Thursday, September 08, 2011

ਚੋਣ ਪ੍ਰਬੰਧਾਂ ਦੀ ਸਮੀਖਿਆ ਸ਼ੁਰੂ

ਭਾਰਤ ਦੇ ਉਪ ਚੋਣ ਕਮਿਸਨਰ ਨੇ ਕੀਤੀ ਅੰਮ੍ਰਿਤਸਰ ਤੋਂ ਸ਼ੁਰੂਆਤ 
ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ
ਵਿਧਾਨ ਸਭਾ ਚੋਣ ਪ੍ਰਬੰਧਾਂ ਦੀ ਜਿਲ੍ਹਾ ਪੱਧਰੀ ਸਮੀਖਿਆ ਦਾ ਸਿਲਸਿਲਾ ਭਾਰਤ ਸਰਕਾਰ ਦੇ ਉਪ ਚੋਣ ਕਮਿਸ਼ਨਰ ਜੈ:ਪੀ: ਪ੍ਰਕਾਸ਼  ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਵਿਖੇ ਆਰੰਭ ਹੋਇਆ। ਇਸ ਸਬੰਧ ਵਿੱਚ ਆਯੋਜਤ ਮੀਟਿੰਗ ਵਿੱਚ ਅੰਮ੍ਰਿਤਸਰ, ਤਰਨਤਾਰਨ ਅਤੇ ਕਪੂਰਥਲਾ ਸਮੇਤ ਤਿੰਨ ਜਿਲ੍ਹਿਆਂ ਦੇ ਚੋਣ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।
         ਇਸ ਉਚ ਪੱਧਰੀ ਮੀਟਿੰਗ ਵਿੱਚ ਸ੍ਰੀਮਤੀ ਕੁਸਮਜੀਤ ਕੌਰ ਸਿੱਧੂ, ਮੁੱਖ ਚੋਣ ਅਫਸਰ (ਸੀ:ਈ:ਓ)ਪੰਜਾਬ, ਸ੍ਰੀਮਤੀ ਉਸ਼ਾ:ਆਰ:ਸ਼ਰਮਾ, ਸਪੈਸ਼ਲ ਸੀ:ਈ:ਓ, ਸ੍ਰੀ ਅਨੁਰਾਗ ਵਰਮਾ, ਕਮਿਸ਼ਨਰ ਜਲੰਧਰ ਡਵੀਜਨ, ਸ੍ਰੀ ਜੀ:ਐਸ:ਸਹੋਤਾ, ਆਈ:ਜੀ, ਸ੍ਰੀ ਰਾਮ ਸਿੰਘ, ਡੀ:ਆਈ:ਜੀ, ਸ੍ਰੀ ਆਰ:ਪੀ: ਮਿੱਤਲ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰੀ, ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਮੇਤ ਕਪੂਰਥਲਾ ਅਤੇ ਤਰਨਤਾਰਨ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਸੀਨੀਅਰ ਪੁਲਿਸ ਕਪਤਾਨਾਂ ਅਤੇ ਇਨ੍ਹਾਂ ਜਿਲ੍ਹਿਆਂ ਦੇ ਹਰੇਕ ਵਿਧਾਨ ਸੁਬਾਈ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ (ਈ:ਆਰ:ਓ) ਨੇ ਸ਼ਿਰਕਤ ਕੀਤੀ।
         ਮੀਟਿੰਗ ਦੇ ਮੰਤਵ ਤੋਂ ਜਾਣੂੰ ਕਰਵਾਉਂਦਿਆਂ ਉਪ ਚੋਣ ਕਮਿਸ਼ਨਰ ਭਾਰਤ ਸਰਕਾਰ ਨੇ ਦੱਸਿਆ ਕਿ ਜਿਲ੍ਹਾ ਪੱਧਰ 'ਤੇ ਚੋਣ ਪ੍ਰਬੰਧਾਂ ਦੀ ਸਮੀਖਿਆ ਚੋਣ ਅਮਲ ਨੂੰ ਬੇਹਤਰ ਬਣਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਪਾਸੋਂ ਵੋਟਰ ਸੂਚੀਆਂ ਦੀ ਸੁਧਾਈ ਲਈ ਕੀਤੀ ਜਾ ਰਹੀ ਕਾਰਵਾਈ ਬਾਰੇ ਵਿਸਥਾਰ ਸਹਿਤ ਪੁੱਛਿਆ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਵੋਟਾਂ ਦੀ ਸੁਧਾਈ ਦਾ ਕੰਮ ਹੇਠਾਂ ਦੇ ਪੱਧਰ ਦੇ ਅਧਿਕਾਰੀਆਂ/ਕਰਮਚਾਰੀਆਂ 'ਤੇ ਨਾ ਛੱਡਿਆ ਜਾਵੇ ਬਲਕਿ ਇਸ ਕੰਮ ਦੀ ਨਿੱਜੀ ਪੱਧਰ 'ਤੇ ਮੋਨੀਟਰਿੰਗ ਕੀਤੀ ਜਾਵੇ। ਉਨ੍ਹਾਂ ਨੇ ਸਮੂਹ ਈ:ਆਰ:ਓਜ਼ ਨੂੰ ਕਿਹਾ ਕਿ ਹਫ਼ਤਾਵਰ ਮੀਟਿੰਗਾਂ ਦੌਰਾਨ ਬੀ:ਐਲ:ਓਜ਼ ਵੱਲੋਂ ਵੰਡੇ ਫੋਟੋ ਯੁਕਤ ਵੋਟਰ ਕਾਰਡਾਂ ਦਾ ਜਾਇਜਾ ਲਿਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਹਰੇਕ ਵੋਟਰ ਨੂੰ ਬੀ:ਐਲ:ਓ ਵੱਲੋਂ ਵੋਟਰ ਕਾਰਡ ਪੁੱਜਦਾ ਕੀਤਾ ਜਾਵੇ। 

ਉਨ੍ਹਾਂ ਨੇ ਪੋਲਿੰਗ ਸਟੇਸਨਾਂ ਦੀ ਰੈਸ਼ਨੇਲਾਈਜੇਸ਼ਨ ਉਪਰੰਤ ਬਣੇ ਨਵੇਂ ਪੋਲਿੰਗ ਸਟੇਸ਼ਨਾਂ ਸਬੰਧੀ ਹਦਾਇਤਾਂ ਦਿੰਦਿਆਂ ਕਿਹਾ ਕਿ ਹਰੇਕ ਪੋਲਿੰਗ ਸਟੇਸ਼ਨ ਦੀ ''ਫੈਸੀਲਿਟੀ ਮੈਪਿੰਗ'' ਭਾਵ ਉਥੇ ਮੌਜੂਦ ਸੁਵਿਧਾਵਾਂ ਦਾ ਵੇਰਵਾ ਤਿਆਰ ਕਰਨ ਲਈ ਕਿਹਾ ਜਿਸ ਵਿੱਚ ਸਪਸ਼ਟ ਰੂਪ ਵਿੱਚ ਉਸ ਪੋਲਿੰਗ ਸਟੇਸ਼ਨ ਵਿੱਚ ਮੌਜੂਦ ਰੈਂਪ, ਪਾਣੀ, ਬਿਜਲੀ, ਛਾਂ ਆਦਿ ਹੋਣ ਬਾਰੇ ਦੱਸਿਆ ਜਾਵੇ। ਉਪ ਚੋਣ ਕਮਿਸ਼ਨਰ ਨੇ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਉਪਰੰਤ ਜਨਤਾ ਲਈ ਉਪਲਬੱਧ ਕਰਵਾਉਣ ਦੀ ਪ੍ਰਕਿਰਿਆ ਨੂੰ ਬੇਹਤਰ ਬਣਾਉਣ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਇਸ ਬਾਰੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਵੋਟਰ ਸੂਚੀਆਂ ਦੀਆਂ ਕਾਪੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੇਣ ਅਤੇ ਸਰਕਾਰ ਵੱਲੋਂ ਨਿਰਧਾਰਤ ਥਾਵਾਂ ਤੇ ਡਿਸਪਲੇ ਕਰਨ ਤੋਂ ਇਲਾਵਾ ਪੇਂਡੂ ਖੇਤਰਾਂ ਵਿੱਚ ਗਰਾਮ ਸਭਾ ਦੇ ਇਜਲਾਸ ਵਿੱਚ ਵੋਟਰ ਸੂਚੀ ਵਿਖਾਈ ਜਾਵੇ ਤਾਂ ਜੋ ਲੋਕ ਆਪੋ ਆਪਣੇ ਨਾਵਾਂ ਤੇ ਇੰਦਰਾਜ ਚੈਕ ਕਰ ਸਕਣ। ਉਨ੍ਹਾਂ ਨੇ ਈ:ਆਰ:ਓਜ਼ ਨੂੰ ਹਦਾਇਤ ਕੀਤੀ ਕਿ ਵੋਟਰ ਸੂਚੀਆਂ ਦਾ ਨਿਰਧਾਰਤ ਥਾਵਾਂ 'ਤੇ ਡਿਸਪਲੇ ਆਪਣੀ ਦੇਖਰੇਖ ਹੇਠ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਸੀ:ਓ ਪੰਜਾਬ ਨੂੰ ਵੀ ਸੁਝਾਓ ਦਿੱਤਾ ਕਿ ਜੇਕਰ ਸੰਭਵ ਹੋਵੇ ਤਾਂ  ਜਨਤਾ ਦੀ ਸਹੂਲਤ ਲਈ ਇਨ੍ਹਾਂ ਸੂਚੀਆਂ ਦਾ ਕੰਪਿਊਟਰੀਕਰਨ ਕਰਕੇ ਆਨ ਲਾਈਨ ਉਪਲਬੱਧ ਕਰਵਾਇਆ ਜਾਵੇ ਤਾਂ ਜੋ ਘਰ ਬੈਠੇ ਹੀ ਵੋਟਰ ਆਪਣੇ ਨਾਮ ਦਾ ਇੰਦਰਾਜ ਚੈਕ ਕਰ ਸਕਣ।
         ਸ੍ਰੀ ਜੈ ਪ੍ਰਕਾਸ਼ ਨੇ ਸਮੂਹ ਸਬੰਧਤ ਅਫਸਰਾਂ  ਨੂੰ ਹਦਾਇਤ ਕੀਤੀ ਕਿ ਵੋਟਰ ਸੂਚੀਆਂ ਦੀ ਸੁਧਾਈ ਸਮੇਂ ਕਿਸੇ ਵੀ ਅਧਿਕਾਰੀ/ਕਰਮਚਾਰੀ ਵੱਲੋਂ ''ਸੁਓ ਮੋਟੋ'' ਭਾਵ ਆਪਣੇ ਪੱਧਰ 'ਤੇ ਵੋਟਰ ਸੂਚੀ ਵਿੱਚੋਂ ਕਿਸੇ ਵੀ ਵਿਅਕਤੀ ਦਾ ਨਾਮ ਨਾ ਕੱਟਿਆ ਜਾਵੇ ਬਲਕਿ ਸਰਕਾਰ ਵੱਲੋਂ ਇਸ ਕੰਮ ਲਈ ਨਿਰਧਾਰਤ ਫਾਰਮ ਨੰ: 7 ਸਬੰਧਤ ਵਿਅਕਤੀ ਪਾਸੋਂ ਭਰਵਾਉਣ ਉਪਰੰਤ ਹੀ ਅਜਿਹੀ ਕਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਚੋਣਾਂ ਦੌਰਾਨ ਐਨ:ਆਰ:ਆਈਜ਼ ਵੱਲੋਂ ਵੋਟਾਂ ਪਾਉਣ ਲਈ ਆਪਣੇ ਜੱਦੀ ਪਿੰਡਾਂ/ਇਲਾਕਿਆਂ ਵਿੱਚ ਆਉਣ 'ਤੇ ਉਨ੍ਹਾਂ ਦੀ ਸਹਾਇਤਾ ਲਈ ਵਿਸ਼ੇਸ਼ ਐਨ:ਆਰ:ਆਈ ਫੈਸੀਲੀਟੇਸ਼ਨ ਡੈਸਕ ਸਥਾਪਤ ਕਰਨ ਦਾ ਵੀ ਉਪ ਚੋਣ ਕਮਿਸ਼ਨਰ ਨੇ ਸੁਝਾਓ ਦਿੱਤਾ ।
         ਚੋਣਾ  ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ ਲਈ ਵੀ ਮੀਟਿੰਗ ਦੌਰਾਨ ਵਿਸਥਾਰ ਸਹਿਤ ਚਰਚਾ ਹੋਈ ਅਤੇ ਉਪ ਚੋਣ ਕਮਿਸ਼ਨਰ ਭਾਰਤ ਸਰਕਾਰ ਨੇ ਬੀਤੇ ਸਮਿਆਂ ਦੌਰਾਨ ਚੋਣਾ ਸਮੇਂ ਵਾਪਰੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੰਵੇਦਣਸ਼ੀਲ ਪੋਲਿੰਗ ਸਟੇਸ਼ਨਾਂ ਤੇ ਸਥਿਤੀ ਨੂੰ ਕਾਬੂ ਵਿੱਚ ਰੱਖਣ  ਲਈ ਅਗਾਉਂ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ।

No comments: