Thursday, August 25, 2011

ਪੰਘੂੜੇ ਵਿੱਚ ਕੁੱਲ 40 ਬੱਚੇ: 37 ਲੜਕੀਆਂ ਅਤੇ 3 ਲੜਕੇ

ਰੈੱਡ ਕਰਾਸ ਵਿਖੇ ਸਥਾਪਿਤ ਪੰਘੂੜੇ ਵਿੱਚ ਆਈ ਇੱਕ ਹੋਰ ਨੰਨ੍ਹੀ ਪਰੀ
ਅੰਮ੍ਰਿਤਸਰ:(ਗਜਿੰਦਰ ਸਿੰਘ)  ਜ਼ਿਲਾ ਰੈੱਡ ਕਰਾਸ ਵਿਖੇ ਸਥਾਪਿਤ ਪੰਘੂੜੇ ਵਿੱਚ ਇੱਕ ਹੋਰ ਨੰਨ੍ਹੀ ਪਰੀ ਦੀ ਆਮਦ ਹੋਈ ਹੈ. ਸਿਰਫ ਦੋ ਦਿਨ ਦੀ ਲਗਦੀ ਇਹ ਮਾਸੂਮ ਜਿਹੀ ਬੱਚੀ 24 ਅਗਸਤ ਦੀ ਰਾਤ ਨੂੰ ਤਕਰੀਬਨ ਸਾਢ਼ੇ ਕੁ 12 ਵਜੇ ਇਸ ਪੰਘੂੜੇ ਵਿੱਚ ਮਿਲੀ.ਪਤਾ ਨਹੀਂ ਕਿਸ ਮਜਬੂਰੀ ਵੱਸ ਉਹ ਅਭਾਗੇ ਮਾਂ-ਬਾਪ ਆਪਣੇ ਦਿਲ 'ਤੇ ਪੱਥਰ ਰੱਖ ਕੇ ਇਸ ਨੂੰ ਪਘੂੰੜ੍ਹੇ ਵਿੱਚ ਛੱਡ ਕੇ ਚਲੇ ਗਏ, ਸ਼ਾਇਦ ਇਸ ਨੰਨ੍ਹੀ ਪਰੀ ਦਾ ਪਿਆਰ ਉਨ੍ਹਾਂ ਦੇ ਨਸੀਬ ਵਿੱਚ ਨਹੀਂ ਸੀ। ਪਰ ਕਹਿੰਦੇ ਨੇ ਕਿ ਇਕ ਦਰ ਬੰਦ ਤੇ ਸੋ ਦਰ ਖੁੱਲੇ ਜਿਊਂ ਹੀ ਉਸਨੂੰ ਉਸਦੇ ਅਸਲੀ ਮਾਤਾ ਪਿਤਾ ਸਾਰੇ ਮੋਹ ਨਾਤੇ ਤੋੜ ਕੇ ਛੱਡ ਗਏ ਤਾਂ ਕੁਝ ਦੇਰ ਮਗਰੋਂ ਹੀ ਡਿਪਟੀ ਕਮਿਸ਼ਨਰ ਦੀ ਧਰਮ ਪਤਨੀ ਨੇ ਉਸ ਬੱਚੀ ਨੂੰ ਆਪਣੀ 'ਰ ਗੋਦ ਵਿੱਚ ਚੁੱਕ ਕੇ ਅਥਾਹ ਪਿਆਰ ਦਿੱਤਾ ਅਤੇ ਆਪਣੀ ਉਸ ਪਿਆਰ ਛੂਹ ਨਾਲ ਹੀ ਸਮਝਾਇਆ ਕਿ ਤੂੰ ਚਿੰਤਾ ਨਾ ਕਰ ਅਸੀਂ ਤੈਨੂੰ ਸਮਝਾਵਾਂਗੇ ਇਸ ਦੁਨੀਆ ਵਿੱਚ ਜਿਊਣਾ ਅਤੇ ਔਕੜਾਂ ਦਾ ਸਾਹਮਣਾ ਕਰਕੇ ਆਪਣੇ ਹਰ ਕਦਮ ਨੂੰ ਜਿੱਤ ਵਿੱਚ ਬਦਲਣਾ। ਸਿਰਫ ਦੋ ਦਿਨਾਂ ਦੀ ਉਮਰ ਵਿੱਚ ਹੀ ਜ਼ਿੰਦਗੀ ਦੇ ਸੰਘਰਸ਼ ਵਾਲੇ ਰਾਹ 'ਤੇ ਤੁਰ ਪਈ ਮਾਸੂਮ   
ਜਿਹੀ ਇਸ ਨੰਨ੍ਹੀ ਬੱਚੀ ਦੇ ਪੰਘੂੜੇ ਵਿੱਚ ਆਉਣ ਬਾਰੇ ਜਾਣਕਾਰੀ ਮਿਲਣ 'ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਦੀ ਧਰਮਪਤਨੀ ਅਤੇ ਹਸਪਤਾਲ ਵੈੱਲਫੇਅਰ ਸੇਕਸ਼ਨ ਰੈੱਡ ਕਰਾਸ ਅੰਮ੍ਰਿਤਸਰ ਦੀ ਚੇਅਰਪਰਸਨ ਸ਼੍ਰੀਮਤੀ ਰੀਤੂ ਅਗਰਵਾਲ ਵੀ ਉਚੇਚੇ ਤੌਰ ਤੇ ਜ਼ਿਲ੍ਹਾ ਰੈਡ ਕਰਾਸ ਦਫ਼ਤਰ ਵਿਖੇ ਪਹੁੰਚੇ। ਇਸ ਮਾਸੂਮ ਜਿਹੀ ਬੱਚੀ ਦੀ ਸਿਹਤ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਸ਼੍ਰੀਮਤੀ ਅਗਰਵਾਲ ਨੇ ਦੱਸਿਆ ਕਿ  ਬੀਤੀ ਰਾਤ ਤਕਰੀਬਨ 12.30 ਵਜੇ ਇਸ ਬੱਚੀ ਨੂੰ ਕੋਈ ਅਨਜਾਣ ਵਿਅਕਤੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਸਥਾਪਤ ਪੰਘੂੜੇ ਵਿੱਚ ਛੱਡ ਗਿਆ। 
ਉਨ੍ਹਾਂ ਦੱਸਿਆ ਕਿ ਪੰਘੂੜੇ ਵਿੱਚ ਬੱਚੀ ਦੀ ਆਮਦ ਤੋਂ ਬਾਅਦ ਉਸ ਨੂੰ ਮੈਡੀਕਲ ਚੈੱਕਅਪ ਲਈ ਈ.ਐਮ.ਸੀ. ਹਸਪਤਾਲ, ਰਣਜੀਤ ਐਵੀਨਿਉ ਵਿਖੇ ਭੇਜਿਆ ਗਿਆ, ਜਿਸ ਦੇ ਸਾਰੇ ਮੈਡੀਕਲ ਟੈਸਟ ਬਿਲਕੁੱਲ ਨਾਰਮਲ ਹਨ।  ਉਨ੍ਹਾਂ ਦੱਸਿਆ ਕਿ ਬੱਚੀ ਬਿਲਕੁੱਲ ਤੰਦਰੁਸਤ ਹੈ, ਹੁਣ ਇਸ ਬੱਚੀ ਦੇ ਪਾਲਣ ਪੋਸ਼ਣ ਅਤੇ ਕਾਨੂੰਨੀ ਅਡਾਪਸ਼ਨ ਹਿੱਤ ਸਵਾਮੀ ਗੰਗਾ ਨੰਦ ਭੂਰੀ ਵਾਲੇ, ਇੰਟਰਨੈਸ਼ਨਲ ਧਾਮ, ਪਿੰਡ ਤਲਵੰਡੀ ਖੁਰਦ, ਲੁਧਿਆਣਾ ਜਾਂ ਸ਼ਿਸ਼ੂ ਗ੍ਰਹਿ ਜਲੰਧਰ ਵਿਖੇ ਭੇਜਿਆ ਜਾਵੇਗਾ ਅਤੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ  ਬੱਚੀ ਦੀ ਲੋੜਵੰਦ ਪਰਿਵਾਰ ਨੂੰ ਅਡਾਪਸ਼ਨ ਕਰਵਾ ਦਿੱਤੀ ਜਾਵੇਗੀ। 
ਸ਼੍ਰੀਮਤੀ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਇਸ ਪੰਘੂੜੇ ਵਿੱਚ ਕੁੱਲ 40 ਬੱਚੇ ਆਏ ਹਨ, ਜਿਨ੍ਹਾਂ ਵਿੱਚੋਂ 37 ਲੜਕੀਆਂ ਅਤੇ 3 ਲੜਕੇ ਹਨ ਅਤੇ ਹੁਣ ਤੱਕ 25 ਬੱਚਿਆਂ ਨੂੰ ਕਾਨੂੰਨੀ ਪ੍ਰਕਿਰਿਆ ਦੁਆਰਾ ਉਨ੍ਹਾਂ ਪਰਿਵਾਰਾਂ ਨੂੰ ਅਡਾਪਟ ਕਰਵਾ ਦਿੱਤਾ ਹੈ ਜੋ ਉਨ੍ਹਾਂ ਦੀ ਦੇਖ-ਭਾਲ ਦੀ ਜਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਭਗਵਾਨ ਦੀ ਦੇਣ ਹਨ ਅਤੇ ਅੱਜ ਕੱਲ੍ਹ ਲੜ੍ਹਕੇ ਅਤੇ ਲੜ੍ਹਕੀ ਵਿੱਚ ਕੋਈ ਫਰਕ ਨਹੀਂ ਸਮਝਣਾ ਚਾਹੀਦਾ. ਉਹਨਾਂ ਇਸ ਗੱਲ ਤੇ ਜੋਰ ਦਿੱਤਾ ਕਿ ਮਾਂ-ਬਾਪ ਨੂੰ ਵੀ ਆਪਣੀਆਂ ਬੱਚੀਆਂ ਦੀ ਪਰਵਰਿਸ਼ ਲੜ੍ਹਕਿਆਂ ਦੀ ਤਰ੍ਹਾਂ ਕਰਨੀ ਚਾਹੀਦੀ ਹੈ, ਪਰ ਫਿਰ ਵੀ ਜੋ ਮਾਂ-ਬਾਪ ਆਪਣੇ ਬੱਚਿਆਂ ਦਾ ਪਾਲ੍ਹਣ-ਪੋਸ਼ਣ ਕਿਸੇ ਮਜਬੂਰੀ ਵੱਸ ਨਹੀਂ ਕਰ ਸਕਦੇ, ਉਨ੍ਹਾਂ ਲਈ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਇਹ ਪੰਘੂੜਾ ਸਥਾਪਿਤ ਕੀਤਾ ਗਿਆ ਹੈ ਅਤੇ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਇਸ ਪੰਘੂੜੇ ਵਿੱਚ ਆਉਣ ਵਾਲੇ ਹਰ ਬੱਚੇ ਦਾ ਪਾਲ੍ਹਣ-ਪੋਸ਼ਣ ਕਰਨ ਲਈ ਸਬੰਧਿਤ ਸੰਸਥਾਵਾਂ ਕੋਲ ਭੇਜ ਦਿੰਦੇ ਹਾਂ।
                                                                                ###

No comments: