਾਇੰਸ ‘ਚ ਗਰੈਜੂਏਸ਼ਨ ਕੀਤੀ ਅਤੇ ਬਾਅਦ ‘ਚ ਚੇਨਈ ਦੇ ਗਿੰਡੀ ਕਾਲਜ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਡਾ. ਕੁਰੀਅਨ ਨੇ ਡੇਅਰੀ ਇੰਜੀਨੀਅਰਿੰਗ ਲਈ ਭਾਰਤ ਸਰਕਾਰ ਤੋਂ ਵਜ਼ੀਫਾ ਹਾਸਲ ਕੀਤਾ। ਬੰਗਲੌਰ ਦੇ ਪਸ਼ੂ ਪਾਲਣ ਅਤੇ ਡੇਅਰੀ ਇੰਸਟੀਚਿਊਟ ਤੋਂ ਸਿਖਲਾਈ ਪ੍ਰਾਪਤ ਕਰਨ ਬਾਅਦ ਸਾਲ 1948 ‘ਚ ਡਾ. ਕੁਰੀਅਨ ਨੇ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਅਤੇ ਡੇਅਰੀ ਇੰਜੀਨੀਅਰਿੰਗ ਦੀ ਮਾਸਟਰ ਡਿਗਰੀ ਹਾਸਲ ਕੀਤੀ। ਵਿਦੇਸ਼ ਤੋਂ ਭਾਰਤ ਵਾਪਸੀ ‘ਤੇ ਡਾ. ਕੁਰੀਅਨ ਨੂੰ ਗੁਜਰਾਤ ਦੇ ਆਨੰਦ ‘ਚ ਗੌਰਮਿੰਟ ਕਰੀਮਰੀ ‘ਚ ਨਿਯੁਕਤ ਕਰ ਦਿੱਤਾ ਗਿਆ। ਤਤਕਾਲੀ ਡੇਅਰੀ ਚੇਅਰਮੈਨ ਦੀ ਬੇਨਤੀ ‘ਤੇ ਉਨ੍ਹਾਂ ਨੇ 1949 ‘ਚ ਕਾਇਰਾ ਜ਼ਿਲ੍ਹੇ ਦੀ ਕੋ-ਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਜੁਆਇਨ ਕਰ ਲਈ। ਇਹ ਡੇਅਰੀ ਸਰਦਾਰ ਵੱਲਭ ਭਾਈ ਪਟੇਲ ਦੀ ਪਹਿਲਕਦਮੀ ਕਾਰਨ ਸ਼ੁਰੂ ਹੋਈ ਸੀ। ਬਾਅਦ ‘ਚ ਸ੍ਰੀ ਪਟੇਲ ਨੇ ਡਾ. ਕੁਰੀਅਨ ਤੋਂ ਡੇਅਰੀ ਪ੍ਰੋਸੈਸਿੰਗ ਪਲਾਂਟ ਲਾਉਣ ਲਈ ਮਦਦ ਮੰਗੀ, ਜਿਸ ਨੂੰ ਅਮੂਲ ਦੇ ਜਨਮ ਵਜੋਂ ਵੇਖਿਆ ਜਾਂਦਾ ਹੈ। ਅਮੂਲ ਦਾ ਸਹਿਕਾਰੀ ਮਾਡਲ ਸਫਲ ਰਿਹਾ ਅਤੇ ਇਸ ਨੂੰ ਸਾਰੇ ਗੁਜਰਾਤ ‘ਚ ਫੈਲਾਇਆ ਗਿਆ। ਬਾਅਦ ‘ਚ ਵੱਖ-ਵੱਖ ਡੇਅਰੀ ਯੂਨੀਅਨਾਂ ਨੂੰ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਦੇ ਅਧੀਨ ਲਿਆਂਦਾ ਗਿਆ। ਡਾ. ਕੁਰੀਅਨ ਨੇ 1973 ਤੋਂ 2006 ਤਕ ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਅਤੇ 1979 ਤੋਂ 2006 ਤਕ ਇੰਸਟੀਚਿਊਟ ਆਫ ਰੂਰਲ ਮੈਨੇਜਮੈਂਟ ‘ਚ ਵੀ ਸੇਵਾਵਾਂ ਨਿਭਾਈਆਂ।
ਜ਼ਿਕਰਯੋਗ ਹੈ ਕਿ ਅਮੂਲ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਤਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ.) ਸਥਾਪਤ ਕੀਤਾ ਸੀ ਅਤੇ ਡਾ. ਕੁਰੀਅਨ ਨੂੰ ਇਸ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਉਹ 1965 ਤੋਂ 1998 ਤਕ 33 ਸਾਲ ਇਸ ਬੋਰਡ ਦੇ ਚੇਅਰਮੈਨ ਰਹੇ। ਸਾਲ 1960 ‘ਚ ਭਾਰਤ ‘ਚ ਦੁੱਧ ਦੀ ਦੋ ਕਰੋਡ਼ ਮੀਟਰਿਕ ਟਨ ਪੈਦਾਵਾਰ ਸੀ ਜੋ ਸਾਲ 2011 ‘ਚ ਵਧ ਕੇ 12.20 ਕਰੋਡ਼ ਮੀਟਰਿਕ ਟਨ ਹੋ ਗਈ। -ਪੀ.ਟੀ.ਆਈ. (ਪੰਜਾਬੀ ਟ੍ਰਿਬਿਊਨ ਚੋਂ ਧਨਵਾਦ ਸਹਿਤ)

No comments: