Saturday, December 03, 2011

ਰੈਣ ਬਸੇਰਾ ਵਿੱਚ ਦਸਾਂ ਮਹੀਨਿਆਂ ਦੌਰਾਨ ਮਿਲੀ 1612 ਲੋਕਾਂ ਨੂੰ ਰਿਹਾਇਸ਼

ਗੁਰੂ ਕੀ ਨਗਰੀ ਵਿੱਚ ਬੜੀ ਹੀ ਸਫਲਤਾ ਨਾਲ ਚੱਲ ਰਿਹਾ ਹੈ ਪ੍ਰਸ਼ਾਸਨ ਦਾ ਕ੍ਰਿਸ਼ਮਾ        
ਅੰਮ੍ਰਿਤਸਰ//2 ਦਸੰਬਰ//ਗਜਿੰਦਰ ਸਿੰਘ ਕਿੰਗ
ਡਿਪਟੀ ਕਮਿਸ਼ਨਰ ਰਜਤ ਅਗਰਵਾਲ ਨੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਹੱਡੀਆਂ ਦੇ ਪੁਰਾਣੇ ਹਸਪਤਾਲ ਵਿਚਲੇ ਕਰਮ ਸਿੰਘ ਵਾਰਡ ਵਿਖੇ ਚਲਾਏ ਜਾ ਰਹੇ ਰੈਣ ਬਸੇਰੇ ਦਾ ਅੱਜ ਉਚੇਚੇ ਤੌਰ ਤੇ ਦੌਰਾ ਕੀਤਾ।
       ਇਸ ਮੌਕੇ ਉਨ੍ਹਾਂ ਦੱਸਿਆ ਕਿ 12 ਫਰਵਰੀ, 2010 ਤੋਂ ਬੇਘਰ ਲੋਕਾਂ ਲਈ  ਰੈਣ ਬਸੇਰਾ ਆਰੰਭ ਕੀਤਾ ਗਿਆ ਹੈ। ਇਸ ਸੈਲਟਰ ਹੋਮ ਵਿੱਚ ਹੁਣ ਤੱਕ 1612 ਦੇ ਕਰੀਬ ਬੇਘਰੇ ਵਿਅਕਤੀਆਂ ਨੂੰ ਰਿਹਾਇਸ਼ ਮੁਹੱਈਆ ਕਰਵਾਈ ਗਈ ਹੈ। ਇਹਨਾਂ ਵਿਅਕਤੀਆਂ ਦੇ ਰਹਿਣ ਸਹਿਣ, ਨਹਾਉਣ ਧੋਣ, ਖਾਣ ਪੀਣ ਅਤੇ ਬਿਮਾਰਾਂ ਨੂੰ ਲੋੜ ਅਨੁਸਾਰ ਦਵਾਈਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
      ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਉਪਰੋਕਤ ਵਿਅਕਤੀਆਂ ਵਿੱਚੋਂ ਹੁਣ ਤੱਕ 760 ਵਿਅਕਤੀਆਂ ਦਾ ਪੁਨਰਵਾਸ ਕਰਵਾਇਆ ਗਿਆ ਹੈ ਅਤੇ ਇਸ ਵੇਲੇ ਇਹ ਵਿਅਕਤੀ ਖੁਦ ਆਪਣੀ ਰੋਜੀ ਰੋਟੀ ਕਮਾ ਰਹੇ ਹਨ। ਬਾਹਰਲੇ ਰਾਜਾਂ ਤੋਂ ਆਏ ਵਿਅਕਤੀਆਂ ਨੂੰ ਰੇਲ ਗੱਡੀ ਰਾਹੀਂ ਉਨ੍ਹਾਂ ਦੇ ਰਾਜਾਂ ਨੂੰ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਉਦਮ ਨਾਲ ਅੰਮ੍ਰਿਤਸਰ ਦੇ ਪਵਿੱਤਰ ਸ਼ਹਿਰ ਵਿੱਚ  ਮੰਗਤੇ ਅਤੇ  ਬਿਨਾਂ ਛੱਤ ਤੋਂ ਫੁੱਟ ਪਾਥਾਂ ਤੇ ਸੌਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਕਮੀ ਆਈ ਹੈ ਅਤੇ ਇਸ ਕੰਮ ਨੂੰ ਭਵਿੱਖ ਵਿੱਚ ਵੀ ਸੁਚੱਜੇ ਢੰਗ ਨਾਲ ਚਲਾਉਣ ਹਿੱਤ ਜਿਲ੍ਹਾ ਪ੍ਰਸਾਸ਼ਨ ਯਤਨਸ਼ੀਲ ਹੈ।
       ਸ੍ਰੀ ਅਗਰਵਾਲ ਨੇ ਦੱਸਿਆ ਕਿ ਹਰੇਕ ਪੰਦਰਾਂ ਦਿਨ ਬਾਅਦ ਪ੍ਰਸਾਸ਼ਨ ਦੀ ਟੀਮ ਵੱਲੋਂ ਡੂੰਘੀ ਰਾਤ ਨੂੰ ਸ਼ਹਿਰ ਦਾ ਦੌਰਾ ਕੀਤਾ ਜਾਂਦਾ ਹੈ ਅਤੇ ਫੁੱਟ ਪਾਥਾਂ ਅਤੇ ਹੋਰ ਪਬਲਿਕ ਥਾਵਾਂ ਤੇ ਸੌ ਰਹੇ ਵਿਅਕਤੀਆਂ ਨੂੰ ਰੈਣ ਬਸੇਰਾ ਵਿਖੇ ਲਿਆ ਕੇ ਆਸਰਾ ਦਿੱਤਾ ਜਾਂਦਾ ਹੈ। ਇਥੇ ਰੋਟੀ ਪਾਣੀ ਤੋਂ ਇਲਾਵਾ ਡਾਕਟਰੀ ਸਹਾਇਤਾ ਵੀ ਮੁਫ਼ਤ ਦਿੱਤੀ ਜਾਂਦੀ ਹੈ।  1 ਦਸੰਬਰ, 2011 ਦੀ ਰਾਤ ਨੂੰ ਪ੍ਰਸਾਸ਼ਨ ਦੀ ਟੀਮ ਵੱਲੋਂ 37 ਵਿਅਕਤੀ  ਜੋ ਕਿ ਪਬਲਿਕ ਥਾਵਾਂ ਤੇ ਖੁੱਲੇ ਵਿੱਚ ਸੁੱਤੇ ਪਏ ਸਨ ਨੂੰ ਰੈਣ ਬਸੇਰਾ ਵਿਖੇ ਲਿਆਂਦਾ ਗਿਆ ਹੈ ਅਤੇ ਇਸ  ਵੇਲੇ ਸ਼ਰਨਾਰਥੀਆਂ ਦੀ ਗਿਣਤੀ  67 ਹੈ। 

No comments: