Sunday, March 25, 2012

ਕਿਤੇ ਜ਼ਿੰਦਾ ਸ਼ਹੀਦ ਦਾ ਖਿਤਾਬ ਲੈਣ ਦੀ ਲਾਲਸਾ ਨਾ ਵਧ ਜਾਵੇ

ਰਾਜੋਆਣਾ ਵੱਲੋਂ ਸਿੰਘ ਸਹਿਬਾਨ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਵਾਪਸ ਲੈਣ ਦੀ ਅਪੀਲ
ਸਰਬਜੀਤ ਸਿੰਘ ਭੰਗੂ//ਪਟਿਆਲਾ, 24 ਮਾਰਚ
ਭਾਈ ਰਾਜੋਆਣਾ ਦੀ ਇੱਕ  ਪੁਰਾਣੀ ਤਸਵੀਰ  
ਭਾਈ ਰਾਜੋਆਣਾ ਦੀ ਇੱਕ  ਪੁਰਾਨੀ ਤਸਵੀਰ ਖ਼ੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਜ਼ਿੰਦਾ ਸ਼ਹੀਦ’ ਦੇ ਦਿਤੇ ਗਏ ਖਿਤਾਬ ਸਬੰਧੀ ਬਲਵੰਤ ਸਿੰਘ ਰਾਜੋਆਣਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਸ ਨੂੰ ਦਿਤਾ ਗਿਆ ਇਹ ਖਿਤਾਬ ਵਾਪਸ ਲੈ ਲਿਆ ਜਾਵੇ, ਕਿਉਂਕਿ ਅਜਿਹੀ ਪਿਰਤ ਨਾਲ ਸਿੱਖ ਕੌਮ ਗਿਰਾਵਟ ਵੱਲ ਵਧੇਗੀ ਤੇ ਸ਼ਹੀਦ ਹੋਣ ਦੀ ਥਾਂ ਜ਼ਿੰਦਾ ਸ਼ਹੀਦ ਦਾ ਖਿਤਾਬ ਲੈਣ ਦੀ ਲਾਲਸਾ ਵਧੇਗੀ। ਇਸ ਕਰ ਕੇ ਇਸ ਖਿਤਾਬ ਦੀ ਹੋਂਦ ਨੂੰ ਹੀ ਖਤਮ ਕਰ ਦਿਤਾ ਜਾਵੇ। ਉਧਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਰਾਜੋਆਣਾ ਦੀਆਂ ਇਨ੍ਹਾਂ ਭਾਵਨਾਵਾਂ ਦੀ ਭਰਵੀਂ ਸ਼ਲਾਘਾ ਕੀਤੀ ਹੈ। ਅਜਿਹਾ ਇੱਕ ਪੱਤਰ ਭਾਈ ਰਾਜੋਆਣਾ  ਨੇ ਅੱਜ ਇਥੇ ਮੁਲਾਕਾਤ ਲਈ ਆਈ ਆਪਣੀ ਭੈਣ ਕਮਲਦੀਪ ਕੌਰ ਦੇ ਹੱਥ ਬਾਹਰ ਭੇਜਿਆ ਹੈ। ਦੋ ਸਫਿਆਂ ਦੇ ਇਸ ਪੱਤਰ ਵਿਚ ਉਸ ਨੇ ਲਿਖਿਆ ਹੈ ਕਿ ਉਹ ਸਿੰਘ ਸਾਹਿਬਾਨ ਅਤੇ ਸਮੁੱਚੀ ਕੌਮ ਦਾ ਰਿਣੀ ਹੈ, ਜਿਸ ਨੇ ਉਸ ਨੂੰ ਵਡੇਰਾ ਮਾਣ ਬਖਸ਼ਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਉਨ੍ਹਾਂ ਲਈ ਪ੍ਰਗਟਾਈਆਂ ਗਈਆਂ ਭਾਵਨਾਵਾਂ ’ਤੇ ਮਾਣ  ਮਹਿਸੂਸ ਕਰਦਿਆਂ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿਲਾਵਰ ਸਿੰਘ ‘ਜੈ ਸਿੰਘ ਵਾਲਾ’ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦੇਣ ’ਤੇ ਖੁਸ਼ੀ ਪਰਗਟ ਕੀਤੀ।  ਆਪਣੇ ਬਾਰੇ ਉਸ ਦਾ ਕਹਿਣਾ ਹੈ ਕਿ ਉਸ ਦਾ ਮਨੋਰਥ ਕੋਈ ਖਿਤਾਬ ਲੈਣ ਦਾ ਨਹੀਂ ਹੈ, ਉਹ ਤਾਂ ਸਿੱਖੀ ਦੇ ਮਾਰਗ ’ਤੇ ਚੱਲ ਕੇ ਪੁਰਾਤਨ ਸਿੱਖ ਪ੍ਰੰਪਰਾਵਾਂ ਤੇ ਕਦਰਾਂ ਕੀਮਤਾਂ ਨੂੰ ਕਾਇਮ ਕਰਨਾ ਚਾਹੁੰਦਾ ਹੈ। ਉਸ ਨੇ ਦੁਹਰਾਇਆ ਕਿ ਉਸਦਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਤ ਹੈ, ਪਰ ਉਹ ਇਹ ਬੇਨਤੀ ਜ਼ਰੂਰ ਕਰਨੀ ਚਾਹੇਗਾ ਕਿ ‘ਜ਼ਿੰਦਾ’ ਹੋਣ ਅਤੇ ਸ਼ਹੀਦ ਹੋਣ ਵਿਚ ਬਹੁਤ ਵੱਡਾ ਫਰਕ ਹੈ। ਇਸ ਪੱਤਰ ਰਾਹੀਂ ਉਸ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਅਜਿਹੀ ਕੋਈ ਵੀ ਰੀਤ ਨਾ ਪਾਈ ਜਾਵੇ, ਜਿਸ ਕਾਰਨ ਭਵਿੱਖ ਵਿਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇ। ਉਸ ਨੇ ਇਹ ਵੀ ਸਾਫ਼ ਕੀਤਾ ਕਿ ਉਹ ਅਜਿਹਾ ਕਰ ਕੇ ਕਿਸੇ ਦੀਆਂ ਭਾਵਨਾਵਾਂ ਦਾ ਨਿਰਾਦਰ ਨਹੀਂ ਕਰਨਾ ਚਾਹੁੰਦਾ, ਪਰ ਕਿਉਂਕਿ ਇਹ ਉਸ ਦੀ ਮੰਜ਼ਿਲ ਨਹੀਂ ਹੈ, ਜਿਸ ਕਰ ਕੇ ਉਸ ਦੀ ਇਸ ਬੇਨਤੀ ਨੂੰ ਸਵਿਕਾਰ ਕਰ ਲਿਆ ਜਾਵੇ।
ਉਧਰ ਇਸ ਸਬੰਧੀ ਸੰਪਰਕ ਕਰਨ ’ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹ ਰਾਜੋਆਣਾ ਦੀਆਂ ਇਨ੍ਹਾਂ ਭਾਵਨਾਵਾਂ ਦੀ ਕਦਰ ਕਰਦੇ ਹਨ, ਉਹ ਕੌਮ ਦਾ ਹੀਰਾ ਹੈ। ਉਂਜ ਇਸ ਸਬੰਧੀ ਅਗਲੇਰੀ ਕਾਰਵਾਈ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ।
ਦੂਜੇ ਬੰਨੇ ਕਮਲਦੀਪ ਕੌਰ ਅਤੇ ਉਸ ਦੇ ਪਤੀ ਬਲਜੀਤ ਸਿੰਘ ਅਤੇ ਰਾਜੋਆਣਾ ਦੇ ਭਤੀਜੇ ਰਵਨੀਤ ਸਿੰਘ ਰਵੀ ਸਮੇਤ ਕਈ ਹੋਰਨਾਂ ਰਿਸ਼ਤੇਦਾਰਾਂ ਨੇ ਵੀ ਅੱਜ ਉਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਈ ਰਾਜੋਆਣਾ ਚਡ਼੍ਹਦੀ ਕਲਾ ਵਿਚ ਹੈ ਅਤੇ ਆਪਣੇ ਅਪੀਲ ਨਾ ਪਾਉਣ ਦੇ ਫੈਸਲੇ ’ਤੇ ਅਟੱਲ ਹਨ। (ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ

No comments: