Saturday, January 14, 2012

ਬੇਦਾਵਾ ਕਿੱਥੇ ਲਿਖਿਆ ਗਿਆ ? - ਡਾ. ਅਮਨਦੀਪ ਸਿੰਘ ਟੱਲੇਵਾਲੀਆ

ਮਨ ਵਿਚ ਕਈ ਸਵਾਲ ਸਹਿਜੇ ਹੀ ਉਤਪੰਨ ਹੋ ਜਾਂਦੇ ਹਨ
ਬੇਸ਼ੱਕ ਮਾਘੀ ਦਾ ਸਿੱਖ ਇਤਿਹਾਸ ਵਿਚ ਕੋਈ ਜ਼ਿਆਦਾ ਮਹੱਤਵ ਨਹੀਂ ਪਰ ਜਦੋਂ ਮੁਕਤਸਰ ਦੀ ਮਾਘੀ ਦਾ ਜ਼ਿਕਰ ਆਉਂਦਾ ਹੈ ਤਾਂ ਬੇਦਾਵਾ ਪਾਡ਼ਨ ਦੀ ਗੱਲ ਜ਼ਰੂਰ ਤੁਰਦੀ ਹੈ। ਮੁਕਤਸਰ ਦੀ ਜੰਗ ਭਾਵੇਂ ਵੈਸਾਖ ਵਿਚ ਹੋਈ ਸੀ ਪਰ ਉਨ੍ਹਾਂ ਦਿਨਾਂ ਵਿਚ ਗਰਮੀ ਜ਼ਿਆਦਾ ਹੋਣ ਕਰਕੇ ਪਾਣੀ ਦੀ ਘਾਟ ਹੁੰਦੀ ਸੀ। ਇਸੇ ਲਈ ਇਹ ਮੇਲਾ ਮਾਘ ਦੀ ਸੰਗਰਾਂਦ ਵਾਲੇ ਦਿਨ ਲੱਗਣਾ ਸ਼ੁਰੂ ਹੋ ਗਿਆ। ਪਰ ਅੱਜ-ਕੱਲ੍ਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੁਕਤਸਰ ਵਿਖੇ ਹਰ ਸਾਲ ਸ਼ਹੀਦਾਂ ਦੀ ਯਾਦ ਵਿਚ ਦੋ ਦਿਨ ਮਨਾਏ ਜਾਂਦੇ ਹਨ। ਪਹਿਲਾ ਇਕ ਮਾਘ ਨੂੰ ਮਾਘੀ ਦਾ ਮੇਲਾ ਲੱਗਦਾ ਹੈ ਅਤੇ ਫਿਰ 21 ਵੈਸਾਖ ਭਾਵ 3 ਜਾਂ 4 ਮਈ ਨੂੰ ਮੁਕਤਸਰ ਦੇ ਸ਼ਹੀਦਾਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਮੁਕਤਸਰ ਵਿਖੇ ਬੇਦਾਵਾ ਪਾਡ਼ਨ ਦਾ ਜ਼ਿਕਰ ਤਾਂ ਅਸੀਂ ਪਡ਼੍ਹਦੇ-ਸੁਣਦੇ ਹਾਂ ਪਰ ਜਦੋਂ ਇਤਿਹਾਸ ਵਿਚ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਲਿਖਣ ਦਾ ਜ਼ਿਕਰ ਆਉਂਦਾ ਹੈ ਤਾਂ ਮਨ ਵਿਚ ਕਈ ਸਵਾਲ ਸਹਿਜੇ ਹੀ ਉਤਪੰਨ ਹੋ ਜਾਂਦੇ ਹਨ।
1. ਕੀ ਗੁਰੂ ਦੇ ਸਿੱਖ ਐਨੇ ਹੀ ਗਏ ਗੁਜ਼ਰੇ ਸਨ, ਜੋ ਭੁੱਖ ਹੱਥੋਂ ਹਾਰ ਕੇ ਗੁਰੂ ਜੀ ਤੋਂ ਬੇਮੁੱਖ ਹੋ ਗਏ।
2. ਆਨੰਦਪੁਰ ਸਾਹਿਬ ਦਾ ਕਿਲ੍ਹਾ ਆਨੰਦਗਡ਼੍ਹ ਜਿਸ ਨੂੰ ਕਾਫੀ ਲੰਮੇ ਸਮੇਂ ਤੋਂ ਮੁਗ਼ਲਾਂ ਅਤੇ ਪਹਾਡ਼ੀ ਰਾਜਿਆਂ ਦੀਆਂ ਫੌਜਾਂ ਨੇ ਘੇਰ ਰੱਖਿਆ ਸੀ। ਉਸ ਘੇਰੇ ਵਿਚੋਂ ਚਾਲੀ ਸਿੰਘ ਕਿਵੇਂ ਬਚ ਕੇ ਨਿਕਲ ਸਕਦੇ ਸਨ।
3. ਜਿਸ ਕਾਗਜ਼ ਉਪਰ ਬੇਦਾਵਾ ਲਿਖਿਆ ਗਿਆ, ਗੁਰੂ ਗੋਬਿੰਦ ਸਿੰਘ ਨੇ ਉਸ ਕਾਗਜ਼ ਨੂੰ ਐਨਾ ਚਿਰ ਕਿਵੇਂ ਸੰਭਾਲ ਕੇ ਰੱਖਿਆ ਜਦੋਂ ਕਿ ਸਰਸਾ ਨਦੀ ਪਾਰ ਕਰਨ ਲੱਗਿਆ ਕਿੰਨੇ-ਕਿੰਨੇ ਪਾਣੀ ਵਿਚੋਂ ਲੰਘਣਾ ਪਿਆ। ਕੀ ਉਹ ਕਾਗਜ਼ ਦਾ ਟੁਕਡ਼ਾ ਪਾਣੀ ਨਾਲ ਗਲਿਆ ਨਹੀਂ ਜਾਂ ਜੇ ਇਹ ਵੀ ਮੰਨ ਲਈਏ ਕਿ ਗੁਰੂ ਸਾਹਿਬ ਨੇ ਉਸ ਕਾਗਜ਼ ਨੂੰ ਆਪਣੀ ਦਸਤਾਰ ਵਿਚ ਛੁਪਾ ਰੱਖਿਆ ਸੀ, ਚਮਕੌਰ ਸਾਹਿਬ ਦੀ ਜੰਗ ਮਗਰੋਂ ਮਾਛੀਵਾਡ਼ੇ ਦੀ ਧਰਤੀ ਤੋਂ ‘ਨੀਲਾ ਬਾਣਾ’ ਪਹਿਨਣ ਲੱਗਿਆਂ ਉਸ ਕਾਗਜ਼ ਦੇ ਟੁਕਡ਼ੇ ਦਾ ਜ਼ਿਕਰ ਇਤਿਹਾਸ ਵਿਚ ਜ਼ਰੂਰ ਹੋਣਾ ਚਾਹੀਦਾ ਸੀ ਪਰ ਬੇਦਾਵਾ ਲਿਖਣ ਤੋਂ ਬੇਦਾਵਾ ਪਾਡ਼੍ਹਨ ਦਾ ਜ਼ਿਕਰ ਹੀ ਪਡ਼੍ਹਨ ਨੂੰ ਮਿਲਦਾ ਹੈ ਪਰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਅਜਿਹੇ ਔਖੇ ਸਮੇਂ ਬੇਦਾਵਾ ਸੰਭਾਲ ਕੇ ਰੱਖਿਆ, ਬਾਰੇ ਕੋਈ ਨਿਰਣਾ ਲੈਣਾ ਅਸੰਭਵ ਹੈ।
4. ਆਨੰਦਪੁਰ ਸਾਹਿਬ ਵਿਖੇ ਬੇਦਾਵਾ ਲਿਖਣ ਵਾਲੇ ਕਿਸੇ ਇਕ ਵੀ ਸਿੱਖ ਦਾ ਨਾਂ ਇਤਿਹਾਸ ਵਿਚ ਨਹੀਂ ਮਿਲਦਾ ਪਰ ਆਖਰ ਵਿਚ ਮਹਾਂ ਸਿੰਘ ਦਾ ਨਾਂ ਹੀ ਆਉਂਦਾ ਹੈ ਜਿਸ ਨੇ ਗੁਰੂ ਸਾਹਿਬ ਨੂੰ ਬੇਦਾਵਾ ਪਾਡ਼ਨ ਦੀ ਬੇਨਤੀ ਕੀਤੀ। ਜਿਵੇਂ ਕਿ ਅੱਠਵੀਂ ਜਮਾਤ ਦੀ ਪੁਸਤਕ ਵਿਚ ਹੀ ਇਹ ਪਡ਼੍ਹਨ ਨੂੰ ਮਿਲ ਜਾਂਦਾ ਹੈ ਕਿ ਚਾਲੀ ਸਿੰਘ ਜੋ ਆਨੰਦਪੁਰ ਸਾਹਿਬ ਦੀ ਜੰਗ ਸਮੇਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਆ ਗਏ ਸਨ, ਪਰ ਜਦ ਘਰ ਪਰਤੇ ਤਾਂ ਉਨ੍ਹਾਂ ਦੀਆਂ ਸਿੰਘਣੀਆਂ ਨੇ ਉਨ੍ਹਾਂ ਦੀ ਕਾਫੀ ਝਾਡ਼ਝੰਬ ਕੀਤੀ। ਅੰਤ ਉਹ ਸਿੰਘ ਮਾਈ ਭਾਗੋ ਦੀ ਕਮਾਨ ਹੇਠ ਖਿਦਰਾਣੇ ਦੀ ਢਾਬ ‘ਤੇ ਮੁਗ਼ਲ ਫੌਜ ਵਿਰੁੱਧ ਲਡ਼ੇ ਤੇ ਜਿੱਤ ਪ੍ਰਾਪਤ ਕੀਤੀ।
ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲੱਭਦਿਆਂ ਹੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਬੇਦਾਵਾ ਲਿਖਣ ਦੀ ਘਟਨਾ ਨੂੰ ਆਨੰਦਪੁਰ ਸਾਹਿਬ ਵਿਖੇ ਨਹੀਂ ਮੰਨਿਆ। ਨਿਰੰਜਣ ਸਿੰਘ ਸਾਥੀ ਨੇ ਆਪਣੇ ਲਿਖੇ ਲਡ਼ੀਵਾਰ ਇਤਿਹਾਸਕ ਲੇਖਾਂ ਵਿਚ ਬਹੁਤ ਸਾਰੀਆਂ ਕਿਤਾਬਾਂ ਦੇ ਹਵਾਲੇ ਦਿੱਤੇ ਹਨ ਜਿਨ੍ਹਾਂ ਵਿਚ ਪੋ੍ਰ. ਕਰਤਾਰ ਸਿੰਘ, ਪੋ੍ਰ. ਪਿਆਰਾ ਸਿੰਘ ਪਦਮ ਅਤੇ ਗਿਆਨੀ ਸੋਹਣ ਸਿੰਘ ਸੀਤਲ ਨੇ ਬਡ਼ੀ ਡੂੰਘੀ ਸੋਚ ਵਿਚਾਰ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਬੇਦਾਵਾ ਆਨੰਦਪੁਰ ਸਾਹਿਬ ਵਿਖੇ ਨਹੀਂ ਲਿਖਿਆ ਗਿਆ। ਇਸੇ ਤਰ੍ਹਾਂ ਪੋ੍ਰ. ਸਾਹਿਬ ਸਿੰਘ ਨੇ, ਅੰਗਰੇਜ਼ੀ ਵਿਚ ਲਿਖੀ ਆਪਣੀ ਪੁਸਤਕ  ਗੁਰੂ ਗੋਬਿੰਦ ਸਿੰਘ ਅਤੇ ਪ੍ਰਿੰ. ਸਤਬੀਰ ਸਿੰਘ ਨੇ ਵੀ ਆਪਣੀ ਪੁਸਤਕ ਪੁਰਖ ਭਗਵੰਤ (ਜੀਵਨੀ ਗੁਰੂ ਗੋਬਿੰਦ ਸਿੰਘ) ਵਿਚ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਲਿਖਣ ਦੀ ਨਹੀਂ ਸਗੋਂ ਮਾਡ਼ੀ ਘਟਨਾ ਵਾਪਰਨ ਦੀ ਜ਼ਿੰਮੇਵਾਰੀ ਲੈਣ ਵਾਲਾ ਇਕਰਾਰਨਾਮਾ ਲਿਖਣ ਦੀ ਹੀ ਗੱਲ ਕੀਤੀ ਹੈ। ਪੰਜਾਬ ਇਤਿਹਾਸ ਅਧਿਐਨ ਵਿਭਾਗ ਪੰਜਾਬ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਡਾ. ਗੁਰਚਰਨ ਸਿੰਘ ਨਈਅਰ ਆਪਣੀ ਪੁਸਤਕ ‘ਸਿੱਖਸ ਇਨ ਫਰਮੈਂਟ’ (ਬੈਟਲਜ਼ ਆਫ ਦੀ ਸਿੱਖ ਗੁਰੂਜ਼) ਵਿਚ ਆਨੰਦਪੁਰ ਸਾਹਿਬ ਵਿਖੇ ਬੇਦਾਵੇ ਦੀ ਰਵਾਇਤ ਨੂੰ ਪਡ਼ਤਾਲਯੋਗ ਕਹਿੰਦੇ ਹਨ।  (1 traditidon still requires probing) ਡਾ. ਸੰਗਤ ਸਿੰਘ ਆਪਣੀ ਪੁਸਤਕ ਦੀ ‘ਸਿੱਖਸ ਇਨ ਹਿਸਟਰੀ’ ਵਿਚ ਆਨੰਦਪੁਰ ਸਾਹਿਬ ਵਿਖੇ ਬੇਦਾਵੇ ਨੂੰ ਸ਼ੰਕਿਆਂ ਭਰਪੂਰ (Riven with holes) ਆਖਦੇ ਹਨ।
ਪਰ ਇਹ ਰੀਤ ਕਿਉਂ ਪ੍ਰਚਲਿਤ ਹੋ ਗਈ?
ਸੋਹਣ ਸਿੰਘ ਸੀਤਲ ਆਪਣੀ ਕਿਤਾਬ ‘ਮਨੁੱਖਤਾ ਦੇ ਗੁਰੂ, ਗੁਰੂ ਗੋਬਿੰਦ ਸਿੰਘ ਦੇ ਪੰਨਾ ਨੰ. 222 ‘ਤੇ ਇਸ ਘਟਨਾ ਦਾ ਜ਼ਿਕਰ ਕਰਦੇ ਹਨ ਜੋ ਹੂਬਹੂ ਇਸ ਤਰ੍ਹਾਂ ਹੈ:
ਗੁਰੂ ਗੋਬਿੰਦ ਸਿੰਘ ਜੀ ਬਾਰੇ ਸਭ ਤੋਂ ਪੁਰਾਣੀ ਇਤਿਹਾਸਕ ਪੁਸਤਕ ‘ਸ੍ਰੀ ਗੁਰੂ ਸੋਭਾ’ ਮਿਲਦੀ ਹੈ। ਜੋ ਗੁਰੂ ਮਹਾਰਾਜ ਦੇ ਹਜ਼ੂਰੀ ਕਵੀ ‘ਸੈਨਾਪਤੀ’ ਦੀ ਰਚਨਾ ਹੈ। ਇਸ ਪੁਸਤਕ ਦੇ ਗਿਆਰਵੇਂ ਅਧਿਆਏ ਵਿਚ ਇਸ ਘਟਨਾ ਬਾਰੇ ਇਉਂ ਲਿਖਿਆ ਹੈ:
ਸਤਿਗੁਰ ਕਹੀ, ਸੁਨੋ ਬਿਧਿ ਸਾਈ।
ਬੁਰੀ ਹੋਤ, ਤੁਮਰੇ ਸਿਰ ਭਾਈ।
ਯਉ ਸਬ ਸੋ ਤਉ ਹਦ ਲਿਖਵਾਏ।
ਹੋਹੁ ਤਯਾਰ, ਤਬੈ ਫੁਰਮਾਏ।
ਆਗੂ ਹੋਣ ਦੀ ਹੈਸੀਅਤ ਵਿਚ ਹਰ ਬੁਰੇ ਭਲੇ ਦੀ ਜ਼ਿੰਮੇਵਾਰੀ ਗੁਰੂ ਮਹਾਰਾਜ ਦੇ ਸਿਰ ਆਉਂਦੀ ਸੀ। ਇਸੇ ਵਾਸਤੇ ਉਹ ਆਨੰਦਪੁਰ ਛੱਡਣ ਦੇ ਹੱਕ ਵਿਚ ਨਹੀਂ ਸਨ ਪਰ ਗੁਰੂ ਮਹਾਰਾਜ ਨੇ ਸਿੱਖਾਂ ਵਿਚ ‘ਲੋਕ ਰਾਏ’ ਦਾ ਰਵਾਜ ਪਾਇਆ ਸੀ ਤੇ ਹਜ਼ੂਰ ਆਪ ਬਹੁਮੰਤਵੀ ਦੀ ਰਾਏ ਦੀ ਬਡ਼ੀ ਕਦਰ ਕਰਦੇ ਸਨ। ਇਹੀ ਕਾਰਨ ਹੈ ਕਿ ਗੁਰਦੇਵ ਬਹੁਸੰਮਤੀ (ਸਾਰੇ ਸਿੱਖਾਂ) ਦੀ ਰਾਏ ਨੂੰ ਰੱਦ ਨਾ ਕਰ ਸਕੇ। ਹਜ਼ੂਰ ਨੇ ਵਾਪਰਨ ਵਾਲੇ ਭਲੇ ਬੁਰੇ ਦੀ ਜ਼ਿੰਮੇਵਾਰੀ ਸਿੱਖਾਂ ਦੇ ਸਿਰ ਪਾਉਂਦਿਆਂ ਸਾਫ ਸ਼ਬਦਾਂ ਵਿਚ ਕਹਿ ਦਿੱਤਾ, ”ਬੁਰਾ ਹੋਤ, ਤੁਮਰੇ ਸਿਰ ਭਾਈ’ (ਜੇ ਕੁਛ ਬੁਰਾ ਹੋਇਆ ਤਾਂ ਜ਼ਿੰਮੇਵਾਰੀ ਤੁਹਾਡੇ ਸਿਰ ਹੋਵੇਗੀ) ਇਸ ਤੋਂ ਅਗਲੀ ਪੰਗਤੀ ਹੀ ਭੁਲੇਖਾ ਪਾਉਣ ਵਾਲੀ ਹੈ ਤੇ ਉਹ ਚੌਪਈ ਦੇ ਚਾਰੇ ਚਰਣ ਪੂਰੇ ਕਰਨ ਵਾਸਤੇ ਲਿਖੀ ਗਈ ਜਾਪਦੀ ਹੈ। ਨਹੀਂ ਤਾਂ ਸਿੱਧਾ ਪ੍ਰਸੰਗ ਤਾਂ ਇਉਂ ਹੀ ਜਚਦਾ ਹੈ। ਗੁਰੂ ਜੀ ਨੇ ਫੁਰਮਾਇਆ, ”ਹੁਣ ਜੋ ਵੀ ਚੰਗੀ ਮਾਡ਼ੀ ਵਾਪਰੇ, ਉਸ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਹੋਵੇਗੀ¨ ਚਲੋ, ਤਿਆਰ ਹੋਵੋ।” (ਹੋਹੁ ਤਯਾਰ ਤਬੈ ਫੁਰਮਾਏ) ਗੁਰਦੇਵ ਨੇ ਸਿੱਖਾਂ ਦੀ ਬੇਨਤੀ ਮੰਨ ਲਈ ਤੇ ਸਾਰੇ ਤਿਆਰ ਹੋ ਕੇ ਆਨੰਦਪੁਰ ਛੱਡ ਤੁਰੇ।
ਉਸ ਭੁਲੇਖਾ ਪਾਊ ਪੰਗਤੀ (ਯਉ ਸਭ ਸੋ ਤਉ ਹਦ ਲਿਖਵਾਏ) ਵਿਚ ‘ਹਦ ਲਿਖਵਾਏ’ ਹੀ ਟਪਲਾ ਲਾਉਣ ਵਾਲੇ ਸ਼ਬਦ ਹਨ ਜਿਨ੍ਹਾਂ ਦੇ ਅਰਥ ਕਰਨ ਵਾਲਿਆਂ ਮੰਨ ਲਿਆ ਕਿ ਗੁਰੂ ਜੀ ਨੇ ‘ਬੇਦਾਵਾ’ ਲਿਖਵਾ ਲਿਆ। ਪਰ ‘ਬੇਦਾਵਾ ਲਿਖਿਆ’ ਮੰਨਣ ਵਾਲੇ ਕਹਿੰਦੇ ਹਨ ਕਿ ਕੁਝ ਸਿੱਖ (ਚਾਲੀ ਜਾਂ ਡੇਢ ਹਜ਼ਾਰ) ਬੇਦਾਵਾ ਹੋ ਕੇ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ। ਇਸ ਦੇ ਉਲਟ ਸੈਨਾਪਤੀ ਕਹਿੰਦਾ ਹੈ ਕਿ ਗੁਰੂ ਜੀ ਨੇ ਤਿਆਰੀ ਦਾ ਹੁਕਮ ਦੇ ਦਿੱਤਾ ਤੇ ਆਪ ਵੀ ਸਿੱਖਾਂ ਦੇ ਨਾਲ ਆਨੰਦਪੁਰ ਸਾਹਿਬ ਛੱਡ ਕੇ ਤੁਰ ਪਏ। ਭਾਵ ਸਾਰੇ ਸਿੱਖ ਗੁਰੂ ਜੀ ਨਾਲ ਹੀ ਰਹੇ, ਵਿਚੋਂ ਕੋਈ ਸਿੱਖ ਗੁਰੂ ਜੀ ਨੂੰ ਛੱਡ ਕੇ ਨਹੀਂ ਗਿਆ।
ਸੈਨਾਪਤੀ ਦੇ ਸ਼ਬਦ ‘ਹਦ ਲਿਖਵਾਏ’ ਕਵਿਤਾ ਦਾ ਤੁਕਾਂਤ ਤੇ ਚੌਪਈ ਦਾ ਚੌਥਾ ਚਰਣ ਪੂਰਾ ਕਰਨ ਵਾਸਤੇ ਕੇਵਲ ਭਰਤੀ ਵਜੋਂ ਜਾਪਦੇ ਹਨ। ਆਮ ਬੋਲਚਾਲ ਵਿਚ ਵੀ ਤਾਂ ਅਸੀਂ ਕਹਿੰਦੇ ਹਾਂ ‘ਲਿਖਵਾ ਲੋ ਮੈਥੋਂ, ਇਹ ਗੱਲ ਜ਼ਰੂਰ ਹੋਵੇਗੀ’ ਜਾਂ ਲਿਖ ਦਿਓ, ਕਿ ਇਹ ਗੱਲ ਨਹੀਂ ਹੋਵੇਗੀ।’ ‘ਇਹ ਲਿਖਵਾ ਲਓ’ ਤੇ ‘ਲਿਖ ਦਿਓ’ ਰਸਮੀ ਸ਼ਬਦ ਹੁੰਦੇ ਹਨ, ਜੋ ਅਮਲ ਵਿਚ ਨਹੀਂ ਆਉਂਦੇ।
ਮੁਕਦੀ ਗੱਲ, ਸੈਨਾਪਤੀ ਦੀ ਲਿਖਤ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਬੇਦਾਵਾ ਲਿਖਿਆ ਗਿਆ ਸੀ ਜਾਂ ਕੁਝ ਸਿੱਖ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ ਸਨ। ਇਸ ਪੁਸਤਕ ਵਿਚ ਅਸੀਂ ਤੁਹਾਡੇ ਸਿੱਖ ਨਹੀਂ ਅਤੇ ਤੁਸੀਂ ਸਾਡੇ ਗੁਰੂ ਨਹੀਂ ਵਰਗਾ ਬੇਦਾਵਾ ਲਿਖਣ ਦੀ ਉੱਕਾ ਕੋਈ ਗੱਲ ਨਹੀਂ ਹੈ।
ਸੈਨਾਪਤੀ ਤੋਂ ਪਿੱਛੋਂ ਭਾਈ ਸੁੱਖਾ ਸਿੰਘ ਨੇ 1797 ਈਸਵੀ ਵਿਚ ‘ਗੁਰਬਿਲਾਸ’ ਲਿਖਿਆ। ਭਾਈ ਸੁੱਖਾ ਸਿੰਘ, ਸੈਨਾਪਤੀ ਦੇ ਮਗਰ-ਮਗਰ ਚਲਦਾ ਹੈ। ਇਥੋਂ ਤਕ ਕਿ ‘ਸ੍ਰੀ ਗੁਰੂ ਸੋਭਾ’ ਦੀਆਂ ਕਈ ਪੰਗਤੀਆਂ ਜਿਉਂ ਦੀਆਂ ਤਿਉਂ ‘ਗੁਰਬਿਲਾਸ’ ਵਿਚ ਆਉਂਦੀਆਂ ਹਨ:
ਸ੍ਰੀ ਮੁਖ ਕਹਾ, ਸੁਨੋ ਚਿਤ ਲਾਈ।
ਬੁਰੋ ਹੋਤ, ਤੁਮਰੇ ਸਿਰ ਭਾਈ।
ਤੁਮ ਯਹਿ ਬਾਤ ਭੇਵ ਨਹਿ ਜਾਨੋ।
ਬਾਰਕ ਹੋ, ਬਚ ਐਸ ਬਖ਼ਾਨੋ।੨੪੧।
ਯੌ ਕਹ ਸਭ ਸੋ ਹੱਦ ਲਿਖਾਈ।
ਸਿੱਖ ਗੁਰੂ ਬਿਦਾਵ ਕਰਾਈ।
ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰਬਿਲਾਸ, ਉਸ ਘਟਨਾ ਤੋਂ 93 ਸਾਲ ਪਿੱਛੋਂ ਲਿਖਿਆ ਗਿਆ ਹੈ। ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ, ਇਤਿਹਾਸਕ ਕਥਾਵਾਂ ਨਾਲ ਲੋਕਾਂ ਦੇ ਮੂੰਹ ਚਡ਼੍ਹੀਆਂ ਅਫਵਾਹਾਂ ਮਿਲ ਕੇ ਸੱਚਾਈ ਨੂੰ ਧੁੰਦਲਾ ਕਰੀ ਜਾਂਦੀਆਂ ਹਨ। ਇਹੀ ਭੁਲੇਖਾ ਇਥੇ ਲੱਗਾ ਜਾਪਦਾ ਹੈ। ਸੈਨਾਪਤੀ ਦੇ ਸ਼ਬਦ ‘ਹਦ ਲਿਖਵਾਏ’ ਗੁਰਬਿਲਾਸ ਵਿਚ ‘ਹੱਦ ਲਿਖਾਈ’ ਬਣ ਗਏ। ਅਗਲੀ ਪੰਗਤੀ ਵਿਚ ਲੇਖਕ ਨੇ ਇਕ ਕਦਮ ਹੋਰ ਅੱਗੇ ਚੁੱਕਿਆ ਤੇ ਲਿਖ ਦਿੱਤਾ ‘ਸਿੱਖੀ ਗੁਰੂ ਬਿਦਾਵ ਕਰਾਈ’ ਖੰਭਾਂ ਦੀ ਡਾਰ ਵਾਲਾ ਮੁਹਾਵਰਾ ਵਰਤਿਆ ਗਿਆ ਜਾਪਦਾ ਹੈ। ਲੇਖਕ ਆਪ ਹੀ ਸ਼ੰਕਾ ਪ੍ਰਗਟ ਕਰਦਾ ਲਿਖਦਾ ਹੈ, ‘ਕਈ ਕਹਿੰਦੇ ਹਨ, ਮੁਕਤਿਆਂ (ਮੁਕਤਸਰ ਸ਼ਹੀਦ ਹੋਣ ਵਾਲਿਆਂ) ਬੇਦਾਵਾ ਨਹੀਂ ਲਿਖਿਆ। ਕਈ ਕਹਿੰਦੇ ਹਨ, ਸਾਰਿਆਂ ਲਿਖ ਦਿੱਤਾ। ਮੇਰੇ ਵਿਚਾਰ ਅਨੁਸਾਰ ਸਾਰਿਆਂ ਹੀ ਬੇਦਾਵਾ ਲਿਖ ਦਿੱਤਾ ਸੀ ਤੇ ਲੇਖਕ ਅਨੁਸਾਰ ਕੋਈ ਵੀ ਸਿੱਖ ਗੁਰੂ ਦਾ ਸਾਥ ਛੱਡ ਕੇ ਗਿਆ ਨਹੀਂ, ਸਗੋਂ ਗੁਰੂ ਜੀ ਨੇ ਉਨ੍ਹਾਂ ਦੇ ਨਾਲ ਆਨੰਦਪੁਰ ਛੱਡ ਕੇ ਤੁਰ ਪੈਣਾ ਸੀ ਤਾਂ ਫਿਰ ‘ਬੇਦਾਵਾ’ ਲਿਖਵਾਉਣ ਦੀ ਕੀ ਲੋਡ਼ ਸੀ? ਦੂਸਰੇ ਪਾਸੇ ਜੇ ਸਿੱਖਾਂ ਨੇ ਬੇਦਾਵਾ ਲਿਖ ਕੇ ਵੀ ਗੁਰੂ ਜੀ ਦੇ ਨਾਲ ਹੀ ਰਹਿਣਾ ਸੀ ਤਾਂ ਬੇਦਾਵਾ ਲਿਖਣ ਦਾ ਕੀ ਅਰਥ? ਸੁੱਖਾ ਸਿੰਘ ਤੋਂ ਬਾਅਦ ਰਤਨ ਸਿੰਘ ਭੰਗੂ ਨੇ ਇਕ ਤੁਕ ਜੋਡ਼ੀ ‘ਤੁਮ ਹਮ ਗੁਰੂ ਨਾ ਹਮ ਤੁਮ ਸਿੱਖ’ ਇਨ੍ਹਾਂ ਗੱਲਾਂ ਤੋਂ ਸਿੱਧ ਹੁੰਦਾ ਹੈ ਕਿ ਕਿਸੇ ਵੀ ਸਿੰਘ ਨੇ ਆਨੰਦਪੁਰ ਸਾਹਿਬ ਵਿਖੇ ਬੇਦਾਵਾ ਨਹੀਂ ਲਿਖਿਆ। ਸਗੋਂ ਸਣੇ ਮਾਤਾ ਜੀ ਸਾਰੇ ਸਿੰਘਾਂ ਦੇ ਕਹਿਣ ‘ਤੇ ਗੁਰੂ ਜੀ ਨੇ ਆਨੰਦਪੁਰ ਦਾ ਕਿਲ੍ਹਾ ਛੱਡ ਦਿੱਤਾ। ਇਹ ਵਹੀਰ ਸਰਸਾ ਨਦੀ ਦੇ ਕੰਢੇ ਵਿਛਡ਼ ਗਈ। ਜੇ ਕਿਸੇ ਨੂੰ ਬੇਦਾਵੀਆ ਮੰਨਣਾ ਹੀ ਹੈ ਤਾਂ ਉਹ ਮਸੰਦ ਦੁਨੀ ਚੰਦ ਤੇ ਉਹਦੇ ਸਾਥੀ ਸੀ, ਜੋ ਰਾਜਾ ਕੇਸਰੀ ਚੰਦ ਦੇ ਹਾਥੀ ਨਾਲ ਲਡ਼ਨ ਤੋਂ ਡਰਦਾ ਗੁਰੂ ਜੀ ਦਾ ਸਾਥ ਛੱਡ ਕੇ ਰਾਤ ਚੋਰੀ ਨੱਸ ਗਿਆ ਸੀ। ਉਸੇ ਭੁੱਲ ਨੂੰ ਪਿੱਛੋਂ ਉਹਦੇ ਪੋਤਰਿਆਂ ਸਰੂਪ ਸਿੰਘ ਅਤੇ ਅਨੂਪ ਸਿੰਘ ਨੇ ਗੁਰੂ ਜੀ ਦੀ ਸ਼ਰਨ ਵਿਚ ਆ ਕੇ ਬਖਸ਼ਾਇਆ।
ਫਿਰ ਕੀ ਹੈ ਬੇਦਾਵੇ ਦੀ ਅਸਲੀਅਤ?
ਭਾਈ ਸੰਤੋਖ ਸਿੰਘ (ਸੂਰਜ ਪ੍ਰਕਾਸ਼ ਗ੍ਰੰਥ) ਅਤੇ ਭਾਈ ਸਵਰੂਪ ਸਿੰਘ ਕੌਸ਼ਿਕ ਰਚਿਤ ਗੁਰੂ ਕੀਆਂ ਸਾਖੀਆਂ ਵਿਚ ਇਸ ਗੱਲ ਦਾ ਪ੍ਰਮਾਣ ਮਿਲਦਾ ਹੈ ਕਿ ਬੇਦਾਵਾ ਲਿਖਣ ਦੀ ਘਟਨਾ ਰਾਮਆਣੇ ਤੋਂ ਅੱਗੇ ਪਿੰਡ ਰੁਪਾਣੇ ਅਤੇ ਖਿਦਰਾਣੇ ਦੀ ਢਾਬ ਵਿਚਕਾਰ ਵਾਪਰੀ ਸੀ। ਜਦੋਂ ਮਝੈਲ ਦੇ ਸਿੰਘਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਮਾਲਵੇ ਵਿਚ ਦੀਨਾ ਕਾਂਗਡ਼ ਦੀ ਧਰਤੀ ‘ਤੇ ਵਿਚਰ ਰਹੇ ਹਨ ਤਾਂ ਉਨ੍ਹਾਂ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਉਨੀਂ ਦਿਨੀਂ ਮਾਝੇ ਵਿਚ ਹੀ ਪੱਟੀ ਦੇ ਭਾਈ ਸੁਲਤਾਨ ਸਿੰਘ ਅਤੇ ਨਿਧਾਨ ਸਿੰਘ ਦਾ ਪਿਤਾ ਭਾਈ ਦੇਸ ਰਾਜ ਵਡ਼ੈਚ ਚਡ਼੍ਹਾਈ ਕਰ ਗਿਆ। ਇਸ ਘਰ ਵਿਚ ਪਿੰਡ ਝਬਾਲ ਦੀ ਮਾਈ ਭਾਗੋ ਵਿਆਹੀ ਹੋਈ ਸੀ ਅਤੇ ਉਹ ਭਾਈ ਨਿਧਾਨ ਸਿੰਘ ਦੀ ਪਤਨੀ ਸੀ। ਭਾਈ ਦੇਸ ਰਾਜ ਦੀ ਸਤਾਰ੍ਹਵੀਂ ਵਾਲੇ ਦਿਨ ਪੱਟੀ ਵਿਚ ਸਿੱਖਾਂ ਦਾ ਚੰਗਾ ਇਕੱਠ ਹੋਇਆ। ਇਸ ਇਕੱਠ ਵਿਚ ਇਕ ਸਿੰਘ ਨੇ ਗੁਰੂ ਦਸਮੇਸ਼ ਦੀ ਗੱਲ ਚਲਾਈ ਅਤੇ ਸੰਗਤ ਨੇ ਆਨੰਦਪੁਰ ਤੋਂ ਲੈ ਕੇ ਦੀਨੇ-ਕਾਂਗਡ਼ ਤਕ ਦੇ ਸਾਰੇ ਹਾਲਾਤ ਸੁਣਾ ਕੇ ਆਖਿਆ ਕਿ ਅਸੀਂ ਬਡ਼ੇ ਨਿਭਾਗੇ ਸਿੱਖ ਹਾਂ ਜਿਹਡ਼ੇ ਅਜਿਹੇ ਘੋਰ ਸੰਕਟ ਦੇ ਦਿਨਾਂ ਵਿਚ ਦਸਮੇਸ਼  ਪਿਤਾ ਕੋਲ ਨਹੀਂ ਪਹੁੰਚ ਸਕੇ। ਅੱਜ-ਕੱਲ੍ਹ ਗੁਰੂ ਜੀ ਦੀਨੇ ਕਾਂਗਡ਼ ਵਿਚ ਨਿਵਾਸ ਕਰਦੇ ਹਨ। ਵਾਪਰੀਆਂ ਦੁਖਦਾਈ ਘਟਨਾਵਾਂ ਦਾ ਅਫਸੋਸ ਕਰਨ ਲਈ ਸਾਨੂੰ ਗੁਰੂ ਜੀ ਦੇ ਪਾਸ ਜਾਣਾ ਚਾਹੀਦਾ ਹੈ। ਅੱਜ ਦੇ ਇਕੱਠ ਵਿਚ ਭਾਈ ਭਾਗ ਸਿੰਘ ਝਬਾਲੀਏ ਵਰਗੇ ਅਸਰ-ਰਸੂਖ ਵਾਲੇ ਸਿੰਘ ਵੀ ਆਏ ਹੋਏ ਹਨ। ਉਹ ਸਰਕਾਰ ਨਾਲ ਗੁਰੂ ਜੀ ਦੀ ਸੁਲਾਹ ਕਰਾ ਸਕਦੇ ਹਨ। ਗੁਰੂ ਜੀ ਨੂੰ ਸੁਲਾਹ ਦਾ ਸੁਝਾਅ ਵੀ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਸਲਾਹਾਂ ਕਰਕੇ ਮਾਝੇ ਦੇ ਸਿੰਘਾਂ ਨੇ ਗੁਰੂ ਜੀ ਪਾਸ ਹਾਜ਼ਰ ਹੋਣ ਦਾ ਫੈਸਲਾ ਕਰ ਲਿਆ।
ਮਾਝੇ ਵਿਚੋਂ ਤੁਰਿਆ ਇਹ ਕਾਫਲਾ ਦਰਿਆ ਬਿਆਸ ਤੇ ਸਤਲੁਜ ਨੂੰ ਪਾਰ ਕਰਕੇ ਜ਼ੀਰੇ ਵਿਚੀਂ ਹੁੰਦਾ ਹੋਇਆ ਜਦੋਂ ਮੋਗੇ ਪਹੁੰਚਾ ਤਾਂ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਨੇ ਕਾਂਗਡ਼ ਦਾ ਨਿਵਾਸ ਛੱਡ ਕੇ ਕੋਟਕਪੂਰੇ ਤੋਂ ਅੱਗੇ ਖਿਦਰਾਣੇ ਦੀ ਢਾਬ ਵੱਲ ਚਲੇ ਗਏ ਹਨ। ਮਾਲਵੇ ਦੇ ਰੋਹੀ ਬੀਆਬਾਨ ਵਿਚ ਗੁਰੂ ਜੀ ਨੂੰ ਲੱਭਣਾ ਕੋਈ ਸੌਖੀ ਗੱਲ ਨਹੀਂ ਸੀ। ਦੂਜੇ ਪਾਸੇ ਮੁਗ਼ਲ ਫੌਜ ਵੀ ਦਸਮ ਪਾਤਸ਼ਾਹ ਨੂੰ ਫਡ਼ਨ ਕਰਨ ਲਈ ਮਾਲਵੇ ਦੇ ਟਿੱਬਿਆਂ ਦੀ ਰੇਤ ਛਾਣ ਰਹੀ ਸੀ। ਸੂਬੇਦਾਰ ਵਜ਼ੀਨ ਖਾਨ ਨੂੰ ਇੰਜ ਲੱਗਦਾ ਸੀ ਕਿ ਹੁਣ ਸਵੇਰੇ ਜਾਂ ਸ਼ਾਮੀਂ ਗੁਰੂ ਗੋਬਿੰਦ ਸਿੰਘ ਸਾਡੇ ਹੱਥ ਆ ਜਾਏਗਾ।
ਰਾਮੇਆਣਾ ਨੂੰ ਪਿੱਛੇ ਛੱਡ ਕੇ ਗੁਰੂ ਕੀ ਫੌਜ ਜਦੋਂ ਰੂਪੇਆਣੇ ਤੋਂ ਕੁਝ ਮੀਲ ਅੱਗੇ ਗਈ ਤਾਂ ਪਿੱਛੇ ਕੁਝ ਦੂਰੀ ‘ਤੇ ਧੂਡ਼ ਉਡਦੀ ਨਜ਼ਰ ਆਈ। ਗੁਰੂ ਕਾ ਵਹੀਰ ਇਕਦਮ ਚੌਕਸ ਹੋ ਗਿਆ।  ਸ਼ਾਇਦ ਮੁਗ਼ਲ ਫੌਜ ਨੇਡ਼ੇ ਢੁਕ ਆਈ ਸੀ ਪਰ ਥੋਡ਼੍ਹੇ ਚਿਰ ਪਿੱਛੋਂ ਜਦੋਂ ਧੂਡ਼ ਦੇ ਬੱਦਲ ਕੁਝ ਪਤਲੇ ਹੋਏ ਤਾਂ ਘੋਡ਼ਿਆਂ ‘ਤੇ ਸਵਾਰ ਸਿੰਘਾਂ ਦੇ ਧੁੰਦਲੇ ਚਿਹਰੇ ਨਜ਼ਰ ਆਉਣ ਲੱਗ ਪਏ। ਛੇਤੀ ਹੀ ਮਾਝੇ ਦਾ ਜੱਥਾ ਗੁਰੂ ਦਸਮੇਸ਼ ਜੀ ਦੇ ਸਨਮੁੱਖ ਆਣ ਖਲੋਤਾ। ਵਾਤਾਵਰਨ ‘ਸਤ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ‘ਗੁਰੂ ਕੀਆਂ ਸਾਖੀਆਂ’ ਵਿਚ ਇਸ ਪਲ ਦਾ ਵਰਨਣ ਇਸ ਤਰ੍ਹਾਂ ਕੀਤਾ ਗਿਆ ਹੈ, ‘ਇਹ ਜਥਾ ਪੁੱਛਦਾ ਪੁਛਾਂਦਾ ਰਾਮੇਆਣਾ ਨਗਰੀ ਸੇ ਆਗੇ ਰੂਪੇਆਣਾ ਕੇ ਪਾਸ ਰੋਹੀਂ ਮੇਂ ਜਾਇ ਮਿਲਿਆ। ਸਤਿਗੁਰਾਂ ਇਨੈ ਆਖਿਆ ਦੇਖ ਮਾਨ ਸਿੰਘ ਸੇ ਕਹਾ ਕਿ ਘੋਡ਼ੇ ਸੇ ਉਤਰ ਚਾਦਰਾ ਵਿਛਾਇ ਦੇਹ ਤਾਂ ਕਿ ਇਨ ਆਏ ਸਿੱਖਾਂ ਸੇ ਬਾਤਚੀਤ ਕੀ ਜਾਏ’ ਇਥੋਂ ਖਿਦਰਾਣੇ ਦੀ ਢਾਬ ਬਹੁਤੀ ਦੂਰ ਨਹੀਂ ਸੀ।
ਮਝੈਲ ਜਥੇ ਦੇ ਮੋਹਰੀ ਭਾਈ ਭਾਗ ਸਿੰਘ ਅਤੇ ਭਾਈ ਦਿਲਬਾਗ ਸਿੰਘ ਝਬਾਲੀਆਂ ਨੇ ਪਿਛਲੇ ਮਹੀਨਿਆਂ ਵਿਚ ਜੋ ਕੁਝ ਵਾਪਰਿਆ ਸੀ, ਉਸ ‘ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਫੇਰ ਇਸ ਤਰ੍ਹਾਂ ਬੇਨਤੀ ਕੀਤੀ, ”ਮਹਾਰਾਜ, ਅਸੀਂ ਸਾਰੇ ਮਿਲ ਕੇ ਮਾਝਾ ਦੇਸ਼ ਦੀ ਤਰਫ ਸੇ ਦਿਹਲੀ ਸਰਕਾਰ ਕੇ ਗੈਲ ਹਮੇਸ਼ਾ ਲਈ ਸਮਝੌਤਾ ਕਰਾਏ ਦੇਤੇ ਹੈ ਤਾਂ ਕਿ ਤੁਸੀਂ ਆਗੇ ਸੇ ਬਾਕੀ ਕੀ ਜ਼ਿੰਦਗੀ ਕਾ ਹਿੱਸਾ ਚੰਗੀ ਤਰਹ ਸੇ ਬਿਤੀਤ ਕਰ ਸਕੇਂ ਤੇ ਅਸੀਂ ਆਪ ਕੇ ਸੇਵਕ ਬਨੇ ਰਹੀਏ।’ ਇਸ ਤੋਂ ਬਿਨਾਂ ਲਾਹੌਰੀਏ ਸਿੱਖਾਂ ਨੇ ਵੀ ਸੁਲਾਹ ਦੇ ਹੱਕ ਵਿਚ ਕੁਝ ਦਲੀਲਾਂ ਦਿੱਤੀਆਂ।
ਪਰ ਗੁਰੂ ਜੀ ਨੂੰ ਸੁਲਾਹ ਦੀ ਗੱਲ ਚੰਗੀ ਨਹੀਂ ਲੱਗੀ। ਹੁਣ ਜਦੋਂ ਗੁਰੂ ਜੀ ਦਾ ਘਰ-ਘਾਟ, ਆਰ-ਪਰਿਵਾਰ ਅਤੇ ਸਿੱਖ ਫੁਲਵਾਡ਼ੀ ਸਭ ਕੁਝ ਤਬਾਹ ਹੋ ਚੁੱਕਾ ਸੀ ਅਤੇ ਮੁਗ਼ਲ ਫੌਜ ਹੁਣ ਵੀ ਸਿਰ ‘ਤੇ ਚਡ਼੍ਹੀ ਆ ਰਹੀ ਸੀ, ਸੁਲਾਹ ਦਾ ਇਹ ਕੋਈ ਮੌਕਾ ਨਹੀਂ ਸੀ। ਇਸ ਲਈ ਮਝੈਲ ਸਿੰਘਾਂ ਨੂੰ ਦਿੱਤੇ ਜਵਾਬ ਵਿਚ ਇਸ ਸਮੇਂ ਜਿੰਨੇ ਕਰਡ਼ੇ ਸ਼ਬਦ ਦਸਮ ਪਾਤਸ਼ਾਹ ਨੇ ਵਰਤੇ ਉਨੇ ਕਠੋਰ ਸ਼ਬਦ ਹੋਰ ਕਿਤੇ ਦੇਖਣ-ਸੁਨਣ ਵਿਚ ਨਹੀਂ ਆਉਂਦੇ। ਕਹਿਣ ਲੱਗੇ, ”ਸਿੱਖ ਤਾਂ ਹੁੰਦੇ ਹਨ ਉਪਦੇਸ਼ ਲੈਣ ਲਈ, ਤੁਸੀਂ ਸਾਨੂੰ ਉਪਦੇਸ਼ ਦੇਣ ਆਏ ਹੋ। ਹੁਣ ਤੁਸੀਂ ਸਾਡੇ ਝਗਡ਼ੇ ਨਿਬੇਡ਼ਨਾ ਚਾਹੁੰਦੇ ਹੋ, ਪਹਿਲਾਂ ਤੁਸੀਂ ਕਿੱਥੇ ਗਏ ਹੋਏ ਸੀ। ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ, ਉਦੋਂ ਤਾਂ ਬਾਦਸ਼ਾਹ ਨੂੰ ਕੁਝ ਕਹਿਣ ਲਈ ਕੋਈ ਨਹੀਂ ਗਿਆ। ਸਾਰੇ ਆਪਣੇ-ਆਪਣੇ ਘਰਾਂ ਵਿਚ ਡਰ ਕੇ ਬੈਠੇ ਰਹੇ। ਫੇਰ ਨੌਵੇਂ ਪਾਤਸ਼ਾਹ ਸ਼ਹਾਦਤ ਦੇਣ ਦਿੱਲੀ ਗਏ। ਕਿਸੇ ਨੇ ਜਾ ਕੇ ਬਾਦਸ਼ਾਹ ਨੂੰ ਕੁਝ ਨਾ ਆਖਿਆ। ਇਸ ਸਾਕੇ ਵਿਚ ਕਿਸੇ ਨੇ ਦਖਲ ਨਾ ਦਿੱਤਾ। ਹੁਣ ਤੁਸੀਂ ਸਾਨੂੰ ਉਪਦੇਸ਼ ਕਰਨ ਆ ਗਏ ਹੋ। ਇਹੋ ਜਿਹੀਆਂ ਗੱਲਾਂ ਕਰਦਿਆਂ ਤੁਹਾਨੂੰ ਲੱਜਿਆ ਨਹੀਂ ਆਉਂਦੀ।”
ਸਿੱਖ ਹੋਤਿ ਲੈਬੇ ਉਪਦੇਸ਼ੂ।
ਦੇਹੁ ਹਮੇ ਬਿਪ੍ਰੀਤ ਵਿਸ਼ੇਸ਼ੂ।…
ਹਮਰੇ ਝਗਰੇ ਚਹਹੁ ਨਿਬੇਰਾ।
ਕਹਾਂ ਗਏ ਤੁਮ ਪੂਰਬ ਵੇਰਾ।
ਸ੍ਰੀ ਗੁਰੂ ਅਰਜਨ ਕੋ ਭਾ ਕਾਰਨ।
ਨਹਿਂ ਗਮਨੇ ਨਹਿਂ ਕਰਯੋ ਉਚਾਰਨਿ।
ਨਿਜ-ਨਿਜ ਸਦਨ ਥਿਰੇ ਡਰ ਧਾਰਯੋ।
ਪੁਨ ਨੌਮੇ ਪਾਤਿਸ਼ਾਹੁ ਭਏ ਹੈਂ।
ਦਿੱਲੀ ਮਹਿਂ ਸਿਰ ਦੇਨ ਗਏ ਹੈਂ।…
ਕਿਨਹੂੰ ਕਹਯੋਂ ਨ ਸ਼ਾਹੁ ਅਗਾਰੀ।
ਪਰਯੋਂ ਨ ਕੋਊ ਝਗਰ ਮਝਾਰੀ।…
ਅਬਿ ਉਪਦੇਸ਼ ਕਰਨਿਕੋ ਆਏ।
ਕਹਨਿ ਬਾਕ ਕੋ ਨਹਿਨ ਲਜਾਏ।
ਇਹ ਸਤਿਗੁਰਾਂ ਦੇ ਬਚਨ ਸੁਨ ਆਗੇ ਸੇ ਭਾਗ ਸਿੰਘ ਝਬਾਲੀਏ ਨੇ ਕਹਾ, ”ਗਰੀਬ ਨਿਵਾਜ਼, ਜੇ ਤੁਸਾਂ ਇਸੇ ਤਰਹ ਰਹਿਨਾ ਹੈ ਤਾਂ ਹਮਾਰੇ ਸੇ ਆਪ ਕੀ ਸਿੱਖੀ ਨਹੀਂ ਨਿਭ ਸਕਦੀ, ਹਮ ਵਾਪਸ ਜਾਤੇ ਹੈਂ।” … ਗੁਰੂ ਜੀ ਨੇ ਆਗੇ ਸੇ ਕਹਾ, ”…ਜੇ ਤੁਮ ਆਏ ਹੋ ਤਾਂ ਲਿਖ ਕੇ ਦੇ ਜਾਈਏ ਕਿ ਆਜ ਸੇ ਮਾਝਾ ਦੇਸ਼ ਗੁਰੂ ਕਾ ਸਿੱਖ ਨਹੀਂ ਰਹਾ।” (ਗੁਰੂ ਕੀਆਂ ਸਾਖੀਆਂ, ਸਾਖੀ 90ਵੀਂ)
ਇਹ ਸੀ ਉਹ ਅਭਾਗੀ ਘਡ਼ੀ ਜਦੋਂ ਮਾਝੇ ਦੇ ਕੇਵਲ ਚਾਰ ਢਿੱਲੋਂ ਗੋਤ ਦੇ ਸਿੱਖਾਂ ਨੇ ਬੇਦਾਵੇ ਦੇ ਕਾਗਜ਼ ‘ਤੇ ਦਸਤਖਤ ਕਰ ਦਿੱਤੇ। ‘ਗੁਰੂ ਕੀਆਂ ਸਾਖੀਆਂ’ ਅਨੁਸਾਰ ‘ਪ੍ਰਿਥਮੇ ਭਾਗ ਸਿੰਘ ਝਬਾਲੀਏ ਲਿਖਾ, ਇਸੇ ਦੇਖ ਦਿਲਬਾਗ ਸਿੰਘ, ਘਰਬਾਰਾ ਸਿੰਘ ਤੇ ਗੰਡਾ ਸਿੰਘ ਚੌਹਾਂ ਝਬਾਲੀਆਂ ਨੇ ਕਲਮ ਪਕਡ਼ ਦਸਤਖਤ ਕਰ ਦੀਏ। ਜਥੇ ਦੇ ਬਾਕੀ ਸਿੰਘ ਅਚਾਨਕ ਵਾਪਰ ਗਈ ਇਸ ਘਟਨਾ ‘ਤੇ ਹੈਰਾਨ ਹੁੰਦੇ ਹੋਏ ਡੂੰਘੀਆਂ ਸੋਚਾਂ ਵਿਚ ਪੈ ਗਏ ਅਤੇ ਗੁਰੂ ਨਾਲੋਂ ਤੋਡ਼ ਵਿਛੋਡ਼ੀ ਕਰਨ ਵਾਲੇ ਬੇਦਾਵੇ ‘ਤੇ ਦਸਤਖਤ ਕਰਨ ਦਾ ਹੌਸਲਾ ਨਾ ਕਰ ਸਕੇ। 
ਖਿਦਰਾਣੇ ਦੀ ਢਾਬ ਦੇ ਨਜ਼ਦੀਕ ਸਰਕਾਰ ਨਾਲ ਸੁਲਾਹ ਕਰਨ ਦਾ ਸੁਝਾਅ ਦੇਣ ਵਾਲੇ ਮਝੈਲਾਂ ਨੂੰ ਗੁਰੂ ਜੀ ਵੱਲੋਂ ਪਾਈ ਗਈ ਝਾਡ਼ ਅਤੇ ਇਸੇ ਅਸਥਾਨ ‘ਤੇ ਕੇਵਲ ਚਾਰ ਸਿੱਖਾਂ ਵੱਲੋਂ ਲਿਖੇ ਬੇਦਾਵੇ ਨੂੰ ਬਹੁਤ ਸਾਰੇ ਪੁਰਾਤਨ ਅਤੇ ਆਧੁਨਿਕ ਵਿਦਵਾਨਾਂ ਨੇ ਸਹੀ ਮੰਨ ਕੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਆਪਣੀਆਂ ਪੁਸਤਕਾਂ ਵਿਚ ਦਰਜ ਕੀਤਾ ਹੈ। ਅਜਿਹੇ ਵਿਦਵਾਨਾਂ ਵਿਚ ਭਾਈ ਸਵਰੂਪ ਸਿੰਘ ਕੌਸ਼ਿਸ਼ (ਗੁਰੂ ਕੀਆਂ ਸਾਖੀਆਂ), ਭਾਈ ਸੰਤੋਖ ਸਿੰਘ, ਗਿਆਨ ਸਿੰਘ, ਮੈਕਾਲਿਫ, ਭਾਈ ਵੀਰ ਸਿੰਘ (ਕਲਗੀਧਰ ਚਮਤਕਾਰ) ਪ੍ਰਿੰ. ਸਤਿਬੀਰ ਸਿੰਘ, ਪੋ੍ਰ. ਪਿਆਰਾ ਸਿੰਘ ਪਦਮ, ਡਾ. ਗੁਰਬਚਨ ਸਿੰਘ ਨਈਅਰ ਅਤੇ ਡਾ. ਸੰਗਤ ਸਿੰਘ ਆਦਿ ਸ਼ਾਮਲ ਹਨ। (ਇਹ ਸਾਰਾ ਉਤਾਰਾ ਨਿਰੰਜਣ ਸਿੰਘ ਸਾਥੀ ਦੇ ਲਿਖੇ ਲਡ਼ੀਵਾਰ ਇਤਿਹਾਸਕ ਲੇਖਾਂ ਵਿਚੋਂ ਹੈ)
ਸੋਹਣ ਸਿੰਘ ਸੀਤਲ ਰੁਪਾਣੇ ਵਿਚ ਵੀ ਬੇਦਾਵਾ ਲਿਖਣ ਦੀ ਰੀਤ ਨੂੰ ਪ੍ਰਵਾਨਗੀ ਨਹੀਂ ਦਿੰਦੇ। ਉਹ ਲਿਖਦੇ ਹਨ ਕਿ ‘ਉਥੇ ਵੀ ਬੇਦਾਵਾ ਲਿਖੇ ਜਾਣ ਦੀ ਕੋਈ ਮਜਬੂਰੀ ਨਹੀਂ ਜਾਪਦੀ’ ਇਸ ਵਿਚਾਰ ਚਰਚਾ ‘ਚੋਂ ਇਹੀ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜੇ ਮੁਕਤਸਰ ਦੀ ਧਰਤੀ ‘ਤੇ ਬੇਦਾਵਾ ਪਾਡ਼ਿਆ ਗਿਆ ਹੈ ਤਾਂ ਬੇਦਾਵਾ ਕਿਤੇ ਨਾ ਕਿਤੇ ਜ਼ਰੂਰ ਲਿਖਿਆ ਗਿਆ। ਮੁਕਤਸਰ ਦੇ ਨੇਡ਼ੇ-ਤੇਡ਼ੇ ਹੀ ਲਿਖਿਆ ਗਿਆ ਹੈ ਅਤੇ ਬੇਦਾਵੇ ਦਾ ਕਾਗਜ਼ ਇਕ ਤਾਜ਼ਾ ਦਸਤਾਵੇਜ਼ ਸੀ ਅਤੇ ਸੁਭਾਵਿਕ ਤੌਰ ‘ਤੇ ਉਹ ਗੁਰੂ ਦੀ ਜੇਬ ਵਿਚ ਮੌਜੂਦ ਸੀ। (ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ)

No comments: