Friday, August 03, 2012

ਭਾਰਤੀ ਖਿਡਾਰੀਆਂ ਦੀ ਪ੍ਰਾਪਤੀ ਤੇ ਇੱਕ ਨਜ਼ਰ//ਰਣਜੀਤ ਸਿੰਘ ਪ੍ਰੀਤ

ਓਲੰਪਿਕ ਚਰਚਾ//ਪੌਕਿਟ ਡਾਇਨਮੋ:ਕੇ ਡੀ ਯਾਦਵ 
ਆਜ਼ਾਦ ਭਾਰਤ ਵਜੋ ਭਾਰਤ ਨੇ ਟੀਮ ਵਾਰਗ ਦਾ ਪਹਿਲਾ ਸੋਨ ਤਮਗਾ 1948 ਨੂੰ ਹਾਕੀ ਵਿੱਚ ਜਿੱਤਿਆ । ਪਰ ਵਿਅਕਤੀਗਤ ਪਹਿਲਾ ਤਮਗਾ 1952 ਦੀਆਂ ਹੈਲਸਿੰਕੀ ਓਲੰਪਿਕ ਖੇਡਾਂ ਸਮੇ ਖਸਾਬਾ ਸਾਹਿਬ ਯਾਦਵ ਨੇ ਫ੍ਰੀ-ਸਟਾਈਲ ਕੁਸਤੀ ਵਿੱਚੋਂ ਹਾਸਲ ਕਰਿਆ, ਭਾਵੇਂ ਇਹ ਤਾਂਬੇ ਦਾ ਹੀ ਤਮਗਾ ਸੀ । ਇਸ ਤੋਂ ਕਰੀਬ 50 ਸਾਲ ਮਗਰੋਂ ਤੱਕ ਭਾਰਤ ਕੋਈ ਵੀ ਵਿਅਕਤੀਗਤ ਮੈਡਲ ਨਹੀਂ ਸੀ ਜਿੱਤ ਸਕਿਆ । ਇਸ ਤਮਗੇ ਲਈ ਲੱਗੀ ਔੜ ਨੂੰ 1996 ਦੀਆਂ ਐਂਟਲਾਂਟਾ ਓਲੰਪਿਕ ਸਮੇ ਟੇਨਿਸ ਦੇ ਸਿੰਗਲਜ ਵਰਗ ਵਿੱਚ ਲਿਏਂਡਰ ਪੇਸ ਨੇ ਤਾਂਬੇ ਦਾ ਤਮਗਾ ਜਿੱਤ ਕੇ ਖ਼ਤਮ ਕਰਿਆ । ਸੰਨ 1926 ਦੀ 15  ਜਨਵਰੀ ਨੂੰ ਜਨਮੇ ਇਸ ਖਿਡਾਰੀ ਨੇ ਕਬੱਡੀ,ਕੁਸਤੀ,ਦੌੜਾਂ, ਤੈਰਾਕੀ,ਭਾਰਤੋਲਣ, ਅਤੇ ਸੰਗਲੀ ਵਾਲਾ ਗੋਲਾ ਸੁਟਕੇ ਵੀ, ਕਈ ਮੁਕਾਬਲੇ ਜਿੱਤੇ । ਪਰ ਇਸ ਦੇ ਪਹਿਲਵਾਨ ਪਿਤਾ ਨੇ ਇਸ ਨੂੰ ਕੁਸ਼ਤੀ ਵੱਲ ਮੋੜਿਆ ।  ਉਸ ਨੇ ਅਖਾੜਾ ਬਣਾ ਕੇ ਮੁਢਲੇ ਗੁਰ ਮੰਤਰ ਆਪਣੇ ਬੇਟੇ ਨੂੰ ਸਿਖਾਏ ਅਤੇ ਇਸ ਖੇਤਰ ਲਈ ਪ੍ਰੇਰਤ ਕੀਤਾ ।  ਇਸ ਤੋਂ ਇਲਾਵਾ ਅੰਗਰੇਜ਼ ਕੋਚ ਰੀਸ ਗਾਰਡਨਰ ਨੇ ਜਦ ਯਾਦਵ ਵਿੱਚ ਅਜਿਹੇ ਗੁਣ ਵੇਖੇ ਤਾਂ ਉਸ ਨੇ ਉਸ ਨੂੰ 1948 ਦੀਆਂ ਓਲੰਪਿਕ ਖੇਡਾਂ ਲਈ ਤਿਆਰੀ ਕਰਵਾਈ । ਪਰ ਲੰਡਨ ਦੀਆਂ ਇਹਨਾਂ ਖੇਡਾਂ ਵਿੱਚ ਕੇ ਡੀ ਯਾਦਵ ਨੇ ਫਲਾਈਵੇਟ ਵਰਗ ਵਿੱਚ ਹਿੱਸਾ ਲੈਂਦਿਆਂ 6 ਵਾਂ ਸਥਾਨ ਲਿਆ ।
            1952 ਦੀਆਂ ਹੈਲਸਿੰਕੀ ਓਲੰਪਿਕ ਤੱਕ ਉਸ ਨੇ ਜਾਨ ਹੂਲਵੀਂ ਮਿਹਨਤ ਕੀਤੀ । ਪਰ ਟਰਾਇਲ ਸਮੇ ਭਾਈ-ਭਤੀਜਾਵਾਦ ਦਾ ਸ਼ਿਕਾਰ ਹੋ ਗਿਆ । ਮਦਰਾਸੀਆਂ ਤੋਂ ਉਹ ਥੋਹੜਾ ਹੀ ਪਛੜਿਆ ਸੀ । ਫਿਰ ਉਸ ਨੇ ਹਿੰਮਤ ਕਰਕੇ ਖੇਡਾਂ ਨੂੰ ਪਿਆਰ ਕਰਨ ਵਾਲੇ ਮਹਾਰਾਜਾ ਪਟਿਆਲਾ ਕੋਲ ਜਾ ਫ਼ਰਿਆਦ ਕੀਤੀ । ਉਹ ਉਸਦੀ ਮਦਦ ਲਈ ਡਟ ਗਏ ਅਤੇ ਯਾਦਵ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ । ਪਰ ਹੁਣ ਅਗਲੀ ਸਮੱਸਿਆ ਖਰਚੇ ਦੀ ਆ ਪਈ । ਕੇ ਡੀ ਯਾਦਵ ਨੇ ਆਪਣਾ ਘਰ 7000 ਰੁਪਏ ਵਿੱਚ ਕੋਹਲਾਪੁਰ ਵਿਚਲੇ ਰਾਜਾਰਾਮ ਕਾਲਜ ਦੇ ਪ੍ਰਿੰਸੀਪਲ ਮਿਸਟਰ ਖਾਰਦੇਕਰ ਕੋਲ ਗਹਿਣੇ ਕਰ ਦਿੱਤਾ । ਕੁੱਝ ਹੋਰ ਮਦਦ ਸਥਾਨਕ ਦੁਕਾਨਦਾਰਾਂ, ਕਰਦ,ਤਾਲੁਕਾ,ਸਤਾਰਾ ਅਤੇ ਉਹਦੇ ਆਪਣੇ ਪਿੰਡ ਗੋਲੇਸ਼ਵਰ ਵਿੱਚੋਂ ਸਮਾਨ ਆਦਿ ਦੀ ਮਿਲ ਗਈ।

              ਪੌਕਿਟ ਡਾਇਨਮੋ ਵਜੋਂ ਜਾਣੇ ਜਾਂਦੇ ਕੇ ਡੀ ਯਾਦਵ ਨੇ 52 ਕਿੱਲੋ ਫ੍ਰੀ ਸਟਾਈਲ ਕੁਸਤੀ ਵਿੱਚ 7 ਬਾਊਟਸ ਮੁਕਾਬਲਾ ਲੜਿਆ । ਪਹਿਲੇ 5 ਮੁਕਾਬਲੇ ਯੂਰਪੀਅਨਜ ਨਾਲ ਅਤੇ 2 ਖਾੜੀ ਖੇਤਰ ਦੇ ਪਹਿਲਵਾਨਾਂ ਨਾਲ ਸਨ । ਦਸਵੇਂ ਮੈਚ ਵਿੱਚ 20 ਜੁਲਾਈ ਦੇ ਦਿਨ ਖਸਾਬ ਯਾਦਵ ਨੇ ਕੈਨੇਡਾ ਦੇ ਪੌਲੀਕੁਇਨ ਨੂੰ 14:25 ਮਿੰਟ  ਵਿੱਚ ਧੋਬੀ ਪਟੜਾ ਲਾ ਕੇ ਅਗੇਰੇ ਪੁਲਾਂਘ ਪੁੱਟੀ । ਮੈਕਸੀਕੋ ਦੇ ਬਾਸੁਰਟੋ ਨੂੰ 21 ਜੁਲਾਈ ਦੇ ਅੱਠਵੇਂ ਮੈਚ ਵਿੱਚ 5:20 ਸਮੇ ਨਾਲ ਪਿੱਠ ਪਰਨੇ ਮਾਰਿਆ ਅਤੇ ਕਦਮ ਅੱਗੇ ਵਧਾਏ । ਤੀਜੇ ਰਾਊਂਡ ਵਿੱਚ 22 ਜੁਲਾਈ ਨੂੰ ਮੈਚ ਨੰ 6 ਵਿੱਚ ਫੈਸਲੇ ਤਹਿਤ ਜਰਮਨੀ ਦੇ ਸਕਮਿਟਜ ਨੂੰ 2-1 ਨਾਲ ਮਾਤ ਦਿੱਤੀ । ਇਸ ਰਾਊਂਡ ਵਿੱਚ ਪਹਿਲਾ ਬੀਪੀ ਬਣਿਆਂ । ਬਾਈ ਮਿਲੀ ਅਤੇ ਇੱਕ ਨੰਬਰ ਜਾ ਮੱਲਿਆ ।  ਪੰਜਵੇਂ ਰਾਊਂਡ ਦੇ ਪਹਿਲੇ ਮੈਚ ਵਿੱਚ 23 ਜੁਲਾਈ ਨੂੰ ਫੈਸਲੇ ਤਹਿਤ ਸੋਵੀਅਤ ਸੰਘ ਦਾ ਮਾਮੇਡ ਬਿਕੋਵ 3-0 ਨਾਲ ਜੇਤੂ ਰਿਹਾ । ਇਸ ਨਾਲ ਬੀਪੀ 4 ਹੋਏ ਅਤੇ ਪਹਿਲੇ ਸਥਾਨ ਲਈ 2 ਹੋਰਨਾਂ ਨਾਲ ਟਾਈ ਵੀ ਹੋ ਗਿਆ । ਰਾਊਂਡ ਛੇ ਵਿੱਚ ਜਪਾਨ ਦੇ ਸੋਨਾਚੀ ਇਸੀ ਨੇ 23 ਜੁਲਾਈ ਦੇ ਪਹਿਲੇ ਮੈਚ ਵਿੱਚ ਫੇਸਲੇ ਤਹਿਤ ਖਾਸਾਬਾ ਯਾਦਵ ਨੂੰ 3-0 ਨਾਲ ਹਰਾਇਆ । ਸਿਰਫ ਅੱਧੇ ਘੰਟੇ ਦੇ ਅਰਾਮ ਮਗਰੋਂ ਹੀ ਅਗਲੀ ਬਾਊਟ ਲਈ ਬੁਲਾਵਾ ਆ ਗਿਆ । ਇਸ ਦਾ ਵਿਰੋਧ ਕਰਨ ਵਾਲਾ ਕੋਈ ਭਾਰਤੀ ਅਧਿਕਾਰੀ ਮੌਜੂਦ ਨਹੀਂ ਸੀ । ਇਸ ਤੋਂ ਇਲਾਵਾ ਜਿਸ ਦਰੀਨੁਮਾ ਮੈਦਾਨ ਵਿੱਚ ਇਹ ਕੁਸ਼ਤੀ ਹੋਈ ਯਾਦਵ ਉਸਦਾ ਵੀ ਆਦੀ ਨਹੀਂ ਸੀ । ਪਰ ਫਿਰ ਵੀ ਉਹਨੇ ਹੌਂਸਲਾ ਨਾ ਹਾਰਦਿਆਂ ਭਾਰਤ ਲਈ ਨਿੱਜੀ ਈਵੈਂਟ ਵਿੱਚੋਂ ਪਹਿਲਾ ਤਾਂਬੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ।
                      ਲੰਬੇ ਸਮੇ ਤੱਕ ਇਹ ਪਹਿਲਵਾਨ ਗੁੰਮਨਾਮੀ ਦਾ ਸ਼ਿਕਾਰ ਹੋਇਆ ਰਿਹਾ । ਅਖੀਰ ਭਾਰਤ ਸਰਕਾਰ ਨੇ ਕੁੰਭਕਰਨੀ ਨੀਦ ਵਿੱਚੋਂ ਜਾਗਦਿਆਂ ਦਿੱਲੀ ਵਿੱਚ ਉਹਦੇ ਨਾਅ ਉੱਤੇ ਕੇ ਡੀ ਯਾਦਵ ਕੁਸ਼ਤੀ ਸਟੇਡੀਅਮ ਬਣਾਇਆ । ਉਸਦੇ ਪੁੱਤਰ ਰਣਜੀਤ ਯਾਦਵ ਨੂੰ ਵੀ ਸਨਮਾਨਤ ਕੀਤਾ ਗਿਆ । ਪੁਲੀਸ ਵਿੱਚ ਵੀ       1955 ਨੂੰ  ਸਬ ਇੰਸਪੈਕਟਰ ਵਜੋਂ ਨੌਕਰੀ ਦਿੱਤੀ ਅਤੇ ਉਹ ਬਗੈਰ ਕਿਸੇ ਪਦ-ਉਨਤੀ ਤੋਂ 22 ਸਾਲ ਏਸੇ ਹੀ ਪੋਸਟ ਉੱਤੇ ਕੰਮ ਕਰਦੇ ਰਹੇ । ਜਦ ਜੂਨ 1982 ਵਿੱਚ ਅਸਿਸਟੈਂਟ ਕਮਿਸਨਰ ਵਜੋਂ  ਪਦ-ਉਨਤੀ ਹੋਈ ਤਾਂ ਉਦੋਂ ਸੇਵਾ ਮੁਕਤ ਹੋਣ ਵਿੱਚ ਸਿਰਫ 6 ਮਹੀਨੇ ਹੀ ਬਾਕੀ ਰਹਿੰਦੇ ਸਨ । ਇਹ ਧਾਕੜ ਪਹਿਲਵਾਨ 14 ਅਗਸਤ 1984 ਨੂੰ ਆਪਣੇ ਦੋਸਤ ਨਾਲ ਕਰਦ ਵਿਖੇ ਮੋਟਰ ਸਾਇਕਲ ਉੱਤੇ ਜਾ ਰਿਹਾ ਸੀ ,ਮੋਟਰ ਸਾਇਕਲ ਅਜਿਹਾ ਸਲਿੱਪ ਕੀਤਾ ਕਿ ਦੋਹਾਂ ਦੀ ਹੀ ਮੌਤ ਹੋ ਗਈ । ਅੱਜ ਆਜਾਦ ਭਾਰਤ ਦੇ ਪਹਿਲਾ ਤਮਗਾ ਜੇਤੂ ਵਜੋਂ ਉਹਦਾ ਭਾਰਤੀ ਓਲੰਪਿਕ ਇਤਿਹਾਸ ਵਿੱਚ ਨਾਅ ਦਰਜ ਹੈ,ਅਤੇ ਹਮੇਸਾ ਰਹੇਗਾ ।
                         *********************

No comments: