Sunday, November 13, 2011

ਕੈਪਟਨ ਦੇ ਕਾਲੇ ਧਨ ਨੂੰ ਸਵਿਸ ਬੈਂਕਾਂ ਤੋਂ ਵਾਪਸ ਲਿਆਉਣ ਲਈ ਵਾਅਦਾ

ਪੰਜਾਬ ਦੇ ਐਮ.ਪੀਜ਼. ਦਾ ਵਫ਼ਦ ਕਰੇਗਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਕਾਲੇ ਧੰਨ ਨਾਲ ਕੀਤੀ ਜਾਵੇਗੀ ਸੂਬੇ ਦੀ ਤਰੱਕੀ-ਸੁਖਬੀਰ ਬਾਦਲ 
        ਅੰਮ੍ਰਿਤਸਰ//12 ਨਵੰਬਰ//ਗਜਿੰਦਰ ਸਿੰਘ ਕਿੰਗ
ਉਪ ਮੁੱਖ ਮੰਤਰੀ ਪੰਜਾਬ ਸ੍ਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਘੁਟਾਲੇ ਕਰ - ਕਰ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਵਿਸ ਬੈਂਕਾਂ ਵਿੱਚ ਜਮਾਂ ਕਰਵਾਇਆ ਕਾਲਾ ਧਨ ਹਰ ਹੀਲੇ ਪੰਜਾਬ ਵਿੱਚ ਵਾਪਸ ਲਿਆਂਦਾ ਜਾਵੇਗਾ ਅਤੇ ਸੂਬੇ ਦੀ ਤਰੱਕੀ ਵਿੱਚ ਲਗਾਇਆ ਜਾਵੇਗਾ।
         ਅੰਮ੍ਰਿਤਸਰ ਵਿੱਚ ਉਸਾਰੇ ਜਾਣ ਵਾਲੇ ਵਿਸ਼ਾਲ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਦਾ ਵਫ਼ਦ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਖਜਾਨਾ ਮੰਤਰੀ  ਨਾਲ ਇਸ ਮੁੱਦੇ ਤੇ ਵਿਸ਼ੇਸ਼ ਮੁਲਾਕਾਤ ਜਲਦੀ ਹੀ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਅਮਾਨਤ ਨੂੰ ਵਾਪਸ ਲਿਆਉਣ ਲਈ ਕੋਈ ਕਸਰ ਨਹੀਂ ਛੱਡੇਗੀ ਅਤੇ ਇਸ ਮਾਮਲੇ ਨੂੰ ਸੰਸਦ ਵਿੱਚ ਵੀ ਉਠਾਇਆ ਜਾਵੇਗਾ। ਸ੍ਰ ਬਾਦਲ ਨੇ ਕਿਹਾ ਕਿ ਸਵਿਸ ਬੈਂਕਾਂ ਵਿੱਚ ਪਏ ਕਾਲੇ ਧਨ ਸਬੰਧੀ ਜਾਣਕਾਰੀ ਦੇਣ ਲਈ ਮਾਣਯੋਗ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਕਿਹਾ ਹੈ ਪਰ ਕਾਂਗਰਸੀ ਮੰਤਰੀਆਂ ਦੇ ਨਾਮ ਜਗ- ਜਾਹਿਰ ਹੋਣ ਦੇ ਡਰ ਤੋਂ ਕੇਂਦਰੀ ਯੂ:ਪੀ:ਏ ਸਰਕਾਰ ਮਾਮਲੇ ਨੂੰ ਦਬਾਉਣ ਦੀਆਂ  ਕੋਸ਼ਿਸਾਂ ਵਿੱਚ ਲੱਗੀ ਹੈ।
         ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀਆਂ ਨੂੰ ਘੋਟਾ ਚਾੜਣ ਸਬੰਧੀ ਦਿੱਤੇ ਬਿਆਨ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰਾਂ ਤੇ ਪਿੰਡਾਂ ਦਾ ਯੋਜਨਾਬੱਧ ਵਿਕਾਸ ਕਰਵਾਇਆ ਹੈ ਜਿਸ ਸਦਕਾ ਪੰਜਾਬੀ ਉਨ੍ਹਾਂ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਅਮਰਿੰਦਰ ਸਿੰਘ ਨੂੰ ਆਪਣਾ ਸਿਆਸੀ ਭਵਿੱਖ ਧੁੰਦਲਾ ਵਿਖਾਈ ਦੇ ਰਿਹਾ ਹੈ ਅਤੇ ਉਹ ਬੁਖਲਾਹਟ ਵਿੱਚ ਅਜਿਹੇ ਬਿਆਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾਂ ਵਿੱਚ ਬੈਠ ਕੇ ਅਕਾਲੀਆਂ ਨੂੰ ਵੰਗਾਰਨਾ ਸੌਖਾ ਹੈ ਪਰ ਜੇਕਰ ਉਸ ਵਿੱਚ ਹਿੰਮਤ ਹੈ ਤਾਂ ਕਦੇ ਵੀ ਅਕਾਲੀ ਵਰਕਰਾਂ ਦੇ ਬਾਹੂਬਲ ਨੂੰ ਅਜਮਾ ਸਕਦਾ ਹੈ।
         ਇਸ ਤੋਂ ਪਹਿਲਾਂ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਉਸਾਰੇ ਜਾਣ ਵਾਲੇ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ  ਰੱਖਿਆ। ਉਨ੍ਹਾਂ ਦੱਸਿਆ ਕਿ ਲੱਗਭੱਗ 21 ਏਕੜ ਥਾਂ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਾਲ ਅਤਿ ਆਧੁਨਿਕ ਸਪੋਰਟਸ ਕੰਪਲੈਕਸ ਉਸਾਰਿਆ ਜਾਵੇਗਾ। ਸ੍ਰ ਬਾਦਲ ਨੇ ਕਿਹਾ ਕਿ ਇਸ ਕੰਪਲੈਕਸ ਦੀ ਉਸਾਰੀ ਲਈ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵੱਲੋਂ 400 ਕਰੋੜ ਕਰੋੜ ਰੁਪਏ ਦੀ ਜਮੀਨ ਦਿੱਤੀ ਗਈ ਹੈ। ਸਪੋਰਟਸ ਕੰਪਲੈਕਸ ਵਿੱਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸੁਵਿਧਾਵਾਂ ਤੋਂ ਜਾਣੂੰ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਇਸ ਕੰਪਲੈਕਸ ਵਿੱਚ ਕ੍ਰਿਕਟ, ਫੁਟਬਾਲ, ਹਾਕੀ, ਬੈਡਮਿੰਟਨ, ਤੈਰਾਕੀ ਅਤੇ ਹੋਰ ਆਉਟ ਡੋਰ ਖੇਡਾਂ ਤੋਂ ਇਲਾਵਾ ਟੇਬਲ ਟੈਨਸ ਅਤੇ ਹੋਰ ਇੰਨਡੋਰ ਖੇਡਾਂ ਲਈ  ਵੀ ਮੁੱਢਲਾ ਢਾਂਚਾ ਉਸਾਰਿਆ ਜਾਵੇਗਾ। ਇਨ੍ਹਾਂ ਹੀ ਨਹੀਂ ਹਰੇਕ ਖੇਡ ਨਾਲ ਸਬੰਧਤ ਕੋਚ ਉਪਲਬੱਧ ਕਰਵਾਏ ਜਾਣਗੇ ਤਾਂ ਜੋ ਛੋਟੀ ਉਮਰ ਤੇ ਹੀ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਹੋਵੇ ਅਤੇ ਉਹ ਖੇਡਾਂ ਵਿੱਚ ਨਾਮਣਾ ਖੱਟ ਸਕਣ।  ਉਨ੍ਹਾਂ ਦੱਸਿਆ ਕਿ ਤਕਰੀਬਨ 7-8 ਮਹੀਨਿਆਂ ਦੇ ਅੰਦਰ ਅੰਦਰ ਇਸ ਕੰਪਲੈਕਸ ਦਾ ਨਿਮਰਾਣ ਕਾਰਜ ਮੁਕੰਮਲ ਹੋ ਜਾਵੇਗਾ।
         ਸ੍ਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਦੇ ਹਰੇਕ ਜਿਲ੍ਹੇ ਵਿੱਚ ਸਪੋਰਟਸ ਸਕੂਲ ਖੋਲ੍ਹਣਾ ਉਨ੍ਹਾਂ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਮਿਆਰੀ ਸਪੋਰਟਸ ਕੰਪਲੈਕਸ ਤਿਆਰ ਹੋ ਚੁੱਕਾ ਹੈ ਅਤੇ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ ਵਿੱਚ ਵੀ ਛੇਤੀ ਹੀ ਨਵਾਂ ਸਪੋਰਟਸ ਕੰਪਲੈਕਸ ਤਿਆਰ ਕਰਵਾਇਆ ਜਾਵੇਗਾ।  ਪੰਜਾਬ ਵਿੱਚ ਕ੍ਰਿਕਟ ਸਟੇਡੀਅਮਾਂ ਦੀ ਉਸਾਰੀ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦਿਸ਼ਾ ਵੱਲ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਬੀ:ਸੀ:ਸੀ:ਆਈ ਅਤੇ ਪੀ:ਸੀ:ਏ ਦਰਮਿਆਨ ਕੁਝ ਮਾਮਲੇ 'ਤੇ ਸਹਿਮਤੀ ਨਾ ਹੋਣ ਕਾਰਨ ਕ੍ਰਿਕਟ ਸਟੇਡੀਅਮਾਂ ਦੀ ਉਸਾਰੀ ਦੇ ਕੰਮ ਵਿੱਚ ਦੇਰ ਹੋ  ਗਈ ਹੈ ਪਰ ਜਲਦੀ ਹੀ ਇਸ ਦਿਸ਼ਾ ਵੱਲ ਲੋੜੀਂਦੇ ਕਦਮ ਚੁੱਕੇ ਜਾਣਗੇ।
         ਇਸ ਮੌਕੇ ਸ੍ਰ ਨਵਜੋਤ ਸਿੰਘ ਸਿੱਧੂ, ਮੈਂਬਰ ਪਾਰਲੀਮੈਂਟ, ਸ੍ਰ ਗੁਲਜਾਰ ਸਿੰਘ ਰਣੀਕੇ, ਕੈਬਨਿਟ ਮੰਤਰੀ ਪੰਜਾਬ, ਸ੍ਰ ਇੰਦਬੀਰ ਸਿੰਘ ਬੁਲਾਰੀਆ, ਮੁੱਖ ਪਾਰਲੀਮਾਨੀ ਸਕੱਤਰ, ਸ੍ਰੀ ਅਨਿਲ ਜੋਸ਼ੀ ਵਿਧਾਇਕ ਅਤੇ ਸ੍ਰੀ ਸੰਜੀਵ ਖੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਹਾਜਰ ਸਨ।

No comments: