Friday, January 20, 2012

ਸੋਨੀਆਂ ਗਾਂਧੀ ਦੀ ਪੰਜਾਬ ਫੇਰੀ ਬਿਲਕੁਲ ਬੇ-ਸਿੱਟਾ ਰਹੀ--ਥਾਪਰ

ਸੋਨੀਆਂ ਗਾਂਧੀ ਨੇ ਪੰਜਾਬ ਤੇ ਪੰਜਾਬੀਅਤ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ
ਚੰਡੀਗੜ੍ਹ : ਯੂ.ਪੀ.ਏ. ਦੀ ਚੇਅਰਪਰਸਨ ਤੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆਂ ਗਾਂਧੀ ਦੀ ਪੰਜਾਬ ਫੇਰੀ ਬਿਲਕੁਲ ਬੇ-ਸਿੱਟਾ ਰਹੀ ਕਿਉਂਕਿ ਉਸ ਨੇ ਪੰਜਾਬ ਨਾਲ ਸੰਬਧਿਤ ਕਿਸੇ ਵੀ ਮੁੱਦੇ ਨੂੰ ਜਨਤਾ ਨਾਲ ਸਾਂਝਾ ਨਹੀਂ ਕੀਤਾ ਅਤੇ ਨਾ ਹੀ ਪੰਜਾਬ ਨੂੰ ਆਰਥਿਕ ਰੂਪ 'ਚ ਖੁਸ਼ਹਾਲ ਬਨਾਉਣ ਲਈ ਕੇਂਦਰ ਸਰਕਾਰ ਦੀ ਕਿਸੇ ਯੋਜਨਾ ਦਾ ਜ਼ਿਕਰ ਕੀਤਾ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਜਨਰਲ ਸਕੱਤਰ ਤੇ ਸ਼ਹੀਦ ਸੁਖਦੇਵ ਜੀ ਦੇ ਭਤੀਜੇ ਸ੍ਰੀ ਭਾਰਤ ਭੂਸ਼ਣ ਥਾਪਰ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਸੋਨੀਆਂ ਗਾਂਧੀ ਦੀ ਪੰਜਾਬ ਫੇਰੀ ਨੇ ਪੰਜਾਬੀਆਂ ਤੇ ਖ਼ਾਸ ਕਰਕੇ  ਕਾਂਗਰਸ ਪਾਰਟੀ ਦੇ ਵਰਕਰਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ ਜਿਨ੍ਹਾਂ ਨੂੰ ਕਾਂਗਰਸ ਦੀ ਪੰਜਾਬ ਪ੍ਰਤੀ ਸੋਚ ਸਾਫ਼ ਦਿਖਾਈ ਦਿੱਤੀ ਹੈ।

         ਸ੍ਰੀ ਥਾਪਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨਗੀ ਹੈ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਚੋਣਾਂ ਦੇ ਮਾਹੌਲ 'ਚ ਹੋ ਰਹੀਆਂ ਜਨਤਕ ਰੈਲੀਆਂ ਦੌਰਾਨ ਪੰਜਾਬ ਲਈ ਕਿਸੇ ਵੀ ਤਰ੍ਹਾਂ ਦੀ ਯੋਜਨਾ ਦੇਣ ਦਾ ਐਲਾਨ ਨਹੀਂ ਕੀਤਾ ਬਲਕਿ ਆਪਣੇ ਭਾਸ਼ਣ ਦੌਰਾਨ ਹੋਰਨਾਂ ਨੇਤਾਵਾਂ ਵਾਂਗ ਉਸ ਨੇ ਕੇਵਲ ਦੁਸ਼ਣਬਾਜੀ ਹੀ ਕੀਤੀ। ਉਨ੍ਹਾਂ ਕਿਹਾ ਕਿ ਇਸ ਅਕਾਲੀ-ਭਾਜਪਾ ਦੀ ਸਰਕਾਰ ਤੋਂ ਪਹਿਲਾਂ ਕਾਂਗਰਸ ਨੇ 5 ਸਾਲ ਰਾਜ ਕੀਤਾ ਤਾਂ ਉਸ ਸਮੇਂ ਵੀ ਪੰਜਾਬ ਆਰਥਿਕ ਰੂਪ 'ਚ ਕਮਜ਼ੋਰ ਹੋਇਆ ਇਸ ਕਰਕੇ ਹੁਣ ਅਗਲੇ 5 ਸਾਲ ਲਈ ਉਨ੍ਹਾਂ ਨੂੰ ਲੋਕਾਂ ਤੋਂ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ।

         ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਹ ਲੋਕਾਂ ਨੂੰ ਦੱਸਣ ਕਿ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਪੰਜਾਬ ਲਈ ਕਿਹੜੀ ਵਿਸ਼ੇਸ ਯੋਜਨਾ ਦਾ ਐਲਾਨ ਕਰਕੇ ਗਈ ਹੈ? ਉਨ੍ਹਾਂ ਕਿਹਾ ਕਿ ਅੱਜ ਪੰਜਾਬ ਜਿਨ੍ਹਾਂ ਪ੍ਰਮੁੱਖ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਜਾਂ ਜਿਹੜੇ ਮੁੱਦਿਆਂ ਨੂੰ ਲਾਗੂ ਕਰਕੇ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਉਸ ਸੱਚਾਈ ਦਾ ਸੋਨੀਆਂ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਜ਼ਿਕਰ ਤੱਕ ਨਹੀਂ ਕੀਤਾ।

         ਸ੍ਰੀ ਥਾਪਰ ਨੇ ਕਿਹਾ ਕਿ ਸਾਂਝਾ ਮੋਰਚਾ ਆਪਣੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਵਿੱਚ ਪੰਜਾਬ ਦੇ ਉਨ੍ਹਾਂ ਮੁੱਦਿਆਂ ਨੂੰ ਲੈ ਕੇ ਆਇਆ ਹੈ ਜਿਨ੍ਹਾਂ ਦੀ ਅੱਜ ਸੂਬੇ ਨੂੰ ਲੋੜ ਹੈ। ਅੱਜ ਪੰਜਾਬ ਦੀ ਜਵਾਨੀ ਨਸ਼ਿਆਂ 'ਚ ਗਰਕ ਹੋ ਗਈ, ਬੇਰੁਜ਼ਗਾਰੀ, ਅਨਪੜ੍ਹਤਾ, ਰਿਸ਼ਵਤਖੌਰੀ ਨੇ ਪੰਜਾਬ ਨੂੰ ਕਮਜ਼ੋਰ ਬਣਾ ਦਿੱਤਾ ਤੇ ਜਦੋਂ ਤੱਕ ਇਨ੍ਹਾਂ ਭੈੜੀਆਂ ਅਲਾਮਤਾਂ ਦਾ ਖਾਤਮਾ ਨਹੀਂ ਹੁੰਦਾ ਉਦੋਂ ਤੱਕ ਸੂਬਾ ਖੁਸ਼ਹਾਲੀ ਦੀ ਪੌੜੀ ਨਹੀਂ ਚੜ੍ਹ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਨਪ੍ਰੀਤ ਬਾਦਲ ਦੀ ਸੋਚ ਨਾਲ ਚੱਲਣ ਦਾ ਮਨ ਬਣਾ ਲਿਆ ਹੈ ਅਤੇ 30 ਜਨਵਰੀ ਨੂੰ ਸਾਂਝੇ ਮੋਰਚੇ ਨੂੰ ਭਾਰੀ ਬਹੁਮਤ ਮਿਲੇਗਾ।

**********

No comments: