Sunday, December 11, 2011

ਰਣਜੀਤ ਸਿੰਘ “ਪ੍ਰੀਤ” ਦੀਆਂ ਚਾਰ ਮਿੰਨੀ ਕਹਾਣੀਆਂ

ਰਣਜੀਤ ਸਿੰਘ ਪ੍ਰੀਤ ਬਹੁ-ਵਿਧਾਵੀ ਲੇਖਕ ਹਨ. ਉਹਨਾਂ ਖੇਡਾਂ ਦੇ ਨਾਲ ਕਈ ਹੋਰ ਵਿਸ਼ਿਆਂ 'ਤੇ ਵੀ ਸਫਲਤਾ ਨਾਲ ਲਿਖਿਆ ਹੈ. ਜਦੋਂ ਜ਼ਿੰਦਗੀ ਦਾ ਦਰਦ ਜਿਊਣ ਨਹੀਂ ਦੇਂਦਾ ਉਦੋਂ ਕਲਮ ਦਾ ਫਰਜ਼ ਉਹਨਾਂ ਨੂੰ ਇੱਕ ਵਾਰ ਫੇਰ ਇਹ ਗੱਲ ਚੇਤੇ ਕਰਾ ਦੇਂਦਾ ਹੈ ਕਿ ਅਸਲ ਵਿੱਚ ਜ਼ਿੰਦਗੀ ਸੰਘਰਸ਼ ਦਾ ਹੀ ਦੂਜਾ ਨਾਂਅ ਹੈ.ਇਸ ਵਾਰ ਉਹਨਾਂ ਦੀਆਂ ਚਾਰ ਮਿੰਨੀ ਕਹਾਣੀਆਂ ਪ੍ਰਕਾਸ਼ਿਤ ਕੀਤੇਆਂ ਜਾ ਰਹੀਆਂ ਹਨ. ਤੁਹਾਨੂੰ ਇਹ ਰਚਨਾਵਾਂ ਕਿਹੋ ਜਿਹੀਆਂ ਲੱਗੀਆਂ ਜਰੂਰ ਦੱਸਣਾ. ਇਹਨਾਂ ਚੋਹਾਂ ਮਿੰਨੀ ਕਹਾਣੀਆਂ ਨੂੰ ਇੱਕਠੀਆਂ ਪ੍ਰਕਾਸ਼ਿਤ ਕਰਨ ਦਾ ਮਕਸਦ ਉਸ ਯੁਗ ਦੀ ਯਾਦ ਕਰਾਉਣ ਵੀ ਹੈ ਜਦੋਂ ਮਿੰਨੀ ਕਹਾਣੀਆਂ ਦਾ ਬੋਲਬਾਲਾ ਹੁੰਦਾ ਸੀ ਅਤੇ ਅਖਬਾਰਾਂ ਰਸਾਲਿਆਂ ਵੱਲੋਂ ਮਿੰਨੀ ਕਹਾਣੀਆਂ ਦੇ ਵਿਸ਼ੇਸ਼ ਅੰਕ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਸਨ. ਉਹਨਾਂ ਮਿਨੀਂ ਕਹਾਣੀਆਂ ਦਾ ਆਕਾਰ ਵੀ ਸੂਈ ਵਾਂਗ ਬਹੁਤ ਹੀ ਨਿੱਕਾ ਅਤੇ ਮਾਰ ਵੀ ਬੜੀ ਤੇਜ਼ ਹੁੰਦੀ ਸੀ.ਹਿੰਦੀ ਦੀਆਂ ਮਿੰਨੀ ਕਹਾਣੀਆਂ ਪੰਜਾਬੀ ਵਿਚ ਅਤੇ ਪੰਜਾਬੀ ਦੀਆਂ ਮਿੰਨੀ ਕਹਾਣੀਆਂ ਹਿੰਦੀ ਵਿੱਚ ਅਕਸਰ ਹੀ ਛਪਦੀਆਂ ਸਨ.ਰੋਜ਼ਾਨਾ ਅਜੀਤ ਵਿੱਚ ਮਾਣਯੋਗ ਬਲਦੇਵ ਗਰੇਵਾਲ, ਹਿੰਦੀ ਮਿਲਾਪ ਵਿੱਚ ਸਿਮਰ ਸਦੋਸ਼, ਜਗ ਬਾਣੀ ਵਿੱਚ ਇਕ਼ਬਾਲ ਬਹਾਦਰ ਸਿੰਘ ਅਤੇ ਕੁਲਦੀਪ ਬੇਦੀ, ਅਕਾਲੀ ਪਤ੍ਰਿਕਾ ਵਿੱਚ ਹਰਬੰਸ ਸਿੰਘ ਵਿਰਕ ਅਤੇ ਗੁਰਬਖਸ਼ ਸਿੰਘ ਵਿਰਕ ਨੇ ਇਸ ਪਾਸੇ ਕਾਫੀ ਕੰਮ ਕੀਤਾ.ਜੇ ਤੁਹਾਨੂੰ ਵੀ ਉਸ ਯੁਗ ਦੀਆਂ ਕੁਝ ਗੱਲਾਂ ਯਾਦ ਹੋਣ ਤਾਂ ਜ਼ਰੂਰ ਲਿਖੋ. ਤੁਹਾਡੀਆਂ ਲਿਖਤਾਂ ਅਤੇ ਤਸਵੀਰਾਂ ਦੀ ਉਡੀਕ ਰਹੇਗੀ.--ਰੈਕਟਰ ਕਥੂਰੀਆ 
            1.            ਧਾਰਮਿਕ ਬੰਦੇ                                                                         
          ਸਵੇਰੇ ਸਵੇਰੇ ਉਠ ਕੇ ਉਹ ਦੋਨੋ ਮੀਆਂ ਬੀਵੀ ਭਜਨਾਂ ਅਤੇ ਕਿਸ਼ਨੀ ਭਜਨ ਬੰਦਗੀ ਕਰਦੇ ,ਧਾਰਮਿਕ ਪੁਸਤਕਾਂ ਨੂੰ ਉੱਚੀ ਉੱਚੀ ਪਡ਼੍ਹਦੇ,ਫਿਰ ਗਊਸ਼ਾਲਾ ਅਤੇ ਹੋਰਨਾਂ ਧਾਰਮਿਕ ਸਥਾਨਾਂ ਉੱਤੇ ਨਤ-ਮਸਤਕ ਹੁੰਦੇ  । ਸਾਰੇ ਗਲੀ ਮੁਹੱਲੇ ਵਿੱਚ ਉਹਨਾਂ ਦੀ ਸ਼ਰਧਾ ਅਤੇ ਕਾਰਗੁਜਾਰੀ ਨੂੰ ਬਹੁਤ ਸਤਿਕਾਰ ਨਾਲ ਵੇਖਿਆ ਜਾਂਦਾ, ਲੋਕ ਉਹਨਾਂ ਦੀਆਂ ਉਦਾਹਰਣਾਂ ਦਿੰਦੇ ਨਾ ਥਕਦੇ।ਦੋਨੋ ਚੰਗੇ ਪਡ਼ੇ੍ ਲਿਖੇ ਹੋਣ ਕਰਕੇ ਬਹੁਤ ਚਰਚਾ ਵਿੱਚ ਸਨ। ਬੱਸ ਇੱਕ ਹੀ ਤਾਂ ਬੱਚਾ ਸੀ ਉਹਨਾਂ ਦੇ, ਉਸ ਨੂੰ ਵੀ ਉਹ ਹਰ ਸਮੇਂ ਚੰਗੀਆਂ ਚੰਗੀਆਂ ਗੱਲਾਂ ਦਸਦੇ ਰਹਿੰਦੇ।
                          ਕਿਸੇ ਦੇ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ,ਤਾਂ ਵੀ ਇਹ ਜੋਡ਼ੀ ਮੁਹਰੇ ਹੁੰਦੀ, ਅੱਖਾਂ ਮੀਚ ਕੇ ,ਹੱਥ ਜੋਡ਼ ਕੇ ਇਹ ਜੋਡ਼ੀ ਇਉਂ ਬਹਿੰਦੀ ,ਜਿਵੇਂ ਰੱਬ ਨਾਲ ਹੀ ਇੱਕ-ਮਿਕੱ ਹੋ ਗਈ ਹੋਵੇ। ਕਈ ਪ੍ਰੋਗਰਾਮਾਂ ਉੱਤੇ ਅਸੀਂ ਇਕੱਠੇ ਵੀ ਹੋਏ।ਕਈ ਥਾਵਾਂ ਤੇ ਉਹਨਾਂ ਭਾਸ਼ਨ ਦਿੰਦਿਆਂ ਕਿਹਾ, ਮੰਦਰ ਢਾਹਦੇ,ਮਸਜਿਦ ਢਾਹਦੇ,ਢਾਹਦੇ ਜੋ ਵੀ ਢਹਿੰਦਾ,ਪਰ ਕਿਸੇ ਦਾ ਦਿਲ ਨਾ ਢਾਹਵੀਂ ਰੱਬ ਇਹਦੇ ਵਿੱਚ ਰਹਿੰਦਾ,ਵਰਗੀਆਂ ਗੱਲਾਂ ਲੋਕਾਂ ਦੇ ਧੁਰ ਅੰਦਰ ਤੱਕ ਅਸਰ ਕਰਿਆ ਕਰਦੀਆਂ ,ਮੈਂ ਤਾਂ ਉਹਨਾਂ ਦਾ ਮੁਰੀਦ ਹੀ ਬਣ ਗਿਆ ਸਾਂ। 
                      ਸਬੱਬੀ ਕੁੱਝ ਦਿਨ ਪਹਿਲਾਂ ਮੈਨੂੰ ਉਹਨਾਂ ਦੇ ਘਰ ਜਾਣ ਦਾ ਸਬੱਬ ਬਣ ਗਿਆ,ਮੈਂ ਆਪਣੇ ਆਪ ਨੂੰ ਸੁਭਾਗਾ ਸਮਝ ਰਿਹਾ ਸਾਂ, ਕਿ ਅਜਿਹੀ ਸੁਭਾਗੀ ਜੋਡ਼ੀ ਦੇ ਘਰ ਜਾ ਰਿਹਾ ਹਾਂ। ਉਹਨਾਂ ਜੋਰ ਦੇ ਕੇ ਕਿਹਾ ਸੁੱਖੀ ਭਾਅ ਜੀ ਅੱਜ ਨਹੀਂ ਜੇ ਜਾਣਾਂ,ਇਸ ਤਰ੍ਹਾਂ ਜ਼ੋਰ ਦੇ ਕੇ ਮੈਂਨੂੰ ਰਾਤ ਰਹਿਣ ਲਈ ਵੀ ਮਨਾ ਲਿਆ। ਸਵੇਰੇ ਉਹਨਾਂ ਇਸ਼ਨਾਨ ਆਦਿ ਕਰਕੇ ਆਪਣਾਂ ਰੋਜ ਵਾਂਗ ਹੀ ਦਿਨ ਸ਼ੁਰੂ ਕੀਤਾ,ਅਤੇ ਧਾਰਮਿਕ ਸਥਾਂਨਾਂ ਤੇ ਮ੍ਥਾ ਟੇਕਣ ਲਈ ਬਾਹਰ ਨੂੰ ਚਲੇ ਗਏ, ਮੇਰੇ ਨਾਲ ਵਾਲੇ ਕਮਰੇ ਵਿੱਚੋਂ ,ਜਿਥੇ ਪਸ਼ੂ ਬੰਨ੍ਹੇ ਹੋਏ ਸਨ, ਬਹੁਤ ਹੀ ਦਰਦੀਲੀ ਅਵਾਜ ਸੁਣਾਈ ਦੇਣ ਲੱਗੀ “ ਓਏ ਮੈਂ ਰਾਤ ਦਾ ਰੋਟੀ-ਪਾਣੀ ਨੂੰ ਤਰਸਿਆ ਪਿਆਂ,----ਪਸ਼ੂ ਮੂੰਹ ਤੇ ਪੂਛਾਂ ਮਾਰੀ ਜਾਂਦੇ ਆ---ਥੋਨੂੰ ਪਾਲਿਆ ਏ ---ਵੱਡੇ ਕੀਤਾ ਏ---,” ਮੈਂ ਉਨਾਂ ਦੀ ਧਾਰਮਿਕਤਾ ਅਤੇ ਬਜ਼ਰਗ ਦੀ  ਹਾਲਤ ਵੇਖ ਉਹਨਾਂ ਦੇ ਕਦੇ ਵੀ ਮੱਥੇ ਨਾਂ ਲੱਗਣ ਦੇ ਫੈਸਲੇ ਨਾਲ, ਉਥੋਂ ਦੌਡ਼ਨ ਵਾਂਗ ਤੁਰ ਆਇਆ ।
                                    2.           ਫ਼ਰਕ
               ਦੇਵੀਦਾਸ ਹੱਥ ਵਿੱਚ ਬੈਗ ਫਡ਼ੀ ਸਡ਼ਕ ਦੇ ਕਿਨਾਰੇ ਕਿਨਾਰੇ ਹਸਪਤਾਲ ਵੱਲ ਜਾਈ ਜਾ ਰਿਹਾ ਸੀ, ਉਹ ਥੋਡ਼੍ਹਾ ਅੱਗੇ ਭੀਡ਼ ਵੇਖ ਕਾਹਲੀ ਕਾਹਲੀ ਕਦਮ ਪੁਟਦਾ ਉਥੇ ਪਹੁੰਚਦਾ ਹੈ,ਇੱਕ ਬੱਸ ਵਾਲਾ ਦੋ ਨਿੱਕੇ ਨਿੱਕੇ ਕਤੂਰਿਆਂ ਨੂੰ ਦਰਡ਼ ਕਿ ਲੰਘ ਜਾਂਦਾ ਹੈ,ਇਹ ਵੇਖ ਦੇਵੀ ਦਾਸ ਮੱਥੇ 'ਹੱਥ ਮਾਰਦਾ ਅੱਖਾਂ ਨਮ ਕਰਦਾ ਬੱਸ ਵਾਲੇ ਨੂੰ ਕੋਸਦਾ ਕਹਿੰਦਾ ਹੈ"ਐ ਤੇਰਾ ਕੱਖ ਨਾਂ ਰਹੇ ਦੁਸ਼ਟਾ,ਭਲਾ ਇਹਨਾਂ ਨੇ ਤੇਰਾ ਕੀ ਵਿਗਾਡ਼ਿਆ ਸੀ,ਐਂਵੇਂ ਮਿੱਧ ਦਿੱਤੇ ਵਿਚਾਰੇ,ਆਪੇ ਰੱਬ ਤੈਨੂੰ ਦਿਉ ਸਜ਼ਾ"
                ਹਸਪਤਾਲ ਪਹੁੰਚ ਵਰਾਂਡੇ ਵਿਚਲੇ ਲੱਕਡ਼ ਦੇ ਬੈਂਚ' ਤੇ ਉਹ ਬੈਠ ਜਾਂਦਾ ਹੈ, ਉਦੋਂ ਹੀ ਨਰਸ ਆ ਕੇ ਰੂੰ ਦੀ ਪੋਟਲੀ ਜਿਹੀ ਫਡ਼ਾਕੇ ਕਹਿੰਦੀ ਹੈ,"ਲਉ ਭਾਅ ਜੀ ਐਤਕੀਂ ਦੂਜੀ ਵਾਰੀ ਵੀ ਕੁਡ਼ੀ ਹੀ ਸੀ," "ਚੱਲੋ ਝੰਜਟ ਨਿਬਡ਼ਿਆ, ਕਹਿੰਦਾ ਉਹ ਭਰੂਣ ਨੂੰ ਸੁਟਣ ਲਈ ਕਾਹਲੀ ਕਾਹਲੀ ਤੁਰ ਪੈਂਦਾ ਹੈ"
                                 
3.                                 “ਦੁੱਧ ਦੀ ਰਾਖੀ” 
                                       
                       ਅੱਜ ਮਹਿਲਾ ਦਿਵਸ ਤੇ ਸ਼ਹਿਰ ਦੇ ਵੱਡੇ ਚੌਂਕ ਵਿੱਚ ਭਾਰੀ ਇਕੱਠ ਹੈ,ਮਹਿਲਾਵਾਂ ਦੇ ਹੱਕਾਂ ਦੀ ਗੱਲ ਇਓਂ ਬਿਆਂਨ ਕੀਤੀ ਜਾ ਰਹੀ ਹੈ,ਜਿਵੇਂ ਕੁੱਝ ਹੀ ਘੰਟਿਆਂ ਵਿੱਚ ਇਹ ਸਾਰਾ ਕੁੱਝ ਹੋ ਜਾਣਾ ਹੈ,ਮੇਨੂੰ ਵੀ ਬਡ਼ੀਆਂ ਉਮੀਦਾਂ ਹਨ,ਉਂਜ ਅਜਿਹਾ ਵਾਪਰਦਾ ਮੈਂ ਕਈ ਸਾਲਾਂ ਤੋਂ ਵੇਖ ਰਿਹਾ ਹਾਂ,ਪਰ ਪਰਨਾਲਾ ਉਥੇ ਦਾ ਉੱਥੇ ਹੀ ਹੈ।ਅੱਜ ਦੇ ਇਸ ਇਕੱਠ ਵਿੱਚ ਸਕੂਲਾਂ-ਕਾਲਜਾਂ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਉਚ ਪੱਧਰੀ ਰੁਤਬੇ ਵਾਲੀਆਂ ਮਹਿਲਾਵਾਂ ਵੀ ਸ਼ਾਮਲ ਹਨ।ਨਜਾਰਾ ਬਹੁਤ ਵਧੀਆ ਹੈ,ਕੁੱਝ ਲੋਕ ਛੱਤਾਂ ਤੋਂ ਵੇਖ ਰਹੇ ਹਨ,
                        ਮੈਂ ਲੰਘਦਿਆਂ ਲੰਘਦਿਆਂ ਰੁਕਣ ਦਾ ਮਨ ਬਣਾ ਲਿਆ ਹੈ,ਚੌਂਕ ਦੇ ਇੱਕ ਪਾਸੇ ਸਾਇਦ ਮੇਰੇ ਵਾਂਗ ਹੀ 3-4 ਕੁ ਵਿਅਕਤੀ ਵੀ ਖਡ਼ਕੇ ਇਹ ਸਾਰਾ ਕੁੱਝ ਵੇਖ ਰਹੇ ਹਨ, ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਧੁੱਪ ਤਿੱਖੀ ਹੈ, ਇਸ ਲਈ ਮੈਂ ਵੀ ਉਨਾਂ ਕੋਲ ਜੋ ਥੋਡ਼ੀ ਜਿਹੀ ਛਾਂ ਹੈ ,ਉਥੇ ਜਾ ਪਹੁੰਚਿਆ ਹਾਂ। ਉਹ ਬੰਦੇ ਬਡ਼ੀਆਂ ਅਜੀਬ ਅਜੀਬ ਗੱਲਾਂ ਕਰ ਰਹੇ ਹਨ, ਜਿਹਡ਼ੀਆਂ ਮੈਂ ਸੋਚੀਆਂ ਵੀ ਨਹੀਂ ਸਨ,ਇੱਕ ਟਿਪਣੀ ਕਰਦਾ ਬੋਲਦਾ ਹੈ,ਅਹੁ ਜੋ ਬਾਂਹ ਉੱਚੀ ਕਰਕੇ ਸਪੀਕਰ ਨੂੰ ਦੁਵੱਲੀ ਫਿਰਦਾ ਹੈ,ਉਸ ਦੀ ਪਤਨੀ ਘਰ ਹੱਡਾਂ ਨੂੰ ਸੇਕ ਦੇ ਰਹੀ ਹੈ,ਇਹਨੇ ਅੱਜ ਸਵੇਰੇ ਹੀ ਉਹ ਕੁੱਟਤੀ,ਦੂਜੇ ਜਿਹਡ਼ੇ ਕੋਲ ਖਡ਼੍ਹੇ ਹਨ,ਇੱਕ ਨੇ ਘਰ ਤੋਂ ਬਾਹਰ ਕਈ ਸਬੰਧ ਬਣਾ ਰੱਖੇ ਹਨ, ਪੋਚਵੀਂ ਜਿਹੀ ਪੱਗ ਵਾਲੇ ਦਾ ਤਲਾਕ ਲਈ ਦੂਜਾ ਕੇਸ ਕੀਤਾ ਹੋਇਆ ਹੈ।                         
             ਮੈਂ ਇਹ ਸੋਚਦਾ ਉਥੋਂ ਤੁਰ ਪੈਂਦਾ ਹਾਂ ਕਿ ਮਹਿਲਾਵਾਂ ਦੀ ਬਹੁ –ਗਿਣਤੀ ਘਰ ਕੈਦੀਆਂ ਵਾਂਗ ਭਾਂਡੇ ਮਾਂਜਣ ,ਬੱਚੇ ਸ਼ਾਂਭਣ--,ਜਿਨਾਂ ਨੂੰ ਇਸ ਦਿਨ ਬਾਰੇ ਕੋਈ ਪਤਾ ਹੀ ਨਹੀਂ,ਭਲਾਂ ਜ਼ਰਾ ਸੋਚੋ ਦੁੱਧ ਦੀ ਰਾਖੀ ਬਿੱਲਾ ਬਿਠਾ ਕੇ ਦੁੱਧ ਨੂੰ ਬਚਾਇਆ ਜਾ ਸਕਦਾ ਹੈ ?                                                
        4.                                           ਸੇਵਾ ਦਾ ਮੇਵਾ
               ਘਾਰੂ ਦਾ ਵੱਡਾ ਮੁੰਡਾ ਜੋ ਗੁਰੋ ਦੇ ਘਰ ਵਾਲਾ ਸੀ,ਖੇਤ ਗਿਆ ਸੱਪ ਨੇ ਡੱਸ ਲਿਆ ,ਜਿਸ ਨੂੰ ਬਚਾਇਆ ਨਾ ਜਾ ਸਕਿਆ । ਲੋਕਾਂ ਦੀਆ ਤੀਵੀਆਂ ਨੇ ਬਹੁਤ ਕਿਹਾ ਕਿ ਬਈ ਤੇਰੀ ਅਜੇ ਉਮਰ ਛੋਟੀ ਐ.ਤੂੰ ਹੋਰ ਵਿਆਹ ਕਰਵਾ ਲੈ”.ਪਰ ਗੁਰੋ ਦਾ ਇਕੋ ਜਵਾਬ ਸੀ “ਜੇ ਦੂਜੇ ਨੂੰ ਕੁੱਝ ਹੋ ਗਿਆ ਫਿਰ ਮੈ ਤੀਜਾ ਕਰਾਂ ? ਮੇਰਾ ਮੁੰਡਾ ਹੈ ਉਹਦੀ ਨਿਸ਼ਾਨੀ ਮੈਂ ਇਸ ਨੂੰ ਵੱਡਾ ਕਰਾਂਗੀ,ਮੇਰਾ ਪਿਤਾ-ਸਹੁਰਾ ਸਰਦਾਰ ਸੁਬੇਗ ਸਿੰਘ ਜਿਉਂਦਾ ਰਹੇ, ਮੈਂ ਉਸ ਪਿਤਾ ਦੇ ਸਹਾਰੇ ਦਿਨ ਕੱਟ ਲਵਾਂਗੀ,”। ਇਹ ਬਚਨ ਬਿਲਾਸ ਸੁਣ ਕਿ ਕਿਸੇ ਦੀ ਹਿੰਮਤ ਨਹੀਂ ਪਈ ਗੁਰੋ ਨੂੰ ਕੁੱਝ ਸਮਝਾਉਣ ਦੀ। ਉਸ ਦਾ ਸਹੁਰਾ-ਪਿਤਾ ਜੁਆਨ ਪੁੱਤ ਦੇ ਗ਼ਮ ਅਤੇ ਆਪਣੀ ਜੀਵਨ ਸਾਥਣ ਦੇ ਅਕਾਲ ਚਲਾਣੇ ਮਗਰੋਂ ਬਿਮਾਰ ਰਹਿਣ ਲੱਗਿਆ। ਗੁਰੋ ਜੋ ਡ੍ਰਾਵਿੰਗ ਕਰਨਾ ਜਾਣਦੀ ਸੀ, ਨੇ ਪਿਤਾ ਸਹੁਰੇ ਨੂੰ ਕਹਿਕੇ ਗੱਡੀ ਲੈ ਲਈ,ਅਤੇ ਆਪ ਚਲਾਕੇ ਬਿਮਾਰ ਪਿਤਾ-ਸਹੁਰੇ ਲਈ ਦੁਆਈ ਲਿਆਉਣ ਲੱਗੀ,ਉਹਦੀ ਪ੍ਰਸੰਸ਼ਾ ਦੇ ਕਿੱਸੇ ਘਰ  ਘਰ ਛਿਡ਼ ਪਏ।ਕਈ ਬਹੁਤ ਹੈਰਾਨਗੀ ਨਾਲ ਵੇਖਦੇ,ਖ਼ਾਸ਼ ਕਰ ਜਦੋਂ ਉਹ ਸਹਾਰਾ ਦੇ ਕੇ ਨਾਲ ਤੋਰਦੀ,ਤਾਂ ਲੋਕ ਦੰਗ ਹੋ ਜਾਂਦੇ,ਕੁੱਝ ਗੁਰੋ ਨੂੰ ਧੰਨ ਦੀ ਔਰਤ ਮੰਨਦੇ ਅਤੇ ਕੁੱਝ ਉਹਦੇ ਮਾਪਿਆਂ ਨੂੰ ਸਲਾਹੁੰਦੇ।
          ਜਦ ਉਹਦੇ ਸਹੁਰੇ-ਪਿਤਾ ਨੂੰ ਖੰਘ ਛਿਡ਼ਦੀ ਤਾਂ ਉਹ ਉਸਦੇ ਥੁੱਕਣ ਲਈ ਉਹਦੇ ਮੁਹਰੇ ਹੱਥ ਕਰ ਦਿੰਦੀ,ਉਹ ਰੋਕਦਾ,ਅਤੇ ਕਹਿੰਦਾ ”ਮੇਰੇ ਪੁੱਤ ਇਓਂ ਨਾਂ ਕਰ “। ਪਰ ਉਹ ਜਿਦ ਨਾ ਛੱਡਦੀ। ਕਈ ਸਾਲਾਂ ਤੋਂ ਅਲੱਗ ਰਹਿ ਰਹੇ ਛੋਟੀ ਨੂੰਹ ਦਲਜੀਤ ਅਤੇ ਉਸਦੇ ਘਰ ਵਾਲਾ ਇਹੀ ਸੋਚਦੇ ਰਹਿੰਦੇ ਕਿ ਕਦ ਇਸ ਬੁਡ਼ੇ ਦੀ ਜਾਨ ਨਿਕਲੇ ਅਤੇ ਉਹ ਜ਼ਮੀਨ ਆਦਿ ਦੇ ਵਾਰਿਸ ਬਣਨ। ਜਿੱਥੇ ਲੋਕ ਇਹਨਾਂ ਨੂੰ ਦੁਰਕਾਰਦੇ,ਉਥੇ ਵੱਡੀ ਨੂੰਹ ਦੀ ਸੇਵਾ ਦੀਆ ਲੋਕ ਉਦਾਹਰਣਾਂ ਦਿੰਦੇ ਨਾਂ ਥਕਦੇ;ਨਾਲੇ ਉਹ ਆਪਣੇ ਪੁੱਤ ਨੂੰ ਪਡ਼ਾਉਂਦੀ ਅਤੇ ਨਾਲੇ ਸੇਵਾ ਸੰਭਾਲ ਕਰਦੀ.,ਉਹਦਾ ਪੁੱਤ ਵੀ ਦਾਦੇ ਦੀ ਪੂਰੀ ਸੇਵਾ ਕਰਦਾ। ਅਖ਼ਿਰ ਇੱਕ ਦਿਨ ਸਰਦਾਰ ਸੁਬੇਗ ਸਿੰਘ ਵੀ ਅੱਖਾਂ ਮੀਚ ਗਿਆ,ਉਹਦੀ ਵੱਡੀ ਨੂੰਹ ਗੁਰੋ ਅਤੇ ਪੋਤਾ ਬਹੁਤ ਰੋਏ, ਬਹੁਤ ਰੋਏ,ਪਰ ਛੋਟੀ ਨੂੰਹ ਅਤੇ ਪੁੱਤ ਅੰਦਰੋਂ ਖ਼ੁਸ਼ ਸਨ, ਕਿ ਚਲੋ ਗੱਲ ਨਿਬਡ਼ੀ ਸਾਰੀ ਜਾਇਦਾਦ ਨੂੰ ਬੁਡ਼ਾ ਐਵੇਂ ਜੱਫਾ ਮਾਰੀ ਬੈਠਾ ਸੀ,ਹੁਣ ਸਾਡੀ ਹੋ ਜਾਏਗੀ,ਉਹਨਾਂ ਨੇ ਹੀ ਮ੍ਰਿਤੂ ਸਰਟੀਫਿਕੇਟ ਚਾਅ ਨਾਲ ਬਣਵਾਇਆ,ਅਤੇ ਪਟਵਾਰੀ ਨੂੰ ਵਿਰਾਸਤ ਚਡ਼ਾ੍ਉਣ ਲਈ ਇਹ ਸਰਟੀਫਿਕੇਟ ਦੇ ਆਂਦਾ,ਸਮੇ ਦੀ ਲੋਡ਼ ਅਤੇ ਨਿਯਮਾਂ ਅਨੁਸਾਰ ਵਿਰਾਸਤ ਚਡ਼੍ਹ ਗਈ,ਪਰ ਛੋਟੀ ਨੂੰਹ ਅਤੇ ਪੁੱਤ ਦੇ ਪੱਲੇ ਕੱਖ ਨਾਂ ਚਡ਼੍ਹਿਆ ,ਕਿਓਂਕਿ ਸਮਝਦਾਰ ਬਜ਼ੁਰਗ ਪਹਿਲਾਂ ਹੀ ਸਾਰਾ ਕੁੱਝ ਵੱਡੀ ਸੇਵਾਦਾਰ, ਵਫ਼ਾਦਾਰ ਨੂੰਹ ਦੇ ਨਾਂਅ ਕਰਵਾ ਗਿਆ ਸੀ। ਹੁਣ ਉਹ ਸੱਚੀਂ ਰੋ ਰਹੇ ਸਨ।


ਸੰਪਰਕ:ਰਣਜੀਤ ਸਿੰਘ “ਪ੍ਰੀਤ”
ਭਗਤਾ-151206 (ਬਠਿੰਡਾ)
978157-07232

No comments: