Wednesday, November 30, 2011

ਖਾਲਸਾ ਕਾਲਜ (ਇਸਤ੍ਰੀਆਂ) ਦੇ ਕੈਰੀਅਰ ਵਿਜ਼ਨ-2011 ਦਾ ਆਯੋਜਨ

ਲੜਕੀਆਂ ਦੀ ਵਿੱਦਿਆ ਪ੍ਰਾਪਤੀ 'ਤੇ ਜ਼ੋਰ:ਭਰੂਣ ਹੱਤਿਆਵਾਂ 'ਤੇ ਚਿੰਤਾ 
    ਅੰਮ੍ਰਿਤਸਰ//30 ਨਵੰਬਰ//ਗਜਿੰਦਰ ਸਿੰਘ ਕਿੰਗ

ਅੱਜ ਸਥਾਨਕ ਖਾਲਸਾ ਕਾਲਜ (ਇਸਤ੍ਰੀਆਂ) ਵਿਖੇ ਆਯੋਜਿਤ 'ਕੈਰੀਅਰ ਵਿਜ਼ਨ-2011' ਪ੍ਰੋਗਰਾਮ ਦੇ ਦੌਰਾਨ ਜਿੱਥੇ ਪੰਜਾਬ ਵਿੱਚ ਭਰੂਣ ਹੱਤਿਆ ਦੇ ਵਿਸ਼ੇ 'ਤੇ ਚਿੰਤਾ ਪ੍ਰਗਟਾਈ ਉੱਥੇ ਇਸ ਗੱਲ ਉੱਤੇ ਖਾਸ ਜ਼ੋਰ ਦਿੱਤਾ ਗਿਆ ਕਿ ਜਿੰਨੀ ਦੇਰ ਤਕ ਅਸੀਂ ਲੜਕੀਆਂ ਦੀ ਵਿੱਦਿਆ ਪ੍ਰਾਪਤੀ ਵੱਲ ਧਿਆਨ ਨਹੀਂ ਦਿੰਦੇ, ਓਨੀ ਦੇਰ ਇਹੋ ਜਿਹੀਆਂ ਸਮਾਜਿਕ ਬੁਰਾਈਆਂ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ। ਇਹ ਪ੍ਰੋਗਰਾਮ ਹਰ ਸਾਲ ਕਾਲਜ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਜਿਸ ਦਾ ਮੰਤਵ ਲੜਕੀਆਂ ਦੁਆਰਾ ਸਹੀ ਵਿਸ਼ਿਆਂ ਦੀ ਚੋਣ ਅਤੇ ਭਵਿੱਖ ਵਿੱਚ ਆਪਣੇ ਕਿੱਤੇ ਪ੍ਰਤੀ ਜਾਗਰੂਕ ਕਰਵਾਉਣਾ ਹੈ। 

ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ, ਸ. ਰਾਜਿੰਦਰ ਮੋਹਨ ਸਿੰਘ ਛੀਨਾ ਨੇ 700 ਤੋਂ ਜਿਆਦਾ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10+2 ਦੀ ਪੜ੍ਹਾਈ ਤੋਂ ਬਾਅਦ ਲੜਕੀਆਂ ਵਾਸਤੇ ਇਹ ਬਹੁਤ ਨਾਜੁਕ ਸਮਾਂ ਹੁੰਦਾ ਹੈ, ਜਦੋਂ ਉਨ੍ਹਾਂ ਨੇ ਰੁਚੀ ਮੁਤਾਬਿਕ ਵਿਸ਼ਿਆਂ ਦੀ ਚੋਣ ਕਰਨੀ ਹੁੰਦੀ ਹੈ ਤਾਂ ਕਿ ਉਹ ਜ਼ਿੰਦਗੀ ਵਿੱਚ ਸਹੀ ਕਿੱਤਾ ਅਪਣਾ ਸਕਣ। ਉਨ੍ਹਾਂ ਕਿਹਾ ਕਿ ਇਸ ਸਮੇਂ ਲਿਆ ਗਿਆ ਛੋਟਾ ਜਿਹਾ ਗਲਤ ਫੈਸਲਾ ਵੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਿਤੇ ਦਾ ਕਿਤੇ ਪਹੁੰਚਾ ਸਕਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਵਿੱਦਿਆ ਦੇ ਖੇਤਰ ਵਿੱਚ ਬਹੁੱਤ ਸਾਰੀਆਂ ਭਿੰਨਤਾਵਾਂ ਆ ਰਹੀਆਂ ਹਨ ਅਤੇ ਵਿਦਿਆਰਥੀਆਂ ਨੂੰ, ਖਾਸ ਕਰਕੇ ਲੜਕੀਆਂ ਨੂੰ ਇਨ੍ਹਾਂ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਰ ਲੜਕੀਆਂ ਆਪਣੇ ਪੈਰਾਂ ਸਿਰ ਖੜ੍ਹੀਆਂ ਹੁੰਦੀਆਂ ਹਨ ਅਤੇ ਆਤਮਨਿਰਭਰ ਬਣਦੀਆਂ ਹਨ ਤਾਂ ਹੀ ਉਨ੍ਹਾਂ ਦੀ ਸਮਾਜ ਵਿੱਚ ਹੋਂਦ ਹੋਰ ਮਜ਼ਬੂਤ ਹੁੰਦੀ ਹੈ। ਕਾਲਜ ਪ੍ਰਿੰਸੀਪਲ, ਡਾ. ਸੁਖਬੀਰ ਕੌਰ ਮਾਹਲ ਨੇ ਕਿਹਾ ਕਿ ਉਨ੍ਹਾਂ ਦਾ ਕਾਲਜ ਪਿਛਲੇ 6 ਸਾਲਾਂ ਤੋਂ ਇਹ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਹਰ ਸਾਲ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਡਾ. ਮਾਹਲ ਨੇ ਕਿਹਾ ਕਿ ਪ੍ਰੋਗਰਾਮ ਦਾ ਮਕਸਦ ਵਿਦਿਆਰਥਣਾਂ ਦੀ ਰੁਚੀ ਅਤੇ ਉਨ੍ਹਾਂ ਦਾ ਆਪਣੇ ਕਿੱਤੇ ਜਾਂ ਕੈਰੀਅਰ ਪ੍ਰਤੀ ਜਾਗਰੂਕ ਕਰਵਾ ਕੇ ਉਨ੍ਹਾਂ ਨੂੰ ਆਉਣ ਵਾਲੀਆਂ ਵਿਦਿਅਕ ਮੁਸ਼ਕਿਲਾਂ ਤੋਂ ਜਾਣੂੰ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਪੂਰੇ ਜ਼ਿਲ਼ੇ ਭਰ ਦੇ 70 ਦੇ ਕਰੀਬ ਸਕੂਲਾਂ ਤੋਂ ਵਿਦਿਆਰਥਣਾਂ ਨੇ ਭਾਗ ਲਿਆ ਅਤੇ ਉਨ੍ਹਾਂ ਨੂੰ ਆਸ ਹੈ ਕਿ ਉਹ ਇੱਥੋਂ ਆਪਣੇ ਕੈਰੀਅਰ ਸਬੰਧੀ ਬਹੁਮੁੱਲੀ ਜਾਣਕਾਰੀ ਲੈ ਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣਗੀਆਂ।

ਪ੍ਰੋਗਰਾਮ ਦੇ ਦੌਰਾਨ ਇਕ ਟੇਲੇਂਟ ਹੰਟ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਖਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਸੋਫੀਆ ਪਹਿਲੇ ਸਥਾਨ 'ਤੇ ਰਹੀ। ਇਸ ਮੁਕਾਬਲੇ ਵਿੱਚ ਸੰਦੀਪ ਕੌਰ ਤੇ ਰਿਚਾ ਦੂਸਰੇ, ਅੰਜਲੀ ਤੇ ਗੀਤਾਂਜਲੀ ਤੀਜੇ, ਨੈਂਸੀ ਤੇ ਰਨਦੀਪ ਚੌਥੇ ਅਤੇ ਜਸਨੂਰ, ਅੰਜਲੀ ਤੇ ਦਪਿੰਦਰ ਪੰਜਵੇਂ ਸਥਾਨ 'ਤੇ ਰਹੀਆਂ। ਉਨ੍ਹਾਂ ਨੂੰ ਸ. ਛੀਨਾ ਵੱਲੋਂ ਮੈਰਿਟ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ 'ਤੇ ਖਾਲਸਾ ਕਾਲਜ ਪਬਲਕਿ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ,  ਡੇਕੇ ਸੰਧੂ, ਖਾਲਸਾ ਕਾਲਜ ਪਬਲਿਕ ਸਕੂਲ ਹੇਰ ਦੀ ਪ੍ਰਿੰਸੀਪਲ, ਗੁਰਿੰਦਰਜੀਤ ਅਤੇ ਖਾਲਸਾ ਕਾਲਜ ਆਫ ਨਰਸਿੰਗ ਦੀ ਪ੍ਰਿੰਸੀਪਲ ਬੀਕੇ ਬੁੱਟਰ ਤੋਂ ਇਲਾਵਾ ਬਾਕੀ ਆਏ ਹੋਏ ਪ੍ਰਿੰਸੀਪਲ ਨੂੰ ਵੀ ਸਨਮਾਨਿਤ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਗਿੱਧਾ ਅਤੇ ਗਾਇਨ ਪੇਸ਼ ਕੀਤਾ।

No comments: