Wednesday, April 18, 2012

ਮੀਡੀਆ ਵਿੱਚ ਜਲੰਧਰ 'ਚ ਹੋਏ ਫੈਕਟਰੀ ਹਾਦਸੇ ਦੀ ਚਰਚਾ ਜਾਰੀ

ਰੋਜ਼ਾਨਾ ਜਗ ਬਾਣੀ 'ਚ ਛਪੀ ਖਬਰ ਦੀ ਫੋਟੋ  
ਫੈਕਟਰੀ ਹਾਦਸੇ ਦੀ ਜਾਂਚ ਲਈ ਤਿੰਨ ਕਮੇਟੀਆਂ
ਪਾਲ ਸਿੰਘ ਨੌਲੀ
ਜਲੰਧਰ, 17 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸੂਬੇ ਦੀਆਂ ਸਾਰੀਆਂ ਅਣ-ਸੁਰੱਖਿਅਤ ਉਦਯੋਗਿਕ ਇਮਾਰਤਾਂ ਦਾ ਸੇਫਟੀ ਆਡਿਟ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਣ-ਸੁਰੱਖਿਅਤ ਇਮਾਰਤਾਂ ਦਾ ਆਡਿਟ ਉਦਯੋਗ ਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤਾ ਜਾਵੇਗਾ। ਉਹ ਅੱਜ ਇੱਥੇ ਸ਼ੀਤਲ ਫੈਬਰਿਕ ਫੈਕਟਰੀ ਦੀ ਇਮਾਰਤ ਢਹਿ-ਢੇਰੀ ਹੋ ਜਾਣ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਣ ਆਏ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਤਿੰਨ ਕਮੇਟੀਆਂ ਵੱਲੋਂ ਕੀਤੀ ਜਾਵੇਗੀ, ਜੋ ਆਪਣੀਆਂ ਰਿਪੋਰਟਾਂ ਤਿੰਨ ਹਫਤਿਆਂ ’ਚ ਪੇਸ਼ ਕਰਨਗੀਆਂ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਵਿੱਚ ਇਮਾਰਤਾਂ ਦੇ ਸੇਫਟੀ ਆਡਿਟ ਨੂੰ ਰਾਜ ਸਰਕਾਰ ਵੱਲੋਂ ਨਿਰੰਤਰ ਜਾਰੀ ਰੱਖਿਆ ਜਾਵੇਗਾ। ਸ੍ਰੀ ਬਾਦਲ ਨੇ ਕਿਹਾ ਕਿ ਇਮਾਰਤ ਦੀ ਬਣਤਰ ਵਿੱਚ ਕਿਸੇ ਕਿਸਮ ਦੀ ਕਮੀ ਜਾਂ ਤਕਨੀਕੀ ਘਾਟ ਕਾਰਨ ਅਣ-ਸੁਰੱਖਿਅਤ ਇਮਾਰਤ ਡਿੱਗਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੀ ਮਾਲਕ ’ਤੇ ਹੋਵੇਗੀ ਤੇ ਉਸ ਮਾਲਕ ਖ਼ਿਲਾਫ਼ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਥਲ ਸੈਨਾ ਦੇ ਜਵਾਨ ਮੰਗਲਵਾਰ ਨੂੰ ਕੰਬਲ ਫੈਕਟਰੀ ਦਾ ਮਲਬਾ ਹਟਾ ਕੇ ਥੱਲੇ ਫਸੇ ਮਜ਼ਦੂਰਾਂ ਨੂੰ ਲਭਣ ਦੇ ਯਤਨ ਕਰਦੇ ਹੋਏ (ਫੋਟੋ: ਮਲਕੀਅਤ ਸਿੰਘ)
 ਮੁੱਖ ਮੰਤਰੀ ਨੇ ਕਿਹਾ ਕਿ ਇਸ ਇਮਾਰਤ ਦੇ ਡਿੱਗਣ ਨਾਲ ਵਾਪਰੇ ਹਾਦਸੇ ਦੇ ਕਾਰਨਾਂ ਦੀ ਤਹਿ ਤੱਕ ਜਾਣ ਲਈ ਤਿੰਨ ਵੱਖ ਵੱਖ ਜਾਂਚ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਇੱਕ ਕਮੇਟੀ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਅਨੁਰਾਗ ਵਰਮਾ ਦੀ ਅਗਵਾਈ ਹੇਠ ਬਣਾਈ ਗਈ ਹੈ, ਜਿਸ ਦਾ ਕੰਮ ਇਸ ਘਟਨਾ ਦੇ ਵਾਪਰਨ ਦੇ ਕਾਰਨਾਂ ਦਾ ਪਤਾ ਲਾਉਣਾ ਹੈ। ਦੂਸਰੀ ਕਮੇਟੀ ਦੇ ਮੁਖੀ ਐਸ.ਪੀ.ਪੁਲੀਸ ਨਵਜੋਤ ਸਿੰਘ ਮਾਹਲ ਬਣਾਏ ਗਏ ਹਨ, ਜੋ ਪੁਲੀਸ ਕਮਿਸ਼ਨਰ ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰੇਗੀ। ਇਸ ਦਾ ਕੰਮ ਘਟਨਾ ਦੇ ਕ੍ਰਿਮੀਨਲ ਪਹਿਲੂਆਂ ਦੀ ਜਾਂਚ ਕਰਨਾ ਹੈ। ਘਟਨਾ ਦੀ ਤਕਨੀਕੀ ਜਾਂਚ ਲਈ  ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, 
ਰੋਜ਼ਾਨਾ ਜਗ ਬਾਣੀ 'ਚ ਛਪੀ ਖਬਰ ਦੀ ਫੋਟੋ
ਜਿਸ ਵਿੱਚ ਪੰਜਾਬ ਸਰਕਾਰ ਦੇ ਤਕਨੀਕੀ ਸਲਾਹਕਾਰ ਲੈਫ. ਜਨਰਲ ਸੇਵਾਮੁਕਤ ਬੀ.ਐਸ.ਧਾਲੀਵਾਲ, ਮੁੱਖ ਇੰਜਨੀਅਰ ਪੀ.ਡਬਲਯੂ.ਡੀ. ਆਰ.ਪੀ. ਸਿੰਘ ਅਤੇ ਤੇ ਮੁਖੀ ਸਿਵਲ ਇੰਜਨੀਅਰਿੰਗ ਵਿਭਾਗ ਪੀ.ਈ.ਸੀ. ਚੰਡੀਗਡ਼੍ਹ ਸ਼ਾਮਲ ਹਨ। ਇਸ ਕਮੇਟੀ ਦਾ ਕੰਮ ਤਕਨੀਕੀ ਕਮੀਆਂ, ਜਿਨ੍ਹਾਂ ਕਾਰਨ ਇਹ ਬਿਲਡਿੰਗ ਡਿੱਗੀ ਹੈ, ਬਾਰੇ ਪਤਾ ਲਗਾਉਣਾ ਹੈ। ਮੁੱਖ ਮੰਤਰੀ ਨੇ ਇਨ੍ਹਾਂ ਕਮੇਟੀਆਂ ਨੂੰ ਆਪਣੀ ਰਿਪੋਰਟ ਤਿੰਨ ਹਫਤਿਆਂ ਦੇ ਵਿੱਚ ਵਿੱਚ ਦੇਣ ਦੀ ਹਦਾਇਤ ਕੀਤੀ।  
ਸ੍ਰੀ ਬਾਦਲ ਨੇ ਕਿਹਾ ਕਿ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਨਾਂਦੇਡ਼ ਸਾਹਿਬ, ਮਹਾਰਾਸ਼ਟਰ ਸਨ। ਉਨ੍ਹਾਂ ਕਿਹਾ ਕਿ ਉਹ ਸਰੀਰਕ ਤੌਰ ’ਤੇ ਬੇਸ਼ੱਕ ਨਾਂਦੇਡ਼ ਸਾਹਿਬ ਸਨ ਪਰ ਮਾਨਸਿਕ ਤੌਰ ’ਤੇ ਉਹ ਇੱਥੇ ਹੀ ਸਨ ਅਤੇ ਸਮੇਂ ਸਮੇਂ ’ਤੇ ਆਪਣੇ ਪ੍ਰਮੁੱਖ ਸਕੱਤਰ  ਐਸ.ਕੇ. ਸੰਧੂ ਕੋਲੋਂ ਰਾਹਤ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਰਹੇ ਅਤੇ ਜ਼ਰੂਰੀ ਆਦੇਸ਼ ਦਿੰਦੇ ਰਹੇ। ਉਨ੍ਹਾਂ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀਡ਼ਤ ਪਰਿਵਾਰਾਂ ਨੂੰ ਹੌਸਲਾ ਦਿੱਤਾ।  ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਸ਼ਾਮਲ ਹਰੇਕ ਜ਼ਿੰਮੇਵਾਰ ਵਿਅਕਤੀ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਸਖਤ ਸ਼ਜਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਕੀਮਤੀ ਜਾਨਾਂ ਜਾਣ ਦਾ ਘਾਟਾ ਪੂਰਾ ਨਹੀਂ ਹੋ ਸਕਦਾ ਪਰ ਰਾਜ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ , ਗੰਭੀਰ ਜ਼ਖਮੀ ਹੋਣ ਵਾਲੇ ਵਿਅਕਤੀ ਨੂੰ 65000 ਰੁਪਏ ਅਤੇ ਘੱਟ ਜ਼ਖਮੀ ਹੋਣ ਵਾਲੇ ਵਿਅਕਤੀ ਨੂੰ 45000 ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਵੇਗੀ। ਸ੍ਰੀ ਬਾਦਲ ਨੇ ਡਿਪਟੀ ਕਮਿਸ਼ਨਰ ਜਲੰਧਰ  ਪ੍ਰਿਆਂਕ ਭਾਰਤੀ ਨੂੰ ਇਸ ਹਾਦਸੇ ਵਿੱਚ ਜ਼ਖਮੀ ਵਿਅਕਤੀਆਂ ਦੇ ਉੱਚ ਪੱਧਰੀ ਮੁਫ਼ਤ ਇਲਾਜ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਕੀਤੀਆਂ।
 ਰੋਜ਼ਾਨਾ ਜਗ ਬਾਣੀ 'ਚ ਛਪੀ ਖਬਰ ਦੀ ਫੋਟੋ  
ਸ੍ਰੀ ਬਾਦਲ ਨੇ ਦੱਸਿਆ ਕਿ ਰਾਜ ਪੱਧਰੀ ਡਿਜ਼ਾਸਟਰ ਕਮੇਟੀ ਨੂੰ ਵਧੇਰੇ ਸ਼ਕਤੀਸ਼ਾਲੀ ਤੇ ਨਿਪੁੰਨ ਬਣਾਉਣ ਅਤੇ ਇਸ ਦੀ ਕਾਰਜਸ਼ੀਲਤਾ ਵਿੱਚ ਹੋਰ ਸੁਧਾਰ ਲਿਆ ਕੇ ਇਸ ਨੂੰ ਸਿੱਟਾ ਮੁੱਖੀ ਬਣਾਉਣ ਲਈ ਇਸ ਵਿੱਚੋਂ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਨੇ  ਕੁਦਰਤੀ ਆਫਤਾਂ ਦੇ ਬਚਾਓ ਲਈ ਰਾਜ ਅੰਦਰ 50 ਤੋਂ 60 ਏਕਡ਼ ਜ਼ਮੀਨ ਵਿੱਚ  ਇਕ ਨੈਸ਼ਨਲ ਡਿਜਾਸਟਰ ਰੇਪਿਡ ਫੋਰਸ ਸਥਾਪਤ ਕਰਨ ਦਾ ਐਲਾਨ ਕੀਤਾ। ਇਸ ਹਾਦਸੇ ਉਪਰੰਤ ਮੁੱਖ ਮੰਤਰੀ ਵੱਲੋਂ ਏਨਾ ਦੇਰ ਨਾਲ ਆਉਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਚੱਲ ਰਹੇ ਰਾਹਤ ਕੰਮਾਂ ਵਿੱਚ ਇੱਕ ਮਿੰਟ ਦੀ ਵੀ ਰੁਕਾਵਟ ਜਾਂ ਦੇਰ ਨਹੀਂ ਪਾਉਣਾ ਚਾਹੁੰਦੇ ਸਨ। ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਜੇ ਰਾਹਤ ਕਾਰਜ ਪ੍ਰਭਾਵਿਤ ਹੁੰਦੇ ਤਾਂ ਉਨ੍ਹਾਂ ਦੇ ਆਉਣ ਦੇ ਲਾਭ ਦੀ ਥਾਂ ਨੁਕਸਾਨ ਦੀਆਂ ਸੰਭਾਵਨਾਵਾਂ ਬਣ ਜਾਣੀਆਂ ਸਨ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
ਸ਼ੀਤਲ ਵਿੱਜ ਦਾ ਦੋ ਦਿਨਾਂ ਦਾ ਪੁਲੀਸ ਰਿਮਾਂਡ
ਨਿੱਜੀ ਪੱਤਰ ਪ੍ਰੇਰਕ
ਜਲੰਧਰ,17 ਅਪਰੈਲ 
ਫੋਕਲ ਪੁਆਇੰਟ ’ਚ ਕੰਬਲ ਬਣਾਉਣ ਵਾਲੀ ਸ਼ੀਤਲ ਫੈਬਰਿਕ ਫੈਕਟਰੀ ਦੇ ਗ੍ਰਿਫ਼ਤਾਰ ਕੀਤੇ ਮਾਲਕ ਸ਼ੀਤਲ ਵਿੱਜ ਨੂੰ ਅੱਜ ਬਾਅਦ ਦੁਪਹਿਰ ਡਿਊਟੀ ਮੈਜਿਸਟਰੇਟ ਜਸਵੀਰ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋਵਾਂ ਪੱਖਾਂ ਦੇ ਵਕੀਲਾਂ ਦਰਮਿਆਨ ਅੱਧਾ ਘੰਟਾ ਚੱਲੀ ਬਹਿਸ ਤੋਂ ਬਾਅਦ ਅਦਾਲਤ ਨੇ ਸ਼ੀਤਲ ਵਿੱਜ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। 
(ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)
ਥਲ ਸੈਨਾ ਦੇ ਜਵਾਨ ਮੰਗਲਵਾਰ ਨੂੰ ਕੰਬਲ ਫੈਕਟਰੀ ਦਾ ਮਲਬਾ ਹਟਾ ਕੇ ਥੱਲੇ ਫਸੇ ਮਜ਼ਦੂਰਾਂ ਨੂੰ ਲਭਣ ਦੇ ਯਤਨ ਕਰਦੇ ਹੋਏ (ਫੋਟੋ: ਮਲਕੀਅਤ ਸਿੰਘ)

No comments: