Wednesday, November 09, 2011

"ਰਾਜ ਨਹੀਂ ਸੇਵਾ..."

ਬੇਰੋਜ਼ਗਾਰ ਲਾਈਨਮੈਨਾਂ ਦੇ ਨਾਲ ਪੱਤਰਕਾਰਾਂ ਨੂੰ ਵੀ ਕੁਟਾਪਾ
ਡੀ.ਐਸ.ਪੀ ਬਖਸ਼ੀਸ਼ ਸਿੰਘ ਅਤੇ ਸਿਵਲ ਕੱਪਡ਼ਿਆਂ ਵਿਚ ਪੁਲੀਸ ਮੁਲਾਜ਼ਮ ਬੇਰੁਜ਼ਗਾਰਾਂ ਨੂੰ ਕੁੱਟਦੇ ਹੋਏ
ਚੋਣ ਪ੍ਰਚਾਰ ਦੀਆਂ ਮੁਹਿੰਮਾਂ ਦੇ ਇਹਨਾਂ ਨਾਜ਼ੁਕ ਦਿਨਾਂ ਵਿੱਚ ਬੇਰੁਜ਼ਗਾਰ ਲਾਈਨਮੈਨਾਂ 'ਤੇ ਹੋਇਆ ਪੁਲਿਸ ਐਕਸ਼ਨ ਵੋਟਾਂ ਦੌਰਾਨ ਕੀ ਰੰਗ ਦਿਖਾਵੇਗਾ ਇਸਦਾ ਪਤਾ ਤਾਂ ਚੋਣਾਂ ਨਤੀਜੇ ਆਉਣ ਤੇ ਹੀ ਲੱਗੇਗਾ ਪਰ ਫਿਲਹਾਲ ਇੱਕ ਵਾਰ ਫੇਰ ਆਮ ਆਦਮੀ ਅਤੇ ਗਰੀਬ ਇਨਸਾਨਾ ਪ੍ਰਤੀ ਸਰਕਾਰ ਦੀ ਪਹੁੰਚ ਬਾਰੇ ਸੁਆਲ ਖੜੇ ਹੋ ਗਏ ਹਨ.. ਮੀਡੀਆ ਨੇ ਇਸ ਐਕਸ਼ਨ ਦੀ ਖਬਰ ਨੂੰ ਬੰਦੀ ਥਾਂ ਦੇਂਦੀਆਂ ਇੱਕ ਵਾਰ ਫੇਰ ਆਪਣਾ ਫਰਜ਼ ਨਿਰਪੱਖਤਾ ਅਤੇ nidrta  ਨਾਲ ਨਿਭਾਇਆ ਹੈ. ਕਾਬਿਲੇ ਜ਼ਿਕਰ ਹੈ ਕਿ ਡਿਊਟੀ ਨਿਭਾ ਰਹੇ ਪੱਤਰਕਾਰਾਂ ਨੂੰ ਵੀ ਇੱਕ ਵਾਰ ਫੇਰ ਨਿਸ਼ਾਨਾ ਬਣਾਇਆ ਗਿਆ ਹੈ. ਇੱਕ ਵਾਰ ਫੇਰ ਰੋਜ਼ਾਨਾ ਜਗ ਬਾਣੀ ਨੇ ਇਸ ਖਬਰ ਨੂੰ ਆਪਣੇ ਪਹਿਲੇ ਸਫੇ ਤੇ ਤਸਵੀਰ ਸਮੇਤ ਥਾਂ ਦਿੱਤੀ ਹੈ. ਏਸੇ ਤਰਾਂ ਸੰਤੁਲਿਤ ਸੋਚ  ਦੀ ਸਾਖ ਵਾਲੇ ਪੁਰਾਣੇ ਮੀਡੀਆ ਸੰਗਠਨ ਟ੍ਰਿਬਿਊਨ ਟਰਸਟ ਦੇ ਪੰਜਾਬੀ ਅਖਬਾਰ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਨੇ ਵੀ ਇਸ ਖਬਰ ਨੂੰ ਆਪਣੇ ਮੁੱਖ ਸਫੇ ਤੇ ਪ੍ਰਕਾਸ਼ਿਤ ਕੀਤਾ ਹੈ. ਏਸੇ ਤਰਾਂ ਬਾਕੀ ਅਖਬਾਰਾਂ ਨੇ ਵੀ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਹੈ.--ਰੈਕਟਰ ਕਥੂਰੀਆ 
ਰੋਜ਼ਾਨਾ ਜਗ ਬਾਣੀ ਦੇ ਪਹਿਲੇ ਸਫੇ ਤੇ ਪ੍ਰਕਾਸ਼ਿਤ ਖਬਰ 
ਐਸ.ਐਚ.ਓ. ਸਮੇਤ ਦੋ ਮੁਅੱਤਲ, ਪਰਚਾ ਦਰਜ
ਜਸਵੰਤ ਸਿੰਘ ਜੱਸ
ਫ਼ਰੀਦਕੋਟ, 8 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਇੱਥੇ ਦਰਬਾਰ ਗੰਜ ਵਿਖੇ ਕੀਤੇ ਗਏ ਸੰਗਤ ਦਰਸ਼ਨਾਂ ਵਿੱਚ ਪੰਜਾਬ ਪੁਲੀਸ ਨੇ ਲੋਕਾਂ ਦੀ ਕੁੱਮਟਾਰ ਕੀਤੀ। ਮੁੱਖ ਮੰਤਰੀ ਜੇਲ੍ਹ ਦਾ ਉਦਘਾਟਨ ਕਰਨ ਤੋਂ ਬਾਅਦ ਸੰਗਤ ਦਰਸ਼ਨ ਲਈ ਦਰਬਾਰ ਗੰਜ ਵਿਖੇ ਆਏ ਸਨ। ਇਸ ਮੌਕੇ ਬੇਰੁਜ਼ਗਾਰ ਲਾਈਨਮੈਨਾਂ ਨੇ ਆਪਣੇ ਹੱਕ ਲੈਣ ਲਈ ਮੁੱਖ ਮੰਤਰੀ ਸਾਹਮਣੇ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੰਜਾਬ ਪੁਲੀਸ ਨੇ ਕੁੱਟਿਆ। ਇੱਥੋਂ ਤੱਕ ਕਿ ਸਡ਼ਕ ਤੋਂ ਲੰਘ ਰਹੇ ਲੋਕਾਂ, ਮੁਸਾਫਰਾਂ ਆਦਿ ਨੂੰ ਵੀ ਨਹੀਂ ਬਖ਼ਸ਼ਿਆ। ਸਿਟੀ ਐੱਸ.ਐੱਚ.ਓ ਗੁਰਸ਼ੇਰ ਸਿੰਘ ਅਤੇ ਹਵਾਲਦਾਰ ਬੋਹਡ਼ ਸਿੰਘ ਨੇ ਟੀ.ਐੱਸ.ਯੂ ਅਤੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਵਰਕਰਾਂ ’ਤੇ ਆਪ ਡਾਂਗਾਂ ਚਲਾਈਆਂ। ਮੁੱਖ ਮੰਤਰੀ ਦੀ ਪ੍ਰੈੱਸ ਕਾਨਫ਼ਰੰਸ ਲਈ ਜਾ ਰਹੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਅਤੇ ਕੁਝ ਹੋਰ ਲੋਕਾਂ ਨੂੰ ਬਿਨਾਂ ਕੋਈ ਕਾਰਨ ਦੱਸਿਆਂ ਥਾਣੇ ਵਿੱਚ ਬੰਦ ਕਰ ਦਿੱਤਾ।
ਐਸ.ਐਚ.ਓ. ਨੇ ਫਡ਼ੇ ਗਏ ਵਿਅਕਤੀਆਂ ਖਿਲਾਫ਼ ਝੂਠਾ ਮੁਕੱਦਮਾ ਦਰਜ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਪਰੰਤੂ ਪ੍ਰੈੱਸ ਕਲੱਬ ਫ਼ਰੀਦਕੋਟ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਹ ਮਾਮਲਾ ਜ਼ਿਲ੍ਹਾ ਪੁਲੀਸ ਮੁਖੀ ਸੱਤਪਾਲ ਸਿੰਘ ਸਿੱਧੂ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਦੇ ਦਖਲ ਨਾਲ ਪੱਤਰਕਾਰਾਂ ਨੂੰ ਥਾਣੇ ’ਚੋਂ ਰਿਹਾਅ ਕੀਤਾ ਗਿਆ।  ਬਾਅਦ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਨੇ ਸਿਟੀ ਐੱਸ.ਐੱਚ.ਓ ਗੁਰਸ਼ੇਰ ਸਿੰਘ ਅਤੇ ਹਵਾਲਦਾਰ ਬੋਹਡ਼ ਸਿੰਘ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਪ੍ਰੰਤੂ ਕਸੂਰਵਾਰ ਪੁਲੀਸ ਮੁਲਾਜ਼ਮਾਂ ਖਿਲਾਫ਼ ਕੇਸ ਦਰਜ ਨਾ ਕੀਤਾ। ਇਸ ’ਤੇ ਪ੍ਰੈੱਸ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਨਿਰਮਲ ਸਾਧਾਂਵਾਲੀਆ ਦੀ ਅਗਵਾਈ ਵਿੱਚ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ। ਮੁੱਖ ਮੰਤਰੀ ਦੇ ਸਾਧਾਰਨ ਭਰੋਸੇ ਤੋਂ ਬਾਅਦ ਕਲੱਬ ਮੈਂਬਰ ਧਰਨੇ ਉਪਰ ਬੈਠ ਗਏ। ਇਸ ’ਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਐਸ.ਐਚ.ਓ ਗੁਰਸ਼ੇਰ ਸਿੰਘ ਅਤੇ ਹਵਾਲਦਾਰ ਬੋਹਡ਼ ਸਿੰਘ ਖਿਲਾਫ਼ ਆਈ.ਪੀ.ਸੀ ਦੀ ਧਾਰਾ 382, 341, 506 ਮੁਕੱਦਮਾ ਨੰ. 307, ਮਿਤੀ 08-11-2011 ਦਰਜ ਕਰਵਾ ਦਿੱਤਾ, ਪਰ ਉਨ੍ਹਾਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਕੁਝ ਪੱਤਰਕਾਰਾਂ ਨਾਲ ਪੁਲੀਸ ਅਧਿਕਾਰੀਆਂ ਨੇ ਹੱਥੋਪਾਈ ਕੀਤੀ ਅਤੇ ਉਨ੍ਹਾਂ ਨੂੰ ਧੱਕੇ ਮਾਰੇ। ਪਹਿਲਾਂ ਅੱਜ ਸਵੇਰੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਦਰਜਨਾਂ ਮੈਂਬਰ ਆਪਣੀਆਂ ਮੰਗਾਂ ਮਨਵਾਉਣ ਅਤੇ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਸਤੇ ਫ਼ਰੀਦਕੋਟ ਵਿੱਚ ਮੌਜੂਦ ਸਨ। ਇਸ ਗੱਲ ਦੀ ਭਿਣਕ ਜ਼ਿਲ੍ਹਾ ਪੁਲੀਸ ਨੂੰ ਵੀ ਸੀ ਇਸ ਲਈ ਪੁਲੀਸ ਨੇ 500 ਤੋਂ ਵੱਧ ਪੁਲੀਸ ਜਵਾਨਾਂ ਨੂੰ ਸਿਵਲ ਵਰਦੀ ਵਿੱਚ ਤਾਇਨਾਤ ਕੀਤਾ ਹੋਇਆ ਸੀ। ਮੁੱਖ ਮੰਤਰੀ ਦੇ ਸਮਾਗਮ ਵਿੱਚ ਪੁੱਜਣ ਸਾਰ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਆਗੂ ਬੂਟਾ ਸਿੰਘ ਜੀਵਨਵਾਲਾ, ਹਰਪ੍ਰੀਤ ਸਿੰਘ ਮਡ਼੍ਹਾਕ, ਜਗਦੀਪ ਸਿੰਘ ਝਾਡ਼ੀਵਾਲਾ, ਸਤਨਾਮ ਸਿੰਘ ਡੋਡ, ਮਨਪ੍ਰੀਤ ਸਿੰਘ ਜਲਾਲੇਆਣਾ, ਜਤਿੰਦਰ ਜਲੂਰ ਨੇ ਮੁੱਖ ਮੰਤਰੀ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਾਲੀਆਂ ਝੰਡੀਆਂ ਦਿਖਾਈਆਂ। ਪੁਲੀਸ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਦਿਆਂ ਇਹਨਾਂ ਲਾਈਨਮੈਨਾਂ ਨੂੰ ਮੁੱਖ ਮੰਤਰੀ ਦੇ ਸਮਾਗਮ ਤੋਂ ਬਾਹਰ ਲਿਆ ਕੇ ਕੁੱਟਿਆ।  ਗੁਰਪ੍ਰੀਤ ਸਿੰਘ ਮਡ਼੍ਹਾਕ ਨੂੰ ਥਾਣੇ ਲਿਆ ਕੇ ਕੁੱਟਿਆ ਗਿਆ ਜਿਸ ਨਾਲ ਉਸ ਦੀ ਇੱਕ ਅੱਖ ਅਤੇ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ। ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾਡ਼ ਨੇ ਕਸੂਰਵਾਰ ਪੁਲੀਸ ਮੁਲਾਜ਼ਮਾਂ ਨੂੰ ਬਚਾਉਣ ਦੀ ਕਥਿਤ ਕੋਸ਼ਿਸ਼ ਕੀਤੀ। ਪ੍ਰੈੱਸ ਕਲੱਬ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਰੀਦਕੋਟ ਦਾ ਬਾਈਕਾਟ ਕੀਤਾ ਜਾਵੇਗਾ। ਮਨਤਾਰ ਸਿੰਘ ਬਰਾਡ਼ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਪੁਲੀਸ ਅਧਿਕਾਰੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਘਟਨਾ ਤੋਂ ਚਾਰ ਘੰਟੇ ਬਾਅਦ ਤੱਕ ਉੱਚ ਪੁਲੀਸ ਅਧਿਕਾਰੀ ਕਸੂਰਵਾਰ ਪੁਲੀਸ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰੰਤੂ ਜਦੋਂ ਮਾਮਲਾ ਮੁੱਖ ਮੰਤਰੀ ਕੋਲ ਗਿਆ ਤਾਂ ਤਸ਼ੱਦਦ ਕਰਨ ਵਾਲੇ ਪੁਲੀਸ ਅਧਿਕਾਰੀਆਂ ਦੇ ਖਿਲਾਫ ਦਰਜ ਐੱਫ.ਆਈ.ਆਰ ਦੀ ਨਕਲ ਮਹਿਜ਼ 10 ਮਿੰਟਾਂ ਵਿਚ ਪੱਤਰਕਾਰਾਂ ਨੂੰ ਸੌਂਪ ਦਿੱਤੀ ਗਈ। ਮੁੱਖ ਮੰਤਰੀ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਹਦਾਇਤ ਕੀਤੀ ਕਿ ਉਹ ਕਸੂਰਵਾਰ ਪੁਲੀਸ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰੇ।

No comments: