Friday, December 02, 2011

ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ'' 2011 ਧੂਮਧਾਮ ਨਾਲ ਸ਼ੁਰੂ

ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਉਦਘਾਟਨ                
ਅੰਮ੍ਰਿਤਸਰ//1 ਦਸੰਬਰ//ਗਜਿੰਦਰ ਸਿੰਘ ਕਿੰਗ

ਪੀ:ਐਚ:ਡੀ: ਚੈਂਬਰ ਅਤੇ ਪੰਜਾਬ ਸਰਕਾਰ ਵੱਲੋਂ ਸਥਾਨਕ ਰਣਜੀਤ ਐਵੀਨਿਊ ਵਿਖੇ 1 ਤੋਂ 5 ਦਸੰਬਰ, 2011 ਤੱਕ ਲਗਾਏ ਜਾਣ ਵਾਲੇ ''ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ-2011" ਦਾ ਉਦਘਾਟਨ ਅੱਜ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕੀਤਾ।
         ਇਸ ਮੌਕੇ ਬੋਲਦਿਆ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਪਾਰ ਨੂੰ ਵਧਾਉਣ ਲਈ ਅੰਮ੍ਰਿਤਸਰ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕਨਵੋਕੇਸ਼ਨ ਸੈਂਟਰ ਬਣਾਇਆ ਜਾ ਰਿਹਾ ਹੈ, ਜਿੱਥੇ ਦੁਨੀਆਂ ਭਰ ਦੇ ਵਪਾਰੀ ਮਿਲ ਕੇ ਬੈਠ ਸਕਣਗੇ, ਜੋ ਕਿ ਪੰਜਾਬ ਦੀ ਉਦਯੋਗਿਕ ਉੱਨਤੀ ਲਈ ਬਹੁਤ ਲਾਹੇਬੰਦ ਹੋਵੇਗਾ।
                  ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਵਧਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ, ਜਿਸ ਨਾਲ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਵਧਾਇਆ ਜਾ ਸਕਦਾ ਹੈ।
         ਸ੍ਰ. ਸਿੱਧੂ ਨੇ ਕਿਹਾ ਕਿ ਪਾਕਿਸਤਾਨ ਨਾਲ ਇਸ ਵੇਲੇ ਵਪਾਰ ਡੁਬਈ ਜਾਂ ਹੋਰ ਰਸਤਿਆਂ ਤੋਂ ਹੋ ਰਿਹਾ ਹੈ ਜੋ ਕਿ ਬਹੁਤ ਮਹਿੰਗਾ ਪੈਂਦਾ ਹੈ, ਜੇਕਰ ਵਾਹਗਾ ਸਰਹੱਦ ਤੋਂ ਵਪਾਰ ਖੁਲ ਜਾਵੇ ਤਾਂ ਪਾਕਿਸਤਾਨ ਅਤੇ ਭਾਰਤ ਦੋਹਾਂ ਨੂੰ ਲਾਹਾ ਮਿਲੇਗਾ।
         ਇਸ ਮੌਕੇ ਸਕੱਤਰ ਉਦਯੋਗਿਕ ਵਿਕਾਸ ਪੰਜਾਬ, ਸ੍ਰ. ਐੱਸ. ਐੱਸ. ਬੈਂਸ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਉਦਯੋਗਿਕ ਵਿਕਾਸ ਲਈ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਅਤੇ ਇਸ ਲਈ 2009 ਵਿੱਚ ਬਣਾਈ ਉਦਯੋਗਿਕ ਪਾਲਿਸੀ ਦੇ ਤਹਿਤ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
         ਇਸ ਮੌਕੇ ਪੀ:ਐਚ:ਡੀ:ਚੈਂਬਰ ਦੇ ਬੁਲਾਰੇ  ਨੇ ਦੱਸਿਆ ਕਿ ਇਸ ਵਾਰ 300 ਤੋਂ ਵੱਧ ਉਦਮੀ ਆਪਣੇ ਉਤਪਾਦਨ ਦਾ ਪ੍ਰਦਰਸ਼ਨ ਕਰਨਗੇ, ਜਿੰਨਾਂ ਵਿੱਚੋਂ 60 ਤੋਂ ਵੱਧ ਪਾਕਿਸਤਾਨ ਦੇ ਹਨ ਅਤੇ ਇਸ ਅੰਤਰ ਰਾਸ਼ਟਰੀ ਵਪਾਰ ਮੇਲੇ ਵਿੱਚ 10 ਦੇਸ਼ ਹਿੱਸਾ ਲੈ ਰਹੇ ਹਨ।
         ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪਾਕਿਸਤਾਨ ਦੇ 45 ਉਦਮੀਆਂ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਸੀ, ਜਿੰਨਾਂ ਦੀ ਗਿਣਤੀ ਇਸ ਵਾਰ 60 ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਮੇਲੇ ਵਿੱਚ 13 ਪੈਵਲੀਅਨ ਹੋਣਗੇ ਜਿੰਨਾਂ ਵਿੱਚ ਅੰਤਰਰਾਸ਼ਟਰੀ ਪੈਵਲੀਅਨ, ਇੰਡੀਆ ਐਕਸਪੋ, ਆਟੋ ਮੋਬਾਇਲ, ਮੈਗਾ ਬਰਾਂਡ, ਫੂਡ ਐਂਡ ਫਾਰਮ, ਰੀਅਲ ਐਸਟੇਟ, ਫਾਇਨਾਂਸ, ਕਿਚਨ ਅਤੇ ਕੰਜਿਊਮਰ ਖੇਤਰ, ਐਜੂਕੇਸ਼ਨ, ਟੈਕਸਟਾਈਲ ਆਦਿ ਸ਼ਾਮਲ ਹਨ
         ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਅਫਰੀਕਾ ਦੇ ਦੂਤ ਅਤੇ ਸਨਅਤਕਾਰ ਸ਼ਾਮਲ ਹੋ ਰਹੇ ਹਨ ਅਤੇ ਉਨ੍ਹਾਂ ਲਈ ਇਕ ਵਿਸ਼ੇਸ਼ ਸੈਮੀਨਾਰ ਵੀ 2 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ। 
         ਇਸ ਮੌਕੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਸ੍ਰੀ ਸ਼ਵੇਤ ਮਲਿਕ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ, ਸ੍ਰੀ ਸੰਜੀਵ ਖੰਨਾ ਅਤੇ  ਚੈਂਬਰ  ਵੱਲੋਂ ਸ੍ਰੀ ਆਰ:ਐਸ:ਸਚਦੇਵਾ, ਸ੍ਰੀ ਦੀਪਕ ਬਾਲੀ, ਸ੍ਰੀ ਦਲੀਪ ਸ਼ਰਮਾ ਅਤੇ ਹੋਰ ਅਧਿਕਾਰੀ ਹਾਜਰ ਸਨ।

No comments: