Monday, January 02, 2012

ਵੋਟਾਂ ਦੇ ਰਾਮ ਰੌਲੇ 'ਚ ਨੌਜਵਾਨਾਂ ਵੱਲੋਂ ਰੈਲੀ ਅਤੇ ਮੁਜ਼ਹਾਰਾ

ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਬਠਿੰਡਾ ਸ਼ਹਿਰ 'ਚ ਨੌਜਵਾਨਾਂ-ਵਿਦਿਆਰਥੀਆਂ ਵੱਲੋਂ 
ਨੌਜਵਾਨਾਂ ਦੇ ਮਸਲੇ ਉਭਾਰਨ ਲਈ ਰੈਲੀ ਅਤੇ ਮੁਜ਼ਾਹਰਾ 
ਬਠਿੰਡਾ 'ਚ ਅੱਜ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਇਕੱਠੇ ਹੋਏ ਸੈਂਕਡ਼ੇ ਨੌਜਵਾਨਾਂ-ਵਿਦਿਆਰਥੀਆਂ ਨੇ ਵੋਟਾਂ ਦੇ ਮਾਹੌਲ ਦੌਰਾਨ ਨੌਜਵਾਨਾਂ ਦੇ ਹਕੀਕੀ ਮਸਲੇ ਉਭਾਰਨ ਲਈ ਸ਼ਹਿਰ 'ਚ ਪ੍ਰਦਰਸ਼ਨ ਕੀਤਾ। ਪਹਿਲਾਂ ਮਿੰਨੀ ਸਕੱਤਰੇਤ ਮੂਹਰੇ ਇਕੱਠੇ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਇਹਨਾਂ ਦਿਨਾਂ ਦੌਰਾਨ ਸਾਰੀਆਂ ਹਾਕਮ ਜਮਾਤੀ ਵੋਟ ਪਾਰਟੀਆਂ ਨੌਜਵਾਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਰੇ ਅਤੇ ਨਾਅਰਿਆਂ ਨਾਲ ਆਪਣੇ ਮਗਰ ਖਿੱਚਣ ਦਾ ਯਤਨ ਕਰ ਰਹੀਆਂ ਹਨ ਅਤੇ ਆਪਣੇ ਸੌਡ਼ੇ ਸਿਆਸੀ ਮੰਤਵਾਂ ਲਈ ਵਰਤਦੀਆਂ ਹਨ। ਨਸ਼ੇ ਅਤੇ ਹੋਰ ਕਈ ਤਰਾਂ ਦੇ ਲਾਲਚ ਸੁੱਟ ਕੇ ਨੌਜਵਾਨਾਂ ਦਾ ਘਾਣ ਕਰਦੀਆਂ ਹਨ। ਆਪਣੇ ਆਪਣੇ ਲੱਠਮਾਰ ਗਰੋਹ ਖੜੇ ਕਰਕੇ ਨੌਜਵਾਨਾਂ ਨੂੰ ਆਪੋ 'ਚ ਲਡ਼ਾ ਕੇ ਉਹਨਾਂ ਦੀ ਤਾਕਤ ਖੋਰਦੀਆਂ ਹਨ। ਇਹਨਾਂ ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਕੇ ਭਵਿੱਖ ਸਵਾਰਨ ਦਾ ਨਾ ਤਾਂ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਕੋਈ ਇਰਾਦਾ। ਸਗੋਂ ਸਾਰੀਆਂ ਪਾਰਟੀਆਂ ਦੀ ਅਖੌਤੀ ਆਰਥਿਕ ਸੁਧਾਰ ਲਾਗੂ ਕਰਨ 'ਤੇ ਇੱਕਮਤਤਾ ਹੈ। ਇਹ ਨੀਤੀਆਂ ਸਿੱਖਿਆ ਅਤੇ ਰੁਜ਼ਗਾਰ ਦਾ ਉਜਾਡ਼ਾ ਕਰ ਰਹੀਆਂ ਹਨ ਅਤੇ ਨੌਜਵਾਨ ਪੀੜ੍ਹੀ ਹਨੇਰੇ ਭਵਿੱਖ ਵੱਲ ਧੱਕੀ ਜਾ ਰਹੀ ਹੈ। ਨੌਜਵਾਨਾਂ ਨੇ ਹੁਣ ਤੱਕ ਜੋ ਵੀ ਰੁਜ਼ਗਾਰ ਹਾਸਲ ਕੀਤਾ ਹੈ ਉਹ ਆਪਣੀ ਏਕਤਾ ਅਤੇ ਸੰਘਰਸ਼ਾਂ ਦੇ ਜ਼ੋਰ ਹੀ ਕੀਤਾ ਹੈ। ਤੇ ਅਗਾਂਹ ਨੂੰ ਵੀ ਆਪਣੀ ਏਕਤਾ ਅਤੇ ਸੰਘਰਸ਼ਾਂ 'ਤੇ ਟੇਕ ਰੱਖ ਕੇ ਹੀ ਭਵਿੱਖ ਸੰਵਾਰਨ ਲਈ ਕੁੱਝ ਕੀਤਾ ਜਾ ਸਕਦਾ ਹੈ। ਸਭਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਜਬਰ ਕੀਤਾ ਹੈ, ਜੇਲ੍ਹਾਂ'ਚ ਸੁੱਟਿਆ ਹੈ। ਉਹਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਵੋਟਾਂ ਦੌਰਾਨ ਪਾਰਟੀਆਂ ਦੀਆਂ ਭਟਕਾਊ ਚਾਲਾਂ ਅਤੇ ਨਸ਼ਿਆਂ ਦੇ ਜਾਲ ਤੋਂ ਬਚਣ, ਉਹਨਾਂ ਦੇ ਲੱਠਮਾਰ ਗਰੋਹਾਂ ਦਾ ਅੰਗ ਨਾ ਬਣਨ ਸਗੋਂ ਆਪਸੀ ਏਕਤਾ ਮਜਬੂਤ ਕਰਕੇ ਜੱਥੇਬੰਦ ਹੋਣ ਅਤੇ ਸਸਤੀ ਸਿੱਖਿਆ ਅਤੇ ਪੱਕੇ ਰੁਜ਼ਗਾਰ ਦੀ ਮੰਗ ਕਰਨ।
ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਅਤੇ ਸੁਮੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਵੋਟਾਂ ਤੋਂ ਭਲੇ ਦੀ ਝਾਕ ਛੱਡ ਕੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਰਾਹ 'ਤੇ ਅੱਗੇ ਵਧਣਾ ਚਾਹੀਦਾ ਹੈ। ਵੋਟਾਂ ਰਾਹੀਂ ਸਿਰਫ਼ ਹਾਕਮ ਬਦਲਦੇ ਹਨ ਜਦੋਂਕਿ ਕਿਰਤੀ ਲੋਕਾਂ ਦੀ ਲੁੱਟ ਜਿਉਂ ਦੀ ਤਿਉਂ ਬਰਕਰਾਰ ਰਹਿੰਦੀ ਹੈ। ਲੋਕਾਂ ਦੀ ਲੁੱਟ ਅਤੇ ਜਬਰ ਤੋਂ ਮੁਕਤੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਰਾਜ ਅਤੇ ਸਮਾਜ ਉਸਾਰ ਕੇ ਹੀ ਹੋ ਸਕਦੀ ਹੈ ਅਤੇ ਇਹ ਇਨਕਲਾਬੀ ਤਬਦੀਲੀ ਵੋਟਾਂ ਰਾਹੀਂ ਨਹੀਂ ਸਗੋਂ ਲੋਕਾਂ ਦੇ ਸੰਘਰਸ਼ਾਂ ਦੇ ਜ਼ੋਰ ਹੀ ਲਿਆਂਦੀ ਜਾ ਸਕਦੀ ਹੈ। ਇਸ ਲਈ ਵੋਟਾਂ ਤੋਂ ਭਲੇ ਦੀ ਝਾਕ ਛੱਡ ਕੇ ਸਭਨਾਂ ਕਮਾਊ ਲੋਕਾਂ ਨੂੰ ਆਪਣੀ ਏਕਤਾ ਮਜ਼ਬੂਤ ਕਰਦਿਆਂ ਸਾਂਝੇ ਸੰਘਰਸ਼ਾਂ ਨੂੰ ਉਚੇਰੀ ਪੱਧਰ 'ਤੇ ਲੈ ਕੇ ਜਾਣਾ ਚਾਹੀਦਾ ਹੈ। ਮੁਜ਼ਾਹਰੇ ਦੌਰਾਨ ਐਲਾਨ ਕੀਤਾ ਗਿਆ ਕਿ ਨੌਜਵਾਨਾ ਅਤੇ ਆਮ ਲੋਕਾਂ ਤੱਕ ਇਹ ਸੁਨੇਹਾ ਲੈ ਕੇ ਜਾਣ ਲਈ ਜਨਵਰੀ 'ਚ ਮਹੀਨੇ ਭਰ ਦੀ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ ਅਤੇ ਮੀਟਿੰਗਾ, ਰੈਲੀਆਂ ਦੀ ਲਡ਼ੀ ਚਲਾਈ ਜਾਵੇਗੀ।
ਰੈਲੀ 'ਚ ਆਈ.ਟੀ.ਆਈ ਬਠਿੰਡਾ ਦੇ ਵਿਦਿਆਰਥੀ ਵੀ ਚੰਗੀ ਗਿਣਤੀ 'ਚ ਸ਼ਾਮਲ ਹੋਏ। ਮੁਜਾਹਰੇ 'ਚ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਕਾਲਜ ਵਿੱਚ ਰੈਲੀ ਵੀ ਕੀਤੀ ਗਈ। ਸ਼ਹਿਰ ਦੇ ਭਰੇ ਬਾਜ਼ਾਰਾਂ 'ਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਕੋਲ ਬੈਨਰ ਅਤੇ ਤਖਤੀਆਂ ਚੁੱਕੀਆਂ ਹੋਈਆਂ ਸਨ ਅਤੇ ਜੋਰਦਾਰ ਨਾਅਰੇ ਲਗਾਏ ਜਾ ਰਹੇ ਸਨ। 'ਵੋਟਾਂ ਤੋਂ ਭਲੇ ਦੀ ਝਾਕ ਮੁਕਾਓ-ਭਗਤ ਸਿੰਘ ਦਾ ਰਾਹ ਅਪਣਾਓ', 'ਵੋਟਾਂ ਨੇ ਨਹੀਂ ਲਾਉਣਾ ਪਾਰ-ਲਡ਼ਨਾ ਪੈਣਾ ਬੰਨ ਕਤਾਰ' ਦੇ ਨਾਅਰਿਆਂ ਰਾਹੀਂ ਆਪਣਾ ਸੁਨੇਹਾ ਵੰਡਿਆ ਗਿਆ। ਇਸਤੋਂ ਬਿਨਾਂ ਸਭਾ ਦੇ ਆਗੂਆਂ ਅਸ਼ਵਨੀ ਕੁਮਾਰ ਘੁੱਦਾ, ਜਗਮੀਤ ਸਿੰਘ, ਸਵਰਨਜੀਤ ਸਿੰਘ ਭਗਤਾ ਨੇ ਵੀ ਸੰਬੋਧਨ ਕੀਤਾ

No comments: